More Gurudwara Wiki  Posts
28 ਮਾਰਚ ਦਾ ਇਤਿਹਾਸ – ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ


28 ਮਾਰਚ ਦਾ ਇਤਿਹਾਸ
28 ਮਾਰਚ 1613 ਈਸ਼ਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਨਾਨਕੀ ਜੀ ਨਾਲ ਬਕਾਲੇ ਨਗਰ ਵਿੱਚ ਹੋਇਆ । ਆਉ ਮਾਤਾ ਨਾਨਕੀ ਜੀ ਦੇ ਇਤਿਹਾਸ ਤੇ ਇਕ ਸੰਖੇਪ ਝਾਤ ਮਾਰੀਏ ਜੀ ।
ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )
ਮਾਤਾ ਨਾਨਕੀ ਜੀ ਦਾ ਜਨਮ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ ਧਾਰਮਿਕ ਹੋ ਗਏ ਤੇ ਉਹ ਸਾਰੇ ਗੁਣ ਜਿਹੜੇ ਇਕ ਸੁਚੱਜੀ ਤਰੀਮਤ ਵਿਚ ਹੋਣੀ ਚਾਹੀਦੇ ਹਨ , ਗ੍ਰਹਿਣ ਕਰ ਲਏ । ਜਦੋਂ ਘਰ ਵਿਚ ਸਿੱਖ ਪਿਤਾ ਜੀ ਨੂੰ ਮਿਲਣ ਆਉਂਦੇ ਭੱਜ – ਭੱਜ ਕੇ ਉਨ੍ਹਾਂ ਦੀ ਹਰ ਕਿਸਮ ਦੀ ਸੇਵਾ ਕਰਦੇ।ਲੰਗਰ ਤਿਆਰ ਕਰਨਾ , ਭਾਂਡੇ ਮਾਂਜਣੇ , ਪਾਣੀ ਲਿਆਉਣਾ ਆਦਿ ਵਰਗੀ ਸੇਵਾ ਕਰ ਕੇ ਖੁਸ਼ ਹੁੰਦੇ । ਅੰਮ੍ਰਿਤ ਵੇਲੇ ਉਠ ਮਾਪਿਆਂ ਵਾਂਗ ਨਾਮ ਅਭਿਆਸ ਵਿਚ ਜੁੱਟ ਜਾਂਦੇ । ਸੁਭਾਅ ਬੜਾ ਨਿੱਘਾ ਮਿਲਾਪੜਾ ਤੇ ਸੀਤਲ ਸੀ । ਉਪਰੋਂ ਪ੍ਰਮਾਤਮਾ ਨੇ ਲੰਮਾ ਕੱਦ ਸੁੰਦਰ ਤੇ ਖੂਬਸੂਰਤ ਭਰਵਾਂ ਜੁੱਸਾ ਬਖ਼ਸ਼ਿਆ ਸੀ । ਭਗਤੀ ਭਾਵ ਸੁਭਾਅ ਹੋਣ ਕਰਕੇ ਪਿਤਾ ਹਰੀ ਚੰਦ ਨੇ ਇਨ੍ਹਾਂ ਦਾ ਰਿਸ਼ਤਾ ਉਸ ਸਮੇਂ ਦੇ ਚੋਟੀ ਦੇ ਖੂਬਸੂਰਤ ਉਚੇ ਲੰਮੇ ਕੱਦ ਕਾਠ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰ ੧੬੧੩ ਈ : ਨੂੰ ਬੜੀ ਧੂਮ – ਧਾਮ ਨਾਲ ਵਿਆਹ ਕਰ ਦਿੱਤਾ ।
ਮਾਤਾ ਨਾਨਕੀ ਜੀ ਸੌਹਰੇ ਘਰ ਜਾਂਦਿਆਂ ਹੀ ਆਪਣੇ ਗੁਣਾਂ ਕਾਰਨ ਸੱਸ ਮਾਤਾ ਗੰਗਾ ਜੀ ਦਾ ਦਿਲ ਮੋਹ ਲਿਆ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਾਉਂਦੀ ਫਿਰ ਗੁਰੂ ਜੀ ਲਈ ਪਾਣੀ ਆਦਿ ਲਿਆ ਕੇ ਦੇਂਦੇ । ਫਿਰ ਨਾਮ ਅਭਿਆਸ ਵਿਚ ਜੁੱਟ ਜਾਂਦੇ।ਮਾਤਾ ਦਮੋਦਰੀ ਜੀ ਨਾਲ ਵੀ ਬਹੁਤ ਪਿਆਰ ਕਰਦੇ ਤੇ ਉਸ ਨੂੰ ਕੰਮ ਨਾ ਕਰਨ ਦੇਂਦੇ ਹਰ ਕੰਮ ਹੰਸੂ – ਹੰਸੂ ਕਰ ਖੁਦ ਕਰੀ ਜਾਂਦੇ । ਇਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ । ਬਾਲੜੀ ਵੀਰੋ ਜੀ ਨਾਲ ਬਹੁਤ ਪਿਆਰ ਕਰਦੇ | ਸਾਰੇ ਲੰਗਰ ਤੇ ਆਇ ਗਏ ਦੀ ਵੀ ਵੇਖ ਭਾਲ ਕਰਦੇ।ਰਾਤ ਮਾਤਾ ਗੰਗਾ ਜੀ ਦੀ ਮੁੱਠੀ ਚਾਪੀ ਵੀ ਕਰਦੇ । ਆਪ ਦੀ ਕੁੱਖੋਂ ੧੬੧੯ ਵਿਚ ਬਾਬਾ ਅਟੱਲ ਰਾਇ ਜੀ ਦਾ ਜਨਮ ਹੋਇਆ । ਬੜੇ ਚਾਂਵਾਂ ਸੱਧਰਾਂ ਨਾਲ ਪਾਲਦੇ । ਗੁਰੂ ਜੀ ਦੀ ਸੁਚੱਜੀ ਸਿੱਖਿਆ ਸਦਕਾ ਨਿੱਕੇ ਹੁੰਦੇ ਹੀ ਨਾਮ ਅਭਿਆਸ ਵਿਚ ਲੀਣ ਰਹਿੰਦੇ ।੧੬੨੧ ਵਿੱਚ ਪਹਿਲੀ ਅਪੈਲ ਵਾਲੇ ਦਿਨ ਮਾਤਾ ਨਾਨਕੀ ਜੀ ਦੀ ਸਫਲ ਕੁੱਖੋਂ ਬਾਬਾ ਤਿਆਗ ਮਲ { ਗੁਰੂ ਤੇਗ ਬਹਾਦਰ ਜੀ } ਦਾ ਜਨਮ ਹੋਇਆ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਗੁਰੂ ਜੀ ਨੇ ਬਾਲਕ ਨੂੰ ਹੱਥਾਂ ਵਿਚ ਲੈ ਕੇ ਚਰਨ ਬੰਧਨਾਂ ਕਰਨ ਉਪ੍ਰੰਤ ਵਰ ਦਿੱਤਾ , “ ਇਹ ਇੰਦਰੀ ਜਿੱਤ , ਤਿਆਗ ਦਾ ਸਿੱਖਰ , ਕੁਰਬਾਨੀ ਦਾ ਪੁੰਜ , ਦੀਨ , ਸੰਕਟ ਹਰੇ , ਬ੍ਰਹਮ ਗਿਆਨੀ , ਤੇਗ ਦਾ ਧਨੀ , ਬਚਨ ਦਾ ਪੂਰਾ , ਤੇ ਧਰਮ ਤੇ ਦੀਨ ਦਾ ਰਖਿਅਕ ਹੋਵੇਗਾ । ਮਾਤਾ ਜੀ ਇਹ ਵਰ ਸੁਣ ਗੱਦ – ਗੱਦ ਹੋਈ ਝੂਮੀ ਜਾਵੇ । ਬਾਲਕ ਬੜੇ ਚਾਵਾਂ ਤੇ ਸੱਧਰਾਂ ਨਾਲ ਪਾਲਿਆ ਦਾਦੀ ਮਾਤਾ ਗੰਗਾ ਜੀ ਕੁਛੜੋ ਨਾ ਉਤਾਰਦੇ ਬੜੇ ਪਿਆਰ ਤੇ ਲਾਡ ਲਡਾਂਦੇ । ਬਾਬਾ ਅਟੱਲ ਜੀ ਭੈਣ ਵੀਰੋ ਜੀ ਬਾਲਕ ਨਾਲ ਬਹੁਤ ਪਿਆਰ ਕਰਦੇ ਤੇ ਉਂਗਲੀ ਲਾਈ ਫਿਰਦੇ ।
ਬਕਾਲੇ ਫੇਰੀ : ਭਾਈ ਮਿਹਰਾਜੀ ਬਕਾਲੇ ਦੇ ਵਸਨੀਕ ਗੁਰੂ ਘਰ ਦੇ ਅਨਿਨ ਸ਼ਰਧਾਲੂ ਹੋਏ ਹਨ । ਇਸ ਨੇ ਇਕ ਨਵੀਂ ਹਵੇਲੀ ਤਿਆਰ ਕਰਾਈ ਪਰ ਉਸ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਵਾਏ ਬਿਨਾਂ ਵਿਚ ਵਾਸਾ ਨਹੀਂ ਸੀ ਕਰਨਾ ਚਾਹੁੰਦਾ । ਇਕ ਕਮਰੇ ਵਿੱਚ ਨਵਾਂ ਪਲੰਘ , ਨਵਾਂ ਬਿਸਤਰਾਂ , ਵਿਛਾ ਮਕਾਨ ਵਿਚ ਸਵੇਰੇ ਧੂਫ ਬੱਤੀ ਕਰ ਗੁਰੂ ਜੀ ਨੂੰ ਯਾਦ ਕਰਦਾ ਕਿ ਉਹ ਏਥੇ ਆਪਣੇ ਪਵਿੱਤਰ ਚਰਨ ਪਾਉਣ ।ਉਧਰ ਅੰਮ੍ਰਿਤਸਰ ਬੈਠੇ ਗੁਰੂ ਜੀ ਦੇ ਦਿਲਦੀਆਂ ਤਾਰਾਂ ਖੜਕੀਆਂ । ਭਾਈ ਬਿਧੀ ਚੰਦ , ਭਾਈ ਜੇਠੇ , ਭਾਈ ਪਿਰਾਣੇ ਆਦਿ ਨੂੰ ਨਾਲ ਤਿਆਰ ਕਰ ਮਾਤਾਵਾਂ ਨੂੰ ਗੜਬੈਹਲਾ ’ ਚ ਬਿਠਾਲ ਸਵੇਰੇ ਏਥੋਂ ਤੁਰ ਸ਼ਾਮ ਨੂੰ ਬਕਾਲੇ ਜਾ ਪੁੱਜੇ । ਮਿਹਰੇ ਦੇ ਭਾਗ ਜਾਗ ਪਏ । ਗੁਰੂ ਜੀ ਦਾ ਉਤਾਰਾ ਹਵੇਲੀ ਵਿਚ ਕਰਾਉਣ , ਪਲੰਘ ਤੇ ਬਿਠਾ ਚਰਨਾ ਤੇ ਸੀਸ ਰੱਖ ਧੰਨਵਾਦ ਕਰਦਾ ਨਾ ਥੱਕੇ । ਅਗਲੇ ਸਵਖਤੇ ਹਰੀ ਚੰਦ ਦੇ ਪ੍ਰਵਾਰ ਨੂੰ ਪਤਾ ਲੱਗਾ ਤਾਂ ਆ ਦਰਸ਼ਨ ਕੀਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ , ਮਾਤਾ ਨਾਨਕੀ ਜੀ ਆਪਣੇ ਸਹਿਬਜ਼ਾਦਿਆਂ ਨੂੰ ਨਾਨਕੇ ਪਿੰਡ ਲਿਆ ਫੁਲੇ ਨਹੀਂ ਸਮਾਂਦੇ।ਬੱਚੇ ਨਾਨੇ – ਨਾਨੀ ਨੂੰ ਮਿਲ ਬੜੇ ਖੁਸ਼ ਹੋਏ । ਗੁਰੂ ਜੀ ਦਾ ਏਥੇ ਆਉਣਾ ਸੁਣ ਦੁਆਬੇ ਤੇ ਰਿਆੜਕੀ ਤੋਂ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਉਮਡ ਪਏ । ਘਿਓ , ਦੁੱਧ , ਆਟਾ ਗੁੜ ਸ਼ੱਕਰ ਲਈ ਆਉਣ ਲੰਗਰ ਲਗ ਗਏ ਰਾਤ ਦਿਨ ਲੰਗਰ ਚਲਦਾ ਸੰਗਤ ਜੁੜਦੀ , ਕੀਰਤਨ ਤੇ ਢਾਡੀ ਵਾਰਾਂ ਸੁਣ ਸੰਗਤ ਨਿਹਾਲ ਹੁੰਦੀ । ਅੰਤ ਵਿਚ ਗੁਰੂ ਜੀ ਗੁਰ ਉਪਦੇਸ਼ ਦੇਂਦੇ , ਮਾਨੋ ਬਕਾਲੇ ਵਿਚ ਸਚਖੰਡ ਬਣ ਗਿਆ ।
ਏਥੇ ਹੀ ਬਿਰਧ ਮਾਤਾ ਗੰਗਾ ਨੇ ਕੁਝ ਬੀਮਾਰ ਰਹਿ ਚੇਤ ਵਧੀ ੧੪ ਸੰਮਤ ੧੬੮੫ ਨੂੰ ਦੇਹ ਤਿਆਗ ਦਿੱਤੀ । ਗੁਰੂ ਜੀ ਆਪਣੇ ਹੱਥੀ ਮਾਤਾ ਦਾ ਬਿਬਾਨ ਸਜਾਇਆ । ਮਾਤਾ ਜੀ ਦੀ ਵਸੀਅਤ ਅਨੁਸਾਰ ਬਿਆਸਾ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ । ਜਿਥੇ ਅੱਜ ਕਲ ਰਾਧਾ ਸੁਆਮੀਆਂ ਸਤਿਸੰਗ ਘਰ ਬਣਿਆ ਹੋਇਆ ਹੈ । ਜਿਥੇ ਇਨ੍ਹਾਂ ਦਾ ਬਿਬਾਨ ਸੰਗਤਾਂ ਦੇ ਦਰਸ਼ਨ ਲਈ ਰਖਿਆ ਗਿਆ ਹੈ । ਓਥੇ ਮਾਤਾ ਗੰਗਾ ਜੀ ਦੇ ਦੇਹਰੇ ਨਾਂ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਾਬਾ ਬਕਾਲਾ ਸਾਹਿਬ ਵਿਖੇ ਸਥਿੱਤ ਹੈ ਜੋ ਮਹਿਤਾ ਰੋਡ ਉਪਰ ਸਥਿੱਤ ਹੈ । ਜਿਹੜਾ ਨਿਹੰਗ ਸਿੰਘਾਂ ਦੇ ਕਬਜ਼ੇ ਵਿਚ ਹੈ । ਏਥੇ ਹਰ ਸਾਲ ਫਰਵਰੀ ਵਿਚ ਭਾਰੀ ਰੈਣ ਸਬਾਈ ਕੀਰਤਨ ਹੁੰਦਾ ਹੈ । ਇਥੇ ਕੁਝ ਹਫਤੇ ਰਹਿ ਗੁਰੂ ਜੀ ਸੰਗਤਾਂ ਨੂੰ ਤਾਰਦੇ ਫਿਰ ਅੰਮ੍ਰਿਤਸਰ ਵਾਪਸ ਆ ਗਏ ।
ਬਾਬਾ ਅਟੱਲ ਰਾਇ ਜੀ ਦਾ ਅਕਾਲ ਚਲਾਣਾ
ਮਾਤਾ ਨਾਨਕੀ ਦੀ ਯੋਗ ਸਿਖਿਆ ਤੇ ਨਾਮ ਅਭਿਆਸ ਦੁਆਰਾ ਬਾਬਾ ਅਟੱਲ ਰਾਇ ਜੀ ਨੌਂ ਸਾਲ ਦੀ ਆਯੂ ਦੇ ਵਿਚ ਹੀ ਬ੍ਰਹਮ ਅਵਸਥਾ ਨੂੰ ਪੁਜ ਆਤਮਿਕ ਸ਼ਕਤੀਆਂ ਆਪ ਮੁਹਾਰੇ ਫੁਰਨ ਲੱਗੀਆ । ਏਥੇ ਇਕ ਮੋਹਨ ਨਾਮੀ ਲੜਕੇ ਉੱਪਰ ਰਾਤ ਇਨ੍ਹਾਂ ਦੇ ਖਿਦੋ – ਖੂੰਡੀ ਖੇਡਦਿਆਂ ਮੀਟੀ ਰਹਿ ਗਈ । ਜਿਹੜੀ ਉਸ ਨੇ ਸਵੇਰੇ ਦੇਣੀ ਕਰ ਘਰ ਨੂੰ ਆ ਗਿਆ । ਰਾਤ ਉਹ ਸੱਪ ਲੜ ਕੇ ਮਰ ਗਿਆ । ਘਰ ਵਿਚ ਰੋਣ ਪਿਟਣ ਹੋ ਰਿਹਾ ਹੈ । ਬਾਲਕ ਬਾਬਾ ਅਟੱਲ ਰਾਇ ਜੀ ਆਪਦੇ ਸਾਥੀਆਂ ਸਮੇਤ ਉਸ ਦੇ ਘਰ ਜਾ ਉਸ ਦੀ ਧੌਣ ਨੂੰ ਖੁੱਡੀ ਪਾ ਖਿੱਚਦਿਆਂ ਕਿਹਾ , “ ਉਠ ਕੇ ਸਾਡੀ ਰਾਤ ਵਾਲੀ ਮੀਟੀ ਦੇਹ ਮੁਕਰ ਕਰ ਲੰਮਾ ਪੈ ਰਿਹਾ ਹੈ । ਉਹ ਉਠ ਕੇ ਆਪਣੀ ਖੂੰਡੀ ਫੜ ਬਚਿਆਂ ਨਾਲ ਖੇਡਣ ਤੁਰ ਪਿਆ । ਇਸ ਅਨੌਖੀ ਘਟਨਾ ਦੀ ਸਾਰੇ ਨਗਰ ਵਿਚ ਚਰਚਾ ਚਲ ਪਈ । ਜਦੋਂ ਗੁਰੂ ਜੀ ਨੇ ਇਹ ਸੁਣੀ ਤਾਂ ਕਹਿਣ ਲੱਗੇ “ ਸਾਡੇ ਘਰ ਵਿਚ ਕੌਣ ਰਬ ਦਾ ਸ਼ਰੀਕ ਜੰਮ ਪਿਆ ਹੈ । ਇਹ ਗੁੱਸੇ ਵਾਲੇ ਸ਼ਬਦ ਸੁਣ ਬਾਬਾ ਜੀ ਘਰੋਂ ਇਕ ਚਾਦਰ ਲੈ ਕੌਲਸਰ ਦੀ ਦੱਖਣੀ ਬਾਹੀ ਉਪਰ ਚਾਦਰ ਲੈ ਸਮਾਧ ਗਤਿ ਹੋ ਪ੍ਰਾਣ ਤਿਆਗ ਗਏ । ਏਥੇ ਹੀ ਇਨ੍ਹਾਂ ਨੂੰ ਇਸ਼ਨਾਨ ਕਰਾ ਸੰਸਕਾਰ ਕਰ ਦਿੱਤਾ । ਇਸ ਥਾਂ ਤੇ ਅਜ – ਕਲ ਇਕ ਨੌਂ ਮੰਜ਼ਿਲਾ ਮੁਨਾਰਾ ਬਾਬਾ ਅਟੱਲ ਰਾਇ ਜੀ ਦੀ ਯਾਦ ਤਾਜਾ ਕਰਾਉਂਦਾ ਦਿਸ ਰਿਹਾ ਹੈ । ਇਸ ਘਟਨਾ ਦਾ ਮਾਤਾ ਨਾਨਕੀ ਜੀ ਦੇ ਅਸਰ ਹੋਣਾ ਜਰੂਰੀ ਸੀ । ਪਰ ਮਾਤਾ ਜੀ ਇਹ ਸਦਮਾ ਬੜੀ ਦਲੇਰੀ ਨਾਲ ਜਰਿਆ ਤੇ ਅੱਖਾਂ ਵਿਚੋਂ ਹੰਝੂ ਤਕ ਨਾ ਕੇਰਿਆ ਸਗੋਂ ਪ੍ਰਚਾਉਣੀ ਕਰਨ ਆਈ ਸੰਗਤ ਨੂੰ ਸਮਝਾਉਂਦੇ ਤੇ ਹੌਸਲਾ ਤੇ ਦਿਲਾਸਾ ਦੇਂਦੇ ਕਹਿੰਦੇ “ ਇਹ ਧੀਆਂ ਪੁੱਤ ਅਕਾਲ ਪੁਰਖ ਦੀ ਦਿੱਤੀ ਮਾਇਆ ਹੈ ਭਾਵੇਂ ਖੋਹ ਲਵੇ ਸਾਨੂੰ ਕੋਈ ਰੋਸ ਨਹੀਂ ਕਰਨਾ ਚਾਹੀਦਾ । ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ । ਬੀਬੀ ਵੀਰੋ ਜੀ ਤੇ ਨਿਕੇ ਵੀਰ ਜੀ ਬਾਬਾ ਤਿਆਗ ਮਲ ਤੇ ਇਸ ਘਟਣਾ ਦਾ ਬਹੁਤ ਪ੍ਰਭਾਵ ਪਿਆ । ਭੈਣ ਵੀਰੋ ਜੀ ਵੀਰ ਦੇ ਵਿਯੋਗ ਵਿੱਚ ਕਈ ਵਾਰ ਰੁਦਨ ਕਰਨ ਲੱਗਦੇ ਤਾਂ ਮਾਤਾ ਗਲ ਨਾਲ ਲਾ ਉਹਨਾਂ ਨੂੰ ਧਰਵਾਸ ਦੇਂਦੇ । ਮਾਤਾ ਜੀ ਦਾ ਬੀਬੀ ਵੀਰੋ ਜੀ ਨਾਲ ਅਥਾਹ ਪਿਆਰ ਤੇ ਸੁਨੇਹ ਸੀ । ਇਨ੍ਹਾਂ ਦੇ ਵਿਆਹ ਦੀ ਸਾਰੀ ਕਾਰ ਮੁਖਤਾਰੀ ਮਾਤਾ ਨਾਨਕੀ ਜੀ ਨੇ ਸੰਭਾਲੀ ਤੇ ਵਿਆਹ ਭਾਵੇ ਝਬਾਲ ਕੀਤਾ ਪਰ ਵਿਆਹ ਤੇ ਆਏ ਅੰਗ – ਸਾਕਾਂ ਨੂੰ ਸੰਭਾਲਣ ਤੇ ਲੈਣ ਦੇਣ ਦੀ ਜ਼ਿਮੇ ਵਾਰੀ ਆਪ ਨੇ ਬੜੇ ਸੁਚੱਜੇ ਢੰਗ ਨਾਲ ਖਿੜੇ ਮੱਥੇ ਨਿਭਾਈ ।
ਹੁਣ ਯੁੱਧਾਂ ਤੋਂ ਵਿਹਲੇ ਤੋਂ ਗੁਰੂ ਜੀ ਕੀਰਤਪੁਰ ਜਾ ਟਿੱਕੇ । ਏਥੇ ਰਹਿੰਦਿਆਂ ਸ੍ਰੀ ਤੇਗ ਬਹਾਦਰ ਜੀ ਦੀ ਸ਼ਾਦੀ ਦੀ ਤਾਰੀਖ ਮਿਥ ਕੇ ਕਰਤਾਰਪੁਰ ਚਲ ਪਏ ੧ ਮਾਰਚ ੧੬੩੨ ਵਿਚ ਤੇਗ ਬਹਾਦਰ ਦਾ ਵਿਆਹ ਲਾਲ ਚੰਦ ਜੀ ਕਰਤਾਰਪੁਰ ਵਾਸੀ ਦੀ ਪੁੱਤਰੀ ਗੁਜਰੀ ਨਾਲ ਪੂਰਨ ਗੁਰ ਮਰਿਆਦਾ ਨਾਲ ਕੀਤਾ ਗਿਆ । ਲਾਲ ਚੰਦ ਜੀ ਨੇ ਬੜੀ ਅਧੀਨਗੀ ਨਾਲ ਕਿਹਾ ਕਿ ਉਸ ਪਾਸ ਗੁਰੂ ਜੀ ਨੇ ਦੇਣ ਯੋਗ ਕੁਝ ਨਹੀਂ ਹੈ , ਜੋ ਉਹ ਦੇ ਸਕਦੇ । ਸਚੇ ਪਾਤਸ਼ਾਹ ਨੇ ਅਗੋ ਫੁਰਮਾਇਆ : ਲਾਲ ਚੰਦ ! ਤੁਮ ਦੀਨੋ ਸਕਲ ਬਿਸਾਲਾ , ਜਿਨ ਤੁਣਜਾ ਅਰਪਨ ਕੀਨੇ । ਤੈ ਪਾਛੈ ਕਿਆ ਰੱਖ ਲੀਨੇ । ਭਾਈ ਲਾਲ ਚੰਦ ਜੀ ਜਦੋਂ ਤੁਸੀਂ ਬੇਟੀ ਦੇ ਦਿੱਤੀ ਤਾਂ ਪਿਛੇ ਕੀ ਰਖ ਲਿਆ ਹੈ ?
ਮਾਤਾ ਨਾਨਕੀ ਜੀ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੂਰਨ ਅਧਿਆਤਮਿਕ ਤੇ ਆਦਰਸ਼ਿਕ ਗੁਣ ਪ੍ਰਾਪਤ ਹੋਏ । ਜਿਨਾਂ ਕਰਕੇ ਆਪ ਏਨੀ ਮਹਾਨ ਘਾਲਣਾ ਘਾਲਣ ਵਿਚ ਸਫਲ ਰਹੇ । ਏਥੋ ਫਿਰ ਸਾਰਾ ਪ੍ਰਵਾਰ ਕੀਰਤਪੁਰ ਚਲਾ ਗਿਆ । ਏਥੇ ਕੀਰਤਪੁਰ ਤਕਰੀਬਨ ਮਾਤਾ ਨਾਨਕੀ ਜੀ ਤੇਗ ਬਹਾਦਰ ਸਮੇਤ ਦਸ ਸਾਲ ਗੁਰੂ ਜੀ ਦੇ ਨਾਲ ਰਹੇ । ਏਥੇ ਵੀ ਮਾਤਾ ਜੀ ਨੇ ਗੁਰੂ ਜੀ ਦੀ ਬਹੁਤ ਧਿਆਨ ਰੱਖਣਾ ਤੇ ਹਰ ਸਹੂਲਤ ਮੁਹਈਆਂ ਕਰਨੀ । ਏਥੇ ਗੁਰੂ ਜੀ ਨੇ ਗੁਰਗੱਦੀ ਦੀ ਪੁੱਤਰਾਂ ਨੂੰ ਛੱਡ ਪੋਤਰੇ ਨੂੰ ਦੇ ਨਵੀਂ ਪਿਰਤ ਪਾਈ । ਮਾਤਾ ਨਾਨਕੀ ਜੀ ਨੇ ਇਹ ਗਲ ਸਵੀਕਾਰ ਕਰ ਲਈ ਸੂਰਜ ਮਲ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “28 ਮਾਰਚ ਦਾ ਇਤਿਹਾਸ – ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)