ਹਿੱਸਾ
ਉਹ ਢਿੱਲਾ ਜਿਹਾ ਮੂੰਹ ਲੈ ਕੇ ਕਚਿਹਰੀ ਵੜਿਆ। ਕਿੰਨੇ ਹੀ ਕਮਰੇ ਅਤੇ ਅਣਗਣਿਤ ਵਕੀਲ, ਕਿਸ ਕੋਲ ਜਾਵੇ। ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਕੇ ਉੱਧਰ ਤੁਰ ਪਿਆ।
“ਕੀ ਮਾਮਲਾ ਹੈ?”,ਵਕੀਲ ਨੇ ਉਸਨੂੰ ਬਿਠਾ ਕੇ ਪੁੱਛਿਆ।
“ਭੈਣ ਜ਼ਮੀਨ ਵਿੱਚੋਂ ਆਵਦਾ ਹਿੱਸਾ ਮੰਗਦੀ ਹੈ”, ਉਸਨੇ ਨਜ਼ਰਾਂ ਝੁਕਾ ਕੇ ਕਿਹਾ।
ਵਕੀਲ ਨੇ ਵੀ ਦੁਨੀਆਂ ਦੇਖੀ ਹੋਈ ਸੀ। ਬਹੁਤ ਸੁਲਝਿਆ ਇਨਸਾਨ ਸੀ। ਉਸ ਬਾਰੇ ਮਸ਼ਹੂਰ ਸੀ ਕਿ ਬਹੁਤੇ ਕੇਸ ਤਾਂ ਉਹ ਆਵਦੇ ਕਮਰੇ ਵਿੱਚ ਹੀ ਨਿਬੇੜ ਦਿੰਦਾ ਸੀ।
“ਕੋਈ ਗੱਲ ਤਾਂ ਕਾਕਾ ਹੋਈ ਹੋਊ ”, ਵਕੀਲ ਨੇ ਫੇਰ ਪੁੱਛਿਆ ਪਰ ਉਹ ਚੁੱਪ ਰਿਹਾ।
“ਚੱਲ ਪਰਸੋਂ ਆਵਦੀ ਭੈਣ ਨੂੰ ਲੈ ਕੇ ਆ ਜਾਂਵੀ। ਕਹਿ ਦੇਵੀ ਕਿ ਵਕੀਲ ਨੇ ਸੱਦਿਆ।
ਮਿੱਥੇ ਦਿਨ ਉੱਤੇ ਦੋਵੇਂ ਭੈਣ ਭਰਾ ਵਕੀਲ ਦੇ ਦਫਤਰ ਪਹੁੰਚ ਗਏ। ਉਸਦਾ ਭਾਈਆ ਤਾਂ ਉਸਦੀ ਭੈਣ ਨੂੰ ਛੱਡ ਕੇ ਹੀ ਮੁੜ ਗਿਆ। ਨਰਾਜ਼ ਤਾਂ ਭੈਣ ਹੀ ਸੀ। ਵਕੀਲ ਦੋਵਾਂ ਨੂੰ ਦਫਤਰ ਵਿੱਚ ਬਿਠਾ ਆਪ ਕਿਸੇ ਕੰਮ ਬਾਹਰ ਚਲਾ ਗਿਆ। ਕਮਰੇ ਵਿੱਚ ਦੋਵੇਂ ਆਹਮਣੇ ਸਾਹਮਣੇ ਬੈਠੇ ਸਨ ਪਰ ਕੋਈ ਵੀ ਇੱਕ ਦੂਜੇ ਵੱਲ ਦੇਖ ਨਹੀ ਰਿਹਾ ਸੀ। ਕਿੰਨੀ ਅਜੀਬ ਗੱਲ ਸੀ ਕਿ ਇੱਕ ਕੁੱਖੋਂ ਪੈਦਾ ਹੋਏ, ਇੱਕ ਥਾਂ ਤੇ ਵੱਡੇ ਹੋਏ, ਇਕੱਠੇ ਖਾਣ-ਪੀਣ, ਸੌਣ, ਖੇਡਣ ਵਾਲੇ ਇੱਕ ਕਮਰੇ ਵਿੱਚ ਓਪਰਿਆਂ ਵਾਂਗ ਬੈਠੇ ਸਨ। ਚਾਹ ਵਾਲਾ ਮੁੰਡਾ ਆ ਕੇ ਚਾਹ ਰੱਖ ਗਿਆ ਸੀ ਪਰ ਦੋਵੇਂ ਉਵੇਂ ਹੀ ਬੈਠੇ ਸਨ।
ਭੈਣ ਦੇ ਦਿਮਾਗ ਵਿੱਚ ਸੋਚਾਂ ਦੀ ਲੜੀ ਚੱਲ ਰਹੀ ਸੀ। ਚਾਰ ਕੁ ਸਾਲ ਦੀ ਸੀ ਜਦੋਂ ਛੋਟਾ ਹੋਇਆ ਸੀ। ਕਿੰਨਾ ਚਾਅ ਚੜਿਆ ਸੀ ਉਸਨੂੰ, ਭੱਜ ਭੱਜ ਆਂਢ-ਗੁਆਂਢ ਦੱਸ ਕੇ ਆਈ ਸੀ। ਵੀਰ ਕੀ ਉਸਨੂੰ ਤਾਂ ਕੋਈ ਖਿਡੌਣਾ ਮਿਲ ਗਿਆ ਸੀ। ਸਾਰਾ ਦਿਨ ਉਸਦਾ ਭੋਰਾ ਵਿਸਾਹ ਨਾ ਕਰਦੀ। ਇੱਕ ਵਾਰ ਜਦੋਂ ਛੋਟੇ ਨੂੰ ਤਾਪ ਚੜ੍ਹ ਗਿਆ ਸੀ ਤਾਂ ਦੋ ਦਿਨ ਰੋਟੀ ਉਸਨੇ ਵੀ ਨਾ ਖਾਧੀ ਸੀ। ਉਹ ਵੀ ਤਾਂ ਉਸਦਾ ਕਿੰਨਾ ਕਰਦਾ ਸੀ ਜਦੋਂ ਛੁੱਟੀਆਂ ਵਿੱਚ ਉਹ ਨਾਨਕੇ ਚਲੀ ਗਈ ਸੀ ਤਾਂ ਸਾਰਾ ਦਿਨ ਰੋਂਦਾ ਰਿਹਾ ਸੀ, ਫੇਰ ਮਾਂ ਉਸਨੂੰ ਲੈ ਕੇ ਆਈ ਤਾਂ ਉਹ ਚੁੱਪ ਕੀਤਾ। ਜਦੋਂ ਉਸਦਾ ਵਿਆਹ ਵੀ ਕਰਨਾ ਸੀ ਤਾਂ ਛੋਟੇ ਦੀ ਇੱਕ ਹੀ ਸ਼ਰਤ ਸੀ ਕਿ ਦੱਸ-ਬਾਰਾਂ ਕਿਲੋਮੀਟਰ ਦੇ ਘੇਰੇ ਵਿੱਚ ਹੀ ਵਿਆਹ ਕਰਨਾ, ਮੈਂ ਆਵਦੀ ਭੈਣ ਦੂਰ ਨਹੀ ਭੇਜ ਸਕਦਾ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ