ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ , ਸਾਈਂ ਜੀ ਇਸ ਧਰਤੀ ‘ ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ – ਕਸ਼ਮੀਰ , ਕੁਲੂ – ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ । ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ , ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ , ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ ।
ਸਾਈਂ ਜੀ ਭਗਤੀ ‘ਚ ਲੀਨ ਹੋ ਗਏ ਅਤੇ ਤਪੱਸਿਆ ਕਰਨ ‘ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ, ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿਖੇ ਸੁਸ਼ੋਭਿਤ ਸਨ ਤਾਂ ਉਨ੍ਹਾਂ ਪਾਸ ਇਕ ਵਿਅਕਤੀ ਦਰਸ਼ਨਾਂ ਨੂੰ ਆਇਆ, ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇਕ ਪ੍ਰੇਮੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸ਼ਾਹ ਦਾ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਆਏ, ਜਿਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ। ਜਿਉਂ ਹੀ ਸਾਈਂ ਜੀ ਦੀ ਸਮਾਧੀ ਖੁੱਲ੍ਹੀ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੇ ਨਾਲ ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਬੜੇ ਅਡੋਲ ਸੁਸ਼ੋਭਿਤ ਹਨ। ਸਾਈਂ ਜੀ ਨੇ ਉਨ੍ਹਾਂ ਦੀ ਆਓਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਗੁਰੂ ਨਾਨਕ ਸਾਹਿਬ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ। ਤਦ ਗੁਰੂ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਸ਼ਰਧਾ ਹੈ, ਇਸ ਲਈ ਮੇਰੀ ਸ਼ਰਧਾ ਨੂੰ ਸਵੀਕਾਰ ਕਰੋ, ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸ਼ਰਧਾ, ਸ਼ਰਧਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ, ਸਗੋਂ ਛੇਵੇਂ ਜਾਮੇ ‘ਚ ਆ ਕੇ ਜ਼ਰੂਰ ਪੀਆਂਗੇ। ਇਹ ਸਾਡੀ ਅਮਾਨਤ ਹੈ, ਸਾਈਂ ਜੀ ਇਸ ਨੂੰ ਸਾਂਭ ਕੇ ਰੱਖਿਓ। ਸਾਈਂ ਜੀ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ, ਹੁਣ ਕਿਤਨੀ ਦੇਰ ਮੈਨੂੰ ਹੋਰ ਜਿਊਣ ਲਈ ਮਜਬੂਰ ਕਰੋਗੇ ।
ਸਾਂਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ, ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਣੇ ਵਿਚ ਦੱਬਾ ਕਿ ਰੱਖ ਦਿੱਤਾ, ਜੋ ਕਿ 121 ਸਾਲ ਤਕ ਧੂਣੇ ਵਿੱਚ ਦੱਬਿਆ ਰਿਹਾ।
ਆਖਦੇ ਹਨ ਇੰਤਜ਼ਾਰ ਇਕ ਪਲ , ਇਕ ਘੜੀ ਵੀ ਕਰਨਾ ਔਖਾ ਹੋ ਜਾਂਦਾ ਹੈ ਪਰ ਕੁਝ ਐਸੇ ਹਨ ਜੋ ਇਕ ਦਿਨ ਜਾਂ ਇਕ ਸਾਲ ਨਹੀਂ , ਸਦੀਆਂ ਤੱਕ ਆਪਣੇ ਪਿਆਰੇ ਦੇ ਮਿਲਣ ਦੀ ਚਾਅ ਵਿਚ ਇੰਤਜ਼ਾਰ ਕਰਦੇ ਹਨ । ਐਸੇ ਹੀ ਸਨ ਬੁੱਢਣ ਸ਼ਾਹ ਜੀ ਜੋ ਕੀਰਤਪੁਰ ਲਾਗੇ ਪਹਾੜੀ ਉੱਤੇ ਉਸੇ ਸੋਹਣੀ ਜਗ੍ਹਾ ਉੱਤੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ , ਆਪਣਾ ਟਿਕਾਣਾ ਬਣਾ ਇੰਤਜ਼ਾਰ ਕਰ ਰਹੇ ਸਨ । ਸਮਾਂ ਬੀਤਦਾ ਗਿਆ ਪਰ ਬੁੱਢਣਸ਼ਾਹ ਜੀ ਗੁਰੂ ਨਾਨਕ ਦਾ ਨਾਮ ਲੈਂਦੇ ਉੱਥੇ ਹੀ ਅਰਾਧਨਾ ਕਰਦੇ ਬੈਠੇ ਰਹੇ । ਉਹ ਉਜਾੜ ਸਥਾਨ ਕਾਫ਼ੀ ਰਮਣੀਕ ਬਣ ਗਿਆ ਸੀ । ਬੁੱਢਣਸ਼ਾਹ ਨੇ ਜਨਮ ਭਾਵੇਂ ਮੁਸਲਮਾਨ ਘਰ ਲਿਆ ਸੀ ਪਰ ਸਾਰਿਆਂ ਦਾ ਬੜਾ ਮਾਣ ਕਰਦੇ । ਸਭ ਧਰਮਾਂ ਦਾ ਸਤਿਕਾਰ ਕਰਦੇ । ਉਨ੍ਹਾਂ ਦੇ ਟਿਕਾਣੇ ਸ਼ੇਰ ਤੇ ਬੱਕਰੀ ਇਕੱਠੇ ਪਾਣੀ ਪੀਂਦੇ । ਅੱਲਾਹ ਦੇ ਰੰਗ ਵਿਚ ਮਸਤ ਰਹਿੰਦੇ । ਉਮਰ ਵਧਦੀ ਗਈ । ਸਮਾਂ ਬੀਤਦਾ ਗਿਆ । ਸਰੀਰ ਬਿਰਧ ਹੁੰਦਾ ਗਿਆ । ਸਾਥੀ ਪਿਆਰੇ ਸਾਥ ਛੱਡਦੇ ਗਏ । ਸਾਥੀ ਪੀਜੂ ਜਿਸ ਦੇ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਸੀ ਉਹ ਵੀ ਸੰਸਾਰ ਯਾਤਰਾ ਪੂਰੀ ਕਰ ਚਲੇ ਗਏ । ਉਸੇ ਪੀਜੂ ਦੀ ਧੀ ਵੀ 60 ਵਰ੍ਹੇ ਦੀ ਉਮਰ ਭੋਗ ਕੇ ਸਰੀਰਕ ਚੋਲਾ ਛੱਡ ਗਈ ਸੀ । ਕਈ ਫ਼ਕੀਰ , ਬਾਲ ਸਖਾ , ਪੀਜੂ ਦਾ ਪੁੱਤਰ ਤੇ ਭਤੀਜੇ ਵਾਰੀ – ਵਾਰੀ ਜ਼ਮੀਨ ਵਿਚ ਜਾ ਸੁੱਤੇ ਪਰ ਬੁੱਢਣ ਸ਼ਾਹ ਉਸੇ ਹੀ ਇੰਤਜ਼ਾਰ ਦੀ ਧੁਨੀ ਵਿਚ ਬੈਠੇ ਗੁਰੂ ਦਾ ਰਾਹ ਦੇਖਦੇ ਰਹੇ । ਜ਼ਰਾ ਵੀ ਸੋਚ ਵਿਚ ਉਦਾਸੀ ਨਹੀਂ ਆਈ । ਉਸ ਨੂੰ ਵਿਸ਼ਵਾਸ ਸੀ ਗੁਰ ਬਚਨਾਂ ‘ ਤੇ ਕਿ ਉਹ ਆਉਣਗੇ । ਅਲਾਹ ਦੇ ਗੁਣ ਗਾਂਦੇ । ਸੰਗਤ ਢੂੰਡ ਕੇ ਕਰਦੇ । ਗੁਰੂ ਨਾਨਕ ਨੇ ਗੁਰੂ ਅੰਗਦ ਦਾ ਰੂਪ ਧਾਰਿਆ । ਗੁਰੂ ਅੰਗਦ ਗੁਰੂ ਅਮਰਦਾਸ ਕਹਿਲਾਏ । ਗੁਰੂ ਅਮਰਦਾਸ ਨੇ ਆਪਣੀ ਜੋਤ ਗੁਰੂ ਰਾਮਦਾਸ ਵਿਚ ਧਰੀ । ਗੁਰੂ ਰਾਮਦਾਸ ਗੁਰੂ ਅਰਜਨ ਵਿਚ ਸਮਾਏ । ਮੂਰਤ ਹਰਿਗੋਬਿੰਦ ਆਪ ਗੁਰੂ ਅਰਜਨ ਨੇ ਸਵਾਰੀ । ਬੁੱਢਣਸ਼ਾਹ ਨੇ ਸਿੱਖ ਨੂੰ ਪੁੱਛਿਆ ਕਿ ਹੁਣ ਕਿਸ ਗੁਰੂ ਦਾ ਪਹਿਰਾ ਹੈ । ਜਦ ਇਕ ਨੇ ਆ ਕੇ ਦੱਸਿਆ ਕਿ ਹੁਣ ਗੁਰੂ ਹਰਿਗੋਬਿੰਦ ਛੇਵੇਂ ਜਾਮੇ ਵਿਚ ਗੁਰੂ ਨਾਨਕ ਬੈਠੇ ਹਨ ਤਾਂ ਬੁੱਢਣ ਸ਼ਾਹ ਦੀ ਧੜਕਣ ਤੇਜ਼ ਹੋ ਗਈ । ਯਾਦ ਆਇਆ ਕਿ ਗੁਰੂ ਨਾਨਕ ਜੀ ਕਹਿ ਗਏ ਸਨ ਕਿ ਛੇਵੇਂ ਜਾਮੇ ਆ ਕੇ ਦੁੱਧ ਛਕਾਂਗੇ ਪੀਰ ਬੁੱਢਣ ਸ਼ਾਹ ਗੁਰੂ ਨਾਨਕ ਦਾ ਧਿਆਨ ਧਰ ਕੇਵਲ ਗੁਰੂ ਦਾ ਨਾਮ ਜਪਦੇ ਰਹਿੰਦੇ ਸਨ ਅਤੇ ਕਦੇ – ਕਦੇ ਤਾਂ ਪ੍ਰੇਮ ਰੂਪ ਹੀ ਹੋ ਜਾਂਦੇ ਸਨ ।
ਗੁਰ ਗੁਰ ਕਰੈ ਔਰ ਹੈ ਭਾਵੈ । ਪ੍ਰੇਮ ਮਗਨ ਹੋ ਕਬਹੂੰ ਜਾਵੈ । ਅੰਤਰਜਾਮੀ ਗੁਰੂ ਹਰਿਗੋਬਿੰਦ ਜੀ ਨੂੰ ਜਦ ਪੀਰ ਬੁੱਢਣਸ਼ਾਹ ਦੇ ਅੰਤਮ ਸਮੇਂ ਬਾਰੇ ਗਿਆਤ ਹੋਇਆ ਤਾਂ ਭਾਨਾ ਜੀ ਨੂੰ ਕਹਿਣ ਲੱਗੇ ਕਿ ਗੁਰਦਿੱਤਾ ਜੀ ਨੂੰ ਕੀਰਤਪੁਰ ਭੇਜੋ ਤਾਂ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਨਗਰ ਵੀ ਵਸਾਇਆ ਜਾਵੇ ਤੇ ਬੁੱਢਣਸ਼ਾਹ ਜੀ ਦੀ ਆਸ ਵੀ ਪੂਰੀ ਕੀਤੀ ਜਾਵੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ