1 ਅਕਤੂਬਰ ਜੋਤੀ ਜੋਤ ਦਿਹਾੜਾ ਗੁਰੂ ਨਾਨਕ ਸਾਹਿਬ ਜੀ ਦਾ ਜੀ ਆਉ ਸੰਖੇਪ ਝਾਤ ਮਾਰੀਏ ਆਪਣੇ ਪਿਆਰੇ ਬਾਬਾ ਜੀ ਦੇ ਜੀਵਨ ਤੇ ਜੀ ।
ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ, ਜੋ ਸਤਿਗੁਰਾਂ ਨੇ ਸੰਮਤ 1561 ਵਿਚ ਵਸਾਇਆ ਸੀ, ਜੋਤੀ ਜੋਤਿ ਸਮਾਏ ਸਨ। ਇਸ ਪਵਿੱਤਰ ਅਸਥਾਨ ਤੇ ਦੇਸ਼ਾਂ ਦੇਸ਼ਾਂਤਰਾਂ ਵਿਚ ਸਿੱਖ ਧਰਮ ਦਾ ਉਪਦੇਸ਼ ਦੇਣ ਉਪਰੰਤ ਸਤਿਗੁਰੂ ਜੀ ਨੇ ਸੰਮਤ 1579 ਵਿਚ ਰਹਾਇਸ਼ ਕੀਤੀ ਸੀ। ਭਾਈ ਗੁਰਦਾਸ ਜੀ ਲਿਖਦੇ ਹਨ :
“ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ।।
ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕੀਆ ਅਵਤਾਰਾ।।
ਇਸ ਨਗਰ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲ ਬਣਵਾਈ। ਬਾਬਾ ਲਹਿਣਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਰਤਾਰਪੁਰ ਸਾਹਿਬ ਵਿਖੇ ਅਕਤੂਬਰ-ਨਵੰਬਰ ਸੰਨ 1532 ਵਿਚ ਹੋਇਆ। ਰੂਹ ਨੂੰ ਅਜਿਹੀ ਖਿੱਚ ਪਈ ਕਿ ਉਹ ਗੁਰ ਚਰਨ-ਕਮਲਾਂ ਦੇ ਭੌਰੇ ਹੋ ਗਏ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਦੋਂ ਵੀ ਮੌਕਾ ਮਿਲਦਾ, ਖਡੂਰ ਸਾਹਿਬ ਤੋਂ ਕਰਤਾਰਪੁਰ ਪਹੁੰਚ ਜਾਂਦੇ। ਗੁਰੂ ਨਾਨਕ ਸਾਹਿਬ ਜੀ ਵੀ ਮਾਝੇ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਾਬਾ ਲਹਿਣਾ ਜੀ ਪਾਸ ਖਡੂਰ ਸਾਹਿਬ ਠਹਿਰਦੇ ਸਨ। ਸਮੇਂ ਨਾਲ ਭਾਈ ਲਹਿਣਾ ਜੀ ਦਾ ਕਰਤਾਰਪੁਰ ਵਿਖੇ ਠਹਿਰਨ ਦਾ ਵਕਤ ਵਧਦਾ ਗਿਆ। ਕਰਤਾਰਪੁਰ ਰਹਿੰਦਿਆਂ ਅੰਮ੍ਰਿਤ ਵੇਲੇ ਸੰਗਤਾਂ ਉੱਠਦੀਆਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਰਚੇ ਸ਼ਬਦ ਪੜ੍ਹਦੀਆਂ। ਸ਼ਾਮ ਵੇਲੇ ਸੋਦਰ ਤੇ ਆਰਤੀ ਦਾ ਪਾਠ ਹੁੰਦਾ ਸੀ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 38ਵੀਂ ਪਾਉੜੀ ਵਿਚ ਦਰਜ ਹੈ :
ਸੋਦਰ ਆਰਤੀ ਗਾਵੀਐ,
ਅੰਮ੍ਰਿਤ ਵੇਲੇ ਜਾਪ ਉਚਾਰਾ।।
ਅੰਮ੍ਰਿਤ ਵੇਲੇ ਪਾਠ ਕਰਨ ਲਈ ਕੋਈ ਨਿਸ਼ਚਿਤ ਬਾਣੀ ਨਹੀਂ ਸੀ। ਮਿਹਰਬਾਨ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਖ਼ਿਆਲ ਆਇਆ ਕਿ ਇਕ ਬਾਣੀ ਇਸ ਤਰ੍ਹਾਂਂ ਦੀ ਹੋਣੀ ਚਾਹੀਦੀ ਹੈ ਜੋ ਵਿਸ਼ੇਸ਼ ਅੰਮ੍ਰਿਤ ਵੇਲੇ ਸੰਗਤਾਂ ਪੜ੍ਹਨ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਬਚਨ ਕੀਤਾ ਕਿ ਉਨ੍ਹਾਂ ਦੀ ਰਚਨਾ ਵਿੱਚੋਂ ਇਕ ਜਪੁ ਸੰਗ੍ਰਹਿ ਕਰਨਾ ਹੈ ਜੋ ਆਪਣੇ ਆਪ ਵਿਚ ਇਕ ਸੰਪੂਰਣ ਰਚਨਾ ਹੋਵੇ। ਗੁਰੂ ਸਾਹਿਬ ਨੇ ਆਪਣੀ ਰਚੀ ਬਾਣੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਆਗਿਆ ਕੀਤੀ ਕਿ ਇਨ੍ਹਾਂ ਵਿੱਚੋਂ ਅਕਾਲ ਪੁਰਖ ਦੀ ਉਸਤਤ ਦੀਆਂ ਪਉੜੀਆਂ ਨੂੰ ਵੱਖ ਕਰਨ। ਇਸ ਸੰਗ੍ਰਹਿ ਦਾ ਮੁੱਢ ਗੁਰੂ ਸਾਹਿਬ ਨੇ ਇਨ੍ਹਾਂ ਸ਼ਬਦਾਂ ਨਾਲ ਕੀਤਾ :
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
ਭਾਈ ਲਹਿਣਾ ਜੀ ਨੇ ਪਾਉੜੀਆਂ ਦੀ ਚੋਣ ਆਰੰਭ ਦਿੱਤੀ। ਭਾਈ ਲਹਿਣਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਪਾਉੜੀਆਂ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਾਉਂਦੇ। ਗੁਰੂ ਸਾਹਿਬ ਭਾਈ ਲਹਿਣਾ ਜੀ ਦੀ ਚੋਣ ਨੂੰ ਬਹੁਤ ਧਿਆਨ ਨਾਲ ਵੇਖਦੇ। ਇਸ ਤਰ੍ਹਾਂ ਫਿਰ ਇਕ ਦਿਨ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਰਚਨਾ ਵਿੱਚੋਂ 38 ਪਾਉੜੀਆਂ ਚੁਣ ਕੇ ਅੰਮ੍ਰਿਤ ਵੇਲੇ ਬਾਬਾ ਜੀ ਨੂੰ ਸੁਣਾਈਆਂ। ਇਹ 38 ਪਾਉੜੀਆਂ ਦੀ ਚੋਣ ਬਾਬਾ ਜੀ ਨੇ ਪ੍ਰਵਾਨ ਕਰ ਲਈ। ਇਸ ਤਰ੍ਹਾਂ ਜਪੁਜੀ ਸਾਹਿਬ ਜਿਸ ਵਿਚ ਅਠੱਤੀ ਪਾਉੜੀਆਂ ਅਤੇ ਸਲੋਕ ਹਨ, ਦੀ ਮੌਜੂਦਾ ਤਰਤੀਬ ਹੋਂਦ ਵਿਚ ਆਈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹੋਏ ਬਾਣੀ ਨੂੰ ਪੂਰਨ ਰੂਪ ਵਿਚ ਧਾਰਨ ਕਰ ਲਿਆ। ਉਨ੍ਹਾਂ ਦਾ ਅੰਤਰੀਵ ਬਾਣੀ ਸਰੂਪ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੇ ਗਲ਼ ਲਾਇਆ ਤੇ ਆਖਿਆ, ”ਤੇਰੇ ਮੇਰੇ ਵਿਚ ਕੋਈ ਵਿੱਥ ਨਹੀਂ ਰਹੀ।” ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦਾ ਨਵਾਂ ਨਾਂ ਧਰ ਦਿੱਤਾ- ਅੰਗਦ। ਜੀਵਨ ਤਬਦੀਲ ਕਰ ਦਿੱਤਾ, ਨਾਂ ਵੀ ਤਬਦੀਲ ਕਰ ਦਿੱਤਾ।
ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ 2 ਅੱਸੂ ਸੰਮਤ 1596, ਮੁਤਾਬਿਕ 2 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਭ ਪਰਿਵਾਰ ਨੂੰ ਇਕੱਠਾ ਕੀਤਾ। ਪਿੰਡ ਦੇ ਸਭ ਲੋਕਾਂ ਨੂੰ ਸੱਦਿਆ ਤੇ ਸਾਰਿਆਂ ਦੇ ਸਾਹਮਣੇ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਪੋਥੀ, ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਅਤੇ ਬਾਬਾ ਫ਼ਰੀਦ ਜੀ, ਭਗਤ ਨਾਮਦੇਵ, ਭਗਤ ਕਬੀਰ, ਰਵਿਦਾਸ ਜੀ ਸਮੇਤ ਸਾਰੇ ਭਗਤਾਂ ਦੀ ਬਾਣੀ ਲਿਖ ਕੇ ਰੱਖੀ ਹੋਈ ਸੀ, ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀ। ਵਲਾਇਤ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ, “ਤਿਤੁ ਮਹਲਿ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ।”
ਭਾਈ ਕਰਮ ਸਿੰਘ ਰਚਿਤ ‘ਗੁਰੂ ਪੁਰਬ ਨਿਰਣਯ’ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਸਰੀਰਕ ਤੌਰ ਤੇ ਉਮਰ ਸੱਤਰ ਸਾਲ, ਪੰਜ ਮਹੀਨੇ, ਤਿੰਨ ਦਿਨ ਸੀ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਦਰਜ ਹੈ ਕਿ ਆਪ ਜੀ ਸੰਮਤ 1596, ਮੁਤਾਬਕ 1 ਅਕਤੂਬਰ 1539 ਈਸਵੀ ਨੂੰ ਜੋਤੀ ਜੋਤਿ ਸਮਾਏ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਅੰਕਿਤ ਹੈ ਕਿ ਜਦੋਂ ਗੁਰੂ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ। ਹਿੰਦੂ ਕਹਿਣ ਕਿ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਹਨ, ਉਨ੍ਹਾਂ ਦੀ ਦੇਹ ਦਾ ਸਸਕਾਰ ਕਰਨਾ ਹੈ। ਮੁਸਲਮਾਨ ਦਾਅਵਾ ਕਰਨ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਪੀਰ ਹਨ ਤੇ ਉਨ੍ਹਾਂ ਦੀ ਦੇਹ ਨੂੰ ਦਫ਼ਨਾਉਣਾ ਹੈ। ਪ੍ਰੰਤੂ ਮਿਹਰਬਾਨ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਵਾਲਾ ਬਿਰਤਾਂਤ ਦਰਜ ਨਹੀਂ ਹੈ।
ਵਲਾਇਤ ਵਾਲੀ ਜਨਮ ਸਾਖੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖੀ ਗਈ। ਇਸੇ ਸਮੇਂ ‘ਦਬਿਸਤਾਨ-ਇ-ਮਜ਼ਾਹਬ’ ਪੁਸਤਕ ਲਿਖੀ ਗਈ, ਜਿਸ ਵਿਚ ਇੰਨ-ਬਿੰਨ ਹਿੰਦੂ-ਮੁਸਲਮਾਨਾਂ ਦੇ ਝਗੜੇ ਵਾਲੀ ਗੱਲ ਕਬੀਰ ਸਾਹਿਬ ਦੇ ਦਿਹਾਂਤ ਮਗਰੋਂ ਵੀ ਲਿਖੀ ਹੋਈ ਹੈ ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਅੰਤਮ ਸੰਸਕਾਰ ਕਰਨ ਲਈ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਪਰਸਪਰ ਬਹੁਤ ਵਿਵਾਦ ਹੋਇਆ ਕਿਉਂਕਿ ਇਹ ਸਭ ਜਗਤ ਗੁਰੂ ਨੂੰ ਕੇਵਲ ਆਪਣਾ ਗੁਰੂ ਪੀਰ ਮੰਨਦੇ ਸਨ।।ਅੰਤ ਨੂੰ ਗੁਰੂ ਸਾਹਿਬ ਦਾ ਵਸਤਰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸਸਕਾਰ ਕੀਤਾ। ਗੁਰੂ ਅਰਜਨ ਸਾਹਿਬ ਜੀ ਰਾਗ ਗਾਉੜੀ ‘ਚ ਫ਼ੁਰਮਾਉਂਦੇ ਹਨ :
ਹਰਖ ਅਨੰਤ ਸੋਗ ਨਹੀ ਥੀਆ,
ਸੋ ਘਰੁ ਗੁਰਿ ਨਾਨਕ ਕਉ ਦੀਆ।।
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ। ਰਾਵੀ ਦਰਿਆ ਦੇ ਕੰਢੇ ਇਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਜਿਸ ਅਸਥਾਨ ਪੁਰ ਸਿੱਖਾਂ ਅਤੇ ਹਿੰਦੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ ਸੀ, ਉਸ ਜਗ੍ਹਾ ਸਮਾਧ ਬਣਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਦਿੱਤੀ। ਉਸੇ ਅਸਥਾਨ ਤੋਂ 5-7 ਗਜ਼ ਹਟ ਕੇ ਜਿੱਥੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਦਫ਼ਨਾਇਆ ਸੀ, ਉਸ ਕਬਰ ‘ਤੇ ਸੁੰਦਰ ਮਜ਼ਾਰ ਸੁਸ਼ੋਭਿਤ ਹੈ।
ਇਸ ਪਵਿੱਤਰ ਅਸਥਾਨ ਦੀ ਖ਼ਾਸੀਅਤ ਹੈ ਕਿ ਗੁਰਦੁਆਰਾ ਸਾਹਿਬ ਅਤੇ ਮਜ਼ਾਰ ਸਾਹਿਬ ਇਕੱਠੇ ਹਨ। ਸੰਨ 1919 ਵਿਚ ਰਾਵੀ ਦਰਿਆ ਵਿਚ ਆਏ ਹੜ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਇਮਾਰਤ ਲਈ ਖ਼ਤਰਾ ਪੈਦਾ ਕਰ ਦਿੱਤਾ। ਸਿੱਖ ਸੰਗਤ ਦੇ ਸਹਿਯੋਗ ਸਦਕਾ ਮਹਾਰਾਜਾ ਪਟਿਆਲਾ ਸਰ ਭੁਪਿੰਦਰ ਸਿੰਘ ਨੇ ਇਕ ਲੱਖ ਪੈਂਤੀ ਹਜ਼ਾਰ ਛੇ ਸੌ ਰੁਪਏ ਖ਼ਰਚ ਕੇ ਮੌਜੂਦਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਨ ਦੀ ਸੇਵਾ ਕੀਤੀ ਅਤੇ ਦਰਿਆ ਰਾਵੀ ਤੇ ਕਰਤਾਰਪੁਰ ਸਾਹਿਬ ਵੱਲ ਬੰਨ੍ਹ ਬੰਨਿਆ।
9 ਨਵੰਬਰ 2019 ਵਾਲੇ ਸੁਭਾਗੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨ ਦੇ ਸਦਰ ਇਮਰਾਨ ਖ਼ਾਨ ਨੇ ਗੁਰੂ ਨਾਨਕ ਦੇਵ ਜੀ ਦੇ ਮਾਨਵੀ ਸਾਂਝੀਵਾਲਤਾ ਦੇ ਸੰਦੇਸ਼ ‘ਤੇ ਅਮਲ ਕਰਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਉਦਘਾਟਨ ਕੀਤਾ।
ਜਿਥੇ ਵੀ ਗੁਰੂ ਨਾਨਕ ਸਾਹਿਬ ਗਏ ਉਹ ਥਾਂ ਪੂਜਾ ਸਥਾਨ ਬਣ ਗਈ ਸੁਮੇਰ ਗਏ ਤਾਂ ਸਿਧ ਪਹਿਲੀ ਨਜਰ ਨਾਲ ਜਾਂਣ ਗਏ ਕੀ ਇਹ ਕੋਈ ਆਮ ਆਦਮੀ ਨਹੀਂ ਹਨ । ਬਗਦਾਦ ਵਿਚ ਜਦੋਂ ਗੁਰੂ ਨਾਨਕ ਸਾਹਿਬ ਤੇ ਕਾਜ਼ੀ ਵਲੋਂ ਗੁਰੂ ਨਾਨਕ ਸਾਹਿਬ ਤੇ ਸੰਗ-ਸਾਰ ਕਰਨ ਦਾ ਹੁਕਮ ਦਿਤਾ ਗਿਆ ਤੇ ਪਥਰ ਲੋਕਾ ਦੇ ਹੱਥਾਂ ਵਿਚ ਹੀ ਰਹਿ ਗਏ ਜਦ ਉਨ੍ਹਾ ਨੇ ਤੇਜ਼ਮਈ ਸ਼੍ਖ੍ਸ਼ੀਅਤ ਦੇ ਦਰਸ਼ਨ ਕੀਤੇ ।
ਸੁਜਾਨ ਰਾਇ ਨੇ ਇਨ੍ਹਾ ਨੂੰ ਰੱਬ ਨੂੰ ਪਹਿਚਾਣਨ ਵਾਲਿਆਂ ਦਾ ਨੇਤਾ ਕਿਹਾ ਪ੍ਰੋਹਿਤ ਨੇ ਉਨ੍ਹਾ ਦੇ ਜਨਮ ਵਕਤ ਕਿਹਾ ਕੀ ਇਸਕੋ ਹਿੰਦੂ , ਮੁਸਲਮਾਨ ਜਪੇਗੇਂ । ਸਮਕਾਲੀ ਭਟਾਂ ਨੇ ਇਨ੍ਹਾ ਨੂੰ ਸ਼ਬਦ ਦਾ ਸੋਮਾ ਕਿਹਾ ਇਨ੍ਹਾ ਨੂੰ ਸਮਝਣ ਲਈ ਗੰਭੀਰਤਾ, ਧੀਰਜ ਤੇ ਉਚ ਕੋਟੀ ਦੀ ਅਕਲ ਦੀ ਲੋੜ ਹੈ । ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਉਸਦੇ ਪਵਿਤਰ ਨਾਮ ਦੇ ਦੋਨੋ ਨੂਨ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ ਹਨ ਵਿਚਕਾਰਲਾ ਕਾਫ਼ ਅਮਨ ਤੇ ਮਹਾਂਪੁਰਖ ਦਾ ਸੂਚਕ ਹੈ । ਉਸਦੀ ਫਕੀਰੀ ਕਾਂਮਲ ਫਕਰ ਦਾ ਸਿਰ ਉਚਾ ਕਰਨ ਵਾਲੀ ਹੈ ਉਸਦੀ ਸਖਾਵਤ ਦੋਨੋ ਜਹਾਨਾ ਵਿਚ ਭਰਪੂਰ ਹੈ ਉਸ ਜਿਹਾ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ।
ਮੋਲਵੀ ਗੁਲਾਮ ਅਲੀ ਜੋ ਫ਼ਰਖਸੀਅਰ ਦਾ ਮੁਨਸ਼ੀ ਸੀ ਲਿਖਦਾ ਹੈ” ਗੁਰੂ ਸਾਹਿਬ ਕੋਲ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ, ਪੂਰਾ ਪੂਰਾ ਸੀ ਜਿਸਤੋਂ ਵਧ ਇਲਮ ਹੋਰ ਕਿਸੇ ਪਾਸ ਨਹੀਂ ਸੀ” ।
ਖੁਸ਼ਵੰਤ ਰਾਇ ਨੇ ਲਿਖਿਆ ਹੈ ਕਿ ,” ਗੁਰੂ ਨਾਨਕ ਸਾਹਿਬ ਇਕ ਮਹਾਨ ਰਹਸਵਾਦੀ , ਰੱਬ ਦੀ ਏਕਤਾ ਦੇ ਗਾਇਕ, ਭਾਣੇ ਵਿਚ ਰਹਿਣ ਵਾਲੇ , ਰਬੀ ਰਹਿਮਤਾਂ ਦੇ ਚਸ਼ਮੇ , ਦੋਹਾਂ ਜਹਾਨਾ ਦੇ ਰਮਜਾਂ ਤੋਂ ਜਾਣੂ , ਸਭ ਵਿਦਿਆ ਦੇ ਗਿਆਤਾ ਅਤੇ ਧਰਤੀ ਤੇ ਆਕਾਸ਼ ਦੇ ਭੇਦ ਜਾਣਨ ਵਾਲੇ ਸਨ । ਆਪਜੀ ਦੀ ਸੱਚੀ ਬਾਣੀ ਨੇ ਦੇਸ਼ ਦੇਸ਼ਾਂਤਰਾਂ ਵਿਚ ਉਤਸਾਹ ਪੈਦਾ ਕੀਤਾ ਆਪਜੀ ਦੀ ਇਕ ਇਕ ਤੁਕ ਹਕੀਕੀ ਰਮਜਾਂ ਦਾ ਪ੍ਰਗਟਾਵਾ ਕਰਦੀ ਹੈ “।
ਭਗਤ ਮਾਲ ਨੇ ਆਪਜੀ ਨੂੰ ਪੁਲਾੜ ਤੇ ਆਕਾਸ਼ ਦੀਆਂ ਰਮਜਾਂ ਜਾਣਨ ਵਾਲਾ ਕਿਹਾ ਹੈ । ਲੇਫਟੀਨੇਂਟ ਸਟੈਨਬੈਕ ਨੇ ਗੁਰੂ ਸਾਹਿਬ ਨੂੰ ਕਲਹ ਦਾ ਵੈਰੀ ਲਿਖ਼ਿਆ ਹੈ, ਮਤਲਬ ਦੁਸ਼ਮਣੀ ਤੇ ਲੜਾਈ ਝਗੜੇ ਦਾ ਵੈਰੀ ਜਿਸ ਦੀਆਂ ਕਈ ਉਦਾਰਹਣਾ ਇਤਿਹਾਸ ਵਿਚ ਮਿਲਦੀਆਂ ਹਨ । ਜਦ ਗੁਰੂ ਸਹਿਬਾਨ ਸੰਗਲਦੀਪ ਗਏ ਤਾਂ ਉਥੇ ਸਾਰੇ ਮੁਲਕ ਵਿਚ 1400 ਪਿੰਡ ਸੀ ਜਿਸਦੇ ਸੱਤ ਵਖ ਵਖ ਰਾਜੇ ਸੀ ਗੁਰੂ ਸਾਹਿਬ ਦੇ ਕਹਿਣ ਉਤੇ ਇਕ ਰਾਜੇ ਦੇ ਹੇਠ ਸਾਰੇ ਪਿੰਡ ਆ ਗਏ ਜਿਥੇ ਵੀ ਗੁਰੂ ਸਾਹਿਬ ਜਾਂਦੇ ਸੰਗਤ ਬਣਾ ਆਉਂਦੇ ਤਾਕਿ ਸਾਰੇ ਇਕ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ