ਮਿਸਲਾਂ ਦਾ ਸਮਾਂ ਸੀ । ਇਕ ਬਰਾਹਮਣ ਪੁਜਾਰੀ ਦੀਆਂ ਦੋ ਲੜਕੀਆਂ ਹਿਸਾਰ ਦਾ ਚੌਧਰੀ ਚੁੱਕ ਕੇ ਲੈ ਗਿਆ । ਸ : ਜੱਸਾ ਸਿੰਘ ਰਾਮਗੜੀਆ ਨੇ ਇਨ੍ਹਾਂ ਨੂੰ ਛੁਡਾ ਕੇ ਲਿਆਂਦਾ । ਬਾਹਮਣ ਦੀ ਬਰਾਦਰੀ ਨੇ ਇਸ ਨੂੰ ਦੁਰਕਾਰ ਦਿੱਤਾ । ਹਾਰ ਕੇ ਬਾਹਮਣ ਇਨ੍ਹਾਂ ਦੋਵਾਂ ਭੈਣਾਂ ਨੂੰ ਸ : ਜੱਸਾ ਸਿੰਘ ਪਾਸ ਹਾਂਸੀ ਛੱਡ ਗਿਆ । ਦੋਹਾਂ ਨੇ ਅੰਮ੍ਰਿਤ ਛਕ ਲਿਆ ਵੱਡੀ ਸ਼ਾਮੋ ਤੋਂ ਸ਼ਮਸ਼ੇਰ ਕੌਰ ਬਣ ਗਈ । ਸਿੱਖਾਂ ਵਿਚ ਰਹਿਣ ਲਗ ਪਈ । ਇਸ ਨੂੰ ਸ : ਜੱਸਾ ਸਿੰਘ ਨੇ ਜਗੀਰ ਦੇ ਕੇ ਹਾਂਸੀ ਭੇਜ ਦਿੱਤਾ । ਇਥੇ ਇਸਨੇ ਡਾਕੂਆਂ ਮੁਸਲਮਾਨ ਲੁਟੇਰਿਆਂ ਨੂੰ ਠਲ੍ਹ ਪਾਈ । ਮੁਸਲਮਾਨ ਚੌਧਰੀਆਂ ਵਲੋਂ ਹਿੰਦੂਆਂ ਦੀਆਂ ਚੁੱਕੀਆਂ ਲੜਕੀਆਂ ਛੁਡਾ ਕੇ ਉਨ੍ਹਾਂ ਦੇ ਘਰ ਪੁਚਾਉਂਦੀ । ਅਖੀਰ ਤੁਰਕਾਂ ਨਾਲ ਜੂਝਦੀ ਹੋਈ ਸ਼ਹੀਦ ਹੋ ਗਈ ।
ਅਬਦਾਲੀ ਭਾਰਤ ਨੂੰ ਲੁੱਟ ਕੇ ਲੈ ਜਾਂਦਾ ਰਿਹਾ । ਹੁਣ ਸਿੰਘਾਂ ਨੇ ਆਪਣੀਆਂ ਮੱਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ ਸਨ । ਮੁਸਲਮਾਨ ਚੌਧਰੀ ਹਿੰਦੂਆਂ ਨੂੰ ਬੜਾ ਤੰਗ ਕਰਦੇ ਉਨ੍ਹਾਂ ਦੀਆਂ ਬਹੂ ਬੇਟੀਆਂ ਚੁਕ ਲਿਜਾਂਦੇ । ਹਾਂਸੀ ( ਹਰਿਆਣਾ ) ਵਿਚ ਇਕ ਬ੍ਰਾਹਮਣ ਪੁਜਾਰੀ ਦੀਆਂ ਦੋ ਸੁੰਦਰ ਲੜਕੀਆਂ ਹਿਸਾਰ ਦਾ ਚੌਧਰੀ ਇਥੇ ਸ਼ਿਕਾਰ ਖੇਡਣ ਆਇਆ ਚੁਕ ਕੇ ਲੈ ਗਿਆ । ਵਿਚਾਰਾ ਰੋਂਦਾ ਪੀਂਦਾ ਜੱਸਾ ਸਿੰਘ ਰਾਮਗੜੀਏ ਪਾਸ ਹਾਂਸੀ ਪੁੱਜਾ । ਗਲ ‘ ਚ ਪੱਲਾ ਪਾ ਕੇ ਅਰਜ ਕਰਨ ਲਗਾ ਕਿ “ ਸਰਦਾਰ ਸਾਹਿਬ ! ਹਿਸਾਰ ਦਾ ਚੌਧਰੀ ਏਧਰ ਸ਼ਿਕਾਰ ਖੇਡਣ ਆਇਆ ਤੇ ਮੇਰੀਆਂ ਨੌਜੁਆਨ ਲੜਕੀਆਂ ਚੁੱਕ ਕੇ ਲੈ ਗਿਆ ਹੈ । ਮੈਂ ਬੜੇ ਤਰਲੇ ਕੀਤੇ ਕਿਸੇ ਪਿੰਡ ਵਾਲੇ ਨੇ ਵੀ ਕੋਈ ਸਹਾਇਤਾ ਨਾ ਕੀਤੀ । ਚੌਧਰੀ ਨੇ ਵੀ ਮੇਰੀ ਕੋਈ ਪੁਕਾਰ ਨਾ ਸੁਣੀ ਸਗੋਂ ਕਹਿੰਦਾ ਮੈਂ ਅਜਿਹੀਆਂ ਸੁੰਦਰ ਕੁੜੀਆਂ ਨੂੰ ਕਿਵੇਂ ਛੱਡ ਜਾਵਾਂ । ਇਹੋ ਜਿਹੀਆਂ ਹੋਰ ਦੋ ਮੇਰੇ ਹਵਾਲੇ ਕਰ ਦਿਓ ਤੇ ਇਨ੍ਹਾਂ ਨੂੰ ਛੱਡ ਦੇਂਦਾ ਹਾਂ । ਫਿਰ ਉਚੀ ਧਾਹਾਂ ਮਾਰਦਾ ਕਹਿਣ ਲਗਾ ਕਿ “ ਮੇਰੀਆਂ ਅੱਖਾਂ ਅਗੇ ਅੰਧੇਰਾ ਹੁੰਦਾ ਜਾਂਦਾ ਹੈ । ਮੇਰਾ ਜੀਅ ਕਰਦਾ ਹੈ ਕੁਝ ਖਾ ਕੇ ਮਰ ਜਾਵਾਂ । ਤੁਸੀਂ ਗੁਰੂ ਦੇ ਸਿੱਖ ਹਿੰਦੂਆਂ ਦੀ ਬਹੂ ਬੇਟੀਆਂ ਅਬਦਾਲੀ ਪਾਸੋਂ ਖੋਹ ਕੇ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਰਹੇ ਹੋ ਦਾਸ ਦੀਆਂ ਬੱਚੀਆਂ ਨੂੰ ਵੀ ਆਜ਼ਾਦ ਕਰਾਓ ਤੇ ਉਨ੍ਹਾਂ ਦੀਆਂ ਅਸੀਸਾਂ ਲਓ । ” ਬ੍ਰਾਹਮਣ ਦੀ ਦੁਖ ਭਰੀ ਵਿਥਿਆ ਸੁਣ ਸਰਦਾਰ ਦੇ ਨੇਤਰ ਲਾਲ ਹੋ ਗਏ । ਉਠ ਕੇ ਕਹਿਣ ਲਗਾ ‘ ਸਿੰਘੋ ਪੰਡਤ ਨੇ ਗੁਰੂ ਦਾ ਵਾਸਤਾ ਪਾ ਕੇ ਤਰਲਾ ਲਿਆ ਹੈ ਆਪਾਂ ਉਨਾਂ ਚਿਰ ਲੰਗਰ ਨਹੀਂ ਛਕਣਾ ਜਿੰਨਾਂ ਚਿਰ ਬੀਬੀਆਂ ਆਜ਼ਾਦ ਨਾ ਕਰਾ ਲਈਏ । ਚੋਣਵੇਂ 25 ਕੁ ਸਿੰਘ ਸਵਾਰ ਲੈ ਕੇ ਹਿਸਾਰ ਨੂੰ ਚਲ ਪਿਆ । ਹਿਸਾਰ ਚੌਧਰੀ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਕਿਲੇ ਦੇ ਲੱਕੜ ਦੇ ਦਰਵਾਜ਼ੇ ਤੋੜ ਕੇ ਅੰਦਰ ਜਾ ਵੜੇ ਅਗੇ । ਚੌਧਰੀ ਅਲੀ ਬੈਗ ਸ਼ਰਾਬ ਚ ਗੁਟ ਲੜਕੀਆਂ ਦਾ ਨਾਚ ਵੇਖ ਰਿਹਾ ਸੀ । ਦੋਹਾਂ ਭੈਣਾਂ : ਨੂੰ ਅੰਦਰ ਕੈਦਖਾਨੇ ਵਿਚ ਡੱਕਿਆ ਹੋਇਆ ਸੀ । ਬੇਗ ਦੇ ਸਿਪਾਹੀਆਂ ਨੇ ਅਗੋਂ ਟਾਕਰਾ ਕੀਤਾ , ਦੋ ਤਿੰਨ ਸਿੱਖ ਵੀ ਸ਼ਹੀਦ ਹੋ ਗਏ ਉਧਰੋਂ ਕਾਫੀ ਸਿਪਾਹੀ ਵੀ ਮਾਰੇ ਗਏ । ਅਲੀ ਬੇਗ ਨੂੰ ਜ਼ਖਮੀ ਕਰ ਦਿੱਤਾ । ਅਲੀ ਬੇਗ ਨੂੰ ਪਾਰ ਬੁਲਾ ਦੇਣ ਲਗੇ ਸਨ ਪਰ ਉਸ ਦੀ ਘਰ ਵਾਲੀ ਨੇ ਤਰਲੇ ਕਰਕੇ ਬਚਾ ਲਿਆ । ਦੋਵੇਂ ਭੈਣਾਂ ਤੇ ਦੋ ਹੋਰ ਲੜਕੀਆਂ ਜਿਹੜੀਆਂ ਕੈਦ ਵਿਚ ਸਨ , ਨੂੰ ਆਜ਼ਾਦ ਕਰਾ ਕੇ ਘੋੜਿਆਂ ਤੇ ਬਿਠਾ ਹਾਂਸੀ ਆ ਗਏ । ਉਸ ਦਾ ਕੋਈ ਮਾਲ ਆਦਿ ਨਹੀਂ ਲੁਟਿਆ । ਬੱਚੀਆਂ ਪੰਡਿਤ ਦੇ ਹਵਾਲੇ ਕਰਦਿਆਂ ਸਰਦਾਰ ਨੇ ਕਿਹਾ ਕਿ ਪੰਡਿਤ ਜੀ ! ਆਪਣੀ ਇੱਜ਼ਤ ਘਰ ਲੈ ਜਾਓ ਤੇ ਯੋਗ ਵਰ ਵੇਖ ਕੇ ਇਨ੍ਹਾਂ ਨੂੰ ਵਿਆਹ ਦੇਵੇ । ਜੇ ਕਿਸੇ ਮਾਇਕ ਸਹਾਇਤਾ ਦੀ ਲੋੜ ਹੈ ਤਾਂ ਉਹ ਵੀ ਕਰ ਦੇਂਦੇ ਹਾਂ । ਪੰਡਤ ਸੋਚੀਂ ਪੈ ਗਿਆ ਕਿ ਇਕ ਵਾਰੀ ਤੁਰਕਾਂ ਪਾਸੋਂ ਹੋ ਕੇ ਆਈਆਂ ਲੜਕੀਆਂ ਨਾਲ ਕਿਸੇ ਵਿਆਹ ਨਹੀਂ ਕਰਾਉਣਾ ਹਰ ਇਕ ਨੇ ਇਨ੍ਹਾਂ ਨੂੰ ਘਿਰਣਾ ਕਰਨੀ ਹੈ ਕਰਾਂ ਕੇ ਕੀ ਕਰਾਂ ? ” ਸਰਦਾਰ ਨੇ ਇਸ ਦਾ ਸੋਚਾਂ ਭਰਿਆ ਚਿਹਰਾ ਵੇਖ ਕੇ ਕਿਹਾ “ ਪੰਡਤ ਜੀ ਇਨ੍ਹਾਂ ਵਿਚਾਰੀਆਂ ਦਾ ਕੀ ਦੋਸ਼ ਹੈ । ਇਨ੍ਹਾਂ ਨੂੰ ਘਰ ਲੈ ਜਾਓ । ਸਾਰੇ ਇਨ੍ਹਾਂ ਤੇ ਤਰਸ ਕਰਨਗੇ । ਬਾਹਮਣ ਨਾ ਚਾਹੁੰਦਾ ਹੋਇਆ ਵੀ ਘਰ ਲੈ ਗਿਆ । ਅਗਲੇ ਦਿਨ ਫਿਰ ਵਿਚਾਰਾ ਦੋਹਾਂ ਬੱਚੀਆਂ ਨੂੰ ਨਾਲ ਲੈ ਕੇ ਸਰਦਾਰ ਪਾਸ ਆ ਕੇ ਰੋਂਦਿਆਂ ਫਰਿਆਦ ਕੀਤੀ , ਕਹਿਣ ਲਗਾ “ ਸਰਦਾਰ ਸਾਹਿਬ ਸਾਰੇ ਨਗਰ ਨਿਵਾਸੀਆਂ ਨੇ ਮੇਰੇ ਨਾਲ ਬੋਲਣਾ ਚਾਲਣਾ ਬੰਦ ਕਰ ਦਿੱਤਾ ਹੈ ਤੇ ਸਗੋਂ ਕਹਿੰਦੇ ਹਨ ਕਿ “ ਇਨ੍ਹਾਂ ਨੂੰ ਅਲੀ ਬੇਗ ਪਾਸ ਹੀ ਰਹਿਣ ਦੇਣਾ ਸੀ ਇਨ੍ਹਾਂ ਨੂੰ ਉਸ ਪਾਸ ਛੱਡ ਕੇ ਆ , ਨਹੀਂ ਤਾਂ ਉਸ ਨੇ ਆ ਕੇ ਸਾਡੇ ਪਿੰਡ ਘਾਣ ਬੱਚਾ ਕਰ ਦੇਣਾ ਹੈ । ਸਗੋਂ ਹੋਰ ਕੁੜੀਆਂ ਨੂੰ ਚੁੱਕ ਕੇ ਲੈ ਜਾਵੇਗਾ । ਆਪਣੇ ਪਿੰਡ ਦੀ ਤਰਸ ਭਰੀ ਹਾਲਤ ਵੇਖ ਕੇ ਵੱਡੀ ਭੈਣ ਸ਼ਾਮੋ ਕਹਿਣ ਲਗੀ “ ਬਾਪੂ ਜੀ ਮੈਂ ਕਦੀ ਵੀ ਅਜਿਹੇ ਪਿੰਡ ਵਾਪਸ ਨਹੀਂ ਜਾਵਾਂਗੀ ਜਿਥੇ ਕਿਸੇ ਨੂੰ ਕੋਈ ਅਣਖ ਤੇ ਹਮਦਰਦੀ ਨਹੀਂ ਹੈ । ਤੂੰ ਜਦੋਂ ਦਾ ਪਿੰਡ ਗਿਆ ਰੋਂਦਿਆਂ ਸਾਰੇ ਪਿੰਡ ਵਾਲਿਆਂ ‘ ਚ ਤਰਲੇ ਮਾਰੇ ਕਿਸੇ ਦਾ ਦਿਲ ਨਹੀਂ ਪਿਘਲਿਆ , ਮੈਂ ਉਨ੍ਹਾਂ ਬੁਜ਼ਦਿਲ ਤੇ ਕਾਇਰਾਂ ‘ ਚੋਂ ਕਿਸੇ ਨਾਲ ਵੀ ਵਿਆਹ ਨਹੀਂ ਕਰਾਂਗੀ । ਸਰਦਾਰ ਜੀ ਕਿਰਪਾ ਕਰਨ ਸਾਨੂੰ ਆਪਣੇ ਪਾਸ ਸ਼ਰਨ ਦੇਣ ਅਸੀਂ ਸਿੱਖਾਂ ਦੇ ਜੂਠੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲਵਾਂਗੀਆਂ । ਇਹ ਗਲ ਸੁਣ ਕੇ ਸਰਦਾਰ ਕਹਿਣ ਲਗਾ “ ਪੰਡਤ ਜੀ ! ਤੁਸੀਂ ਕੋਈ ਫਿਕਰ ਨਾ ਕਰੋ ਅੱਜ ਤੋਂ ਇਹ ਮੇਰੀਆਂ ਬੱਚੀਆਂ ਹਨ , ਯੋਗ ਵਰ ਲਭ ਕੇ ਇਨ੍ਹਾਂ ਦਾ ਵਿਆਹ ਕਰਾਂਗਾ । ਏਥੇ ਲੰਗਰ ‘ ਚ ਸੇਵਾ ਕਰਨਗੀਆਂ । ਸਿੱਖਾਂ ਵਿਚ ਕਿਸੇ ਪਰਿਵਾਰ ਵਾਲੇ ਘਰ ‘ ਚ ਰਹਿਣਗੀਆਂ । ਤੁਸੀਂ ਆਪਣੇ ਪਿੰਡ ਜਾ ਸਕਦੇ ਹੋ ਜਾਂ ਫਿਰ ਕਦੇ ਅਲੀ ਬੇਗ ਜਾਂ ਹੋਰ ਕਿਸੇ ਤੁਰਕ ਨੇ ਤੁਹਾਨੂੰ ਸਤਾਇਆ ਤਾਂ ਤੁਸਾਂ ਆ ਕੇ ਦਸਣਾ ਹੈ । ‘ ‘ ਦੋਵੇਂ ਭੈਣਾਂ ਨੇ ਨਵੇਂ ਮਾਹੌਲ ਵਿਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ । ਇਨ੍ਹਾਂ ਬਾਣੀ ਤੇ ਬਾਣਾ ਅਪਣਾ ਲਿਆ । ਜਪੁ ਜੀ ਸਾਹਿਬ ਸੁਣ ਕੇ ਕੰਠ ਕਰਨ ਲਗੀਆਂ । ਗੁਰਮੁਖੀ ਪੜ੍ਹਣੀ ਲਿਖਣੀ ਵੀ ਸਿਖ ਲਈ । ਕੁਝ ਚਿਰ ਬਾਅਦ ਦੋਵਾਂ ਨੇ ਅੰਮ੍ਰਿਤ ਛੱਕ ਲਿਆ ਤੇ ਸਿੰਘਣੀਆਂ ਸਜ ਗਈਆਂ । ਸ਼ਾਮੋ ਸ਼ਮਸ਼ੇਰ ਕੌਰ ਤੇ ਰਾਮੋ ਰਾਮ ਕੌਰ ਬਣ ਗਈਆਂ । ਸ਼ਮਸ਼ੇਰ ਕੌਰ ਦੂਜੀ ਭੈਣ ਨਾਲੋਂ ਚੁਸਤ ਤੇ ਹੁਸ਼ਿਆਰ ਦਲੇਰ ਸੀ । ਦੋਹਾਂ ਦੀ ਸਲਾਹ ਨਾਲ ਯੋਗ ਸਿੱਖਾਂ ਨਾਲ ਸ਼ਾਦੀ ਕਰ ਦਿੱਤੀ ਗਈ । ਜਿਸ ਦੀ ਲਾਠੀ ਉਸ ਦੀ ਭੈਸ ਦਾ ਰਿਵਾਜ ਸੀ । ਤੁਰਕਾਂ ਦਾ ਸੂਰਜ ਡੁੱਬ ਰਿਹਾ ਸੀ , ਸਿੱਖਾਂ ਦਾ ਸੂਰਜ ਚੜ੍ਹ ਰਿਹਾ ਸੀ । ਸਿੱਖ ਬਾਰਾਂ ਮਿਸਾਲਾਂ ਵਿਚ ਵੰਡੇ ਹੋਏ ਸਨ । ਰਾਮਗੜੀਆ ਸਰਦਾਰ ਬਟਾਲੇ ਦੇ ਲਾਗਲੇ ਇਲਾਕੇ ਦਾ ਮੁਖੀ ਸੀ । ਪਰ ਆਹਲੂਵਾਲੀਆ ਤੇ ਸ਼ੁਕਰਚਕੀਏ ਦਾ ਧਕਿਆ ਧਕਾਇਆ ਇਥੇ ਮੱਲਾਂ ਮਾਰੀ ਬੈਠਾ ਸੀ । 1778 ਵਿਚ ਏਥੇ ਕਾਫੀ ਇਲਾਕੇ ਦਾ ਮਾਲਕ ਬਣ ਗਿਆ ਸੀ । ਬੜਾ ਅਮਨ ਅਮਾਨ ਕਾਇਮ ਕੀਤਾ 1785 ਵਿਚ ਕਨ੍ਹਈਆ ਤੇ ਸ਼ੁਕਰਚੱਕ ਦੀ ਮਿਸਲ ਵਿਚ ਝਗੜਾ ਹੋ ਗਿਆ । ਸ਼ੁਕਰਚੱਕ ਦੇ ਮਹਾਂ ਸਿੰਘ ਨੇ ਰਾਮਗੜ੍ਹੀਏ ਸਰਦਾਰ ਨੂੰ ਕੇਂਦਰੀ ਪੰਜਾਬ ‘ ਚ ਆਉਣ ਦਾ ਸੱਦਾ ਭੇਜਿਆ ਕਿ ਜੇ ਉਹ ਕਨਈਆ ਮਿਸਲ ਨੂੰ ਹਰਾਉਣ ਵਿਚ ਉਸ ਦੀ ਸਹਾਇਤਾ ਕਰੇ ਤਾਂ ਉਸ ਦਾ ਪੁਰਾਣਾ ਬਟਾਲੇ ਦਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ