ਚਿੜੀ , ਅਠਸੌਪਚਵਿੰਜਾ ਦੇ ਸਾਇਲੰਸਰ ਦੀ ਚਿੜੀ ਜਿਹੜੀ ਮੈਨੂੰ ਖੇੜੇ ‘ਚ ਕਰਨ ਲਈ ਖੂਹ ਵਾਲਾ ਚਾਚਾ ਹਰਦੀਪ ਸਿਹੁੰ ਵਾਰ – ਵਾਰ ਰੇਸ ਦੇ ਕੇ ਉਤਾਂਹ ਨੂੰ ਕਰਦਾ ਹੁੰਦਾ ਸੀ , ਉਹੋਜੀ ਚਿੜੀ ਮੈਨੂੰ ਨੈੱਟ ਜੀਓ ਦੀਆਂ ਡੌਕੂਮੈਂਟਰੀਆਂ ‘ਚ ਕਦੇ ਲੱਭੀ ਹੀ ਨਹੀਂ , ਮੈਂ ਤਾੜੀ ਮਾਰ ਕੇ ਹੱਸੀ ਜਾਣਾ , ਟੱਪੀ ਜਾਣਾ ਜਦੋਂ ਤੱਕ ਮੇਰਾ ਨਿੱਕੜਾ ਜਿਹਾ ਜੂੜਾ ਨਾ ਖੁੱਲ੍ਹ ਜਾਣਾ ।
ਜੇ ਤੁਸੀਂ ਮੈਨੂੰ ਆਖੋ ਕਿ ‘ਆਜਾ ਮੈਂ ਨਵੀਂ ਪੰਜ ਤਾਰਿਆਂ ਵਾਲੀ ਗੱਡੀ ਲਿਆਇਆਂ , ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਪਹਾੜ ਗਾਹੁਣ ਚਲਦੇ ਆਂ ‘, ਮੈਂ ਬਹਾਨੇ ਜੇ ਮਾਰੂੰਗਾ ਪਰ ਜੇ ਤੁਸੀਂ ਮੈਨੂੰ ਆਖੋ ਕਿ ‘ਆਜਾ ਪੱਠੇ ਲੈ ਕੇ ਮੁੜਦਿਆਂ ਫਲਾਣੇ ਦੀ ਮੋਟਰ ਦੇ ਅਮਰੂਦ ਥੱਲ੍ਹੇ ਗੱਡਾ ਲਾ ਕੇ ਅਮਰੂਦ ਤੋੜਾਂਗੇ’ ਤਾਂ ਮੈਂ ਝੱਟ ਈ ਪੱਲੀ ਦੀਆਂ ਚਾਰੇ ਨੁੱਕਰਾਂ ਬਰਾਬਰ ਕਰਕੇ ਆਰਜ਼ੀ ਸੀਟ ਬਣਾਕੇ ਤੁਹਾਡੇ ਨਾਲ ਬੈਠ ਜਾਊਂ ।
ਮੈਂ ਪਿਕਾਸੋ ਦੇ ਆਰਟ ਨੂੰ ਉਸ ਦਿਨ ਫੇਲ ਗਰਦਾਨ ਦਿੱਤਾ ਸੀ ਜਿਸ ਦਿਨ ਪਹਿਲੀ ਵਾਰ ਕੋਠੇ ਚੜ੍ਹ ਕੇ ਪਤੰਗ ਉਡਾਉਣ ਲੱਗਿਆਂ ਥੱਲ੍ਹੇ ਨਿਗ੍ਹਾ ਗਈ ਤੋਂ ਵਾਹਣ ਵੇਖਦਿਆਂ ਆਪਣੇ ਬਾਪੂ ਦਾ ‘ਆਰਟ’ ਵੇਖਿਆ ਸੀ , ਕੱਲ੍ਹ ਤ੍ਰਕਾਲਾਂ ਤੱਕ ਜਿਹੜਾ ਖੇਤ ਕਮਲੀ ਦੇ ਝਾਟੇ ਵਰਗਾ ਸੀ , ਉਹਨੇ ਸੁਹਾਗੇ ਨਾਲ ਤਹਿ ਲਾ – ਲਾ ਕੇ ਸੱਜ ਵਿਆਹੀ ਦੇ ਸੱਜਰੇ ਕੱਢੇ ਟੇਢੇ ਚੀਰ ਵਰਗਾ ਕਰਤਾ ਸੀ , ਮੈਂ ਉਹਦੇ ਸਿਰੜ ਨੂੰ ਵੇਖ ਮਨ ਹੀ ਮਨ ਜਦੋਂ ਨਮਸਕਾਰ ਕੀਤਾ ਸੀ ਤਾ ਮੇਰੇ ਹੱਥੋਂ ਪਤੰਗ ਛੁੱਟਦੀ – ਛੁੱਟਦੀ ਮਸਾਂ ਈ ਬਚੀ ਸੀ ।
ਜੇ ਤੁਸੀਂ ਮੈਨੂੰ ਕਹੋ ਕਿ ਔਹ ਕੋਈ ਬਜ਼ੁਰਗ ਗੋਰਾ ਆ ਰਿਹਾ ਆਜਾ ਇਹਦੇ ਨਾਲ ਬੀਅਰ ਦੇ ਕੈਨ ਟਕਰਾਉਂਦਿਆਂ ਬਾਰਬੀਕਿਊ ਬੜਕਾਉਨੇ ਆਂ ਤਾਂ ਮੈਂ ਪਾਸਾ ਵੱਟ ਜਾਊਂ ਪਰ ਜੇ ਪਿੰਡ ਗਏ ਨੂੰ ਕੋਈ ਬਾਬਾ ਆਖੇ ਕਿ ‘ਪੁੱਤਰਾ ਆਜਾ , ATM ਤੋਂ ਪੈਸੇ ਕਢਾਉਣੇ ਆਂ’ ਤਾਂ ਮੈਂ ਉਦੋਂ ਈ ਨਾਲ ਤੁਰ ਪਊਂ ।
ਮੈਂ ਉਸ ਦਿਨ ਲਿਲ ਵੇਨ ਦਾ ਗੀਤ ‘ਫੇਮੱਸ’ ਡਿਲੀਟ ਕਰਤਾ ਸੀ ਜਿਸ ਦਿਨ ਅਮਰ ਸਿਉਂ ਦੀ ਇਹ ਸਤਰ ਖਾਨੇ ਪੈ ਗਈ ਸੀ ….”ਰਸਤੇ ਸਭਦੇ ਵੱਖਰੇ ਹੈ ਇੱਕ ਟਿਕਾਣਾ” ।
ਜੇ ਤੁਸੀਂ ਮੇਰਾ ਝੱਗਾ ਖਿੱਚਕੇ ਆਖੋ ਕਿ ਫਲਾਣਾ ਕਲਾਕਾਰ ਆਪਣੇ ਸ਼ਹਿਰ ਆਇਆ , ਚੱਲ ਇਹਦੇ ਨਾਲ ਫੋਟੋ ਕਰਵਾਉਨੇ ਆਂ ਤਾਂ ਮੈਂ ਝੱਟ ਈ ਟਾਲ ਦਊਂ ਪਰ ਜੇ ਕੋਈ ਪਾਟੇ ਲੀੜਿਆਂ ਵਾਲੀ ਬਾਲੜੀ ਉਸੇ ਕਲਾਕਾਰ ਦੀ ਫੋਟੋ ਵੇਚਣ ਲਈ ਪੁੱਛਦਿਆਂ ਕਹੇ ਕਿ ‘ਵੀਰੇ…ਆਹ ਫੋਟੋ ਖਰੀਦ ਲਾ’ ਤਾਂ ਹੋ ਸਕਦਾ ਮੈਂ ਇੱਕ ਛੱਡ ਸਾਰੀਆਂ ਖਰੀਦ ਲਵਾਂ ।
ਮੈਨੂੰ ਲੋਕ ਨਹੀਂ ਖਿੱਚਦੇ , ਰਿਸ਼ਤੇ ਖਿੱਚਦੇ ਨੇ , ਮੇਰਾ ਸਕੂਨ ਬੰਦਿਆਂ ਦੇ ਅਣਕਹੇ ਬੋਲਾਂ ਤੇ ਅਣਦੇਖੇ ਨੇਤਰਾਂ ‘ਚ ਪਿਆ , ਪਿੰਡ ਦੇ ਖ਼ਾਲਾਂ ਤੇ ਜੋੜ – ਮੇਲਿਆਂ ਦੀ ਰੌਣਕ ‘ਚ ਪਿਆ , ਮੈਨੂੰ ਵਿਸ਼ਵ- ਸੁੰਦਰੀਆਂ ਦੇ ਹਾਸੇ ਬਣਾਉਟੀ ਲੱਗਦੇ…ਸਾਡੇ ਘਰ ਆਉਂਦੀ ਬਾਜ਼ੀਗਰਨੀ , ਮਾਂ ਨਾਲ ਢਿੱਡ ਫਰੋਲਦੀ ਤੇ ਨਾਲ ਪਤੀਲਾ ਪੈਰ ਥੱਲ੍ਹੇ ਦੇ ਕਿ ਸਿੱਧਾ ਕਰਨ ਲਈ ਸੱਟ ਮਾਰਦਿਆਂ ਗੱਲ ਕਰਦੀ ਹੱਸ ਪਿਆ ਕਰਦੀ ਸੀ ਤਾਂ ਉਹਦਾ ਤਾਂਬੇ ਦਾ ਦੰਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ