ਇਓ ਨਹੀਂ ਸੀ ਜਾਣਾ ਤੂੰ
ਸਭ ਕੁਝ ਵੈਸਾ ਹੀ ਹੈ। ਜਿਵੇਂ ਪਹਿਲਾਂ ਸੀ ਬਸ ਤੂੰ ਹੀ ਨਹੀਂ ਏ।ਅੱਜ ਤੈਨੂੰ ਜਹਾਨੋਂ ਗਈ ਨੂੰ ਮਹੀਨਾ ਹੋ ਗਿਆ ਏ ਏਦਾਂ ਲੱਗਦਾ ਜਿਵੇਂ ਕਈ ਵਰ੍ਹੇ ਬੀਤ ਗਏ ਨੇ।ਹੁਣ ਇਸ ਇੱਕ ਮਹੀਨੇ ਵਿੱਚ ਮੈਨੂੰ ਤੇਰੇ ਕਿੰਨੇ ਗੁਣ ਨਜਰ ਆ ਰਹੇ ਨੇ।ਇਸ ਇੱਕ ਮਹੀਨੇ ਵਿੱਚ ਹੀ ਮੇਰਾ ਭਾਰ ਘੱਟ ਕੇ ਅੱਧਾ ਹੋ ਗਿਆ ਹੈ।ਹੁਣ ਰੋਟੀ ਮਿਲ ਜਾਵੇ ਤਾਂ ਖਾ ਲਈਦੀ ਏ।ਨਾ ਮਿਲੇ ਤਾਂ ਪਾਣੀ ਪੀ ਸੌ ਜਾਈਦਾ।ਕਪੜੇ ਹੁਣ ਪ੍ਰੈਸ ਨੇ ਜਾ ਵੱਟ ਪਏ ਨੇ ਕਦੀ ਧਿਆਨ ਨਹੀਂ ਗਿਆ।ਤੂੰ ਤਾਂ ਵਾਲਾ ਤੇ ਡਾਈ ਵੀ ਕਰ ਦੇਦੀ ਸੀ ਜਦੋਂ ਕੀਤੇ ਜਾਣਾ ਹੁੰਦਾ ਸੀ।ਮੇਰੇ ਨਹੂੰ ਵੀ ਵੱਧ ਗਏ ਨੇ ਤੂੰ ਹੀ ਸਭ ਖਿਆਲ ਕਰਦੀ ਸੀ ।ਨੂੰਹ ਬੜਾ ਬੋਲੀ ਸੀ ਜਦੋਂ ਛੋਟੇ ਪੋਤੇ ਨੂੰ ਚੁੱਕਿਆ ਤਾਂ ਅਚਾਨਕ ਉਸ ਦੇ ਖਰੀਡ ਵੱਜ ਗਿਆ ਸੀ।ਉਸ ਦਿਨ ਪਹਿਲੀ ਵਾਰ ਮਨ ਨੇ ਮਨ ਲਿਆ ਸੀ ਤੇਰੇ ਨਾ ਹੋਣ ਨੂੰ ਤੇ ਫਿਰ ਤਾਂ ਹਰ ਪਲ ਤੇਰੀ ਕਮੀ ਰੋਜ ਹੀ ਖੱਟਕਣ ਲੱਗੀ ਝੋਰਾ ਵੱਢ ਵੱਢ ਖਾਈ ਜਾਂਦਾ ਅੰਦਰੋਂ ਅੰਦਰੀ ਭੋਰਾ ਭੋਰਾ ਖੁਰਦਾ ਜਾਦਾ ਕੁਝ ਰੋਜ ਹੀ। ਟੋਕਾ ਟੋਕੀ ਤਾਂ ਪਹਿਲਾਂ ਵੀ ਹੁੰਦੀ ਸੀ ਪਰ ਫ਼ਰਕ ਏ ਹੈ ਪਹਿਲਾਂ ਕਦੇ ਤੂੰ ਮੈਨੂੰ ਟੋਕਦੀ ਸੀ ਕਦੇ ਮੈਂ ਤੈਨੂੰ ਪਰ ਹੁਣ ਤਾਂ ਨੂੰਹ ਪੁੱਤ ਹਰ ਗੱਲ ਤੇ ਟੋਕਣ ਲੱਗੇ ਨੇ।ਜੇ ਲੌਬੀ ਚ ਬੈਠਾ ਤਾਂ ਰਸੋਈ ਵਿੱਚ ਕੰਮ ਕਰਦੀ ਨੂੰਹ ਨੂੰ ਮੇਰਾ ਖੰਘਣਾ ਚੰਗਾ ਨਹੀਂ ਲੱਗਦਾ।ਬਰਾਂਡੇ ਚ ਬੈਠਾ ਤਾਂ ਨਾਲ ਦੇ ਕਮਰੇ ਚ ਸੁੱਤਾ ਵੱਡਾ ਪੋਤਾ ਉੱਠ ਖਲੋਦਾ ਏ ਖੰਘਣ ਨਾਲ ਕਮਰੇ ਦੇ ਨਾਲ ਦਾ ਕਮਰਾ ਪੁੱਤ ਦਾ ਏ ਜੇ ਅਖਬਾਰ ਮੰਗ ਲਵਾਂ ਤਾਂ ਆਖਦੇ ਕੀ ਗੱਲ ਅਖਬਾਰ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਰੋਟੀ...
ਪਚਦੀ ਏ।ਅਪਣੇ ਕਮਰੇ ਵਿੱਚ ਨਹੀਂ ਬੈਠਾ ਜਾਂਦਾ।ਸਾਰਾ ਦਿਨ ਖੁੰਡੀ ਖੜਕਾਉਦੇ ਏਧਰ ਉਧਰ ਘੁੰਮਦੇ ਰਹਿੰਦੇ ਓ।ਹੁਣ ਦਿਨ ਵਾਰ ਤੇ ਮਿੱਠਾ ਵੀ ਨਹੀਂ ਬਣਦਾ।ਸ਼ੁਗਰ ਵਿੱਚ ਨਹੀਂ ਖਾਈਦਾ ਆਖ ਦੇਦੇਂ ਨੇ ਪਰ ਆਪ ਰਸਗੁੱਲੇ ਤੇ ਆਇਸਕਰੀਮ ਰੋਜ ਲੈ ਆਉਦੇ ਨੇ।ਕਮਜੋਰੀ ਕਰਕੇ ਪਿਸ਼ਾਬ ਨਿਕਲ ਗਿਆ ਸੀ ਇੱਕ ਵਾਰ ਪਜਾਮੇ ਵਿੱਚ ਉਸ ਦਿਨ ਤੋਂ ਨੂੰਹਰਾਣੀ ਦਾ ਫੁਰਮਾਣ ਹੋਇਆ ਗੁਸਲਖਾਨੇ ਵਿੱਚ ਸ਼ਰਫ਼ ਰੱਖ ਦਿੱਤਾ ਨਹਾਉਣ ਲੱਗਿਆ ਸ਼ਰਫ਼ ਵਿੱਚ ਮਲ ਦਿਆਂ ਕਰੋ ਅਪਣੇ ਕਪੜੇ।ਤੇਰੇ ਜਾਣ ਤੋਂ ਬਾਅਦ ਅਹਿਸਾਸ ਹੋਇਆ ਤੂੰ ਸਾਰਾ ਦਿਨ ਕਿੰਨਾ ਕੰਮ ਕਰਦੀ ਸੀ ਉਹ ਵੀ ਮੇਰਾ ਇੱਕਲੇ ਦਾ ਨਹੀਂ ਸਭ ਦਾ।ਪੁੱਤ ਨੂੰ ਖੰਡ ਵਾਲੀ ਚਾਹ ,ਮੈਨੂੰ ਤੇ ਅਪਣੀ ਗੁੜ ਵਾਲੀ।ਨੂੰਹ ਰਾਣੀ ਨੂੰ ਫਿੱਕੇ ਜਿਹੇ ਮਿੱਠੇ ਵਾਲੀ।ਕੋਈ ਕੌਫੀ ਮੰਗ ਲੈਦਾ ਉਹ ਬਣਾ ਦੇਦੀ।ਤੇਰਾ ਤਾਂ ਸਵੇਰ ਦਾ ਫੁਲਕਾ ਵੀ ਬਾਰਾਂ ਵਜੇ ਅੰਦਰ ਲੰਘਦਾ ਸੀ ਕਦੇ ਓਦੋਂ ਸੋਚਿਆ ਹੀ ਨਹੀਂ ਸੀ।ਓਦੋਂ ਤਾਂ ਘਰੇ ਪ੍ਰਹੋਣਿਆਂ ਦੀ ਆਵਾਜਾਈ ਵੀ ਬਹੁਤ ਸੀ ਹੁਣ ਤਾਂ ਨੂੰਹ ਦਾ ਹੀ ਕੋਈ ਜਾਣ ਪਹਿਚਾਣ ਵਾਲਾ ਆਉਦਾ।ਮੈਨੂੰ ਉਸ ਦਿਨ ਆਖਦੇ ਨੇ ਬਹੁਤਾ ਬਾਹਰ ਨਾ ਆਇਓ।ਉਸ ਦਿਨ ਪਾਣੀ ਵੀ ਆਖਦੇ ਨੇ ਠੰਡਾ ਨਾ ਪੀਣਾ ਖੰਘੋਗੇ ਤਾਂ ਚੰਗਾ ਨਹੀਂ ਲੱਗਣਾ ਪ੍ਰਹੋਣਿਆਂ ਨੂੰ।ਮਾਪੇ ਆਖਦੇ ਨੇ ਬੱਚਿਆਂ ਦੀ ਕੋਈ ਖਾਇਸ਼ ਨਾ ਰਹਿ ਜਾਵੇ ਤੇ ਬੱਚੇ ਆਖਦੇ ਨੇ ਮਾਪੇ ਕੋਈ ਖਾਇਸ਼ ਹੀ ਨਾ ਕਰਨ।ਇਓ ਨਹੀਂ ਸੀ ਜਾਣਾ ਤੂੰ ਤੂੰ ਤਾਂ ਹਰਕਦਮ ਮੈਥੋਂ ਪੁੱਛ ਕੇ ਦੱਸ ਕੇ ਕਰਦੀ ਸੀ ਜਾਣ ਲੱਗਿਆ ਇੱਕ ਹਾਕ ਹੀ ਦੇ ਜਾਂਦੀ ਮੈਨੂੰ ਨਾਲ ਹੀ ਲੈ ਜਾਂਦੀ।ਕਾਸ਼ ਰੱਬ ਨੇ ਜਾਣਾ ਮਨੁੱਖ ਦੇ ਹੱਥ ਚ ਲਿਖਿਆ ਹੁੰਦਾ।
Naturedeep Kahlon