ਭਗਤ ਭੀਖਣ ਜੀ
ਇਨ੍ਹਾਂ ਦੀਆਂ ਰਚਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਵਿਦਵਾਨਾਂ ਨੇ ਆਪ ਨੂੰ ਹਿੰਦੂ ਸੰਤ ਵੀ ਕਿਹਾ ਹੈ ਹਾਲਾਂਕਿ ਇਨ੍ਹਾਂ ਦੇ ਮੁਸਲਮਾਨ ਹੋਣ ਦਾ ਕੋਈ ਚਿੰਨ੍ਹ ਨਹੀਂ ਮਿਲਦਾ, ਆਪਜੀ ਨੂੰ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਮੰਨਿਆ ਜਾਂਦਾ ਹੈ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1470 ਈ. ਨੂੰ ਹੋਇਆ “ਡਾ. ਤਾਰਨ ਸਿੰਘ” ਇਨ੍ਹਾਂ ਨੂੰ ਅਕਬਰ ਦੇ ਰਾਜ ਦੇ ਸਮੇਂ ਪੈਦਾ ਹੋਏ ਅਤੇ ਇਸਲਾਮ ਧਰਮ ਦੇ ਸੂਫੀ ਉਪਦੇਸ਼ਕਾ ਮੰਨਦੇ ਹਨ । “ਭਾਈ ਕਾਹਨ ਸਿੰਘ ਨਾਭਾ” ਇਨ੍ਹਾਂ ਨੂੰ ਕਾਕੋਰੀ ਦਾ ਵਸਨੀਕ ਅਤੇ ਸੂਫੀ ਫਕੀਰ ਦੇ ਰੂਪ ਵਿੱਚ ਮਾਨਤਾ ਦਿੰਦੇ ਹਨ। “ਮੈਕਾਲਿਫ” ਵੀ ਇਸ ਧਾਰਣਾ ਨੂੰ ਸਵੀਕਾਰ ਕਰਦਾ ਹੈ।
ਉਹਨਾਂ ਨੂੰ ਮੁਸਲਿਮ ਸੂਫੀ ਸੰਤ ਖਿਆਲ ਕੀਤਾ ਹੈ।ਇਸ ਕਰਕੇ ਚਿਤਰਕਾਰਾਂ ਨੇ ਉਹਨਾਂ ਦੀਆਂ ਤਸਵੀਰਾਂ ਅਤੇ ਸਕੈਂਚ ਵੀ ਇਸਲਾਮੀ ਦਿੱਖ ਵਾਲੇ ਬਣਾਏ ਹਨ।ਪਰ ਗੁਰੂ ਗਰੰਥ ਸਾਹਿਬ ਵਿਚਲੇ ਉਹਨਾਂ ਦੇ ਦੋਵਾਂ ਸ਼ਬਦਾਂ ਦੀ ਪੜ੍ਹਤ ਨਾਲ ਉਹਨਾਂ ਨੂੰ ਮੁਸਲਿਮ ਪਰਿਵਾਰ ਜਾਂ ਪਿਛੋਕੜ ਨਾਲ ਸਬੰਧਤ ਸਮਝਣਾ ਠੀਕ ਨਹੀਂ ਬੈਠਦਾ । ਹੋ ਸਕਦਾ ਹੈ ਕਿ ਭੀਖਨ ਨਾਮ ਦੇ ਕੋਈ ਮੁਸਲਿਮ ਸੂਫ਼ੀ ਸੰਤ ਉਤਰ ਪ੍ਰਦੇਸ਼ ਦੇ ਉਸੇ ਇਲਾਕੇ ਵਿਚ ਹੋਏ ਹੋਣ ਅਤੇ 1470 ਈ . ਦਾ ਜਨਮ ਵਰ੍ਹਾ ਵੀ ਉਸੇ ਮੁਸਲਿਮ ਸੂਫੀ ਭੀਖਨ ਦਾ ਹੋਵੇ । ਪਰ ਜਿਸ ਭਗਤ ਭੀਖਨ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਉਹਨਾਂ ਨੂੰ ਮੁਸਲਿਮ ਸੂਫੀ ਨਹੀਂ ਮੰਨਿਆਂ ਜਾ ਸਕਦਾ । ਉਹਨਾਂ ਦੇ ਦੋਵਾਂ ਸ਼ਬਦਾਂ ਵਿਚ ਇਸਲਾਮੀ ਰੰਗਤ ਵਾਲਾ ਕੋਈ ਲਫ਼ਜ਼ ਨਹੀਂ , ਕਿਸੇ ਇਸਲਾਮੀ ਮਰਿਯਾਦਾ ਦਾ ਜਿਕਰ ਨਹੀਂ । ਸਗੋਂ ਇਹਨਾਂ ਦੀ ਸ਼ਬਦਾਵਲੀ ਕੇਵਲ ਗੁਰਮਤਿ ਦੇ ਗੂੜੇ ਰੰਗ ਵਾਲੀ ਹੈ । ਉਦਾਹਰਨ ਦੇ ਤੌਰ ਤੇ ਉਹਨਾਂ ਦੀ ਬਾਣੀ ਵਿਚ ਸੰਤ , ਰਾਮ ਰਾਇ , ਹਰਿ , ਨਾਮੁ , ਅੰਮ੍ਰਿਤ , ਗੁਰ ਪਰਸਾਦਿ ਆਦਿ ਸ਼ਬਦ ਆਉਂਦੇ ਹਨ । ਦੂਸਰਾ , ਗੁਰੂ ਗਰੰਥ ਸਾਹਿਬ ਵਿਚ ਉਹਨਾਂ ਦੀ ਬਾਣੀ ਨੂੰ ਦਰਜ ਕੀਤੇ ਜਾਣ ਦੇ ਅੰਦਾਜ਼ ਤੋਂ ਵੀ ਉਹ ਇਸਲਾਮੀ ਸੰਤ ਨਹੀਂ ਜਾਪਦੇ । ਇਸਲਾਮੀ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੀ ਬਾਣੀ ਦਰਜ ਕਰਨ ਸਮੇਂ ਇਸ ਬਾਣੀ ਦੇ ਸਿਰਲੇਖ ਵਿਚ ਗੁਰੂ ਸਾਹਿਬ ਨੇ ਉਹਨਾਂ ਨੂੰ ‘ ਸੇਖ ਫਰੀਦ ‘ ਲਿਖਿਆ ਹੈ ਪਰ ਭੀਖਨ ਜੀ ਦਾ ਬਾਣੀ ਦਾ ਸਿਰਲੇਖ ਹੈ- ‘ ਬਾਣੀ ਭਗਤ ਭੀਖਨ ਕੀ । ਭਗਤ ਭੀਖਨ ਜੀ ਦਾ ਜਨਮ ਜਿਥੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 10-11 ਸਾਲ ਮਗਰੋਂ ( 1470 ਈ . ) ਮੰਨਿਆਂ ਜਾਂਦਾ ਹੈ ਉਥੇ ਉਹਨਾਂ ਦਾ ਚਲਾਣਾ ਗੁਰੂ ਅਰਜਨ ਦੇਵ ਜੀ ਦੇ ਜਨਮ ਤੋਂ 10-11 ਸਾਲ ਮਗਰੋਂ ( 1573 ਈ . ) ਹੋਇਆ ਮੰਨਿਆਂ ਜਾਂਦਾ ਹੈ।ਇਸ ਤਰ੍ਹਾਂ ਉਹਨਾਂ ਦੇ ਜੀਵਨ ਕਾਲ ਦਾ ਸਬੰਧ ਗੁਰੂ ਨਾਨਕ , ਗੁਰੂ ਅੰਗਦ , ਗੁਰੂ ਅਮਰਦਾਸ , ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਾਲ ਹੈ।ਪਰ ਉਹਨਾਂ ਦਾ ਸਬੰਧ ਕਦੀ ਕਰਤਾਰਪੁਰ , ਖਡੂਰ ਸਾਹਿਬ , ਗੋਇੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਨਾਲ ਰਿਹਾ ਹੋਵੇ ਇਸ ਦਾ ਕੋਈ ਆਲੇਖ ਪ੍ਰਾਪਤ ਨਹੀਂ ਹੈ । ਉਸ ਵੇਲੇ ਦੀਆਂ ਸਿੱਖ ਸੰਸਥਾਵਾਂ ਨਾਲ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਾਂਝ ਦਾ ਵੀ ਕੋਈ ਇਤਿਹਾਸਕ ਵੇਰਵਾ ਪ੍ਰਾਪਤ ਨਹੀਂ ਹੈ।ਉਹਨਾਂ ਦੀ ਕਿਸੇ ਗੁਰੂ ਸਾਹਿਬ ਨਾਲ ਹੋਈ ਮੁਲਾਕਾਤ ਜਾਂ ਵਾਰਤਾ ਸਬੰਧੀ ਕੋਈ ਕਥਾ ਜਾਂ ਸਾਖੀ ਵੀ ਪ੍ਰਚਲਤ ਨਹੀਂ ਹੈ । ਕਹਿਣ ਤੋਂ ਭਾਵ ਭਗਤ ਭੀਖਨ ਜੀ ਸਿੱਖ ਅਸਥਾਨਾਂ , ਸੰਸਥਾਵਾਂ , ਸਿੱਖ ਸਰਗਰਮੀਆਂ ਤੋਂ ਬਾਹਰ ਵਿਚਰਨ ਵਾਲੀ ਸਖ਼ਸ਼ੀਅਤ ਸਨ । ਭੱਟਾਂ ਦੇ ਸਵੱਈਆਂ ਵਿਚ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ । ਭਗਤ ਭੀਖਨ ਜੀ ਦੀ ਬਾਣੀ ਨਾਲ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਭਾਸ਼ਾਈ ਅਤੇ ਵਿਚਾਰਧਾਰਕ ਸਾਂਝ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਉਹਨਾਂ ਦੀ ਬਾਣੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਦੇ ਹੱਥਾਂ ਅਤੇ ਨਜ਼ਰਾਂ ‘ ਚੋਂ ਗੁਜ਼ਰੀ ਸੀ , ਉਹਨਾਂ ਦੇ ਹਿਰਦਿਆਂ ਵਿਚ ਵਸੀ ਹੋਈ ਸੀ । ਇਹ ਵੀ ਸੰਭਵ ਹੈ ਕਿ ਉਹਨਾਂ ਦਾ ਜਨਮ ਗੁਰੂ ਨਾਨਕ ਸਾਹਿਬ ਤੋਂ ਕੁਝ ਸਮਾਂ ਪਹਿਲਾਂ ਦਾ ਹੋਵੇ । ਪੂਰੇ ਵਿਸਥਾਰ ਤੋਂ ਪਹਿਲਾਂ ਇਸ ਸਾਂਝ ਦੇ ਕੁਝ ਝਲਕਾਰੇ ਉਦਾਹਰਨ ਮਾਤਰ ਪੇਸ਼ ਹਨ : ਭੀਖਨ ਜੀ : ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥ ( ੬੫੯ ) ਗੁਰੂ ਨਾਨਕ : ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ( ੬੩੫ ) ਗੁਰੂ ਰਾਮਦਾਸ : ਇਹੁ ਹਰਿ ਰਸੁ ਸੋਈ ਜਾਣਦੇ ਜਿਉ ਗੁੰਗੈ ਮਿਠਿਆਈ ਖਾਈ ॥ ( ੧੧ ) ਭੀਖਨ ਜੀ : ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੋਜੇ ਮਾਹੀ ॥ ( ੬੫੯ ) ਗੁਰੂ ਨਾਨਕ : ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ ( ੧੨੭੯ ) ਭੀਖਨ ਜੀ ; ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ( ੬੫੯ )
ਗੁਰੂ ਨਾਨਕ : ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ( ੫੬੬ ) ਗੁਰੂ ਅਮਰਦਾਸ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ( ੫੫੪ ) ਗੁਰੂ ਅਰਜਨ : ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ( ੮੧੪ ) ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥ ( ੮੯੩ ) ਗੁਰੂ ਗਰੰਥ ਸਾਹਿਬ ਵਿਚ ਦਰਜ ਆਪਣੇ ਪਹਿਲੇ ਸ਼ਬਦ ਵਿਚ ਭਗਤ ਭੀਖਨ ਜੀ ਨੇ ਬੁਢਾਪੇ ਦੀ ਤਕਲੀਫ , ਬੇਵਸੀ ਅਤੇ ਉਦਾਸੀ ਦਾ ਵਰਨਣ ਕਰਦਿਆਂ ਇਸ ਨਾਲ ਪੈਦਾ ਹੁੰਦੀ ਮਨੋਦਸ਼ਾ ਦਾ ਵੈਰਾਗਮਈ ਵਰਨਣ ਕੀਤਾ ਹੈ ਅਤੇ ਅਜਿਹੀ ਸਥਿਤੀ ਦਾ ਇਲਾਜ ਪ੍ਰਮਾਤਮਾ ਦੇ ਨਾਮ ਦੇ ਅੰਮ੍ਰਿਤ ਜਲ ਨੂੰ ਦੱਸਿਆ ਹੈ :
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੋਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥ ( ੬੫੯ , ਭੀਖਨ ਜੀ )
ਇਸ ਸ਼ਬਦ ਨੂੰ ਭਗਤ ਬੇਣੀ ਜੀ ਦੇ ਪਹਿਰਿਆ ਦੇ ਘਰ ਗਾਏ ਜਾਣ ਵਾਲੇ ਸ਼ਬਦ ਦੇ ਮਗਰਲੇ ਭਾਗ ਨਾਲ ਮਿਲਾ ਕੇ ਪੜ੍ਹਨ ਤੇ ਦੋਹਾਂ ਸ਼ਬਦਾਂ ਵਿਚ ਕਾਫੀ ਸਾਂਝ ਦਿਖਾਈ ਦਿੰਦੀ ਹੈ । ਬੇਣੀ ਜੀ ਨੇ ਬੁਢਾਪੇ ਵਿਚ ਅਜਿਹੀ ਦਸ਼ਾ ਹੋਣ ਬਾਰੇ ਖਬਰਦਾਰ ਕੀਤਾ ਸੀ । ਪਹਿਲੀਆਂ ਦੋ ਸਤਰਾਂ ਤਾਂ ਬਿਲਕੁਲ ਸਮਾਨ ਅਰਥੀ ਹਨ :
ਪੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ ਲੋਚਨ ਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੂਝੈ ॥ ਥਾਕਾ ਤੇਜੂ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ ( ੯੩ , ਬੇਣੀ ਜੀ )
ਇਹਨਾਂ ਸ਼ਬਦਾਂ ਅੰਦਰਲੀ ਵਿਚਾਰ ਅਤੇ ਮੁਹਾਵਰੇ ਦੀ ਸਾਂਝ ਦੇ ਨਾਲ ਨਾਲ ਇਲਾਕੇ ਦੇ ਪੱਖ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਭਗਤ ਭੀਖਨ ਜੀ ਮੁਸਲਿਮ ਸੂਫੀ ਹੋਣ ਦੀ ਬਜਾਏ ਭਗਤ ਬੇਣੀ ਜੀ ਵਾਂਗ ਭਗਤ ਕਬੀਰ ਜੀ ਅਤੇ ਰਵਿਦਾਸ ਜੀ ਵਾਲੀ ਕਾਵਿ ਪ੍ਰੰਪਰਾ ਨਾਲ ਸਬੰਧਤ ਸਨ । ਗੁਰੂ ਨਾਨਕ ਨੇ ਗੁਰਮਤਿ ਚਿੰਤਨ ਦੇ ਜਿਹਨਾਂ ਪੁਰਾਤਨ ਅਸਥਾਨਾਂ ਦੀ ਯਾਤਰਾ ਕੀਤੀ ਅਤੇ ਉਥੋਂ ਕਾਫੀ ਸਮਾਂ ਪਹਿਲਾਂ ਹੋ ਚੁੱਕੇ ਬਾਣੀਕਾਰਾਂ ਦੀ ਰਚਨਾ ਹਾਸਿਲ ਕੀਤੀ ਉਹਨਾਂ ਵਿਚੋਂ ਕਈ ਅਸਥਾਨ ਉਸ ਸਮੇਂ ਵੀ ਗੁਰਮਤਿ ਸ਼ਬਦ ਵਿਚਾਰ ਦੀ ਸਰਗਰਮੀ ਨਾਲ ਊਰਜਤ ਸਨ । ਗੁਰੂ ਨਾਨਕ ਦੇ ਸਮਕਾਲ ਵਿਚ ਅਤੇ ਮਗਰੋਂ ਵੀ ਇਹਨਾਂ ਅਸਥਾਨਾਂ ਤੇ
ਅਜਿਹੇ ਸੁਖ਼ਨ ਦੀ ਰਚਨਾ ਹੁੰਦੀ ਰਹੀ।ਇਸ ਸਬੰਧੀ ਭਗਤ ਪਰਮਾਨੰਦ ਜੀ ਅਤੇ ਭਗਤ ਭੀਖਨ ਜੀ ਦੀ ਮਿਸਾਲ ਦੇਖੀ ਜਾ ਸਕਦੀ ਹੈ।ਜਿਸ ਮਹਾਰਾਸ਼ਟਰ ਵਿਚ ਜਨਮੇ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਨੇ ਗੁਰਮਤਿ ਵਿਚਾਰਧਾਰਾ ਦਾ ਬਾਨਣੂ ਬੰਨਿਆਂ ਉਸੇ ਮਹਾਰਾਸ਼ਟਰ ਵਿਚ ਵਿਚ ਜਨਮੇ ( ਮੰਨੇ ਜਾਂਦੇ ) ਭਗਤ ਪਰਮਾਨੰਦ ਜੀ ਗੁਰਮਤਿ ਬਾਣੀ ਦੀ ਰਚਨਾ ਕਰ ਰਹੇ ਸਨ । ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿਚ ਜਨਮੇ ਕਬੀਰ ਜੀ ਦੇ ਕਦਮ ਚਿੰਨਾਂ ਤੇ ਚਲਦੇ ਹੋਏ ਇਸ ਉੱਤਰ ਪ੍ਰਦੇਸ਼ ਵਿਚ ਉਹਨਾਂ ਤੋਂ ਪੌਣੀ ਕੁ ਸਦੀ ਬਾਅਦ ਜਨਮੇ ਭਗਤ ਭੀਖਨ ਜੀ ਗੁਰਮਤਿ ਕਾਵਿ ਦੇ ਉੱਘੇ ਹਸਤਾਖਰ ਬਣੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ