ਬਖਸ਼ਿਸ਼ (ਭਾਗ-ਦੂਜਾ)—————
ਮਾਂ ਨੇ ਚੋਰ ਅੱਖ ਨਾਲ ਨਹਾਉਣ ਵਾਲੇ ਵੱਲ ਦੇਖਿਆ। ਬੱਤੀ ਜਗ ਰਹੀ ਸੀ ਤੇ ਪਾਣੀ ਦੀ ਆਵਾਜ ਵੀ ਆ ਰਹੀ ਸੀ। ਜਵਾਕ ਵੀ ਬੁੱਕਲ ਦਾ ਨਿੱਘ ਪਾ ਊਂਘਣ ਲੱਗ ਪਿਆ ਸੀ। ਮਾਂ ਨੇ ਜਵਾਕ ਦਾ ਪੋਤੜਾ ਟਟੋਲ ਕੇ ਦੇਖਿਆ, ਗਿੱਲਾ ਵੀ ਸੀ ਬਦਲਣ ਦੀ ਸੋਚਣ ਲੱਗੀ ਪਰ ਉਸਦਾ ਮਕਸਦ ਇਹ ਦੇਖਣਾ ਸੀ ਕਿ ਜਵਾਕ ਮੁੰਡਾ ਸੀ ਕਿ ਕੁੜੀ? ਕੁੜੀ ਹੀ ਸੀ। ਉਸਨੇ ਪਰਾਣੇ ਲੀੜੇ ਪਾੜ ਕੇ ਪੋਤੜਾ ਬਣਾ ਜਵਾਕੜੀ ਨੂੰ ਸਾਫ ਕਰ ਦਿੱਤਾ। ਉਦੋਂ ਤੱਕ ਉਹ ਵੀ ਨਹਾ ਕੇ ਬਾਹਰ ਆ ਗਿਆ।
“ਮਾਂ ਰੋਟੀ ਲਿਆ, ਭੁੱਖ ਬਹੁਤ ਲੱਗੀ ਹੈ” ਇਹ ਕਹਿ ਉਸਨੇ ਕੁੜੀ ਆਪ ਫੜ ਲਈ। ਮਾਂ ਨੂੰ ਪਤਾ ਸੀ ਕਿ ਉਹ ਕਿਸੇ ਵੀ ਦਿਨ ਕਿਸੇ ਵੀ ਸਮੇਂ ਆ ਕੇ ਰੋਟੀ ਮੰਗ ਲੈਂਦਾ ਸੀ। ਇਸਲਈ ਛਾਬੇ ਵਿੱਚ ਪੰਜ-ਸੱਤ ਰੋਟੀਆਂ ਪਕਾ ਕੇ ਹੀ ਰੱਖਦੀ। ਮਾਂ ਰੋਟੀ ਪਾ ਲੈ ਆਈ। ਉਦੋਂ ਤੱਕ ਉਸਦੇ ਹੱਥਾਂ ਵਿੱਚ ਹੀ ਜਵਾਕੜੀ ਸੌ ਗਈ ਸੀ। ਉਹ ਇੱਕ ਟੱਕ ਉਸਦੇ ਚਿਹਰੇ ਨੂੰ ਨਿਹਾਰ ਰਿਹਾ ਸੀ। ਨਿੱਕੇ ਨਿੱਕੇ ਹੱਥ-ਪੈਰ, ਮਾਸੂਮ ਜਿਹਾ ਜਵਾਕ ਉਸਦੀ ਝੋਲੀ ਵਿੱਚ ਪੁਆ ਸੀ। ਪਤਾ ਨਹੀ ਉਹ ਕਿਹੜੇ ਖਿਆਲਾਂ ਵਿੱਚ ਗਵਾਚਿਆ ਸੀ, ਮਾਂ ਨੇ ਮੋਢਾ ਹਲੂਣ ਕੇ ਉਸਨੂੰ ਰੋਟੀ ਖਾਣ ਨੂੰ ਕਿਹਾ। ਕਮਰੇ ਵਿੱਚ ਬੱਸ ਚੁੱਪ ਪਸਰੀ ਹੋਈ ਸੀ। ਮਾਂ ਚਾਹ ਕੇ ਵੀ ਕੁੱਝ ਪੁੱਛ ਨਹੀ ਸਕਦੀ ਸੀ, ਡਰਦੀ ਸੀ ਕਿ ਖੌਰੇ ਫੇਰ ਨਾ ਲੜ ਕੇ ਤੁਰ ਜਾਵੇ ਤੇ ਕੀ ਪਤਾ ਕਿੰਨੇ ਦਿਨ ਵਾਪਸ ਨਾ ਆਵੇ।
ਉਹ ਰੋਟੀ ਖਾਦਾਂ ਖਾਦਾਂ, ਆਪ ਹੀ ਮਾਂ ਨੂੰ ਸਾਰੀ ਗੱਲ ਦੱਸਣ ਲੱਗ ਪਿਆ। ਉਸਦੀ ਗੱਲ ਸੁਣ ਮਾਂ ਨੂੰ ਸੁੱਤੀ ਪਈ ਜਵਾਕੜੀ ਉੱਤੇ ਅਥਾਹ ਮੋਹ ਆ ਗਿਆ। ਸੋਚਣ ਲੱਗੀ ਖੌਰੇ ਮਾਂ ਕਿੰਨੀ ਕੁ ਮਜਬੂਰ ਹੋਊ ਕਿ ਪਤਾ ਕੋਈ ਅਣ-ਵਿਆਹੀ ਹੋਵੇ ਜਾਂ ਫੇਰ ਮੁੰਡੇ ਦੀ ਲਾਲਸਾ। ਚੱਲ ਜੋ ਵੀ ਹੋਵੇ ਅੱਜ ਇਹ ਨਿਆਣੀ ਮੇਰਾ ਪੁੱਤ ਘਰ ਲੈ ਕੇ ਆਈ ਹੈ ਅਤੇ ਉਸਨੇ ਕੁੜੀ ਨੂੰ ਚੁੱਕ ਆਪਣੇ ਨਾਲ ਮੰਜੇ ਉੱਤੇ ਪਾ ਲਿਆ। ਉਸਨੇ ਵੀ ਪਤਾ ਨਹੀ ਕੀ ਸੋਚ ਮੰਜਾ ਮਾਂ ਕੋਲ ਹੀ ਡਾਹ ਲਿਆ, ਮਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ, ਉਸਦਾ ਪੁੱਤ ਉਸਦੇ ਕੋਲ ਜਿਉਂ ਪਿਆ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ