ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਚੌਦਵਾਂ ਭਾਗ ਪੜੋ ਜੀ । ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਇਸਲਾਮੀ ਸ਼ਰਾ ਕੇ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ ਇਸ ਲਈ ਚੰਗੇਜ ਖਾ ਜੋ ਕਿਸੇ ਧਰਮ ਨੂੰ ਨਹੀਂ ਸੀ ਮੰਨਦਾ, ਦੇ ਬਣਾਏ ਕਾਨੂੰਨ ਦੇ ਮੁਤਾਬਿਕ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਮੁਗਲ ਰਾਜ ਵਿਚ ਪਹਿਲੀ ਵਾਰੀ ਗੈਰ-ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ। ਜਹਾਂਗੀਰ ਖੁਦ ਤੇ ਲਾਹੌਰ ਰੁਕਿਆ ਨਹੀਂ। ਗੁਰੂ ਸਾਹਿਬ ਨੂੰ ਆਪਣੇ ਅਹਿਲਕਾਰਾਂ ਦੇ ਹਵਾਲੇ ਜਿਸ ਵਿਚ ਚੁੰਦੂ ਵੀ ਸੀ, ਕਰਕੇ ਤੁਰਦਾ ਬਣਿਆ। ਚੰਦੂ ਨੇ ਜੁਰਮਾਨਾ ਭਰਕੇ ਯਾ ਹੋ ਸਕਦਾ ਹੈ ਬਾਕੀ ਅਹਿਲਕਾਰਾਂ ਨੂੰ ਲਾਲਚ ਦੇ ਕੇ ਗੁਰੂ ਸਾਹਿਬ ਨੂੰ ਆਪਣੀ ਨਿਗਰਾਨੀ ਹੇਠ ਲੈ ਆਇਆ , ਰਜਕੇ ਦੁਸ਼ਮਨੀ ਕਢੀ। ਪੰਜ ਦਿਨ ਉਹ ਤਸੀਹੇ ਦਿੱਤੇ ਜੋ ਕਲਮ ਬਿਆਨ ਨਹੀਂ ਕਰ ਸਕਦੀ।
ਜੇਠ, ਹਾੜ ਦੀ ਤਪਦੀ ਗਰਮੀ, ਉਪਰੋਂ ਤਤੀ ਤਵੀ ਤੇ ਬਿਠਾਕੇ ਸੀਸ ਤੇ ਤਪਦਾ ਰੇਤਾ ਪੁਆਇਆ , ਦੇਗਾ ਵਿਚ ਉਬਾਲਿਆ ਗਿਆ। ਮੌਸਮ ਤੱਤਾ, ਅੱਗ ਤੱਤੀ, ਰੇਤ-ਪਾਣੀ ਤਤਾ , ਚੰਦੂ-ਜਹਾਂਗੀਰ-ਜਮੀਨ-ਆਸਮਾਨ ਸਭ ਤਤੇ ਪਰ, ਠੰਢੇ ਸੀ ਤਾਂ ਸਿਰਫ ਪੰਚਮ ਪਾਤਸ਼ਾਹ-ਇਤਨੇ ਜੁਲਮ ਸਹਿਕੇ ਅਕਾਲ ਪੁਰਖ ਦਾ ਸ਼ੁਕਰ ਮਨਾ ਰਹੇ ਸੀ । ਜਦੋਂ ਮੀਆ ਮੀਰ ਨੇ ਸੁਣਿਆ, ਭਜਾ ਆਇਆ। ਗੈਰ ਇਨਸਾਨੀ-ਬੇਰਹਿਮਾਨਾ ਤੇ ਜਾਲਮਾਨਾ ਤਸੀਹੇ ਵੇਖਕੇ ਮੀਆ ਮੀਰ ਵਰਗੇ ਪੁਜੇ ਫਕੀਰ ਵੀ ਤਿਲਮਿਲਾ ਉਠੇ। ਬਰਦਾਸਤ ਨਹੀਂ ਹੋਇਆ। ਅਖਾਂ ਬੰਦ ਕਰ ਲਈਆਂ, ਹੰਝੂ ਨਿਕਲ ਆਏ। ਗੁਰੂ ਸਾਹਿਬ ਨੇ ਹਸਕੇ ਕਿਹਾ ,ਅਖਾ ਖੋਲਕੇ ਵੇਖ ਤੇਰੇ ਸ਼ਹਿਰ ਦੇ ਲੋਕ ਸਾਡਾ ਕਿਤਨਾ ਸਤਕਾਰ ਕਰ ਰਹੇ ਹਨ”। ਸਾਈ ਜੀ ਕਹਿੰਦੇ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਤੇ ਲਾਹੌਰ ਵਿਚ ਤਬਾਹੀ ਲਿਆ ਦਿਆਂ। ਗੁਰੂ ਸਾਹਿਬ ਨੇ ਮੀਆਂ ਮੀਰ ਨੂੰ ਸ਼ਾਂਤ ਕੀਤਾ। ਤਤੀਆਂ ਲੋਹਾਂ ਤੇ ਬੈਠਕੇ ਉਸਨੂੰ ਰਬ ਦੇ ਭਾਣੇ ਨੂੰ ਮਿਠਾ ਕਰਕੇ ਮੰਨਣ ਦੀ ਹਿਦਾਇਤ ਦਿਤੀ ।
ਤੇਰਾ ਕੀਆ ਮੀਠਾ ਲਾਗੇ।
ਹਰਿ ਨਾਮ ਪਦਾਰਥ ਨਾਨਕ ਮਾਗੇ ।
ਖਲਕਤ ਰੋ ਰਹੀ ਸੀ, ਹਸ ਰਿਹਾ ਸੀ ਸਿਰਫ ਚੰਦੂ ਸੈਤਾਨ ਦੀ ਹਸੀ। ਅਗਲੇ ਦਿਨ ਰਾਵੀ ਦਰਿਆ ਦੇ ਕੰਢੇ ਤੇ ਲੈ ਗਏ। ਠੁਡਾ ਲਗਾ, ਪੈਰਾਂ ਚ ਖੂਨ ਦੀ ਧਾਰ ਵਹਿ ਨਿਕਲੀ। ਯਾਸਾ ਦੇ ਅਨੁਸਾਰ ਜੇਕਰ ਕਿਸੇ ਧਰਮੀ ਦਾ ਖੂਨ ਜਮੀਨ ਤੇ ਡੁਲ ਜਾਏ ਤਾਂ ਉਸ ਧਰਤੀ ਤੇ ਅਨੇਕ ਧਰਮੀ ਰੁਹਾਂ ਐਸੀਆਂ ਪੈਦਾ ਹੁੰਦੀਆਂ ਹਨ ਜੋ ਜਬਰ ਤੇ ਜੁਲਮ ਨਾਲ ਟਕਰ ਲੈ ਸਕਣ। ਇਸ ਕਰਕੇ ਬਿਨਾਂ ਦੇਰੀ ਕਰੇ ਫਟਾਫਟ ਬੰਨ ਕੇ ਦਰਿਆ ਵਿਚ ਰੋੜ ਦਿੱਤਾ। ਰਾਵੀ ਵਿਚ ਹੀ ਸਮਾ ਗਏ। ਜੋਤ ਨਾਲ ਜੋਤ ਰਲ ਗਈ। “ਸੰਪੂਰਨ ਥੀਆ ਰਾਮਿ”। ਇਹ ਸੀ ਇਕ ਲਾਸਾਨੀ ਕੁਰਬਾਨੀ, ਜਿਸ ਨੂੰ ਵੇਖਕੇ ਖੁਦ ਵੀ ਕੁਰਬਾਨੀ ਦਾ ਕੁਰਬਾਨ ਹੋਣ ਦਾ ਚਿਤ ਕਰਦਾ ਹੈ। ਇਹੋ ਜਹੀ ਸ਼ਾਂਤ, ਅਡੋਲ ਤੇ ਨਿਰਭਊ ਸ਼ਹੀਦੀ ਜਿਸ ਲਈ ਕਿਸੀ ਮੁਸਲਮਾਨ ਸ਼ਾਇਰ ਨੇ ਲਿਖਿਆ ਹੈ ।
ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਦੀ ਹਯਾਤ ਹੈ।
ਹਯਾਤ ਭੀ ਹਯਾਤ ਹੈ ਔਰ ਮੌਤ ਭੀ ਹਯਾਤ ਹੈ।
ਗੁਰੂ ਅਰਜਨ ਦੇਵ ਦੇ ਪਾਵਨ ਖੂਨ ਦੀਆਂ ਬੂੰਦਾਂ ਜੋ ਲਾਹੌਰ ਦੇ ਰੇਤਲੇ ਥਲਾਂ ਵਿਚ ਰਾਵੀ ਦੇ ਕੰਢੇ ਤੇ ਡਿਗੀਆਂ ਸਨ। ਸਿੱਖੀ ਦਾ ਸਿਰੜੀ ਬੂਟਾ ਉਸ ਦੀ ਉਪਜ ਹੈ ਜਿਸਨੇ ਸਦੀਆਂ ਤੋਂ ਨਿਆਸਰਿਆਂ ਦਾ ਆਸਰਾ, ਨਿਥਾਵਿਆਂ ਦੀ ਥਾਂ , ਨਿਪਤਿਆਂ ਦੀ ਪਤ ਰਖਣ ਲਈ ਸਿੱਖਾਂ ਨੂੰ ਬਲਦੀ ਅੱਗ ਵਿਚ ਕੁਦਣ ਦੀ ਜਾਚ ਦਸੀ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਚੌਦਵਾਂ