20 ਫਰਵਰੀ ਦਾ ਇਤਿਹਾਸ
ਸਾਕਾ ਨਨਕਾਣਾ ਸਾਹਿਬ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਦੀ ਹਦੂਦ ਅੰਦਰ ਸ਼ਰ੍ਹੇਆਮ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ ਅਤੇ ਉਸ ਦੇ ਚੇਲੇ ਖ਼ਤਰਨਾਕ ਹੱਦ ਤਕ ਵਿਗੜੇ ਹੋਏ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ, ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਤਜਵੀਜ਼ਾਂ ਹੋਣੀਆਂ ਸਨ। ਖਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ ਵਿਚਾਰ ਕੀਤੀ ਜਾਣੀ ਸੀ ਕਿ ਉਸ ਨੂੰ ਆਪਣੇ ਆਪ ਦਾ ਅਤੇ ਗੁਰਦੁਆਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇ।
ਦੂਜੇ ਪਾਸੇ ਜਦ ਮਹੰਤ ਨਰੈਣੂ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ ਕਰਨ ਲਈ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡੱਟ ਕੇ ਮੁਕਾਬਲਾ ਕਿਵੇਂ ਕਰਨਾ ਹੈ? ਮਹੰਤ ਸਾਜ਼ਿਸ਼ਾਂ ਕਰਨ ਵਿੱਚ ਬੜਾ ਮਾਹਰ ਸੀ। ਉਹ ਇੱਕ ਪਾਸੇ ਇਹ ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਕੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖਤਮ ਕਰ ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਬਹੁਤ ਸਾਰੇ ਟਕੂਏ, ਛਵ੍ਹੀਆਂ, ਗੰਡਾਸੇ, ਬੰਦੂਕਾਂ ਅਤੇ ਪਿਸਤੌਲਾਂ ਆਦਿ ਹਥਿਆਰ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।
ਮਹੰਤ ਨਰੈਣੂ ਦੀ ਇਸ ਕੋਝੀ ਹਰਕਤ ਦੀ ਸੂਹ ਭਾਈ ਵਰਿਆਮ ਸਿੰਘ ਦੇ ਰਾਹੀਂ, ਜਿਸ ਨੂੂੰ ਸੂਹੀਏ ਦੇ ਤੌਰ ਤੇ ਮਹੰਤ ਕੋਲ ਛੱਡਿਆ ਹੋਇਆ ਸੀ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਲੱਗੀ ਕਿ ਮਹੰਤ ਦੀ ਨੀਅਤ ਸਾਫ ਨਹੀਂ ਅਤੇ ਉਹ ਪੰਥਕ ਆਗੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। ਇਸ ਨੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਗੁਰਦੁਆਰੇ ਤੇ ਅਚਾਨਕ ਉਸ ਵੇਲੇ ਕਬਜ਼ਾ ਕਰ ਲਿਆ ਜਾਵੇ, ਜਦੋਂ ਮਹੰਤ ਲਾਹੌਰ ਵਿਖੇ ਹੋ ਰਹੀ ਸਨਾਤਨ ਕਾਨਫਰੰਸ ਵਿੱਚ ਗਿਆ ਹੋਵੇ।
੧੭ ਫਰਵਰੀ ੧੯੨੧
17 ਫਰਵਰੀ 1921 ਈ. ਨੂੰ ਗੁ: ਸੱਚਾ ਸੌਦਾ ਚੂਹੜਕਾਣਾ ਵਿਖੇ ਮੀਟਿੰਗ ਕਰਕੇ ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਦਾ ਜਥਾ ਇਕੱਤਰ ਕਰਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ। 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਦਾ ਜਥਾ ਚੰਦਰਕੋਟ ਦੀ ਝਾਲ ਤੇ ਪਹੁੰਚ ਜਾਵੇ, ਉਥੇ ਹੀ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਉਸ ਨੂੰ ਮਿਲ ਪਵੇਗਾ ਅਤੇ ਫਿਰ ਇਕੱਠੇ ਹੋ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਾਵੇ। ਇਹ ਸਾਰੇ ਫੈਸਲੇ ਦੀ ਖ਼ਬਰ ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ।
੧੯ ਫਰਵਰੀ
19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਚੱਲ ਪਿਆ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਸੱਚਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਤਾਂ ਉਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਸੱਚਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ। ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ ਅਤੇ ਆਪਣੇ ਕੁਝ ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਤੇ ਖਿੰਡਾ ਦਿੱਤੇ ਤਾਂ ਜੋ ਆਉਣ ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਵਾਪਸ ਮੋੜ ਦੇਣ। ਆਪ ਭਾਈ ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ ਤੇ ਪਹੁੰਚੇ ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਦੀ ਡਿਊਟੀ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਲਾਈ ਅਤੇ ਆਪ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਪੰਥਕ ਆਗੂਆਂ ਦੇ ਫੈਸਲੇ ਦੀ ਚਿੱਠੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ