ਝੱਲਾ ਮੁੜਕੇ ਹੀ ਨੀ ਆਇਆ (ਹੱਡਬੀਤੀ)
ਝੱਲਾ ਮੁੜਕੇ ਹੀ ਨੀ ਆਇਆ” ਜਦੋਂ ਆਖ਼ਰੀ ਵਾਰ ਮਿਲਣ ਦੀ ਇੱਛਾ ਲੈ ਕੇ ਵਿਦਾ ਹੋ ਰਹੀ ਬੇਬੇ ਨੇ ਇਹ ਬੋਲ ਆਖੇ ਹੋਣਗੇ ਤਾਂ ਇਕ ਵਾਰ ਦਿਲ ਚ ਤਾਂ ਰੱਬ ਦੇ ਵੀ ਜ਼ਰੂਰ ਜਵਾਰ-ਭਾਟਾ ਉੱਠਿਆ ਹੋਣਾ, ਮਨ ਹੀ ਮਨ ਸੋਚ ਉਸਦਾ ਗੱਚ ਭਰ ਆਇਆ. “ਵੀਰੇ ਆਖ਼ਰੀ ਵਾਰ ਕਦੋਂ ਮਿਲਿਆ ਸੀ ਬੇਬੇ ਨੂੰ” ਜਦੋਂ ਇਹ ਉਸਦੇ ਦੋਸਤ ਨਾਲ ਦੁੱਖ ਵੰਡਾਉਣ ਆਏ ਮੁੰਡੇ ਨੇ ਆਖੇ ਤਾਂ ਉਸਦੇ ਅੱਖਾਂ ਪਿੱਛੇ ਹੰਝੂ ਰੋਕਣ ਲਈ ਬਣਾਇਆ ਸਬਰ ਦਾ ਬੰਨ ਸੁਨਾਮੀ ਲਹਿਰ ਦੇ ਆਉਣ ਵਾਂਗ ਟੁੱਟ ਗਿਆ ਤੇ ਉਸਨੂੰ ਲੱਗਿਆ ਜਿਵੇ ਅੱਜ ਇਹ ਹੰਝੂਆਂ ਦਾ ਲਾਵਾ ਸਭ ਕੁਝ ਤਬਾਹ ਕਰ ਦੇਵੇਗਾ. ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਹੰਝੂਆਂ ਦੇ ਦਰਿਆ ਚ ਯਾਦਾਂ ਦੀ ਕਿਸ਼ਤੀ ਤੇ ਵਕਤ ਦੇ ਚੱਪੂ ਲੈ ਆਪਣੇ ਅਤੀਤ ਚ ਪਹੁੰਚ ਗਿਆ. ਜਦੋਂ ਉਹ ਕਾਲਜ ਤੋ ਡਿਗਰੀ ਲੈ ਕੇ ਨਿਕਲਿਆ ਤਾ ਤੋਪ ਵਰਗਾ ਬਾਪੂ, ਬੈਂਕ ਵਰਗੀ ਮਾਂ, ਭਰਾ ਭਰਜਾਈ ਅਤੇ ਦੋਵੇਂ ਵੱਡੀਆਂ ਭੈਣਾਂ ਸਮੇਤ ਆਪਣੇ ਬੱਚਿਆਂ ਘਰ ਉਡੀਕਦੇ ਮਿਲੇ ਕਿਉਂਕਿ ਉਹ ਆਪਣੇ ਭੈਣ ਭਰਾਵਾ ਚ ਸਭ ਤੋ ਛੋਟਾ ਹੋਣ ਕਰਕੇ ਅਜੇ ਵੀ ਦਸ ਬਾਰਾਂ ਸਾਲਾਂ ਦਾ ਪਿਆਰਾ ਬੱਚੇ ਵਾਂਗ ਹੀ ਸੀ ਉਹਨਾਂ ਲਈ ਤਾ ਹੀ ਤਾਂ ਬੇਬੇ ਤੇ ਭਰਜਾਈ ਉਹਦੇ ਪਾਉਣ ਲਈ ਹਰ ਵੇਲੇ ਸੂਟ ਪ੍ਰੈੱਸ ਕਰਕੇ ਤਿਆਰ ਰੱਖਦੀਆਂ ਸਨ. ਫਿਰ ਕਹਿਣ ਨੂੰ ਤਾ ਸ਼ਿਵਲ ਇੰਜੀਨੀਅਰ ਲੱਗਿਆ ਸੀ ਤੇ ਵਿਆਹ ਲਈ ਕੁੜੀ ਵੀ ਸਰਕਾਰੀ ਮਾਸਟਰਨੀ ਮਿਲਦੀ ਸੀ ਪਰ ਤਨਖਾਹ ਦੇ ਨਾਮ ਤੇ ਛੇ ਹਜ਼ਾਰ ਰੁਪਏ ਅਤੇ ਇਕ ਤੋ ਬਾਦ ਦੂਜੇ ਦੋਸਤ ਦੀ ਬਾਹਰ ਦੀ ਉਡਾਰੀ ਨੇ ਉਸਨੂੰ ਵੀ ਪ੍ਰਦੇਸ਼ ਦੀ ਉਡਾਰੀ ਮਾਰਨ ਲਈ ਸੋਚਣ ਲਾ ਦਿੱਤਾ. ਬੱਸ ਇਸੇ ਤੜਫਣਾ ਦਾ ਫ਼ਾਇਦਾ ਉਠਾ ਇਕ ਏਜੰਟ ਨੇ ਸੰਨ 2000 ਵਿੱਚ ਕੈਨੇਡਾ ਭੇਜਣ ਦੇ ਪੈਸੇ ਲੈ ਕੇ ਪਰ ਪਹੁੰਚਾ ਇੰਗਲੈਂਡ ਦਿੱਤਾ ਉਹ ਵੀ ਕਿਸੇ ਕੁੜੀ ਨਾਲ ਜਾਅਲੀ ਵਿਆਹ ਦਿਖਾਕੇ. ਸਭ ਤੋ ਪਹਿਲਾਂ ਕੰਮ ਉਸਨੂੰ ਉਸਦੇ ਪਿੰਡ ਕੋਲ ਦੇ ਮੁੰਡੇ ਨਾਲ ਮਿਲਿਆ ਜਿਹੜਾ ਕਿ ਮਿਸਤਰੀ ਸੀ ਪਰ ਇਹ ਕੰਮ ਮਹੀਨਾ ਕੁ ਹੀ ਚੱਲਿਆ ਕਿਉਂਕਿ ਉਹ ਸਿਵਲ ਇੰਜੀਨੀਅਰ ਹੋਣ ਕਰਕੇ ਮਿਣਤੀ ਫ਼ੀਤੇ ਨਾਲ ਕਰਨੀ ਜਾਣਦਾ ਸੀ ਤੇ ਉਹ ਮੁੰਡਾ ਗਿੱਠਾਂ ਪਾ ਕੇ. ਬੱਸ ਉੱਥੋਂ ਸ਼ੁਰੂ ਹੋਇਆ ਵਾ-ਵਰੋਲ਼ੇ ਚ ਫਸੇ ਪੱਤਿਆਂ ਵਾਂਗ ਸਫਰ ਤੇ ਸਭ ਤੋ ਪਹਿਲਾਂ ਇਕ ਪੰਜਾਬੀ ਮਾਂ ਬਾਪ ਵੱਲੋਂ ਪੌਂਡ ਲੈ ਕੇ ਆਪਣੀ ਕੁੜੀ ਨਾਲ ਪੇਪਰ ਮੈਰਿਜ ਦਾ ਵਾਅਦਾ ਪਰ ਅੰਬੈਸੀ ਪੇਪਰ ਲੱਗਣ ਤੋ ਪਹਿਲਾਂ ਹੀ ਕੁੜੀ ਕਿਸੇ ਪਾਕਿਸਤਾਨੀ ਨਾਲ ਭੱਜ ਗਈ, ਰਫ਼ਿਊਜੀ ਵੀਜ਼ਾ, ਦੋ ਗੋਰੀਆਂ ਵੱਲੋਂ ਵਿਆਹ ਲਈ ਹਾਂ ਪਰ ਉਸਦੇ ਵੱਲੋਂ ਬਾਬੇ ਨਾਨਕ ਦੇ ਦੁਆਰੇ ਲਾਵਾਂ ਲੈ ਕੇ ਕਦੇ ਨਾਂ ਛੱਡਣ ਦੇ ਫੈਸਲੇ ਤੋ ਦੋਵੇਂ ਗੋਰੀਆਂ ਕਿਨਾਰਾ ਕਰ ਗਈਆਂ, ਇਕ ਸਾਲ ਦੁਕਾਨ ਤੇ ਬਾਰਾਂ ਬਾਰਾਂ ਘੰਟੇ ਕੰਮ ਕੀਤਾ ਬਿਨਾ ਕਿਸੇ ਦਿਨ ਛੁੱਟੀ ਤੋ ਉਹ ਵੀ ਸਿਰਫ ਸੌ ਪੌਂਡ ਹਫ਼ਤਾ ਤੇ ਕਿਉਂਕਿ ਉਸਨੂੰ ਪੱਕਾ ਕਰਾਉਣ ਦੀਆ ਹੋਮਿਓਪੈਥੀ ਵਰਗੀਆਂ ਗੋਲੀਆਂ ਜੋ ਦਿੰਦੇ ਰਹਿੰਦੇ ਸੀ. ਇਹ ਰੁੱਤਾਂ ਵਰਗਾ ਅਟੁੱਟ ਚੱਕਰ ਤੇ ਜੋ ਉਹ ਕਮਾਉਂਦਾ ਖੂਹ ਦੀ ਮਿੱਟੀ ਖੂਹ ਵਾਂਗ ਆਲੇ ਦੁਆਲੇ ਮੰਡਰਾਉਦੀਆਂ ਗਿਰਝਾਂ ਵਰਗੇ ਲੋਕ ਨੋਚ ਕੇ ਲੈ ਜਾਂਦੇ ਤੇ ਜੇ ਕੁਝ ਬੱਚਦਾ ਉਹ ਪਿੱਛੇ ਭੇਜ ਦਿੰਦਾ. ਫਿਰ ਦੇਖਦੇ ਹੀ ਦੇਖਦੇ ਪਤਾ ਹੀ ਨਹੀਂ ਲੱਗਿਆ ਕਦੋ ਅੱਠ ਸਾਲ ਨਿਕਲ ਗਏ ਤੇ ਭਾਣਜੇ ਭਾਣਜੀਆਂ ਵੀ ਆਪਣੀਆਂ ਮਾਂਵਾਂ ਕੋਲ਼ੋਂ ਉਸਦੀਆਂ ਕਹਾਣੀਆਂ ਸੁਣਦੇ ਬਿਲਕੁਲ ਏਦਾਂ ਮੂੰਹ ਬਣਾਉਂਦੇ ਜਿਵੇ ਕਿਸੇ ਪਰੀਆਂ ਦੀ ਕਹਾਣੀ ਸੁਣ ਰਹੇ ਹੋਣ ਤੇ ਕਦੇ ਨਾਂ ਥੱਕਣ ਆਲੇ ਬੇਬੇ ਬਾਪੂ ਵੀ ਉਡੀਕਦੇ ਉਡੀਕਦੇ ਮੰਜੇ ਮੱਲ ਕੇ ਬੈਠ ਗਏ ਸਨ. ਬਜ਼ੁਰਗ ਕਹਿਦੇ ਹੁੰਦੇ ਕਿ ਜੇ ਨੀਅਤ ਸਿੱਧੀ ਹੋਵੇ ਤਾ ਰੱਬ ਵੀ ਨੇੜਿਓ ਹੋ ਕੇ ਸੁਣਦਾ ਤੇ ਉਸਦੀ ਵੀ ਸੁਣੀ ਗਈ ਜਦੋਂ ਉਸਦੀ ਰੂਹ ਦੀ ਸਾਥਣ ਨੇ 2007 ਵਿੱਚ ਉਸ ਨਾਲ ਉਸਦੀ ਫੋਟੋ ਤੇ ਹੀ ਵਿਆਹ ਕਰਵਾਉਣ ਲਈ ਹਾਮੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ