16 ਫਰਵਰੀ ਦਾ ਇਤਿਹਾਸ – ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ
16 ਫਰਵਰੀ ਭਗਤ ਰਵਿਦਾਸ ਮਹਾਂਰਾਜ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਸੰਖੇਪ ਝਾਤ ਮਾਰੀਏ ਭਗਤ ਰਵਿਦਾਸ ਜੀ ਦੇ ਜੀਵਨ ਕਾਲ ਤੇ ਜੀ ।
ਭਗਤ ਰਵਿਦਾਸ ਜੀ
ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੁਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ , ਭਗਤ ਪੀਪਾ ਜੀ , ਭਗਤ ਧੰਨਾਂ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ । ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ।
ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ । ਭਗਤ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ।ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਪ੍ਰਭੁ ਭਗਤੀ ਦੇ ਨਾਲ ਨਾਲ ਜਿਨ੍ਹਾ ਭਗਤਾਂ ਨੇ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾ ਵਿਚੋ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ਭਗਤ ਰਵਿਦਾਸ ਦਾ ਜਨਮ 1377-1378 ਚੌਦਵੀਂ ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ । ਭਗਤ ਰਵਿਦਾਸ ਜੀ ਨੂੰ ਗੁਰੂ ਰਵੀਦਾਸ, ਭਗਤ ਰਵਿਦਾਸ ਜੀ, ਸੰਤ ਰਵੀਦਾਸ, ਰੈਦਾਸ, ਰੋਹੀਦਾਸ ਅਤੇ ਰੂਹੀਦਾਸ ਆਦਿ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਇਕ ਅਛੂਤ ਜਾਤ ਮੰਨੀ ਜਾਂਦੀ ਸੀ । ਉਨ੍ਹਾ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ । ਮਨੂੰ ਸਿਮਰਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਪਿਤਾ ਅਤੇ ਸ਼ੂਦਰ ਮਾਤਾ ਤੋਂ ਹੋਈ ਹੈ ,ਇਸ ਕਰਕੇ ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ । ਭਗਤ ਰਵਿਦਾਸ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ ਭਗਤ ਰਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ ਅਭਿਮਾਨੀਆਂ ਵਲੋਂ ਕਈ ਵਾਰੀ ਡਰ ਦਿਤਾ ਗਿਆ ਤੇ ਕਈ ਵਾਰ ਉਨ੍ਹਾ ਨੂੰ ਜ਼ਲੀਲ ਹੋਣਾ ਪਿਆ । ਇਕ ਵਾਰੀ ਸਾਰੇ ਪੰਡਤਾਂ ਨੇ ਇੱਕਠੇ ਹੋਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿਤਾ ਪਰ ਰਵਿਦਾਸ ਨੇ ਨਿਧੜਕ ਹੋਕੇ ਕਿਹਾ ਕੀ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ । ਬ੍ਰਾਹਮਣਾ ਨੇ ਗੁਸੇ ਵਿਚ ਡਾਂਗਾਂ ਚੁਕ ਲਈਆਂ ਤੇ ਉਨ੍ਹਾ ਨੂੰ ਮਾਰਨ ਦੀ ਧਮਕੀ ਦਿਤੀ ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਦਾ ਜੀਵਨ ਕਿਤਨਿਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ ਸ਼ਾਇਦ ਇਹੀ ਵਜਹ ਹੈ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਿਅਕ ਦੇ ਰੂਪ ਵਿਚ ਸਹਾਇਤਾ ਕਰਨ ਲਈ ਕਈ ਵਾਰ ਪੁਕਾਰਿਆ ਹੈ ।
ਭਗਤ ਰਵਿਦਾਸ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪ੍ਰਮਾਤਮਾ ਦੇ ਭਗਤ ਨੂੰ ਸਭ ਤੋ ਉਚਾ ਦਰਜਾ ਦਿਤਾ ਉਨ੍ਹਾ ਦਾ ਕਥਨ ਹੈ ਕਿ ਮਨੁਖ ਅੰਦਰ ਡਰ, ਚਿੰਤ, ਗਰੀਬੀ, ਦੁਖ ,ਗਿਰਾਵਟ, ਦੁਬਿਧਾ, ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਸਨ, ਜਿਸ ਨਾਲ ਮਨੁਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ ਪਰ ਇਸੇ ਸ਼ਬਦ ਵਿਚ ਉਨ੍ਹਾ ਨੇ ਅਜਿਹੀ ਸੂਚੀ ਵੀ ਦਿਤੀ ਹੈ ਕਿ ਜੋ ਮਨੁਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵਲ ਨੂੰ ਲੈ ਜਾਂਦੀ ਹੈ । ਇਸ ਵਿਚ ਉਹ ਇਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ, ਇਕ ਐਸੇ ਸ਼ਹਿਰ ਤਸਵੀਰ ਪੇਸ਼ ਕਰਦੇ ਹਨ, ਜਿਥੇ ਰੋਜ਼ੀ ਰੋਟੀ ਦਾ ਫਿਕਰ ਨਾ ਹੋਵੇ, ਨਾਂ ਖਿਰਾਜ਼ ਭਰਨ ਦਾ ਡਰ ,ਨਾ ਹਕੂਮਤ ਦਾ ਖੌਫ਼ , ਸੈਰ ਸਪਾਟੇ ਦੀ ਖੁਲੀ ਆਜ਼ਾਦੀ, ਜਿਥੇ ਕੋਈ ਰੋਕ ਟੋਕ ਨਾ ਹੋਵੇ ਪੰਨਾ 345 ਤੇ ਦਰਜ਼ ਆਪ ਜੀ ਬਾਣੀ ਦੇ ਸ਼ਬਦ ਵਿਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮ ਪੁਰੇ ਦੇ ਆਨੰਦਮਈ ਸੁਹਜਤਾ ਦਾ ਅਲੋਲਿਕ ਅਤੇ ਨੂਰਾਨੀ ਪ੍ਰਕਾਸ਼ ਦਾ ਅਨੰਦ ਭਰਪੂਰ ਅਲੋਲਿਕ ਨਜ਼ਾਰਾ ਪੇਸ਼ ਕਰਦੇ ਹਨ ।
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ
ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ ਭਲੇ ਦੀ ਗਲ ਕਰਦੇ ਹਨ ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਓਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿਚ ਅਰਾਜਕਤਾ, ਅਸਥਿਰਤਾ ਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿਲੀ ਦੀ ਸਲਤਨਤ ਕਮਜ਼ੋਰ ਹੋ ਚੁਕੀ ਸੀ ਆਮ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਚੁਕੀ ਸੀ । ਭਗਤ ਰਵਿਦਾਸ ਨੇ ਇਨ੍ਹਾ ਹਾਰਿਆਂ ਲਤਾੜਿਆ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿਧ ਦਾਰਸ਼ਨਿਕ ਪਲੈਟੋ ਨੇ ਆਦਰਸ਼ਵਾਦੀ ਰਾਜ ਦੀ ਤਸਵੀਰ ਖਿਚੀ ਸੀ ਉਸਤੋਂ ਬਾਅਦ ਥੋਮਸ ਮੋਰ ਨੇ ਇਕ ਕਲਪਿਤ ਦੀਪ ਦੀ ਆਦਰਸ਼ਵਾਦੀ ਸਮਾਜਿਕ ਤੇ ਰਾਜਨੀਤਕ ਤਸਵੀਰ ਤੱਸਵਰ ਕੀਤੀ ਸੀ , ਜਿਸਦੀ ਚਰਚਾ ਸੰਸਾਰ ਵਿਚ ਹਰ ਥਾਂ ਤੇ ਹੋਈ ਪਰ ਭਗਤ ਰਵਿਦਾਸ ਦੇ ਬੇਗਮਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸਿਵਾਏ ਸ੍ਰੀ ਗੁਰੂ ਗਰੰਥ ਸਾਹਿਬ ਤੋਂ
ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੇ ਦਿਤਾ ਹੈ
ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ।।
ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੁਲਾਇਆ।ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ । ਫੈਸਲਾ ਹੋਇਆ ਕੀ ਪਹਿਲੇ ਸਾਰੇ ਪੰਡਤ ਭੋਜਨ ਛਕਣ ਗੇ ਤੇ ਉਨ੍ਹਾ ਤੋਂ ਬਾਅਦ ਵਿਚ ਰਵਿਦਾਸ ਕਿਓਂਕਿ ਭਗਤ ਰਵੀਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾ ਨੂੰ ਬਰਾਬਰ ਬੈਠਾਣਾ ਬ੍ਰਾਹਮਣਾ ਨੂੰ ਮਨਜ਼ੂਰ ਨਹੀਂ ਸੀ।ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ।ਜਿਸ ਵਕਤ ਭੋਜਨ ਦਾ ਸਮਾਂ ਆਇਆ 118 ਪੰਡਿਤਾਂ ਦਾ ਭੋਜਨ ਪਰੋਸਿਆ ਗਿਆ ਰਾਣੀ ਨੂੰ ਇਹ ਚੰਗਾ ਨਹੀਂ ਲਗਿਆ ਪਰ ਭਗਤ ਰਵੀਦਾਸ ਨੇ ਕਿਹਾ ਠੀਕ ਹੈ , ਮੈ ਬਾਅਦ ਵਿਚ ਛਕ ਲਵਾਂਗਾ ਇਹ ਕਹਿਕੇ ਉਹ ਭਗਤੀ ਵਿਚ ਲੀਨ ਹੋ ਗਏ ।
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿਚੋਂ ਭਗਤ ਰਵਿਦਾਸ ਭੋਜਨ ਛਕਦੇ ਨਜ਼ਰ ਆਏ ਪੰਡਾਲ ਵਿਚ ਰੋਲਾ ਪੈ ਗਿਆ ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਭਗਤ ਰਵਿਦਾਸ ਮੇਰੀ ਧਾਲੀ ਵਿਚੋਂ ਭੋਜਨ ਖਾ ਰਿਹਾ ਹੈ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉਚੀ ਅਵਸਥਾ ਵਿਚ ਪਹੁੰਚੇ ਭਗਤ ਹਨ । ਸਭ ਨੇ ਜਾਕੇ ਭਗਤ ਰਵਿਦਾਸ ਦੇ ਪੈਰ ਛੂਹੇ ਤੇ ਮਾਫ਼ੀ ਮੰਗੀ ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬੈਠਾ ਕੇ ਉਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿਚ ਸਾਰੇ ਪਿੰਡ ਨੂੰ ਉਨ੍ਹਾ ਦੇ ਦਰਸ਼ਨ ਕਰਵਾਏ ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਡਿਆਈ ‘ਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ ।
”ਐਸੀ ਲਾਲ ਤੁਝ ਬਿਨੁ ਕਉਨੁ ਕਰੈ
...
...
ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”
ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ ਰੱਬ ਨੂੰ ਖੁਸ਼ ਕਰਨ ਲਈ ਜੇਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਇਨ੍ਹਾ ਨੇ ਖੁਲ ਕੇ ਵਿਰੋਧ ਕੀਤਾ ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ ਜਿਥੇ ਆਪਜੀ ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੇ ਸ਼ੰਕਿਆਂ ਨੂੰ ਨਵਿਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੇ ਨੇਕ ਅਮਲਾਂ ਤੇ ਚਲਦਿਆਂ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿਤਾ।
ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੋਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿਤਾ ਆਪਜੀ ਤਿਆਗੀ ਸੁਭਾਵ ਦੇ ਸਨ ਜੋ ਵੀ ਆਪਜੀ ਕੋਲ ਹੁੰਦਾ ਉਹ ਵੀ ਆਪ ਸੰਤਾ ,ਭਗਤਾਂ ਦੀ ਲੋੜਾ ਨੂੰ ਦੇਖਦੇ ਉਨ੍ਹਾ ਤੇ ਖਰਚ ਕਰ ਦਿੰਦੇ ਜਿਸ ਤੋਂ ਆਪਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ ਜਦ ਮਾਤਾ ਪਿਤਾ ਨੇ ਆਪਜੀ ਨੂੰ ਸ਼ਾਦੀ ਤੋ ਬਾਅਦ ਆਪਜੀ ਨੂੰ ਅੱਲਗ ਕਰ ਦਿਤਾ ਤਾਂ ਆਪ ਚਮੜੇ ਦੀਆਂ ਜੁਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲਗੇ ਅਮੀਰੀ ਦੀ ਆਪਜੀ ਨੂੰ ਕੋਈ ਚਾਹ ਨਹੀਂ ਸੀ । ਕਹਿੰਦੇ ਹਨ ਕਿ ਇਕ ਵਾਰੀ ਜਦ ਆਪਜੀ ਦੇ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁਗੀ ਵਿਚ ਪਾਰਸ ਰਖਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ ਸੋਚਿਆ ਕੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਕੁਝ ਵਾਪਸ ਆਇਆ ਤਾਂ ਉਸਨੇ ਪਾਰਸ ਉਥੇ ਹੀ ਤੇ ਉਸੇ ਤਰ੍ਹਾਂ ਪਿਆ ਦੇਖਿਆ ਜਿਥੇ ਤੇ ਜਿਵੇਂ ਉਹ ਰਖ ਕੇ ਗਿਆ ਸੀ ।
151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ ।
ਹਜਾਰਾਂ ਸਾਲਾਂ ਤੋਂ ਭਾਰਤ ਵਰਸ਼ ਡਿੱਬੇਬੰਦ ਸਮਾਜ ਵਿੱਚ ਜਕੜਿਆ ਪਿਆ ਹੈ । ੧੩ਵੀਂ ਸਦੀ ਵਿੱਚ ਮੁਸਲਮਾਨ ਸੁਲਤਾਨਾਂ ਨੇ ਭਾਰਤ ਵਿੱਚ ਰਾਜ ਕੀਤਾ । ਮੁਸਲਮਾਨ ਇੱਕ ਅੱਲਾ ਦੇ ਪੁਜਾਰੀ ਸਨ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ ਉਹ ਵਹਿਮਾਂ ਭਰਮਾ ਅਤੇ ਪਾਖੰਡਾ ਦੇ ਵਿਰੁੱਧ ਸਨ, ਏਸੇ ਹੀ ਸਮੇਂ ਦਲਿਤ (ਸ਼ੂਦਰ) ਭਗਤਾਂ ਨੇ ਬ੍ਰਾਹਮਣਵਾਦੀ ਨੀਤੀ ਦੇ ਵਿਰੁੱਧ ਅਵਾਜ਼ ਕੱਢੀ ਸੀ, ਭਗਤ ਵੀ ਇੱਕ ਰੱਬ ਦੇ ਪੁਜਾਰੀ ਅਤੇ ਮੂਰਤੀ ਪੂਜਾ ਦੇ ਖਿਲਾਫ ਸਨ । ਭਗਤ ਹਿੰਦੂ ਜਮਾਤ ਵਲੋਂ ਹਜਾਰਾਂ ਸਾਲਾਂ ਤੋਂ ਲਤਾੜੀ ਸ੍ਰੇਣੀ ਵਿਚੋਂ ਸਨ ਅਤੇ ਉਹਨਾਂ ਦੇ ਸਿਧਾਂਤ ਬ੍ਰਹਮਣਵਾਦੀਆਂ ਤੋਂ ਉਲਟ ਸਨ । ਬ੍ਰਾਹਮਣਵਾਦੀਆਂ ਨੇ ਆਪਣੀ ਆਦਤ ਅਨੁਸਾਰ ਸਮੇਂ ਦੇ ਸ਼ਾਸਕਾਂ ਨੂੰ .ਗਲਤ ਜਾਣਕਾਰੀ ਦਿੱਤੀ ਸੀ । ਏਸੇ ਕਰਕੇ ਇਹਨਾਂ ਭਗਤਾਂ ਨੂੰ ਤਸ਼ੀਹੇ ਝੱਲਣੇ ਪਏ । ਕਬੀਰ ਸਾਹਿਬ ਨੂੰ ਤਸੀਹੇ ਦਿੱਤੇ ਗਏ । ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੇ ਗਏ । ਪਰ ਪੰਡਤਾਂ ਨੇ ਭਗਤ ਰਵਿਦਾਸ ਜੀ ਨੂੰ ਦਿੱਤੇ ਤਸੀਹਿਆਂ ਨੂੰ ਬੜੀ ਸਫਾਈ ਨਾਲ਼ ਮਿਟਾਇਆ ਗਿਆ ।
ਬ੍ਰਾਹਮਣਵਾਦੀਆਂ ਦੇ ਗੜ੍ਹ ਬਨਾਰਸ ਵਿੱਚ ਭਗਤ ਰਵਿਦਾਸ ਜੀ ਬ੍ਰਾਹਮਣਵਾਦੀਆਂ ਦੇ ਸਿਧਾਤਾਂ ਦੇ ਵਿਰੁੱਧ ਰਹੇ । ਬ੍ਰਾਹਮਣਵਾਦੀਆਂ ਨੇ ਸਮੇਂ ਦੇ ਸੁਲਾਤਨ ਕੋਲ਼ ਸਿਕਾਇਤਾਂ ਲਗਾਈਆਂ ਕਿ ਭਗਤ ਰਵਿਦਾਸ ਕੁਰਾਨ ਦੇ ਖਿਲਾਫ ਬੋਲਦਾ ਹੈ । ਰਾਜ ਵਾਸਤੇ ਖਤਰਨਾਕ ਹੈ । ਬਨਾਰਸ ਦਾ ਚੌਧਰੀ ਨਾਗਰਮੱਲ ਸੀ । ਉਦੋਂ ਤਾਂ ਬ੍ਰਾਹਮਣਵਾਦੀ ਬਿਲਕੁਲ ਹੀ ਸੜਭੁੱਜ ਗਏ ਜਦੋਂ ਚਿਤੌੜ ਦੇ ਰਾਜਪੂਤਾਂ ਦੀ ਸੱਸ, ਨੂੰਹ ਰਾਣੀ ਝਾਲਾਬਾਈ ਅਤੇ ਮੀਰਾਂਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ । ਮੀਰਾਂਬਾਈ ਦੇ ਭਜਨਾਂ ਤੋਂ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰਨ ਦੇ ਸੰਕੇਤ ਮਿਲ਼ਦੇ ਹਨ । ਜਿਵੇਂ ਕਿ :-ਨਹਿ ਮੈਂ ਪੀਹਰ ਸਾਸਰੋ, ਨਹੀਂ ਪੀਆ ਜੀ ਸਾਥ
ਮੀਰਾਂ ਨੇ ਗੋਬਿੰਦ ਮਿਲਿਆ ਜੀ, ਗੁਰੂ ਮਿਲਿਆ ਰੈਦਾਸ ॥( ਮੀਰਾ ਬ੍ਰਹਸਤਦਵਾਲੀ ਭਾਗ ਪਹਿਲਾ ਪੰਨਾ ੨੦੧)
ਕਾਂਸੀ ਨਗਰ ਮਾ ਚੌਕ ਮਾਂ ਮਨੇ ਗੁਰੂ ਮਿਲਾ ਰੈਦਾਸ (ਮੱਧ ਕਾਲੀਨ ਪ੍ਰੇਮ ਸਾਧਨਾ ੧੩੫)
ਗੁਰੂ ਮਿਲਿਆਂ ਮਹਾਨੇ ਰੈਦਾਸ ਨਾਮ ਨਹੀਂ ਛੋਡੂੰ (ਮੀਰਾਂ ਸੁਧਾ ਸਿੰਧੂ ਪੰਨਾ ੨੮੧)
ਪਹਿਲਾਂ ਮੀਰਾਂ ਬਾਈ ਦੀ ਚਚੇਰੀ ਸੱਸ ਝਾਲਾਂ ਬਾਈ ਨੇ ਨਾਮ ਲਿਆ ਸੀ । ਉਦਾਹਰਣ
ਬਸਤ ਚਿਤੌਰ ਮਾਝ ਰਾਣੀ ਇੱਕ ਝਾਲੀ ਨਾਮ
ਨਾਮ ਬਿਨ ਕਾਇ ਖਾਲੀ ਆਨਿ ਸਿਸ ਭਈ ਹੈ ।
ਮੀਰਾਂ ਬਾਈ ਨੂੰ ਮੰਨਹੂਸ ਮੰਨਿਆ ਗਿਆ ਸੀ । ਕਿਉਕਿ ਮੀਰਾਂ ਪੈਦਾ ਹੋਣ ਤੋਂ ਬਾਅਦ ਹੀ ਮਾਂ ਮਰ ਗਈ । ਫਿਰ ਪਿਤਾ ਮਰ ਗਿਆ, ਅੰਤ ਪਤੀ ਭੀ ਮਰ ਗਿਆ ਸੀ । ਇਸੇ ਕਾਰਨ ਹੀ ਮੀਰਾਂ ਬਾਈ ਨੁੰ ਮਨਹੂਸ ਮੰਨਿਆਂ ਗਿਆ ਸੀ । ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਸੀ । ਜ਼ਹਿਰ ਪਿਲਾਇਆ ਗਿਆ ਸੀ । ਪਰ ਮੀਰਾਂ ਨਾ ਮਰੀ ਉਲਟਾ ਬੈਰਾਗਣ ਹੋ ਕੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ । ਇਹ ਸੱਭ ਮੀਰਾਂ ਬਾਣੀ ਵਿੱਚ ਮਿਲਦਾ ਹੈ । ਮੀਰਾਂ ਦੀ ਨਣਦ ਕਹਿੰਦੀ ਹੈ :-
ਅਬ ਮੀਰਾਂ ਮਾਨਿ ਲੀਜਿਓ ਮਹਾਰੀ, ਥਾਨੇ ਸਖੀਆ ਬਰਜੇ ਸਾਰੀ ।
ਰਾਣੀ ਬਰਜੈ ਰਾਣਾ ਬਰਜੈ ਬਰਜੈ ਸਭਿ ਪਰਿਵਾਰੀ ।
ਸਾਧਨ ਕੈ ਢਿੰਗ ਬੈਠਿ ਬੈਠਿ ਲਾਜਿ ਗਮਾਈ ਸਾਰੀ ।
ਨਿਤਿ ਪ੍ਰਤੀ ਉੱਠਿ ਨੀਚਿ ਘਰ ਜਾਵੋ।
ਕੁੱਲਿ ਕੋ ਲਗਾਵੈ ਗਾਰੀ ॥
ਕਰਿ ਨਮਸਕਾਰੰ ॥
ਭਗਤ ਰਵਿਦਾਸ ਜੀ ਕਹਿਦੇ
ਮੇਰੀ ਜਾਤਿ ਕੁਟਿ ਬਾਢਲਾ ਢੋਰਿ ਢਵੰਤਾ ਨਿਤਹਿ ਬਨਸਰਸੀ ਆਸਿ ਪਾਸਾ ॥
ਅਬ ਬਿਪਰ ਪ੍ਰਧਾਨ ਤਿਹਿ ਕਰਹਿ ਡੰਡਾਉਤਿ ਤੇਰਾ ਨਾਮਿ ਸਰਣਾਇ ਰਵਿਦਾਸ ਦਾਸਾ ॥੧੨੯੩॥
ਭਾਵ :- ਐ ਨਾਗਰ ਮੱਲ ਮੇਰੀ ਜਾਤ ਦੀ ਵਿਆਖਿਆ ਚਮਾਰ ਕਰਕੇ ਕੀਤੀ ਜਾਂਦੀ ਹੈ ਪਰ ਮੇਰੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਸਾਰ ਹੈ, ਤੱਤ ਹੈ । ਜਿਵੇਂ ਗੰਗਾ ਦੀ ਛੱਲ, (ਪਾਣੀ )ਤੋਂ ਸ਼ਰਾਬ ਬਣੀ ਹੋਵੇ ਤਾਂ ਸੰਤ ਜਨ ਉਹਦਾ ਸੇਵਨ ਨਹੀਂ ਕਰਦੇ । ਅਗਰ ਏਹੀ ਅਪਵਿਤਰ ਸ਼ਰਾਬ ਨੂੰ ਫਿਰ ਗੰਗਾ ਵਿੱਚ ਪਾ ਦੇਈਏ ਤਾਂ ਉਹ ਵੀ ਗੰਗਾ ਦਾ ਰੂਪ ਹੋ ਜਾਂਦੀ ਹੈ । ਤਾੜ ਦੇ ਰੁੱਖ ਵਿਚੋਂ ਇੱਕ ਰਸ ਨਿਕਲਦਾ ਹੈ ਜਿਸ ਨੂੰ ਤਾੜੀ ਕਿਹਾ ਜਾਂਦਾ ਹੈ । ਜੋ ਕਿ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਰੁੱਖ ਦਾ ਅਗਰ ਕਾਗਜ ਬਣਾ ਲਈਏ ਤਾਂ ਅਪਵਿਤਰ ਮੰਨਿਆ ਜਾਂਦਾ ਹੈ ਫਿਰ ਵੀ ਜੇ ਇਸ ਕਾਗਜ ਉਪਰ ਗੁਰੂਆਂ ਦੀ ਬਾਣੀ ਲਿਖ ਦੇਈਏ ਤਾਂ ਉਹ ਪੂਜਣਯੋਗ ਹੋ ਜਾਂਦਾ ਹੈ ਤੇ ਉਹਨੂੰ ਨਮਸਕਾਰਾਂ ਹੁੰਦੀਆਂ ਹਨ । ਏਸੇ ਤਰਾਂ ਮੇਰੀ ਜਾਤ ਦੇ ਲੋਕ ਚਮੜਾ ਕੁੱਟਦੇ ਵੱਢਦੇ ਹਨ ਅਤੇ ਮਰੇ ਹੋਏ ਡੰਗਰਾਂ ਨੂੰ ਬਨਾਰਸ ਦੇ ਲਾਗੇ ਚਾਗੇ ਢੋਂਦੇ ਫਿਰਦੇ ਅਜੇ ਵੀ ਦੇਖੇ ਜਾ ਸਕਦੇ ਹਨ । ਇਸ ਕ੍ਰਿਤ ਕਰਕੇ ਤੁਸੀਂ ਲੋਕ ਸਾਨੂੰ ਅਪਵਿਤਰ ਸਮਝਦੇ ਹੋ । ਹੁਣ ਇਹ ਅਪਵਿਤਰ ਸਰੀਰ ਪ੍ਰਭੂ ਦੇ ਲੜ ਲੱਗ ਕੇ ਪ੍ਰਭੂ ਦੀ ਸ਼ਰਨ ਪੈਣ ਸਦਕਾ ਹੁਣ ਦੇਖ ਲਵੋ ਬਨਾਰਸ ਦੇ ਬਿਪਰਾਂ ਦਾ ਪ੍ਰਧਾਨ ਵੀ ਪੈਰੀਂ ਪਿਆ ਹੈ । ਇਸ ਇੱਕ ਸ਼ਬਦ ਵਿੱਚੋਂ ਹੀ ਭਗਤ ਜੀ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ । ਭਗਤ ਰਵਿਦਾਸ ਜੀ ਨੇ ਆਪਣਾ ਤਨ ਮਨ ਤੇ ਧਨ ਪ੍ਰਭੂ ਨੂੰ ਅਰਪਣ ਕੀਤਾ ਹੋਇਆ ਹੈ । ਆਪ ਕਿਰਤ ਕਰਕੇ ਖਾਂਦੇ ਸਨ । ਜਾਤ ਪਾਤ ਦੇ ਵਿਰੋਧੀ ਸਨ । ਇਹ ਸ਼ਬਦ ਬਨਾਰਸ ਦੇ ਚੌਧਰੀ ਨਾਗਰ ਮੱਲ ਨੂੰ ਸੰਬੋਧਨ ਕਰਕੇ ਗਾਇਆ ਗਿਆ ਸੀ ।
ਸੁਲਤਾਨ ਨੇ ਬਿਪਰਾਂ ਤੋਂ ਮੁਆਂਫੀ ਮੰਗਵਾਈ ਅਤੇ ਨਾਗਰਮੱਲ ਨੂੰ ਭਗਤ ਜੀ ਦੀ ਰੱਖਿਆ ਲਈ ਹੁਕਮ ਕੀਤਾ ਸੀ । ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਨੇ ਗੁਰੂ ਧਾਰਨ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਦੇ ਬਚਾਅ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਨੂੰ ਰਾਣੀ ਝਾਲਾਂਬਾਈ ਤੇ ਮੀਰਾਂਬਾਈ ਜੀ ਨੂੰ ਸੌਂਪ ਦਿੱਤਾ । ਉਹ ਭਗਤ ਰਵਿਦਾਸ ਜੀ ਨੂੰ ਰਾਜਸਥਾਨ ਦੇ ਚਿਤੌੜ ਸ਼ਹਿਰ ਲੈ ਗਈਆਂ ਅਤੇ ਉਥੇ ਚਮਾਰਾਂ ਦੀ ਬਸਤੀ ਵਿੱਚ ਠਹਿਰਾਇਆ ਗਿਆ । ਝਾਲਾਂ ਤੇ ਮੀਰਾਂਬਾਈ ਹਰ ਰੋਜ ਆਪਣੇ ਗੁਰੂ ਦਾ ਸਤਿਸੰਗਤਿ ਕਰਨ ਜਾਂਦੀਆਂ ਸਨ । ਰਾਜਸਥਾਨ ਵਿੱਚ ਰਾਜਪੂਤਾਂ ਦੀਆਂ ਔਰਤਾਂ ਦਾ ਇੱਕ ਚਮਾਰ ਦੇ ਦੁਆਰੇ ਜਾ ਕੇ ਮੱਥਾ ਟੇਕਣਾ ਇੱਕ ਯੁੱਗ ਪਲਟਣ ਵਾਲ਼ੀ ਗੱਲ ਸੀ । ਰਵਿਦਾਸ ਜੀ ਚਰਚਾ ਦਾ ਵਿਸ਼ਾ ਬਣ ਗਏ । ਝਾਲਾਂਬਾਈ ਮਰ ਗਈ । ਮੀਰਾਂਬਾਈ ਦਾ ਪਤੀ ਵੀ ਮਰ ਗਿਆ । ਪਹਿਲਾਂ ਤਾਂ ਮੀਰਾਂਬਾਈ ਨੂੰ ਪਤੀ ਨਾਲ਼ ਸਤੀ ਹੋਣ ਲਈ ਪ੍ਰੇਰਿਆ ਗਿਆ ਤੇ ਲੋਕਾਂ ਨੇ ਸਤੀ ਨਾ ਹੋਣ ਦਿੱਤਾ । ਫਿਰ ਚੋਰੀ ਛਿਪੇ ਜ਼ਹਿਰ ਦਿੱਤਾ ਗਿਆ । ਫਿਰ ਵੀ ਮੀਰਾਂਬਾਈ ਜੀ ਭਗਤ ਰਵਿਦਾਸ ਜੀ ਕੋਲ਼ ਜਾਣੋ ਨਾ ਹਟੇ । ਅਖੀਰ ਬ੍ਰਾਹਮਣਵਾਦੀਆਂ ਦੇ ਛੜਯੰਤਰ ਨਾਲ਼ ਰਾਜਪੂਤਾਂ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲੀਂ ਬੁਲਾ ਲਿਆ ਅਤੇ ਹੱਤਿਆ ਕਰ ਦਿੱਤੀ ਗਈ । ਉਥੇ ਹੀ ਸੰਸਕਾਰ ਕਰ ਦਿੱਤਾ । ਕਿੰਨਾ ਹੀ ਚਿਰ ਕੋਈ ਉੱਘ ਸੁੱਘ ਨਹੀਂ ਨਿਕਲ਼ੀ । ਇਸ ਦੇ ਸਬੂਤ ਚਿਤੌੜ ਗੜ ਦੁਰਗ ਵਿੱਚ ਭਗਤ ਰਵਿਦਾਸ ਜੀ ਦੀ ਸਮਾਧ ਰੂਪੀ ਛਤਰੀ ਅੱਜ ਵੀ ਬਣੀ ਹੋਈ ਹੈ । ਏਥੇ ਕੋਈ ਮੂਰਤੀ ਨਹੀਂ ਪਰ ਇੱਕ ਸਿੱਲ ਪੱਧਰ ਉੱਤੇ ਦੇਵਨਾਗਰੀ ਵਿੱਚ ਉਕਰਿਆ ਹੋਇਆ ਹੈ, ‘ਗੁਰੂ ਰਵਿਦਾਸ ਜੀ ਕੀ ਚਰਣ ਪਾਦਕਾ ਕੋ ਪ੍ਰਣਾਮ’ਸਿੱਲ ਉਪਰ ਦੋ ਪੈਰਾਂ ਦੇ ਨਿਸ਼ਾਨ ਵੀ ਬਣੇ ਹਨ ।
ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ