ਸਾਰਿਆਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਲਾਹੌਰੋਂ ਸਿੰਘ ਜੀਉਂਦਾ ਨਹੀਂ ਮੁੜਨਾ। ਇਹ ਬੇਦੋਸ਼ਾ ਸਿੰਘ, ਜੋ ਇਕ ਪਰਮਾਤਮਾ ਸਰੂਪ ਹੈ ਤੇ ਜਿਸ ਨੇ ਅਜੇ ਤਕ ਕਿਸੇ ਦਾ ਦਿਲ ਨਹੀਂ ਦੁਖਾਇਆ, ਇੰਜ ਅਜਾਈਂ ਮਾਰਿਆ ਜਾਣਾ ਬੜੀ ਮਾੜੀ ਗੱਲ ਹੈ। ਪੁਲਸ ਵਾਲਿਆਂ ਪੋਲੇ ਪੈਰੀਂ ਤਾਂ ਛਡਣਾ ਨਹੀਂ, ਪਰ ਜਿਵੇਂ ਕਿਵੇਂ ਵੀ ਹੋ ਸਕੇ, ਭਾਈ ਸਾਹਿਬ ਨੂੰ ਛੁਡਾ ਲਿਆ ਜਾਵੇ। ਛੁਡਾਉਣ ਦਾ ਇਕੋ ਰਾਹ ਸੀ ਕਿ ਉਨ੍ਹਾਂ ਨੂੰ ਪੁਲਸ ਤੋਂ ਜ਼ਬਰਦਸਤੀ ਖੋਹ ਲਿਆ ਜਾਵੇ। ਕੁਝ ਮਨਚਲੇ ਗਭਰੂਆਂ ਕਿਹਾ ਕਿ ਸੁੱਕਾ-ਪੁੱਕਾ ਛੁਡਾ ਲੈਣ ਦਾ ਕੀ ਮਤਲਬ ਹੈ, ਪੁਲਸ ਨੂੰ ਵੀ ਰੱਜ ਕੇ ਕੁੱਟਿਆ ਜਾਵੇ। ਜੋ ਕੁਝ ਬਿਪਤਾ ਪਵੇਗੀ, ਸਿਰਾਂ ਤੇ ਝਲ ਲਵਾਂਗੇ। ਪਰ ਪੁਲਸ ਵੀ ਤਾਂ ਯਾਦ ਰਖੂ ਕਿ ਗਏ ਸਾਂ ਕਿਸੇ ਬੇਦੋਸ਼ੇ ਨੂੰ ਫੜਨ।
ਇਹ ਮਤਾ ਪਕਾਅ ਕੇ ਗਭਰੂ ਸੋਟੇ ਸੇਲੇ ਤੇ ਤਾਂਬਲ, ਜੋ ਹੱਥ ਵਿਚ ਆਇਆ, ਲੈ ਕੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕੁਝ ਬਜ਼ੁਰਗ ਬਾਬੇ ਵੀ ਇਥੇ ਆਣ ਪਹੁੰਚੇ ਸਨ। ਸਾਰਿਆਂ ਦਾ ਜੋਸ਼ ਡੁਲ੍ਹ ਡੁੱਲ੍ਹ ਪੈਂਦਾ ਸੀ। ਇੰਜ ਜਾਪਦਾ ਸੀ ਕਿ ਇਹ ਹੁਣ ਵੀ ਪੁਲਸ ਦੇ ਗਲ ਪਏ ਕਿ ਪਏ। ਪਰ ਇਕ ਵਡੇਰੀ ਉਮਰ ਦੇ ਸਿੰਘ ਨੇ ਬੜੇ ਗੰਭੀਰ ਆਵਾਜ਼ ਵਿਚ ਕਿਹਾ, “ਸੂਰਮਿਓ , ਜ਼ਰਾ ਕੁ ਜੇਰਾ ਕਰੋ। ਜੋ ਕੁਝ ਤੁਸਾਂ ਮਤਾ ਪਕਾਇਆ ਹੈ ਤੇ ਜੋ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹੋ ਹੀ ਸ਼ੋਭਦਾ ਹੈ। ਮੇਰੀ ਅਰਜੋਈ ਮੰਨੋ ਤਾਂ ਇਕ ਵਾਰ ਭਾਈ ਜੀ ਦੇ ਮਨ ਦੀ ਵੀ ਪੁਛ ਲੈਣੀ ਚਾਹੀਦੀ ਹੈ ਕਿ ਇਸ ਮਤੇ ਬਾਰੇ ਉਨ੍ਹਾਂ ਦਾ ਕੀ ਇਰਾਦਾ ਹੈ। ਉਹ ਧਰਮੀ ਤੇ ਬੰਦਗੀ ਵਾਲੇ ਸਿੰਘ ਹਨ। ਮੌਤ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ। ਮੈਂ ਕਈ ਵਾਰ ਉਨ੍ਹਾਂ ਦੇ ਪੂਹਲੀ ਦਰਸ਼ਨ ਕੀਤੇ ਹਨ ਤੇ ਉਨ੍ਹਾਂ ਪਾਸ ਰਾਤਾਂ ਵੀ ਕੱਟੀਆਂ ਹਨ। ਆਪਾਂ ਜੇ ਉਨ੍ਹਾਂ ਦੀ ਇਛਾ ਤੋਂ ਬਿਨਾਂ ਉਨ੍ਹਾਂ ਨੂੰ ਛੁਡਾ ਲਈਏ ਤਾਂ ਹਕੁਮਤ ਨੇ ਤਾਂ ਖ਼ੈਰ ਨਹੀਂ ਗੁਜ਼ਾਰਨੀ। ਸਾਡੇ ਬਚਾਅ ਲਈ ਉਹ ਕਲ ਤਾਈਂ ਆਪ ਹੀ ਲਾਹੌਰ ਜਾ ਪੇਸ਼ ਹੋਣ। ਕਿਉਂਕਿ ਉਹ ਇਹੋ ਜਿਹੀ ਰਿਹਾਈ ਲੈ ਕੇ ਜ਼ਿੰਦਾ ਰਹਿਣਾ ਅਤੀ ਕਾਇਰਤਾ ਸਮਝਣਗੇ। ਇਹ ਉਨ੍ਹਾਂ ਦੇ ਗੁਰਸਿਖ ਜੀਵਨ ਦੀ ਸ਼ਾਨ ਦੇ ਅਨਕੁਲ ਨਹੀਂ ਹੈ। ਇਹ ਮੇਰਾ ਪੱਕਾ ਨਿਸਚਾ ਹੈ। ਅੱਗੇ ਤੁਹਾਡੀ ਮਰਜ਼ੀ। ਫਿਰ ਵੀ ਅੰਤ ਵਿਚ ਮੈਂ ਇਹੋ ਹੀ ਕਹਾਂਗਾ ਕਿ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੁਝ ਨਾ ਕਰਿਓ।”
ਇਹ ਸੁਣ ਕੇ ਸਾਰਿਆਂ ਹਾਜ਼ਰ ਸਿੰਘਾਂ ਨੇ ਉਸ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਸਹਿਜ ਨਾਲ ਜਾ ਕੇ ਭਾਈ ਜੀ ਦੀ ਸਲਾਹ ਲੈ ਆਉ। ਉਹ ਸਿੰਘ ਤਾਂ ਇਸ ਕੰਮ ਲਈ ਤੁਰ ਗਿਆ, ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗ ਪਏ ਕਿ ਹੇ ਸੱਚੇ ਪਾਤਸ਼ਾਹ ! ਰਹਿਮ ਕਰ ਕੇ ਭਾਈ ਜੀ ਦੇ ਮੂੰਹੋਂ ਇਕ ਵਾਰ ‘ਹਾਂ’ ਕਢਵਾ ਦੇਹ ਤੇ ਸਾਡੇ ਦਿਲ ਦੀਆਂ ਹੋ ਜਾਣ। ਫਿਰ ਪੁਲਸ ਵਾਲੇ ਪਰਚੰਡ ਉਡਦੇ ਵੇਖਿਓ। ਅਰਕਾਂ ਤੇ ਗੋਡਿਆਂ ਤੋਂ ਬਾਹੀਂ ਲਤਾਂ ਭੰਨਾਂਗੇ। ਹੇ ਮੀਰੀ ਪੀਰੀ ਦਿਆ ਮਾਲਕਾ ! ਅੱਜ ਸਾਡੀ ਜੋਦੜੀ ਸੁਣ ਲੈ।
ਉਹ ਸਿੰਘ ਗੁਰਦੁਆਰਾ ਸਾਹਿਬਾਂ ਘਰ ਆਇਆ ਤੇ ਦੁੱਧ ਲੈ ਕੇ ਭਾਈ ਜੀ ਨੂੰ ਛਕਾਉਣ ਦੇ ਪੱਜ ਉਥੇ ਜਾ ਪਹੁੰਚਿਆ। ਪੁਲਸ ਨੇ ਉਸ ਨੂੰ ਨਾ ਰੋਕਿਆ। ਸਿੰਘ ਨੇ ਮੌਕਾ ਪਾ ਕੇ ਅਸਲੋਂ ਮੱਧਮ ਅਵਾਜ਼ ਵਿਚ ਪਿੰਡ ਵਾਲਿਆਂ ਦਾ ਮਤਾ ਦੱਸਿਆ ਕਿ ਉਹ ਪੁਲਸ ਪਾਸੋਂ ਤੁਹਾਨੂੰ ਜ਼ਬਰਦਸਤੀ ਛੁਡਾਉਣਾ ਚਾਹੁੰਦੇ ਹਨ ਤੇ ਇਸ ਕੰਮ ਲਈ ਸੋਟੇ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਤੁਹਾਡੀ ‘ਹਾਂ’ ਦੀ ਉਡੀਕ ਵਿਚ ਬੈਠੇ ਹਨ। ਕਹਿੰਦੇ ਹਨ ਕਿ ਭਾਈ ਜੀ ਨਿਰਦੋਸ਼ ਹਨ ਤੇ ਅਸੀਂ ਪੁਲਸ ਨੂੰ ਇਹ ਨਹੀਂ ਕਰਨ ਦੇਣਾ ਕਿ ਤੁਹਾਨੂੰ ਲਾਹੌਰ ਲੈ ਜਾਵੇ। ਸਾਡਾ ਫ਼ਿਕਰ ਨਾ ਕਰਨ। ਅਸੀਂ ਹਰ ਬਿਪਤਾ ਨੂੰ ਗੱਜ ਵੱਜ ਕੇ ਸਿਰ ‘ਤੇ ਝਲਾਂਗੇ। ਵੱਡੀ ਗੱਲ ਤਾਂ ਇਹੋ ਹੀ ਹੋਵੇਗੀ ਨਾ, ਕਿ ਖ਼ਾਨ ਬਹਾਦਰ ਦੀ ਫ਼ੌਜ ਆ ਕੇ ਪਿੰਡ ਸਾੜ-ਫੁਕ ਦੇਵੇਗੀ। ਅਸੀਂ ਸਾਲ ਦੋ ਸਾਲ ਲਈ ਜੰਗਲਾਂ ਵਿਚ ਜਾ ਟਿਕਾਂਗੇ। ਸਾਡੇ ਹੋਰ ਵੀ ਭਰਾ ਤਾਂ ਇੰਜ ਹੀ ਦਿਨ-ਕਟੀ ਕਰ ਰਹੇ ਹਨ। ਜਦ ਬਲ ਪਊ, ਫਿਰ ਪਿੰਡ ਆਣ ਵਸਾਵਾਂਗੇ।
ਭਾਈ ਸਾਹਿਬ ਨੇ ਉਸ ਨੂੰ ਧੀਰਜ ਦੇ ਕੇ ਕਿਹਾ, “ਖ਼ਾਨ ਬਹਾਦਰ ਦਾ ਜ਼ੁਲਮ-ਜਬਰ ਦਾ ਭਠ ਕੁਰਬਾਨੀ ਦਾ ਲਹੂ ਪਿਆਂ ਹੀ ਠੰਡਾ ਹੋਣਾ ਹੈ। ਅੱਜ ਮੈਨੂੰ ਵਾਹਿਗੁਰੂ ਨੇ ਇਹ ਮੌਕਿਆ ਬਖ਼ਸ਼ਿਆ ਹੈ ਤੇ ਖੁੰਝਿਆਂ ਪਤਾ ਨਹੀਂ ਫਿਰ ਕਦੋਂ ਮਿਲੇ। ਤੁਹਾਨੂੰ ਵਖਤ ਵਿਚ ਪਾ ਕੇ ਮੈਂ ਬਚ ਨਿਕਲਾਂ, ਪੰਥ ਨੂੰ ਕੀ ਮੂੰਹ ਵਿਖਾਵਾਂਗਾ ਤੇ ਵਾਹਿਗੁਰੂ ਪਾਸ ਕਿਵੇਂ ਸੁਰਖ਼ਰੂ ਹੋ ਕੇ ਜਾਵਾਂਗਾ। ਸਿਰ ਦਿੱਤਿਆਂ ਜ਼ੁਲਮ ਦੇ ਭਾਂਬੜ ਠੰਡੇ ਹੋਣੇ ਹਨ। ਕੁਰਬਾਨੀ ਤੋਂ ਮੁਖ ਮੋੜਨਾ ਸਿੰਘਾਂ ਦੀ ਸ਼ਾਨ ਦੇ ਉਲਟ ਹੈ। ਜਿਸ ਮੌਤ ਲਈ ਮੈਂ ਅੱਜ ਜਾ ਰਿਹਾ ਹਾਂ, ਇਸ ਨਾਲ ਪੰਥ ਦੀ ਚੜਦੀ ਕਲਾ ਹੋਵੇਗੀ ਤੇ ਜ਼ੁਲਮ ਪਾਪ ਦਾ ਨਾਸ ਹੋਵੇਗਾ। ਜੇ ਮੈਂ ਮੌਤੋਂ ਡਰ ਕੋ ਬਚ ਨਿਕਲਣਾ ਹੁੰਦਾ ਤਾਂ ਮੈਂ ਪਿੰਡ ਵੀ ਪੁਲਸ ਪਾਸੋਂ ਨੱਠ ਸਕਦਾ ਸਾਂ। ਜੰਗਲ ਵਿਚ ਚਲਿਆ ਜਾਂਦਾ ਤਾਂ ਕਿਸ ਮਾਈ ਦੇ ਲਾਲ ਮੇਰੇ ਪਿਛੇ ਆਉਣਾ ਸੀ। ਕੁਰਬਾਨੀ ਦਾ ਸਮਾਂ ਆ ਗਿਆ ਹੈ। ਮੈਂ ਸ਼ਹੀਦੀ ਗਾਨਾ ਬੰਨ੍ਹ ਕੇ ਤੁਰਿਆ ਹਾਂ, ਹੁਣ ਵਾਪਸ ਜਾਣਾ ਅਸੰਭਵ ਹੈ। ਸਤਿਗੁਰਾਂ ਨੇ ਸਿੰਘਾਂ ਨੂੰ ਭਾਣੇ ਵਿਚ ਰਹਿਣ ਦਾ ਸਬਕ ਦ੍ਰਿੜਾਇਆ ਹੈ, ਇਸ ਤੋਂ ਬਾਹਰ ਜਾਣਾ ਸਿਖ ਨੂੰ ਸੋਭਦਾ ਨਹੀਂ। ਤੁਸੀਂ ਹੁਣ ਵਾਪਸ ਜਾ ਕੇ ਸਾਰਿਆਂ ਨੂੰ ਮੇਰੇ ਵਲੋਂ ਪਿਆਰ ਨਾਲ ਫ਼ਤਹ ਬੁਲਾ ਕੇ, ਮੇਰੀ ਕੀਤੀ ਬੇਨਤੀ ਦੱਸ ਕੇ ਚੁਪ-ਚਾਪ ਘਰਾਂ ਨੂੰ ਲੈ ਜਾਵੋ। ਕਿਸੇ ਵੀ ਕਿਸਮ ਦਾ ਉਪੱਧਰ ਨਹੀਂ ਕਰਨਾ। ਇਹ ਮੇਰੀ ਤੁਹਾਡੇ ਸਾਰਿਆਂ ਅੱਗੇ ਜੋਦੜੀ ਹੈ ।
ਉਸ ਸਿੰਘ ਨੇ ਵਾਪਸ ਆ ਕੇ ਜੋ ਭਾਈ ਸਾਹਿਬ ਨੇ ਕਿਹਾ ਸੀ, ਕਹਿ ਸੁਣਾਇਆ। ਪੁਲਸ ਵਿਰੁੱਧ ਲੂਹਰੀਆਂ ਲੈ ਰਹੇ ਤੇ ਫਰਕਦੇ ਡੌਲੇ ਸ਼ਾਂਤ ਹੋ ਗਏ ! ਸਿੰਘ ਦਿਲ ਮਸੋਸਦੇ ਹੋਏ ਘਰਾਂ ਨੂੰ ਪਰਤ ਗਏ।
ਦਿਨ ਚੜਿਆ ਤੇ ਪੁਲਸ ਨੰਬਰਦਾਰਾਂ ਦਾ ਲਿਆਂਦਾ ਲੱਸੀ ਪਾਣੀ ਛਕ ਕੇ ਲਾਹੌਰ ਨੂੰ ਉਠ ਤੁਰੀ। ਪੁਲਸ ਭਾਈ ਸਾਹਿਬ ਨੂੰ ਲੈ ਕੇ ਦੁਪਹਿਰ ਤੋਂ ਪਹਿਲਾਂ ਹੀ ਲਾਹੌਰ ਜਾ ਪਹੁੰਚੀ।
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ
ਮੋਮਨ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਹਥਕੜੀ ਤੇ ਬੇੜੀਆਂ ਪਾ ਕੇ ਜ਼ਕਰੀਆ ਖ਼ਾਨ ਦੀ ਲੱਗੀ ਕਚਹਿਰੀ ਵਿਚ ਜਾ ਪੇਸ਼ ਕੀਤਾ, ਭਰੀ ਕਚਹਿਰੀ ਵਿਚ ਭਾਈ ਤਾਰੂ ਸਿੰਘ ਜੀ ਨੇ ਗਜਵੀਂ ਆਵਾਜ਼ ਵਿਚ ਉੱਚੀ ਸਾਰੀ ਫ਼ਤਹ ਬੁਲਾਈ। ਦੀਵਾਨ ਲਖਪਤ ਰਾਏ ਤੜਫ਼ ਉਠਿਆ ਤੇ ਕਿਹਾ, “ਸਿਖੜਿਆ ! ਇਹ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਜਾਂ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ, ਜਿਥੇ ਤੇਰੀ ਬੁਲਾਈ ਫ਼ਤਹ ਪਰਵਾਨ ਹੋਵੇਗੀ। ਇਹ ਮੁਗਲੀਆ ਰਾਜ ਦੇ ਪੰਜਾਬ ਦੇ ਨਾਜ਼ਮ ਸਾਹਿਬ ਜਨਾਬ ਖ਼ਾਨ ਬਹਾਦਰ ਸਾਹਿਬ ਦੀ ਕਚਹਿਰੀ ਹੈ। ਇਥੇ ਸਲਾਮ ਬੁਲਾਈਦੀ ਹੈ; ਸਿਰਫ਼ ਸਲਾਮ ਹੀ ਕਬੂਲ ਹੁੰਦੀ ਹੈ। ਜੇ ਜ਼ਿੰਦਗੀ ਚਾਹੁੰਦਾ ਹੈਂ ਤਾਂ ਨਾਜ਼ਿਮ ਸਾਹਿਬ ਨੂੰ ਝੁਕ ਕੇ ਸਲਾਮ ਕਰ ਤੇ ਨਾਲ ਹੀ ਫ਼ਤਹ ਬੁਲਾਉਣ ਦੀ ਗੁਸਤਾਖੀ ਲਈ ਹੱਥ ਜੋੜ ਕੇ ਮੁਆਫ਼ੀ ਮੰਗ, ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿਤਾ ਜਾਵੇਂਗਾ।”
ਭਾਈ ਤਾਰੂ ਸਿੰਘ ਜੀ ਨੇ ਬੜੀ ਧੀਰਜ ਤੇ ਨਿਰਭੈਤਾ ਨਾਲ ਉੱਤਰ ਦਿਤਾ-ਮੌਤ ਤੋਂ ਬੁਜ਼ਦਿਲ ਤੇ ਕਾਇਰ ਲੋਕ ਡਰਿਆ ਕਰਦੇ ਹਨ। ਅਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਹਾਂ। ਮੌਤ ਤਾਂ ਸਾਡੀ ਖਿਡਾਵੀ ਹੈ। ਮਰਦਾਂ ਦੀ ਮੌਤੇ ਮਰਨ ਵਾਲੇ ਮੌਤ ਨੂੰ ਅਗਲਵਾਂਢੀ ਹੋ ਕੇ ਮਿਲਿਆ ਕਰਦੇ ਹਨ; ਡਰਿਆ ਨਹੀਂ ਕਰਦੇ। ਦੀਵਨ ਸਾਹਿਬ, ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਸਿੰਘ ਸਦਾ ਫ਼ਤਹ ਗਜਾਉਂਦੇ ਹਨ ਤੇ ਰਹਿੰਦੀ ਦੁਨੀਆ ਤਕ ਗਜਾਉਂਦੇ ਰਹਿਣਗੇ।”
ਖ਼ਾਨ ਬਹਾਦਰ ਐਸਾ ਦਲੇਰੀ ਭਰਿਆ ਜਵਾਬ ਸੁਣ ਕੇ ਬੜਾ ਕ੍ਰੋਧ ਵਿਚ ਆਇਆ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਭਾਈ ਤਾਰੂ ਸਿੰਘ ਨੇ ਬੜੀ ਨਿਰਭੈਤਾ ਸਹਿਤ ਸਿੰਘ-ਤਕਣੀ ਨਾਲ ਉਸ ਵਲ ਵੇਖਦਿਆਂ ਪੁਛਿਆਂ, ” ਮੈਨੂੰ ਕਿਸ ਦੋਸ਼ ਵਿਚ ਬੰਦੀ ਬਣਾ ਕੇ ਇਥੇ ਮੰਗਵਾਇਆ ਹੈ ?”
ਭਖੇ ਹੋਏ ਖ਼ਾਨ ਬਹਾਦਰ ਨੇ ਕੜਕ ਕੇ ਕਿਹਾ, “ਤਾਰੂ ਸਿੰਘਾ, ਤੇਰੀਆਂ ਕਰਤੂਤਾਂ ਦਾ ਪੂਰੀ ਤਰ੍ਹਾਂ ਪਤਾ ਲੱਗ ਚੁਕਾ ਹੈ। ਤੂੰ ਹਕੂਮਤ ਦੇ ਬਾਗੀਆਂ ਨੂੰ ਪਨਾਹ ਦੇ ਕੇ ਆਪਣੇ ਪਾਸ ਰਖਦਾ ਹੈਂ। ਡਾਕੂ ਤੇ ਧਾੜਵੀ ਤੇਰੇ ਪਾਸ ਆ ਕੇ ਟਿਕਦੇ ਹਨ ਤੇ ਇਨ੍ਹਾਂ ਪਾਸੋਂ ਮਾਝੇ ਵਿਚ ਦੂਰ ਦੂਰ ਤਕ ਸੰਨ੍ਹਾਂ ਲਵਾਉਂਦਾ, ਡਾਕੇ ਤੇ ਧਾੜੇ ਮਰਵਾਉਂਦਾ ਹੈਂ ਅਤੇ ਐਸੀਆਂ ਹੋਰ ਵਾਰਦਾਤਾਂ ਕਰਾਉਂਦਾ ਰਹਿੰਦਾ ਹੈਂ। ਲੁਟ ਤੇ ਚੋਰੀ-ਡਾਕਿਆਂ ਦੇ ਮਾਲ ’ਚੋਂ ਹਿੱਸਾ ਲੈਂਦਾ ਹੈਂ ਤੇ ਪਰਦਾ-ਪੋਸ਼ੀ ਲਈ ਜ਼ਾਹਰਾ ਤੌਰ ਤੇ ਗਰੀਬਾਂ ਅਮੀਰਾਂ ਲਈ ਲੰਗਰ ਦਾ ਢੋਂਗ ਰਚਿਆ ਹੋਇਆ ਹੈ। ਜੋ ਕੁਝ ਪੱਟੀ ਵਿਚ ਹੋਇਆ ਹੈ ਤੇ ਫ਼ੌਜਦਾਰ ਨਾਲ ਜੋ ਵਾਪਰੀ ਹੈ, ਉਸ ਸਾਰੇ ਦਾ ਤੂੰ ਹੀ ਮੋਢੀ ਹੈ। ਕਿਸੇ ਗੱਲੋਂ ਮੁਕਰੇਂ ਤਾਂ ਹਰ-ਭਗਤ ਨਿਰੰਜਨੀਆ ਜੰਡਿਆਲੇ ਵਾਲਾ ਠੋਸ ਸਬੂਤ ਦੇ ਕੇ ਆਪਣੀ ਗਵਾਹੀ ਨਾਲ ਤੇਰੇ ਅਪਰਾਧ ਸਾਬਤ ਕਰ ਸਕਦੈ।”
ਅਗੋਂ ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ, “ਤੇਰੇ ਝੂਠੇ ਗਵਾਹਾਂ ਦੀ ਲੋੜ ਤਦ ਪਵੇ ਜੇ ਤਾਰੂ ਸਿੰਘ ਵੀ ਝੂਠ ਬੋਲਣ ਜਾਣਦਾ ਹੋਵੇ। ਤੇਰੀ ਨਿਗਾਹ ਵਿਚ ਤੇਰੇ ਇਹ ਗਵਾਹ ਬਹੁਤ ਸੱਚੇ ਹਨ। ਜੋ ਕੁਝ ਕਹਿੰਦੇ ਹਨ ਠੀਕ ਹੈ। ਉਹ ਤਾਂ ਕਾਇਰਾਂ ਵਾਂਗ ਲੁਕ ਛਿਪ ਕੇ ਤੇਰੇ ਪਾਸ ਆ ਕੇ ਝੂਠ ਸੱਚ ਗੰਢ ਕੇ ਲੂਤੀਆਂ ਫੂਕਦੇ ਹਨ। ਤੇ ਅੰਦਰੋਂ ਕਿਸੇ ਡਰ ਨਾਲ ਉਨ੍ਹਾਂ ਦੇ ਦਿਲ ਧੜਕਦੇ ਰਹਿੰਦੇ ਹਨ। ਮੈਂ ਤੇਰੀ ਭਰੀ ਕਚਹਿਰੀ ਵਿਚ ਲਲਕਾਰ ਕੇ ਆਖਦਾ ਹਾਂ ਕਿ ਪੱਟੀ ਵਿਚ ਜੋ ਕੁਝ ਹੋਇਆ, ਉਸ ਦਾ ਕਰਤਾ ਧਰਤਾ ਮੈਂ ਹਾਂ। ਇਕ ਗ਼ਰੀਬ ਮੁਸਲਮਾਨ ਦੀ ਧੀ ਤੇਰੇ ਵਲੋਂ ਥਾਪੇ ਲੋਕਾਂ ਦੀ ਇਜ਼ਤ ਤੇ ਜਾਨ ਮਾਲ ਦੇ ਰਾਖੇ ਮੁਖੀ ਨੇ ਜ਼ਬਰਦਸਤੀ ਉਧਾਲ ਕੇ ਨਿਕਾਹ ਤੋਂ ਬਿਨਾਂ ਹੀ ਘਰ ਪਾ ਲਈ। ਤੇਰੀ ਇਸ ਕਚਹਿਰੀ ਵਿਚੋਂ ਵੀ ਉਸ ਨੂੰ ਇਨਸਾਫ਼ ਨਾ ਮਿਲਿਆ ਤੇ ਉਹ ਲਾਹੌਰੋਂ ਸੀਨਾ ਪਿਟਦਾ ਘਰ ਨੂੰ ਮੁੜਿਆ। ਕਿਸੇ ਪਾਸਿਉਂ ਢੋਈ ਨਾ ਮਿਲਦੀ ਵੇਖ ਕੇ ਉਸ ਨੇ ਸਿੰਘਾਂ ਪਾਸ ਬਹੁੜੀ ਕੀਤੀ। ਦੁਸ਼ਟ ਨੂੰ ਸੋਧ ਕੇ ਬੱਚੇ ਨੂੰ ਇਨਸਾਫ਼ ਲੈ ਕੇ ਦਿਤਾ। ਉਸ ਦੀ ਧੀ ਵਾਪਸ ਕਰਵਾਈ। ਫ਼ਰਕ ਕੇਵਲ ਏਨਾ ਹੈ ਕਿ ਤੂੰ ਇਸ ਨੂੰ ਜ਼ੁਲਮ ਤੇ ਬਗ਼ਾਵਤ ਸਮਝਦਾ ਹੈਂ, ਗੁਨਾਹ ਸਮਝਦਾ ਹੈਂ, ਅਸੀਂ ਇਸ ਨੂੰ ਧਰਮ ਤੇ ਉਪਕਾਰ ਸਮਝਦੇ ਹਾਂ।
“ਤੂੰ ਜਿਨ੍ਹਾਂ ਸਿੰਘਾਂ ਨੂੰ ਹਕੁਮਤ ਦੇ ਬਾਗੀ, ਡਾਕੂ ਤੇ ਲੁਟੇਰੇ ਕਹਿੰਦਾ ਹੈਂ, ਉਹ ਗੁਰੂ ਕੇ ਲਾਲ ਹਨ। ਉਹ ਜ਼ੁਲਮੀ ਰਾਜ ਦੀ ਸਫ਼ ਵਲ੍ਹੇਟਣ ਲਈ ਅਤੇ ਗਰੀਬਾਂ ਉਤੇ ਪਰਉਪਕਾਰ ਕਰਨ ਲਈ ਘਰ-ਘਾਟ ਛਡ ਕੇ ਸਿਰ ਤਲੀ ਤੇ ਧਰੀ ਫਿਰਦੇ ਹਨ। ਉਨ੍ਹਾਂ ਦੀ ਸੇਵਾ ਕਰਨਾ ਮੇਰੇ ਲਈ ਸਰਵ-ਉਚ ਕਰਤੱਵ ਹੈ। ਇਹ ਮੇਰਾ ਧਰਮ ਸਿਖਾਂਦਾ ਹੈ।”
ਜ਼ਕਰੀਆ ਖ਼ਾਨ ਨੇ ਆਪਣੇ ਗੁੱਸੇ ‘ਤੇ ਕਾਬੂ ਪਾਉਂਦੇ ਹੋਏ ਨੇ ਕਿਹਾ, “ਤਾਰੂ ਸਿੰਘ ! ਜਦ ਤੂੰ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ, ਤੇਰੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਬੜੇ ਭਿਆਨਕ ਤਸੀਹੇ ਦੇ ਦੇ ਕੇ ਮਾਰਿਆ ਜਾਵੇਗਾ। ਤੈਨੂੰ ਪਤਾ ਹੋਵੇਗਾ ਕਿ ਤੈਥੋਂ ਪਹਿਲੇ ਸਿੰਘ ਬੜੇ ਸਖ਼ਤ ਅਜ਼ਾਬ ਦੇ ਦੇ ਕੇ ਕਤਲ ਕੀਤੇ ਗਏ ਸਨ। ਉਹ ਵੀ ਆਪਣੀ ਜ਼ਿਦ ਤੋਂ ਬਾਜ਼ ਨਾ ਆਏ। ਤੂੰ ਚੜਦੀ ਜਵਾਨੀ ਹੈਂ, ਤੇ ਇਸਲਾਮ ਦਾ ਰਹਿਮ ਦਾ ਦਰਵਾਜ਼ਾ ਤੇਰੇ ਲਈ ਖੁਲਾ ਹੈ। ਦੀਨ ਇਸਲਾਮ ਕਬੂਲ ਕਰ ਕੇ ਤੂੰ ਬੇ-ਵਕਤ ਤੇ ਅਜਾਈਂ ਮੌਤ ਮਰਨੋਂ ਬਚ ਸਕਦੇਂ ।
ਭਾਈ ਤਾਰੂ ਸਿੰਘ ਜੀ ਨੇ ਬੜੇ ਹੀ ਠਰੰਮੇ ਨਾਲ ਜਵਾਬ ਦਿਤਾ, “ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਨੂੰ ਮਰਨਾ ਹੀ ਹੈ। ਕੀ ਤੁਹਾਨੂੰ ਮੁਸਲਮਾਨਾਂ ਨੂੰ ਮੌਤ ਨਹੀਂ ਆਵੇਗੀ ? ਅਵੱਸ਼ ਆਵੇਗੀ। ਜੋ ਜੰਮਿਆ ਹੈ, ਉਸ ਲਈ ਮੌਤ ਅਵੱਸ਼ ਹੈ। ਸਾਨੂੰ ਤਾਂ ਗੂੜ੍ਹਤੀ ਹੀ ਮੌਤ ਨੇ ਦਿਤੀ ਹੈ। ਚੰਦ ਰੋਜ਼ ਦੀ ਨਿਗੂਣੀ ਜ਼ਿੰਦਗੀ ਬਦਲੇ ਆਪਣੇ ਅਨਮੋਲ ਧਰਮ ਨੂੰ ਕਿਉਂ ਛੱਡਿਆ ਜਾਵੇ ! ਜਿਵੇਂ ਮੱਛੀ ਪਾਣੀ ਤੋਂ ਬਿਨਾਂ ਬਚ ਨਹੀਂ ਸਕਦੀ, ਸਿਖ ਵੀ ਸਿੱਖੀ ਤੋਂ ਅਲਹਿਦਾ ਹੋ ਕੇ ਜ਼ਿੰਦਾ ਨਹੀਂ ਰਹਿ ਸਕਦਾ। ਇਸ ਕੂੜੀ ਜ਼ਿੰਦਗੀ ਬਦਲੇ ਮੈਂ ਸਿੱਖੀ ਨਾਲ ਸੌਦਾ ਕਿਵੇਂ ਕਰ ਸਕਦਾਂ ? ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ। ਜਦ ਤਕ ਦਮ ਬਾਕੀ ਹਨ, ਸਿੱਖੀ ਨਹੀਂ ਛੱਡ ਸਕਦਾ। ਇਸ ਸੰਬੰਧ ਵਿਚ ਤੇਰੀ ਨਸੀਹਤ ਦੀ ਕਦਾਚਿਤ ਲੋੜ ਨਹੀਂ। ਜੋ ਜੀਅ ਵਿਚ ਆਵੇ, ਮੇਰੇ ਨਾਲ ਸਖ਼ਤੀ ਕਰ ਲੈ, ਮੈਂ ਤੈਥੋਂ ਰਹਿਮ ਦੀ ਭੀਖ ਵੀ ਨਹੀਂ ਮੰਗਣੀ। ਇਹ ਮੇਰਾ ਤੈਨੂੰ ਆਖ਼ਰੀ ਤੇ ਅਟੱਲ ਜਵਾਬ ਹੈ।”
ਖ਼ਾਨ ਬਹਾਦਰ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਗੁੱਸੇ ਵਿਚ ਗਰਜਿਆ, “ਜਿਹੜੇ ਕੇਸਾਂ ਦਾ ਐਡਾ ਲਾਡ ਤੇ ਮਾਣ ਕਰਦਾ ਹੈਂ, ਇਹ ਮੈਂ ਜੁੱਤੀਆਂ ਨਾਲ ਪਲ ਵਿਚ ਉਖੇੜ ਦਿਆਂਗਾ ਸਵਾਸ ਤੇਰੇ ਮੈਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ