ਕਨੇਡਾ ਨੂੰ ਉਡਾਰੀ – ਭਾਗ ਦੂਜਾ
🛫 !! ਕਨੇਡਾ ਨੂੰ ਉਡਾਰੀ !! 🛫 ਦੂਸਰਾ ਭਾਗ
ਕਿਤੇ ਕੋਈ ਵਿਗਣ ਨਾ ਪੈ ਜਾਵੇ ਮੋਹਤਰਮਾ ਨੇ ਕਨੇਡਾ P.R.ਵਾਲੀ ਖੁਸ਼ਖਬਰੀ ਨੂੰ ਕਨੇਡਾ ਦੀ ਧਰਤ ਤੇ ਜਾਕੇ ਰਲੀਜ਼ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ।
ਸਾਰੀਆਂ ਖੁਸ਼ੀਆਂ ਦੀ ਸੰਘੀ ਘੱਟ ਕੇ ਠੰਡੇ ਬਸਤੇ ਵਿੱਚ ਪਾਉਣ ਦੇ ਬਾਵਜੂਦ ਮੈਂ ਆਪਣੇ ਜਿਗਰੀ ਯਾਰਾਂ ਨੂੰ ਦਸੇ ਤੇ ਮਿਲੇ ਬਗੈਰ ਹਰਗਿਜ਼ ਨਹੀਂ ਸੀ ਜਾਣਾ ਚਾਹੁੰਦਾ । ਨੀਲੀ ਛੱਤਰੀ ਵਾਲੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਦੀ ਬਿਦ ਬਣਾ ਦਿੱਤੀ ।
ਉਸਨੇ ਗੁਰੂਘਰ ਪਾਠ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਮੈਂ ਝੱਟ ਦੋਸਤਾਂ ਨਾਲ ਹੋਟਲ ਵਿੱਚ ਪਾਰਟੀ ਕਰਨ ਦੀ ਮੰਗ ਰੱਖ ਦਿੱਤੀ । ਮਜਬੂਰੀ ਵਸ ਆਪਸੀ ਸਹਿਮਤੀ ਬਣ ਗਈ। ਦੋਵੇਂ ਰਸਮਾਂ ਘਰੋਂ ਬਾਹਰ ਇਸ ਲਈ ਕੀਤੀਆਂ ਗਈਆਂ ਤਾਂ ਕਿ ਕਨੇਡਾ ਜਾਣ ਦੀ ਖੁਫਿਆ ਯੋਜਨਾ ਦੀ ਕਿਸੇ ਨੂੰ ਬਿੜਕ ਨਾ ਲਗ ਸਕੇ।
ਪਾਰਟੀ ਵਿਚ 7-8 ਗੁੰਮ ਸੁੰਮ ਬੈਠੇ ਦੋਸਤ ਮੈਨੂੰ ਇਸ ਤਰ੍ਹਾਂ ਵੇਖ ਰਹੇ ਸਨ ਜਿਸ ਤਰ੍ਹਾਂ ਪਹਿਲੀ ਵਾਰ ਮਿਲੇ ਹੋਣ । ਮੈ ਉਨ੍ਹਾਂ ਦੀ ਚੁੱਪ ਅਤੇ ਉਦਾਸੀ ਨੂੰ ਭਲੀਭਾਂਤ ਮਹਿਸੂਸ ਕਰ ਰਿਹਾ ਸੀ। ਹੁਣ ਤੱਕ ਦੀਆਂ ਹੋਇਆਂ ਪਾਰਟੀਆਂ ਚੋਂ ਘੱਟ ਬੋਲਣ ਵਾਲੀ ਇਹ ਪਾਰਟੀ ਸੀ। ਸੱਚ !! ਸਾਨੂੰ ਸਭਨੂੰ ਪਤਾ ਸੀ ਕਿ ਜਿੱਗਰੀ ਦੋਸਤ ਲੰਮੇ ਸਮੇਂ ਲਈ ਵਿਛੜ ਰਹੇ ਸਨ। ਇਹੀ ਪਾਰਟੀ ਵਿੱਚ ਪਸਰੀ ਚੁੱਪ ਦਾ ਰਾਜ਼ ਸੀ।
ਸਾਰੇ ਇਹੋ ਕਹਿੰਦੇ ਹੋਏ ਰੁੑਖਸੱਤ ਹੋ ਗਏ ਕਿ , “ਆਪਣਾ ਤੇ ਪ੍ਰਵਾਰ ਦਾ ਖਿਆਲ ਰਖੀੰ, ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਦਸਣ ਤੋਂ ਸੰਕੋਚ ਨਾ ਕਰੀੰ। ਵਿਦੇਸ਼ਾਂ ਦਾ ਮਾਮਲਾ ਹੈ, ਤਗੜਾ ਹੋ ਕੇ ਮਿਹਨਤ ਕਰੀੰ …..ਤੂੰ ਜੰਗਲ ਵਿੱਚ ਮੰਗਲ ਲਾਉਣ ਦੀ ਮੁਹਾਰਤ ਰਖਦਾ ਏ …ਛੇਤੀ ਕਾਮਯਾਬ ਹੋ ਜਾਏੰਗਾ।” ਸੱਚੇ ਦੋਸਤਾਂ ਵਲੋਂ ਦਿੱਤੀ ਹਲਾਸ਼ੇਰੀ ਨੇ ਅਗਲੇ ਸੰਘਰਸ਼ ਲਈ ਤਿਆਰ ਬਰ ਤਿਆਰ ਕਰ ਦਿੱਤਾ ।
** ਬੇਹੱਦ ਅਹਿਮ ਤੇ ਗੰਭੀਰ ਮਸਲਾ ਅਜੇ ਨਜਿਠੱਣ ਗੋਚਰਾ ਸੀ। ਅਸੀਂ ਭਾਵੇਂ ਕਨੇਡਾ ਜਾਣ ਦੀਆਂ ਖੁਸ਼ੀਆਂ ਵਿੱਚ ਖੀਵੇ ਹੋ ਰਹੇ ਸਾਂ ਪਰ ਬੇਬੇ ਬਾਪੂ ਇਸ ਵਿਛੋੜੇ ਤੇ ਆਪਣੀ ਦੇਖਭਾਲ ਦੇ ਫਿਕਰਾਂ ਵਿੱਚ ਡੁੱਬੇ ਪਏ ਸਨ। ਬੇਬੇ ਬਾਪੂ ਨੂੰ ਛੋਟੇ ਭਰਾ ਕੋਲ ਛੱਡਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ।
ਉਨ੍ਹਾਂ ਦਾ ਸਾਮਣਾ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ।
ਆਖਿਰ ਬੇਬੇ ਨੇ ਅਵਾਜ਼ ਮਾਰ ਪੁੱਛ ਹੀ ਲਿਆ, “ਪੁੱਤ ਕਨੇਡਾ ਤੁਹਾਨੂੰ ਸੁੱਖ ਹੰਢਾਉਣਾ ਹੋਵੇ ……ਸਾਡੇ ਬਾਰੇ ਕੀ ਸੋਚਿਆ ਜੇ ……ਸਾਨੂੰ ਬੁਢਾਪੇ ਦੇ ਇਸ ਪੜਾਅ ਵਿੱਚ ਤੁਹਾਡੀ ਬੜੀ ਜਰੂਰਤ ਸੀ।” ਇਨ੍ਹਾਂ ਕਹਿੰਦਿਆਂ ਬੇਬੇ ਦਾ...
...
ਗੱਚ ਭਰ ਆਇਆ।
“ਬੇਬੇ ਤੁਸੀਂ ਦਿਲ ਛੋਟਾ ਨਾ ਕਰੋ ……ਅਸੀਂ ਤਾਂ ਤੁਹਾਨੂੰ ਵੀ ਨਾਲ ਖੜ੍ਹਨਾ ਚਾਹੁੰਦੇ ਸੀ ਪਰ ਬੈਗਾਨੇ ਮੁਲਕ ਦੀ ਸਰਕਾਰ ਇਜਾਜ਼ਤ ਨਹੀਂ ਦੇੰਦੀ…….ਅਸੀਂ ਉਥੇ ਪੱਕੇ ਥੋੜ੍ਹੀ ਵੱਸ ਜਾਣਾ…..ਛੇ-ਛਿਮਾਹੀ ਆਉਂਦੇ ਰਹਾਂਗੇ…..ਤੁਸੀਂ ਫਿਕਰ ਨਾ ਕਰੋ ਅਸੀਂ ਜਾਂਦਿਆਂ ਸਾਰ ਤੁਹਾਨੂੰ ਖੜ੍ਹਨ ਲਈ ਪੇਪਰ ਲਾ ਦੇਣੇ।”
ਮੇਰੇ ਬੋਲਾਂ ਵਿੱਚ ਭਾਵੇਂ ਸਚਾਈ ਸੀ ਪਰ ਝੂਠਾ ਦਿਲਾਸਾ ਵਧ ਸੀ।
ਅਗਲੇ ਦਿਨ ਬਾਪੂ ਤੇ ਬੇਬੇ ਨੂੰ ਉਨ੍ਹਾਂ ਦੇ ਨਾ ਚਾਹੁੰਦਿਆ ਹੋਇਆਂ ਵੀ ਪਿੰਡ ਭਰਾ ਕੋਲ ਛੱਡਣਾ ਪਿਆ। ਬੇਬੇ ਨੂੰ ਪਰਦੇ ਨਾਲ 10000 ਕੁ ਰੁਪਏ ਅੌਖੇ-ਸੌਖੇ ਵੇਲੇ ਵਰਤਨ ਲਈ ਦਿੱਤੇ ਤਾਂ ਬੇਬੇ ਨੇ ਪੈਸਿਆਂ ਨੂੰ ਬੇਧਿਆਨੇ ਕਰ ਮੈਨੂੰ ਬਾਹਾਂ ਵਿੱਚ ਘੱਟ ਲਿਆ । ਮਾਂ -ਪੁੱਤ ਦੇ ਨੈਣਾਂ ਚੋਂ ਹਝੂੰਆਂ ਦਾ ਹੜ੍ਹ ਵਹਿ ਤੁਰਿਆ ।
ਬੇਬੇ ਨੇ ਆਪਣੇ ਆਪ ਨੂੰ ਸੰਭਾਲਦਿਆਂ ਮੇਰਾ ਮੱਥਾ ਚੁੰਮਦਿਆਂ ਕਿਹਾ , “ਨੂੰਹ ਰਾਨੀ ਨੂੰ ਆਖੀੰ ਸਾਡੀਆਂ ਗੱਲਾਂ ਦਾ ਗੁੱਸਾ ਨਾ ਕਰੇ… ..ਬੁੱਢੇਵਾਰੇ ਬੰਦੇ ਦਾ ਦਿਮਾਗ ਠੀਕ ਕੰਮ ਨਹੀਂ ਕਰਦਾ.. ਸਾਡੇ ਮੂੰਹੋਂ ਅੱਬਾ ਤੱਬਾ ਨਿਕਲ ਜਾਂਦਾ ਰਿਹਾ… .ਸਾਡੇ ਪੋਤਰੇ ਪੋਤਰੀ ਨੂੰ ਸਾਡੇ ਵਲੋਂ ਹਿੱਕ ਨਾਲ ਲਾਇਓ ।
ਮੇਰੇ ਲਾਡਲਿਓ !! ਦੂਸਰੇ ਦੇਸ਼ ਦੀ ਚਮਕ ਦਮਕ ਵੇਖ ਕਿਤੇ ਸਾਨੂੰ ਭੁੱਲ ਨਾ ਜਾਇਓ….ਪਿੰਡ ਨੂੰ ਛੇਤੀ ਗੇੜਾ ਮਾਰਿਓ….ਆਪਣਾ ਦੇਸ਼ ਆਪਣਾ ਹੀ ਹੁੰਦਾ।”
ਕਾਦਰ ਦੀ ਕੁਦਰਤ ਦਾ ਨਿਯਮ ਕੁੱਝ ਇਸੇ ਤਰ੍ਹਾਂ ਬਣਿਆ ਹੋਇਆ ਕਿ ਰੁਖਸਤ ਹਮੇਸ਼ਾ ਤਕਲੀਫ਼ਦੇਹ ਹੋ ਨਿਬੜਦੀ। ਭਰਾ-ਭਰਜਾਈ ਤੇ ਬੱਚੇ ਡੁੱਸਕਦੇ ਡੁੱਲਦੇ ਗਲੇ ਮਿਲ ਰਹੇ ਸਨ ਪਰ ਮੈਂ ਸਭ ਨੂੰ ਛੇਤੀ ਆਵਾਂਗਾ ਕਹਿ ਹੌਸਲਾ ਦੇੰਦਾ ….ਜਦੋਂ ਕਿ ਹੌਸਲੇ ਦੀ ਮੈਨੂੰ ਡਾਢੀ ਥੁੜ ਮਹਿਸੂਸ ਹੋ ਰਹੀ ਸੀ।
ਅਲਵਿਦਾ ਕਹਿਣ ਦਾ ਸਮਾਂ ਆ ਗਿਆ । ਬਾਪੂ ਦੇ ਪੈਰੀਂ ਹੱਥ ਲਾਏ ਤਾਂ ਉਹ ਸੀਨੇ ਨਾਲ ਲਾਉੰਦਿਆਂ ਸਾਰ ਭੁੱਬੀਂ ਰੋ ਪਿਆ । ਉਸ ਸਿਰੜੀ ਤੇ ਪੱਕੇ ਹਿਰਦੇ ਵਾਲੇ ਇਨਸਾਨ ਨੂੰ ਮੈ ਪਹਿਲਾਂ ਕਦੀ ਇਸ ਤਰ੍ਹਾਂ ਟੁੱਟਦਿਆਂ ਤੇ ਫਿੱਸਦਿਆਂ ਨਹੀਂ ਸੀ ਵੇਖਿਆ । ਬਾਪੂ ਸੀਸਕੀਆਂ ਲੈੰਦਾ ਬਾਹਾਂ ਦੀ ਪਕੜ ਕੱਸੀ ਖੜ੍ਹਾ ਸੀ ਜਿਵੇਂ ਮੇਰੇ ਵਿੱਚ ਸਮਾਅ ਜਾਣਾ ਚਾਹੁੰਦਾ ਹੋਵੇ ।
ਸੱਚ ਜਾਣਿਓ ! ਬਾਪੂ ਦੀਆਂ ਬਾਵਾਂ ਚੋਂ ਨਿਕਲਣਾ !!!!!!! ਦੋਸਤੋ ਸ਼ਬਦ ਮੁੱਕ ਗਏ ਹਨ ਲਿਖਣ ਲਈ !!!!!! ਆਪਣਿਆਂ ਤੋਂ ਦੂਰ ਹੋਣਾ, ਅਾਪਣੇ ਵਜੂਦ ਤੋਂ ਟੁੱਟਣ ਵਾਂਗ ਹੈ । ..ਸਾਰੇ ਟੱਬਰ ਨੂੰ ਹੱਥ ਜੋੜ ਫਤਹਿ ਬੁਲਾਉੰਦਿਆ ਥਿੜਕਦੇ ਬੁਲ੍ਹਾਂ ਚੋਂ ਬੱਸ ਇਨ੍ਹਾਂ ਹੀ ਕਹਿ ਹੋਇਆ ,
” ਚੰਗਾ !! ਹੁਣ ਮੈਂ ਚਲਦਾ ਹਾਂ।”
( ਚਲਦਾ)
✍:- ਗੁਰਨਾਮ ਨਿਜੱਰ =18 /03/2022
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ