ਵੇਖੀਂ,ਕਿਧਰੇ ਮੁੱਕਰ ਨਾ ਜਾਈਂ!…ਕਹਾਣੀ…
ਮਨਦੀਪ ਰਿੰਪੀ
ਢੋਲੀ ਦਾ ਡੱਗ ਡੱਗ ਕਰਦਾ ਡਗਾ… ਆਲ਼ੇ- ਦੁਆਲ਼ੇ ਸਜੀਆਂ ਦੁਕਾਨਾਂ ‘ਤੇ ਲੱਗੀ ਭੀੜ… ਚੂਨੇ ਨਾਲ ਸ਼ਿੰਗਾਰੇ ਰਾਹ ‘ਤੇ ਤੁਰੇ ਜਾਂਦੇ ਲੋਕਾਂ ਦਾ ਰੌਲ਼ਾ- ਰੱਪਾ । ਇਹ ਸਭ ਕੁਝ ਵੇਖ ਮੇਰਾ ਮਨ ਕਾਹਲ਼ਾ ਪੈ ਰਿਹਾ ਸੀ। ਮੇਰਾ ਚੰਦਰਾ ਮਨ ਤੇਜ਼ੀ ਨਾਲ਼ ਹੇਠਾਂ-ਉੱਪਰ ਹੋਈ ਜਾ ਰਿਹਾ ਸੀ । ਜੀਅ ਕਰਦਾ ਭੱਜ ਜਾਵਾਂ ਕਿਧਰੇ ਦੂਰ…ਬਹੁਤ ਦੂਰ …ਲੋਕਾਂ ਦੀ ਭੀੜ ਤੋਂ, ਇਸ ਦੁਨੀਆਂ ਦੇ ਰੌਲ਼ੇ-ਰੱਪੇ ਤੋਂ ਦੂਰ… ਪਰ ਅਫਸੋਸ ਐਨੇ ਜੋਗੀ ਵੀ ਕਿੱਥੇ ? ਲੋਕਾਂ ਦੇ ਜਿੰਨੇ ਮੂੰਹ , ਉੱਨੀਆਂ ਗੱਲਾਂ ਬਾਰੇ ਸੋਚਦੀ ਆਪਣੇ ਮਨ ਨਾਲ਼ ਦੋ-ਚਾਰ ਹੁੰਦੀ ਹੋਈ ਕਦਮਾਂ ਨਾਲ ਕਦਮ ਮਿਲਾਉੰਦੀ ਹੋਈ, ਲੋਕਾਂ ਦੀ ਭੀੜ ਨਾਲ ਤੁਰਨ ਲਈ। ਮੁੜ- ਮੁੜ ਮਨ ‘ਚ ਆਉੰਦਾ ਜੇ ਨਾ ਤੁਰੀ ਤਾਂ ਲੋਕਾਂ ਦੇ ਤਾਅਨੇ- ਮਿਹਣਿਆਂ ਨੇ ਜਿਊਣ ਜੋਗੀ ਕਿੱਥੇ ਛੱਡਣਾ ?
“ਚੰਦਰੀ ਨੂੰ ਭੋਰਾ ਚਾਅ ਨਈ ਹੋਇਆ”
….”ਕਾਲੇ ਮੁੂੰਹ ਆਲ਼ੀ …”
” ਸ਼ਗਨ ਮਨਾਉਂਦਿਆਂ ਨੂੰ ਵੇਖ ਜਰਿਆ ਨਈ ਜਾਂਦੈ…”
” ਮਸਾਂ-ਮਸਾਂ ਤਾਂ ਭਰਾ ਦੇ ਘਰ ਭਾਗ ਲੱਗੇ ਤੇ ਇਹ !…”
ਇਹ ਉਹੀ ਰਾਹ ਐ… ਜਿਸ ਰਾਹ ‘ਤੇ ਮੈਂ ਕਦੇ ਚਾਈਂ-ਚਾਈਂ ਭੱਜੀ ਜਾਂਦੀ ਸਾਂ ਸਾਰੀ ਭੀੜ ਨੂੰ ਪਿਛਾੜਦੀ ਹੋਈ ਸਭ ਤੋਂ ਮੁਹਰੇ । ਇਸ ਦਿਨ ਨੂੰ ਤਾਂ ਕਈ ਮਹੀਨੇ ਪਹਿਲਾਂ ਤੋੰ ਉਡੀਕਣ ਲੱਗ ਪੈੰਦੀ ਸਾਂ… ਉੰਗਲਾਂ ‘ਤੇ ਦਿਨ ਗਿਣਦੀ ਹੋਈ ਅੱਧੀ- ਅੱਧੀ ਰਾਤ ਤੱਕ ਬੀਬੀ-ਭਾਪੇ ਨੂੰ ਵੀ ਸੌਣ ਨਾ ਦਿੰਦੀ। ਉਚੇਚੇ ਤੌਰ ‘ਤੇ ਸ਼ਹਿਰ ਜਾਂਦੀ ਸੂਟ ਲੈਣ ਲਈ। ਪਿੰਡ ਕੱਪੜੇ ਲੈ ਕੇ ਆਉੰਦੇ ਡੱਗੀ ਵਾਲ਼ੇ ਸੰਤੂ ਤੇ ਨਿੰਦਰ ਦੇ ਕੱਪੜੇ ਜਦ ਮਨ ਨੂੰ ਨਾ ਲੱਗਦੇ ਤਾਂ ਬੀਬੀ ਗਾਲ੍ਹਾਂ ਕੱਢਦੀ…” ਹੁਣੇ ਤੋੰ ਨਈ ਨੱਕ ਥੱਲੇ ਨਹੀਂ ਆਉਂਦਾ ਕੋਈ ਲੀੜਾ … ਕੱਲ੍ਹ ਕਦ ਆਈ ?”
ਮੈੰ ਵੀ ਰੋਸੇ ਜਿਹੇ ਨਾਲ ਕਹਿ ਛੱਡਦੀ ” ਕੋਈ ਚੱਜ ਦਾ ਤਾਂ ਹੋਵੇ…ਤਾਂਹੀ ਨੱਕ ਥੱਲੇ ਆਉਂ…ਵਾਧੂ ਆਏ ਪੈਸੇ ! … ਬਚਿਆ-ਕੁਚਿਆ ਮਾਲ ਖਰੀਦਣ ਲਈ …”
ਪਰ ਹੁਣ ਤਾਂ ਇੰਜ ਲੱਗਦਾ ਸੀ ਜਿਵੇਂ ਸਾਰੇ ਚਾਅ ਮਰ-ਮੁੱਕ ਗਏ । ਜੇ ਮੇਰਾ ਵੱਸ ਚਲਦਾ ਤਾਂ ਮੈ ਇੱਥੇ ਕਦੇ ਨਾ ਆਉੰਦੀ ਪਰ ਆਪਣੀ ਭਾਬੋ ਨੂੰ ਨਾਂਹ ਕਿਵੇਂ ਕਰਦੀ ? ਤੇ ਕਿਉਂ ? ਜੇ ਨਾਹ ਕਰਦੀ ਤਾਂ ਭਾਬੋ ਦੇ ਮਨ ‘ਚ ਵੀ ਆਉੰਦਾ ਖੌਰੇ ਮੈਨੂੰ ਭਤੀਜੇ ਦਾ ਚਾਅ ਈ ਨਈ … ਮੰਨਤਾਂ ਮੰਗਦਿਆਂ ਮਸਾਂ ਤਾਂ ਰੱਬ ਨੇ ਭਾਗ ਲਾਏ ਮੇਰੇ ਪਿਓ ਦੇ ਵਿਹੜੇ …ਉਪਰੋ-ਥਲੀ ਦੋ ਧੀਆਂ ਤੋੰ ਬਾਅਦ ਮਸਾਂ ਪੁੱਤ ਜੰਮਿਆ… ਉਂਜ ਮੇਰੀ ਭਾਬੋ ਮੇਰਾ ਬਥੇਰਾ ਕਰਦੀ …ਇਨ੍ਹਾਂ ਦਸਾਂ ਸਾਲਾਂ ‘ਚ ਭਾਬੋ ਨੇ ਮੈਨੂੰ ਵੇਖ ਕਦੀ ਮੱਥੇ ਵੱਟ ਨਹੀਂ ਪਾਇਆ… ਜਦੋਂ ਪੇਕੇ ਜਾਂਦੀ ਸਭ ਤੋਂ ਵੱਧ ਚਾਅ ਭਾਬੋ ਨੂੰ ਚੜ੍ਹਦਾ … ਦਸ ਸਾਲ ਹੋ ਗਏ ਮੇਰੇ ਵਿਆਹ ਨੂੰ …ਵਿਆਹ ਦੇ ਪਹਿਲੇ ਵਰ੍ਹੇ ਤੋਂ ਹੀ ਔਲਾਦ ਦੇ ਸੁਪਨੇ ਬੁਣਦੀ-ਬੁਣਦੀ , ਸੁਪਨਿਆਂ ਵਿੱਚ ਨਿੱਕੇ-ਨਿੱਕੇ ਜੁਆਕਾਂ ਦੇ ਅੱਗੇ-ਪਿੱਛੇ ਦੌੜਦੀ ਪਰ ਕੁੱਖ ਸੱਖਣੀ ਹੀ ਰਹੀ ਔਲਾਦ ਦੇ ਸੁੱਖ ਤੋਂ । ਹੁਣ ਜਦੋਂ ਕਦੇ ਆਪਣੀ ਸੁੰਨੀ ਕੁੱਖ ਬਾਰੇ ਸੋਚਦੀ ਤਾਂ ਅੱਖਾਂ ਦੇ ਕੋਇਆਂ ‘ਚੋਂ ਪਾਣੀ ਆਪੇ ਤੁਰ ਪੈਂਦੇ । ਖੌਰੇ ਐਨਾ ਪਾਣੀ ਨਿੱਕੀਆਂ-ਨਿੱਕੀਆਂ ਅੱਖਾਂ ‘ਚੋਂ ਕਿਵੇਂ ਸਿੰਮਦਾ ਰਹਿੰਦਾ ! ਜਿੱਥੇ ਕਿਸੇ ਨੇ ਦੱਸ ਪਾਈ ਝੋਲੀ ਅੱਡ ਕੇ ਤੁਰ ਪੈਂਦੀ ਔਲਾਦ ਖ਼ਾਤਰ ਪਰ ਸਿਆਣੇ ਕਹਿੰਦੇ,”ਜੇ ਭਾਗਾਂ ‘ਚ ਹੋਵੇ ਤਾਂ ਮੰਗਣ ਦੀ ਲੋੜ ਨਹੀਂ।”
ਜਦੋਂ ਮੱਥੇ ਰਗੜ-ਰਗੜ ਕੇ ਥੱਕ ਗਈ ਤਾਂ ਸੋਚਦੀ ਹਾਂ ਭਾਗਾਂ ‘ਚ ਨਈ ਹੋਣੀ ਮੇਰੇ ਔਲਾਦ , ਤਾਂ ਹੀ ਨਾ ਮੈਨੂੰ ਕਿਸੇ ਦੀ ਡਾਕਟਰੀ ਰਾਸ ਆਈ ਤੇ ਨਾ ਵਾਧੂ ਦੱਸੇ ਟੋਟਕੇ। ਜਦ ਡਾਕਟਰਾਂ ਦੀ ਸਮਝ ‘ਚ ਕੁਝ ਨਾ ਆਵੇ ਤਾਂ ਬੰਦਾ ਥੱਕ-ਹਾਰ ਕੇ ਸਿਆਣਿਆਂ ਵੱਲ ਨੂੰ ਤੁਰ ਪੈਂਦਾ ਪਰ ਠੋਕਰਾਂ ਖਾ ਆਪੇ ਮੁੜ ਆਉਂਦਾ ਤੇ ਮੈਂ ਵੀ ਮੁੜ ਆਈ।ਕਹਿੰਦੇ ਨੇ ‘ਮੱਛੀ ਪੱਥਰ ਚੱਟ ਕੇ ਵਾਪਸ ਮੁੜਦੀ ‘ ਹੋਰ ਕਰਦੀ ਵੀ ਕੀ ? ਹਰ ਮਹੀਨੇ ਉਮੀਦ ਲਾ ਕੇ ਬਹਿ ਜਾਂਦੀ। ਬੋਝ-ਭਾਰ ਦੇ ਕੰਮ ਨੂੰ ਡਰਦੀ- ਡਰਦੀ ਹੱਥ ਪਾਉਂਦੀ ।
ਇਨ੍ਹਾਂ ਦਸਾਂ ਸਾਲਾਂ ‘ਚ ਪਪੀਤਾ ਤੱਕ ਨਈ ਘਰ ਵਾੜਿਆ… ਜਿਹਨੂੰ ਆਪਣੇ ਪੇਕੇ ਘਰ ‘ਚ ਮੈੰ ਉਡੀਕਦੀ ਰਹਿੰਦੀ ਸਾਂ । ਮੈਨੂੰ ਵਧੀਆ ਜੋ ਲੱਗਦਾ ਸੀ । ਕਦੇ ਪੀਲ਼ੇ-ਪੀਲ਼ੇ ਅੰਬਾਂ ਨੂੰ ਵੇਖ ਮੇਰੇ ਮੂੰਹ ‘ਚ ਪਾਣੀ ਭਰ ਆਉੰਦਾ ਸੀ ਤੇ ਹੁਣ ਵੀ ਬਥੇਰਾ ਚਿੱਤ ਕਰਦਾ ਖਾਣ ਨੂੰ, ਵੇਖ ਕੇ । ਪਰ ਉਨ੍ਹਾਂ ਦੀ ਗਰਮ ਤਾਸੀਰ ਬਾਰੇ ਸੋਚ ਕੇ ਹੁਣ ਮੈੰ ਉਨ੍ਹਾਂ ਨੂੰ ਘੂਰਦੀ ਹੋਈ ਆਪਣਾ ਮਨ ਸਮਝਾ ਕੇ ਬੈਠ ਜਾਂਦੀ । ਕਿੰਨੇ ਸਾਲਾਂ ਤੋੰ ਜੀਭ ਤਰਸਦੀ ਮੇਰੀ,ਖਾਣ ਲਈ।
ਦਸ ਸਾਲਾਂ ਦਾ ਸਮਾਂ ਕਿਹੜਾ ਥੋੜ੍ਹਾ ਹੁੰਦਾ ! ਇਨ੍ਹਾਂ ਦਸਾਂ ਸਾਲਾਂ ਵਿਚ ਕਈ ਮੈਥੋਂ ਬਾਅਦ ਵਿਆਹ ਕੇ ਆਈਆਂ, ਦੇ ਨਿਆਣੇ ਵੀ ਗੱਭਰੂ ਲੱਗਣ ਲੱਗੇ । ਸੁੱਖ ਨਾਲ਼ ਮੇਰੇ ਵੀਰ ਦਾ ਵਿਆਹ ਮੇਰੇ ਵਿਆਹ ਤੋਂ ਸਾਲ ਕੁ ਪਹਿਲਾਂ ਹੀ ਹੋਇਆ ਸੀ ਤੇ ਹੁਣ ਮੇਰੇ ਬਾਬੁਲ ਦੇ ਵਿਹੜੇ ਉਹਦੀਆਂ ਪੋਤੀਆਂ ਨਾਲ ਰੌਣਕ ਡੁੱਲ੍ਹ-ਡੁੱਲ੍ਹ ਪੈਂਦੀ।
ਮੈਂ ਵੀ ਕਮਲੀ ਹਾਂ,ਜਿਹੜੀ ਰਾਹਾਂ ਦੀ ਧੂੜ ਦੇ ਨਾਲ਼- ਨਾਲ਼ ਆਪਣੀਆਂ ਯਾਦਾਂ ਦੀ ਧੂੜ ਫਰੋਲਣ ਲੱਗੀ । ਸੁਮਨ ਭਾਬੋ ਆਪਣੇ ਪੁੱਤ ਨੂੰ ਬੁੱਕਲ ‘ਚ ਲੁਕੋ ਕੇ ਤੁਰੀ ਹੋਈ ਤੇ ਮੇਰੀ ਵੱਡੀ ਭਤੀਜੀ ਨੇ ਮੇਰੀ ਮਾਂ ਦੀ ਉਂਗਲ ਫੜੀ ਹੋਈ। ਛੋਟੀ ਭਤੀਜੀ ਮੇਰੀ ਬਾਂਹ ਨਾਲ਼ ਝੂਮ-ਝੂਮ ਕੇ ਮੇਰੇ ਕਦਮਾਂ ਨਾਲ਼ ਕਦਮ ਮੇਚਦੀ ਹੋਈ ਅੱਗੇ ਵਧ ਰਹੀ ਹੈ । ਜਦ ਢੋਲੀ ਡੱਗਾ ਮਾਰਦਾ ਤਾਂ ਵਾਜੇ ਵਾਲੇ ਵੀ ਆਪਣੇ ਸੁਰ ਠੀਕ ਕਰਨ ਲੱਗਦੇ। ਮੇਰੇ ਮਨ ‘ਚ ਖੌਰੂ ਜਿਹਾ ਪੈਣ ਲੱਗਦਾ । ਮੈਂ ਔਖਿਆਂ-ਸੌਖਿਆਂ ਡਿੰਗਾਂ ਪੁੱਟਦੀ ਮੰਦਰ ਪਹੁੰਚ ਹੀ ਗਈ।
ਮੱਥਾ ਟੇਕਣ ਲਈ ਲੰਮੀ ਕਤਾਰ ਵੇਖ ਮਨ ਘਾਬਰਨ ਲੱਗਿਆ। ਨਵੀਂਆਂ ਵਿਆਹੀਆਂ ਦੇ ਚਾਅ-ਮਲਾਰ ਵੇਖ ਆਪ ਮੁਹਾਰੇ ਮੇਰੇ ਹੱਥ ਜੁੜ ਗਏ ਤੇ ਮੈੰ ਮਾਤਾ ਰਾਣੀ ਮੂਹਰੇ ਅਰਜ਼ੋਈਆਂ ਕਰਨ ਲੱਗੀ ,” ਹੇ ! ਮਾਤਾ ਰਾਣੀ ! ਭਾਗ ਲਾਈ ਇਨ੍ਹਾਂ ਸਭ ਦੀਆਂ ਕੁੱਖਾਂ ਨੂੰ …ਕਿਸੇ ਨੂੰ ਨਾ ਮੇਰੇ ਵਾਂਗੂੰ ਤਰਸਨਾ ਪਵੇ ਆਪਣੇ ਕੁੱਖੋਂ ਜਾਇਆਂ ਨੂੰ ਬੁੱਕਲ ‘ਚ ਲੁਕਾਉਣ ਲਈ ।”
ਬਾਹਲੀ ਭੀੜ ਵੇਖ ਮੇਰੀ ਮਾਂ ਸਾਨੂੰ ਹਾਲ ਵਿੱਚ ਬੈਠਣ ਲਈ ਆਖਣ ਲੱਗੀ ,” ਚਲੋ ! ਪਹਿਲਾਂ ਸਾਹ ਲੈ ਲਓ… ਨਾਲੇ ਚੌਂਕੀ ਭਰ ਹੋ ਜਾਉ.. ਫੇਰ ਆਰਾਮ ਨਾਲ਼ ਮੱਥਾ ਟੇਕਦੇ…ਉਦੋੰ ਤੱਕ ਭੀੜ ਵੀ ਘੱਟ ਜਾਉ।”
ਉੱਥੇ ਬੈਠਿਆਂ ਮੇਰਾ ਮਨ ਮੁੜ ਅਨੇਕਾਂ ਉਗੜੇ-ਦੁਗੜੇ ਖ਼ਿਆਲਾਂ ਨਾਲ ਘੁਲਣ ਲੱਗਿਆ । ਇੰਨੇ ਨੂੰ ਤੂੰ ਭੂਆ ਜੀਤੋ ਸਾਡੇ ਕੋਲ ਆ ਬੈਠੀ । ਮੇਰੀ ਭਾਬੋ ਤੇ ਮਾਂ ਨੂੰ ਵਧਾਈਆਂ ਦਿੰਦੀ ਹੋਈ ਮੈਨੂੰ ਪੁੱਛਣ ਲੱਗੀ,” ਧੀਏ ! ਹੋਰ ਸੁਣੋ ! ਘਰ-ਬਾਰ ਸਭ ਠੀਕ ਐ ?”
ਜੀਤੋ ਭੂਆ ਦੇ ਮੂੰਹੋਂ ‘ਠੀਕ’ ਸ਼ਬਦ ਸੁਣਨ ਦੀ ਦੇਰ ਸੀ ਕਿ ਮੇਰੀਆਂ ਅੱਖਾਂ ਮੁੜ ਭਰ ਆਈਆਂ । ਮੈਂ ਹੰਝੂ ਅੱਖਾਂ ਵਿੱਚ ਡੱਕਦੀ- ਡੱਕਦੀ ਵੀ ਰੋਕ ਨਾ ਸਕੀ। ਹੰਝੂ ਆਪ ਮੁਹਾਰੇ ਅੱਖਾਂ ਦਾ ਦਰ ਛੱਡ ਗੱਲ਼ਾਂ ‘ਤੇ ਫੈਲਣ ਲੱਗੇ । ਮੇਰੀ ਨਿਗ੍ਹਾ ਮਾਤਾ ਰਾਣੀ ਦੇ ਚਿਹਰੇ ਵੱਲ ਦੌੜਨ ਦੀ ਦੇਰ ਸੀ ਕਿ ਹੁਣ ਹੁੰਝੂ ਇੰਜ ਕਿਰਨ ਲੱਗੇ ਜਿਵੇਂ ਕੋਈ ਬੰਨ੍ਹ ਟੁੱਟਿਆ ਹੋਵੇ। ਇੱਕ ਵਾਰ ਤਾਂ ਇੰਝ ਲੱਗਿਆ ਜਿਵੇੰ ਅੱਖਾਂ ਖ਼ਾਲੀ ਹੋ ਕੇ ਹੀ ਸਾਹ ਲੈਣਗੀਆਂ। ਦੂਜੇ ਪਾਸੇ ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਸਨ , ਇਹ ਸੋਚ ਕੇ ਕਿ ਲੋਕਾਂ ਨੂੰ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਦਾ ਇੱਕ ਹੋਰ ਬਹਾਨਾ ਮਿਲ ਗਿਆ,
“ਚੰਦਰੀ!ਵੀਰ ਦੇ ਘਰ ਜਾਇਆ ਜਰ ਨਈ ਹੁੰਦਾ।”
” ਹਰ ਥਾਂ ਆਪਣਾ ਈ ਰੋਣਾ-ਧੋਣਾ ਲੈ ਕੇ ਬਹਿ ਜਾਂਦੀ ।”
ਹੁਣ ਮੇਰਾ ਉੱਥੇ ਬੈਠਣਾ ਹੋਰ ਵੀ ਮੁਹਾਲ ਹੋ। ਮੇਰੀਆਂ ਭਿੱਜੀਆਂ ਅੱਖਾਂ ਵੇਖ ਜੀਤੋ ਭੂਆ ਮੇਰੇ ਸਿਰ ਨੂੰ ਪਲੋਸਦੀ ਹੋਈ ਆਖਣ ਲੱਗੀ,” ਧੀਏ ਰੋ ਕੇ ਦਿਲ ਹੌਲਾ ਕਰ ਲੈ… ਮਾਤਾ ਰਾਣੀ ਆਪੇ ਝੋਲੀਆਂ ਭਰੂ ਕਦੇ ਨਾ ਕਦੇ ।”
ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੰਦਰ ‘ਚ ਮੌਜੂਦ ਸਾਰੀਆਂ ਅੱਖਾਂ ਮੈਨੂੰ ਘੂਰ ਰਹੀਆਂ ਹੋਣ। ਜੀਤੋ ਭੂਆ ਸਾਡੇ ਲਾਗੇ ਚੌਂਕੜੀ ਮਾਰ ਬੈਠੀ ਹੋਈ ਅਚਾਨਕ ਅੱਖਾਂ ਬੰਦ ਕਰ ਤੇਜ਼ੀ ਨਾਲ ਸਿਰ ਹਿਲਾਉਂਦੀ ਹੋਈ ਮੂੰਹ ‘ਚ ਕੁਝ ਬੁੜਬੁੜ ਕਰਨ ਲੱਗੀ। ਉਹਦੀ ਬੁੜਬੁੜ ਥੋੜ੍ਹੇ ਚਿਰ ਮਗਰੋਂ ਲਲਕਾਰ ਬਣ ਗਈ । ਪੰਡਾਲ ਦੀਆਂ ਸਾਰੀਆਂ ਘੂਰਦੀਆਂ ਅੱਖਾਂ ਉਹਦੇ ਆਲ਼ੇ- ਦੁਆਲ਼ੇ ਆ ਚਿੰਬੜੀਆ।
ਅਚਾਨਕ ਉਹ ਸੁਮਨ ਭਾਬੋ ਦੀ ਪਿੱਠ ‘ਤੇ ਜ਼ੋਰ ਦੀ ਥਾਪੜਾ ਮਾਰ ਉੱਚੇ ਸੁਰ ਵਿੱਚ ਆਖਣ ਲੱਗੀ ,” ਹਾਂ ! ਫੇਰ ਦੇ ਵਚਨ … ਮਹਾਂਮਾਈ ਦੇ ਸਾਹਮਣੇ… ਦੱਸ ਦਿੰਦੀ ਐ ਵਚਨ ?”
ਭਾਬੋ ਦੇ ਨਾਲ਼-ਨਾਲ਼ ਅਸੀਂ ਸਾਰੇ ਜੀਅ ਸਹਿਮ ਗਏ। ਕਿਸੇ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਉਹ ਕਿਹੜੇ ਵਚਨਾਂ ਦੀ ਗੱਲ ਕਰਦੀ । ਭਾਬੋ ਦੇ ਕੰਬਦੇ- ਕੰਬਦੇ ਬੁੱਲ੍ਹਾਂ ‘ਚੋੰ ਮਸਾਂ ਐਨਾ ਈ ਨਿਕਲਿਆ ,” ਭੂਆ ! ਮੈੰ ਕੁਝ ਸਮਝੀ ਨਹੀਂ ?”
ਭੂਆ ਜੀਤੋ ਹੋਰ ਉੱਚੀ ਚੀਕਦੀ ਹੋਈ ,” ਦੱਸ ! ਇਹਦੀ ਸੁੰਨੀ ਗੋਦੀ ਨੂੰ ਭਰੇਗੀ ? ਦਊੰਗੀ ਆਪਣਾ ਜੁਆਕ ਇਹਨੂੰ ?”
ਇਹ ਕਿਹੋ-ਜਿਹੋ ਜਿਹਾ ਸਵਾਲ ਸੀ । ਜਿਹੜਾ ਭਾਬੋ ਦੇ ਨਾਲ-ਨਾਲ ਸਾਡੇ ਸਭ ਦੇ ਸਾਹਮਣੇ ਲੱਤਾਂ ਪਸਾਰੀ ਬੈਠ ਗਿਆ। ਭਾਬੋ ਨੇ ਬੁੱਕਲ ‘ਚ ਪਏ ਆਪਣੇ ਪੁੱਤ ਨੂੰ ਛਾਤੀ ਨਾਲ ਘੁੱਟ ਲਿਆ । ਉਹ ਮਾਤਾ ਰਾਣੀ ਦੀ ਮੂਰਤੀ ਵੱਲ ਨੀਝ ਲਾ ਕੇ ਵੇਖਣ ਲੱਗੀ । ਹੁਣ ਉਹ ਸੁੰਨ ਜਿਹੀ ਬੈਠੀ ਸੀ। ਪੰਡਾਲ ਵਿੱਚ ਘੁੰਮਦੀਆਂ ਅੱਖਾਂ , ਕਦੇ ਲਲਕਾਰਦੀ ਜੀਤੋ ਭੂਆ ਦੇ ਚਿਹਰੇ ‘ਤੇ ਖੜ੍ਹ ਜਾਂਦੀਆਂ ਤੇ ਕਦੇ ਸੁਮਨ ਭਾਬੋ ਦੇ ਚਿਹਰੇ ਨੂੰ ਘੇਰ ਲੈੰਦੀਆਂ । ਜਿਉ-ਜਿਉ ਭੂਆ ਲਲਕਾਰੇ ਮਾਰਦੀ , ਸਾਡੇ ਸਭ ਦੇ ਦਿਲਾਂ ਦੀਆਂ ਧੜਕਣਾਂ ਦੀ ਠੱਕ-ਠੱਕ ਵੀ ਵੱਧ ਜਾਂਦੀ। ਸੁਮਨ ਭਾਬੋ ਦੇ ਬੁੱਲ੍ਹ ਫ਼ਰਕਦੇ ਪਰ ਅਵਾਜ਼ ਸੰਘ ‘ਚ ਡੁੱਬ ਕੇ ਰਹਿ ਜਾਂਦੀ । ਮੇਰਾ ਮਨ ਅਜੀਬ ਜਿਹੀਆਂ ਬੁਣਤਾਂ ਬੁਣਦਾ ਹੋਇਆ ਕਿਤੇ ਨਾ ਕਿਤੇ ਮੈਨੂੰ ਦੋਸ਼ੀ ਕਰਾਰ ਦੇ ਰਿਹਾ ਸੀ । ਮੈਂ ਹੁਣ ਹੋਰ ਚੁੱਪ ਕਿਵੇਂ ਰਹਿ ਸਕਦੀ ਸਾਂ । ਮੇਰੀ ਹਟਕੋਰਿਆਂ ਨਾਲ ਭਰੀ ਜ਼ੁਬਾਨ ਆਖਰ ਬੋਲ ਪਈ ।
” ਨਹੀਂ ! ਇੱਕ ਮਾਂ ਦੀ ਕੁੱਛੜ ਸੁੰਨੀ ਕਰਕੇ ਮੈਂ ਮਾਂ ਕਿਉਂ ਬਣਾ ? ਮੈਂ ਕਿਸੇ ਦੀ ਮਮਤਾ ਭਰੇ ਸੁਪਨਿਆਂ ਦੀ ਰਾਖ਼ ਨਾਲ ਆਪਣੀ ਜ਼ਿੰਦਗੀ ਕਦੇ ਨਹੀਂ ਰੁਸ਼ਨਾ ਸਕਦੀ।”
ਹਾਲੇ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਸੀ ਜੀਤੋ ਭੂਆ ਮੇੈਨੂੰ ਟੋਕਦੀ ਹੋਈ ਆਖਣ ਲੱਗੀ ,”ਮੈਂ ਇਹਦੇ ਇਸ ਪੁੱਤ ਨੂੰ ਕਦੋਂ ਤੈਨੂੰ ਦੇਣ ਲਈ ਆਖਿਆ? ਮੈਂ ਤਾਂ ਇਹਦੀ ਕੁੱਖੋੰ ਹੋਰ ਜੰਮਣ ਵਾਲੇ ਜੁਆਕ ਦੀ ਗੱਲ ਕੀਤੀ ।”
ਜੀਤੋ ਭੂਆ ਦੀ ਗੱਲ ਸੁਣ ਭਾਬੋ ਦੀਆਂ ਅੱਖਾਂ ‘ਚ ਸਹਿਮ ਦੀ ਕਾਲਖ ਘਟਣ ਲੱਗੀ ਤੇ ਉਹ ਬਿਨਾਂ ਕੁਝ ਸੋਚੇ- ਸਮਝੇ ਤੇ ਸਮਾਂ ਗੁਆਏ ਇੱਕੋ ਸਾਹ ‘ਚ ਆਖਣ ਲੱਗੀ,”ਠੀਕ ਐ!ਮੇਰੇ ਢਿੱਡੋਂ ਜਾਏ ਅਗਲੇ ਜੁਆਕ ਨੂੰ ਮੈਂ ਇਹਦੀ ਝੋਲੀ ਪਾ ਦਿਆਂਗੀ… ਮੇਰਾ ਕੋਈ ਹੱਕ ਨਹੀਂ ਹੋਵੇਗਾ ਉਸ ਬੱਚੇ ‘ਤੇ।”
ਹੁਣ ਜੀਤੋ ਭੂਆ ਮੇਰੇ ਚਿਹਰੇ ‘ਤੇ ਨੀਝ ਲਾ ਕੇ ਵੇਖਦੀ ਹੋਈ ਪੁੁੱਛਣ ਲੱਗੀ ,” ਹਾਂ ! ਤੂੰ ਦੱਸ ਬਣੇਗੀ ਉਹਦੀ ਮਾਂ?”
ਹੁਣ ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਮੈਂ ਕੀ ਆਖਾਂ ? ਮੈਨੂੰ ਇੰਝ ਲੱਗਿਆ ਜਿਵੇੰ ਮੇਰੀ ਜ਼ੁਬਾਨ ਨੇ ਕੁਝ ਪਲਾਂ ਲਈ ਮੇਰਾ ਸਾਥ ਛੱਡ ਦਿੱਤਾ ਹੋਵੇ। ਮੈਂ ਬਹੁਤ ਭਾਵੁਕ ਹੋ ਕੇ ਹੁਬਕੀਂ-ਹੁਬਕੀਂ ਰੋਂਦੀ ਹੋਈ ‘ਹਾਂ ਵਿੱਚ ਹਾਮੀ ਭਰਨ ਲੱਗੀ ਪਰ ਨਾਲੋਂ-ਨਾਲ਼ ਮੇਰੇ ਮਨ ਵਿਚ ਇੱਕ ਸਵਾਲ ਹੁੱਝਾਂ ਮਾਰਨ ਲੱਗਿਆ ,” ਕੀ ਮੇਰੀ ਕੁੱਖ ਨੂੰ ਕਦੇ ਭਾਗ ਨਹੀਂ ਲੱਗਣਗੇ ? ਮੈਨੂੰ ਮਾਂ ਕਹਾਉਣ ਲਈ ਕਿਸੇ ਹੋਰ ਦੀ ਕੁੱਖ ਦੀ ਛਾਂ ਲੱਭਣੀ ਪੈਣੀ?”
ਜੀਤੋ ਭੂਆ ਮੇਰੀ ਪਿੱਠ ਥਾਪੜਦੀ ਹੋਈ,” ਜੋ ਭਾਗਾਂ ਵਿੱਚ ਲਿਖਿਆ ਨਾ ਤਾਂ ਤੂੰ ਬਦਲ ਸਕਦੀ ਤੇ ਨਾ ਮੈਂ ।”
ਇਹ ਗੱਲ ਸੁਣ ਮੈਂ ਸੁੰਨ ਜਿਹੀ ਹੋ ਉਥੋਂ ਖੜ੍ਹੀ ਹੋਈ । ਮੈਨੂੰ ਘੁੰਮੇਰ ਜਿਹੀ ਆਉਣ ਲੱਗੀ । ਮੈਂ ਮੁੜ ਸੋਚਾਂ ਵਿੱਚ ਪੈ ਗਈ ਤੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਹਮ-ਸਫਰ ਸੰਜੀਵ ਤੇ ਮੇਰੀ ਸੱਸ ਘੁੰਮਣ ਲੱਗੇ । ਕੀ ਉਹ ਸਹਿਮਤੀ ਦੇਣਗੇ ? ਪਰ ਦੂਜੇ ਹੀ ਪਲ ਮੇਰੇ ਮੂੰਹੋਂ ਨਿਕਲਿਆ ,” ਮਾਤਾ ਰਾਣੀ ਨੂੰ ਜੋ ਮੰਜੂਰ।”
ਹੁਣ ਮੈਂ ਭਾਬੋ ਸਾਹਮਣੇ ਹੱਥ ਬੰਨ੍ਹੀ ਖੜ੍ਹੀ ਮਿੰਨਤ ਜਿਹੀ ਨਾਲ਼ ,” ਵੇਖ ਭਾਬੋ ! ਹੁਣ ਮੈਨੂੰ ਤੇਰਾ ਹੀ ਆਸਰਾ … ਮੇਰੀ ਕੁੱਖ ਤਾਂ ਪੱਥਰ ਬਣ ਗਈ …ਹੁਣ ਵੇਖੀਂ ! ਕਿਧਰੇ ਔਲਾਦ ਉਡੀਕਦੀ ਹੋਈ ਮੈਂ ਵੀ ਪੱਥਰ ਨਾ ਹੋ ਜਾਵਾਂ!”
ਭਾਬੋ ਮੁਹਰੇ ਮੇਰੇ ਪਰਲ- ਪਰਲ ਵਹਿੰਦੇ ਹੰਝੂਆਂ ਨੇ ਸਾਰੇ ਪੰਡਾਲ ਨੂੰ ਚੁੱਪ ਦੀ ਚਾਦਰ ਵਿੱਚ ਲਪੇਟ ਦਿੱਤਾ। ਭਾਬੋ ਮੇਰੇ ਹੱਥਾਂ ਨੂੰ ਆਪਣੇ ਹੱਥਾਂ ‘ਚ ਫੜ , ਮੇਰੀਆਂ ਅੱਖਾਂ ਨੂੰ ਪੂੰਝਦੀ ਹੋਈ ਮੁੜ ਹਾਮੀ ਭਰਨ ਲੱਗੀ,” ਆਉਣ ਵਾਲੇ ਅਗਲੇ ਜੀਅ ਦਾ ਮੇਰੇ ਨਾਲ ਸੰਬੰਧ ਜੰਮਣ ਪੀੜਾਂ ਤਕ ਹੀ ਰਹੇਗਾ …ਉਸ ਤੋਂ ਬਾਅਦ ਉਹ ਤੇਰਾ ਈ ਹੋਵੇਗਾ ।”
ਹੁਣ ਜੀਤੋ ਭੂਆ ਮਾਤਾ ਦੀ ਮੂਰਤੀ ਮੁਹਰੇ ਹੱਥ ਜੋੜੀ ਲੰਮੀ ਪਈ ਸੀ।ਪੰਡਾਲ ‘ਚ ਮੌਜੂਦ ਲੋਕ ਮਾਤਾ ਦੀ ਮੂਰਤੀ ਦੇ ਨਾਲ- ਨਾਲ ਉਹਨੂੰ ਵੀ ਮੱਥਾ ਟੇਕ ਅੱਗੇ ਲੰਘ ਰਹੇ ਸਨ । ਜੀਤੋ ਭੂਆ ਦੇ ਖਿੱਲਰੇ ਹੋਏ ਵਾਲ ਤੇ ਬੰਦ ਅੱਖਾਂ ਨੂੰ ਵੇਖ ਭੈਅ ਆਉਂਦਾ ਸੀ।
ਥੋੜ੍ਹੀ ਦੇਰ ਦੀ ਚੁੱਪੀ ਮਗਰੋਂ ਜੀਤੋ ਭੂਆ ਮੁੜ ਸਿਰ ਹਿਲਾਉਂਦੀ ਹੋਈ ਲੋਰ ‘ਚ ਆਈ ਹੋਈ ਲਲਕਾਰੇ ਮਾਰਦੀ ਭਾਬੋ ਕੋਲ ਆ ਪਹੁੰਚੀ । ਭਾਬੋ ਦੀ ਬੁੱਕਲ ‘ਚੋੰ ਬੱਚਾ ਚੁੱਕ ਮੇਰੇ ਪੱਟਾਂ ‘ਤੇ ਰੱਖ ਦਿੱਤਾ । ਭਾਬੋ ਦੀਆਂ ਅੱਖਾਂ ਦੇ ਕੋਇਆਂ ‘ਚ ਖਡ਼੍ਹੇ ਪਾਣੀ ਨੂੰ ਮੁੜ ਰਾਹ ਮਿਲ ਗਿਆ। ਮੇਰੀਆਂ ਅੱਖਾਂ ਮੁੜ ਇਹ ਵਰਤਾਰਾ ਵੇਖਣ ਲਈ ਇੱਕੋ ਥਾਂ ਖੜ੍ਹ ਗਈਆਂ । ਜੀਤੋ ਭੂਆ ਆਖਣ ਲੱਗੀ ,” ਲੈ ! ਇੱਕ ਵਾਰ ਇਸ ਜੁਆਕ ਨੂੰ ਮਾਂ ਵਾਂਗੂੰ ਆਪਣੀ ਛਾਤੀ ਨਾਲ ਲਾ ਕੇ ਵੇਖ । ਦੇਖੀਂ ! ਸਭ ਠੀਕ ਹੋ ਜਾਣਾ ਛੇਤੀ ਹੀ …ਮਹਾਂਮਾਈ ‘ਤੇ ਭਰੋਸਾ ਰੱਖ। ਹੁਣ ਆਪਣੇ ਹੱਥੀਂ ਆਪਣੇ ਭਤੀਜੇ ਨੂੰ ਆਪਣੀ ਭਾਬੋ ਦੀ ਗੋਦੀ ‘ਚ ਪਾ ਦੇ ।”
ਮੈਂ ਆਪਣੇ ਕੰਬਦਿਆਂ ਹੱਥਾਂ ਨਾਲ ਜੁਆਕ ਨੂੰ ਭਾਬੋ ਦੇ ਹੱਥਾਂ ‘ਚ ਸੰਭਾਲ ਦਿੱਤਾ। ਭਾਬੋ ਨੇ ਆਪਣੇ ਪੁੱਤ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ । ਉਹਨੂੰ ਵੇਖ ਇੰਜ ਲੱਗਿਆ ਜਿਵੇਂ ਪਤਾ ਨਹੀਂ ਕਿੰਨੀ ਕੁ ਚਿਰ ਮਗਰੋਂ ਉਹਦਾ ਆਪਣੇ ਪੁੱਤ ਨਾਲ ਮੇਲ ਹੋਇਆ ਹੋਵੇ।
ਅਚਾਨਕ ਭਾਬੋ ਦਾ ਮਨ ਮੈਲ ਨਾਲ ਭਰ ਗਿਆ । ਉਹ ਸੋਚਣ ਲੱਗੀ ,”ਪੁੱਤ ਦਾ ਦੋ ਪਲ ਦਾ ਵਿਛੋੜਾ ਮੇਰੇ ਲਈ ਅਸਹਿ ਸੀ … ਮੈਂ ਆਪਣੀ ਹੋਣ ਵਾਲੀ ਔਲਾਦ ਨੂੰ ਕਿੰਜ ਦਿਆਂਗੀ ਕਿਸੇ ਹੋਰ ਨੂੰ?”
ਜੀਤੋ ਭੂਆ ਨੇ ਜਿਵੇੰ ਉਹਦੇ ਮਨ ਨੂੱ ਪੜ੍ਹ ਲਿਆ ਹੋਵੇ । ਭਾਬੋ ਦੇ ਸਿਰ ‘ਤੇ ਹੱਥ ਧਰਦੀ ਹੋਈ ਆਖਣ ਲੱਗੀ,” ਧੀਏ ! ਮਨ ਕਰੜਾ ਕਰ ਲਈਂ ਪਹਿਲਾਂ ਹੀ …ਹੋਣ ਵਾਲੇ ਜੀਅ ਲਈ ਐਵੇਂ ਨਾ ਮਮਤਾ ਦੇ ਧਾਗਿਆਂ ‘ਚ ਮਨ ਉਲਝਾ ਬੈਠੀ।”
ਭਾਬੋ, ਭੂਆ ਦੇ ਪੈਰਾਂ ‘ਤੇ ਝੁਕ ਗਈ ਤੇ ਹੱਥ ਬੰਨ੍ਹਦੀ ਹੋਈ ਆਖਣ ਲੱਗੀ ,” ਮਾਂ! ਮੈਨੂੰ ਮੁਆਫ਼ ਕਰ ਦੇ… ਮੇਰੇ ਮਨ ‘ਚ ਪਤਾ ਨਹੀਂ ਕਿਹੜੀ ਹਨੇਰੀ ਝੁੱਲਣ ਲੱਗੀ ਸੀ… ਸ਼ੁਕਰ ਐ ! ਤੂੰ ਮੈਨੂੰ ਵਕਤ ਰਹਿੰਦਿਆਂ ਖ਼ਬਰਦਾਰ ਕਰ ਦਿੱਤਾ।”
ਜੀਤੋ ਭੂਆ ਮੁੜ ਬੇਸੁਰਤ ਜਿਹੀ ਹੋ ਪੈ ਗਈ। ਢੋਲ ਵੱਜਣ ਲੱਗਿਆ, ਵਾਜੇ ਵਾਲੇ ਵਾਜਾ ਵਜਾਉਣ ਲੱਗੇ । ਲੋਕ ਮਾਤਾ ਰਾਣੀ ਨੂੰ ਮਾਲ ਪੂੜੇ, ਕੜਾਹ ਪ੍ਰਸ਼ਾਦ ਚੜ੍ਹਾਉਣ ਲੱਗੇ । ਅਸੀਂ ਵੀ ਮੱਥਾ ਟੇਕ ਮੁੜ ਬਾਹਰ ਬਰਾਂਡੇ ਵਿਚ ਆ ਬੈਠੀਆਂ ।
ਜਦੋੰ ਥੋੜ੍ਹੇ ਚਿਰ ਮਗਰੋਂ ਭੂਆ ਜੀਤੋ ਨੂੰ ਸੁਰਤ ਆਈ , ਉਹ ਮੁੜ ਸਾਡੇ ਮੁਹਰੇ ਇੰਜ ਆਣ ਬੈਠੀ ਜਿਵੇਂ ਘੰਟਾ ਕੁ ਪਹਿਲਾਂ ਬੈਠੀ ਸੀ , ਚੁੱਪਚਾਪ। ਉਹਨੂੰ ਵੇਖ ਇੰਜ ਲੱਗਦਾ ਸੀ ਜਿਵੇਂ ਥੋੜ੍ਹੀ ਦੇਰ ਪਹਿਲਾਂ ਲਲਕਾਰੇ ਮਾਰ ਸਿਰ ਹਿਲਾ ਕੇ ਬੋਲਣ ਵਾਲੀ ਜੀਤੋ ਭੂਆ ਕੋਈ ਹੋਰ ਹੀ ਸੀ । ਹੁਣ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਮੂੰਹ ‘ਚ ਤਾਂ ਜ਼ੁਬਾਨ ਵੀ ਨਹੀਂ । ਉਹਦੀ ਟੁੱਟੀ- ਭੱਜੀ ਪਸੀਨੇ ਨਾਲ ਤਰ ਦੇਹ ਓਪਰੀ ਜਿਹੀ ਲੱਗ ਰਹੀ ਸੀ । ਉਹਦੀਆਂ ਅੱਖਾਂ ਦੀ ਚਟਿਆਈ ਵਿੱਚ ਹੁਣ ਅਜੀਬ ਜਿਹੀ ਮਾਸੂਮੀਅਤ ਝਾਕਣ ਲੱਗੀ । ਉਹਨੂੰ ਵੇਖ ਇੰਜ ਲੱਗ ਰਿਹਾ ਸੀ ਜਿਵੇਂ ਥੋੜ੍ਹੀ ਦੇਰ ਪਹਿਲਾਂ ਵਾਪਰੇ ਵਰਤਾਰੇ ਤੋਂ ਉਹ ਬਿਲਕੁਲ ਬੇਖ਼ਬਰ ਹੋਵੇ। ਉਹਨੇ ਆਪਣੇ ਅੱਧੇ ਕੁ ਚਾਂਦੀ ਰੰਗੇ ਤੇ ਅੱਧੇ ਕੁ ਕਾਲੇ ਵਾਲਾਂ ਨੂੰ ਸਮੇਟਿਆ ਤੇ ਭੁੰਜੇ ਪਈ ਚੁੰਨੀ ਨਾਲ ਸਿਰ ਢਕਦਿਆਂ , ਬਾਹਰ ਆ , ਆਪਣੀ ਕੈਂਚੀ ਚੱਪਲ ਪਾ ਆਪਣੇ ਘਰ ਦਾ ਰਾਹ।
ਜੀਤੋ ਭੂਅ ਆਪ ਤਾਂ ਚਲੇ ਗਈ ਪਰ ਮੇਰੇ ਤੇ ਮੇਰੀ ਭਾਬੋ ਦੇ ਮਨ ਵਿੱਚ ਧੂੰਆਂਖੇ ਅੱਧ-ਜਲੇ ਚੰਗਿਆੜੇ ਧਰ ਗਈ। ਕਿਸੇ ਅਣਚਾਹੀ ਪੀੜ ਨਾਲ ਸਾਡੇ ਦੋਹਾਂ ਦਾ ਅੰਦਰ ਝੁਲਸਣ ਲੱਗਿਆ । ਇਸ ਪੀੜ ਨੇ ਸਾਡੇ ਦੋਹਾਂ ਦੇ ਮੋਹ ਭਰੇ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਖਿੱਚੋਤਾਣ ਪੇੈਦਾ ਕਰ ਦਿੱਤੀ। ਮੰਦਰ ਆਉਣ ਸਮੇੰ ਭਾਬੋ ਦੇ ਮਨ ਵਿੱਚ ਮੇਰੇ ਲਈ ਹਮਦਰਦੀ ਤੇ ਮੋਹ ਸੀ ਪਰ ਹੁਣ ਮੇਰੇ ਲਈ ਭੈਅ ਤੇ ਨਫ਼ਰਤ ਉਹਦੀਆਂ ਅੱਖਾਂ ਵਿਚ ਫੈਲਿਆ ਹੋਇਆ, ਮੈਨੂੰ ਹਰ ਘੜੀਆਂ ਚੋਭਾਂ ਮਾਰਦਾ। ਉਹ ਇੱਕ ਮਾਂ ਸੀ, ਸ਼ਾਇਦ ਮਾਂ ਹੋਣ ਕਾਰਨ ਉਹ ਡਰਦੀ ਸੀ ਕਿ ਕਿਧਰੇ ਮੈਂ ਉਹਦੇ ਬੱਚੇ ‘ਤੇ ਧੱਕੇ ਨਾਲ ਹੱਕ ਨਾ ਜਮ੍ਹਾਂ ਬੈਠਾ। ਮੈਂ ਵੀ ਘਰ ਪਰਤਦੇ ਹੋਏ ਪੂਰੀ ਵਾਟ ਆਪਣੇ ਸਹੁਰੇ ਪਰਿਵਾਰ ਬਾਰੇ ਸੋਚਦੀ ਰਹੀ ਕਿ ਕੀ ਉਹ ਅਪਣਾਉਣਗੇ ਮੇਰੀ ਭਰਜਾਈ ਦੇ ਜਾਏ ਨੂੰ ?, ਜਿਸ ਬਾਰੇ ਮੈਂ ਹਾਮੀ ਭਰ ਆਈ।
ਮੈੰ ਦੋ ਕੁ ਸਾਲ ਪਹਿਲਾਂ ਦੀਆਂ ਭੈੜੀਆਂ ਯਾਦਾਂ ਵਿੱਚ ਉਲਝਣ ਲੱਗੀ। ਮੁੜ ਉਹੀ ਡਰ ਮੇਰੇ ਮਗਰ-ਮਗਰ ਅੱਡੀਆਂ ਚੁੱਕੀ ਤੁਰ ਰਿਹਾ ਸੀ , ਜਿਹਤੋੰ ਮੈੰ ਮਸਾਂ ਹੀ ਖਹਿੜਾ ਛੁਡਾਇਆ ਸੀ। ਮੇਰੀ ਨਣਦ ਦੀਆਂ ਦੋ ਕੁੜੀਆਂ ਉੱਪਰੋਂ ਤੀਜੀ ਸਮੇਂ ਉਹਦੇ ਘਰਦਿਆਂ ਨੇ ਰੋ-ਰੋ ਕੇ ਅੱਖਾਂ ਸੁਜਾ ਲਈਆਂ ਸਨ , ਜਿਵੇਂ ਪਤਾ ਨਹੀਂ ਕਿਹੜਾ ਭਾਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ