ਮੁਹੰਮਦ ਲਤੀਫ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਧਾਰਮਿਕ ਗੱਦੀ ਤੇ ਬੇਠੇ ਰੂਹਾਨੀ ਰਹਿਬਰ , ਤਖ਼ਤ ਤੇ ਬੇਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੈਦਾਨੇ ਜੰਗ ਵਿਚ ਮਹਾਂ ਯੋਧਾ ਤੇ ਸੰਗਤ ਵਿਚ ਬੈਠੇ ਫ਼ਕੀਰ ਲਗਦੇ ਸਨ“। ਚਾਹੇ ਉਹਨਾਂ ਨੇ ਸ਼ਾਹੀ ਠਾਠ ਬਾਟ ਵੀ ਰਖੇ, ਪਰ ਦਿਲੋ–ਦਿਮਾਗ ਤੋਂ ਓਹ ਹਮੇਸ਼ਾਂ ਫਕੀਰ ਹੀ ਰਹੇ, ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰਵੇਸ਼ ਕਿਹਾ ਜਾਂਦਾ ਹੈ। ਉਹਨਾ ਨੇ ਇਨਸਾਨੀਅਤ ਦੇ ਹਰ ਪਖ ਨੂੰ ਇਸ ਢੰਗ ਨਾਲ ਸਵਾਰਿਆ, ਸਜਾਇਆ ਤੇ ਵਿਕਸਿਤ ਕੀਤਾ ਕੀ ਦੇਖਣ ਸੁਣਨ ਤੇ ਪੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਉਹਨਾਂ ਦਾ ਉਚਾ ਲੰਬਾ ਕਦ , ਨੂਰਾਨੀ ਚੇਹਰਾ, ਅਖਾਂ ਵਿਚ ਅਜਿਹੀ ਚਮਕ ਸੀ ਕੀ ਲੋਕਾਂ ਦੀਆਂ ਅਖਾਂ ਚੁੰਧਿਆ ਜਾਂਦੀਆਂ ਸਨ । ਕਮਾਲ ਦੇ ਘੋੜ ਸਵਾਰ ,ਖੁਲੀ ਕੁਦਰਤ ਦੇ ਸ਼ੋਕੀਨ, ਦਰ੍ਬਾਰ ਵਿਚ ਆਓਂਦੇ ਤਾ ਕੀਮਤੀ ਲਿਬਾਸ ,ਅਸਤਰ ਸ਼ਸ਼ਤਰ ਸਜਾਕੇ ; ਬਾਦਸ਼ਾਹਾਂ ਵਾਂਗ ਕਲਗੀ ਲਗਾਕੇ , ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇਜ ਤਰਾਰ ਘੋੜੇ ਦੀ ਸਵਾਰੀ ਕਰਦੇ, ਖਬੇ ਹਥ ਵਿਚ ਬਾਜ਼ ਤੇ ਉਸਦੀਆਂ ਡੋਰਾਂ ਹੁੰਦੀਆ ਤੇ ਨਾਲ ਘੋੜ ਸਵਾਰ ਸਿੰਘ । ਓਹ ਇਕ ਮਹਾਨ ਜਰਨੈਲ , ਉਚ ਕੋਟੀ ਦੇ ਵਿਦਵਾਨ , ਅਜ਼ੀਮ ਸਹਿਤਕਾਰ , ਗੁਰਬਾਣੀ ਸੰਗੀਤ ਦੇ ਰਸੀਏ , ਸਰਬੰਸਦਾਨੀ . ਅਮ੍ਰਿਤ ਦੇ ਦਾਤੇ , ਭਗਤੀ ਤੇ ਸ਼ਕਤੀ ਦੇ ਮੁਜਸਮੇ , ਮਰਦ –ਏ– ਮੈਦਾਨ , ਸ਼ਸ਼ਤਰ ਤੇ ਸ਼ਾਸ਼ਤਰ ਦੇ ਧਨੀ , ਸੰਤ –ਸਿਪਾਹੀ , ਸਹਿਬ –ਏ –ਕਮਾਲ , ਮਰਦ –ਅਗੰਮੜੇ, ਦੁਸ਼ਟ– ਦਮਨ , ਸਾਹਸ, ਸਿਦਕ ,ਸਬਰ , ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ,ਆਦਰਸ਼ਕ ਗ੍ਰਿਹ੍ਸਤੀ , ਚੰਗੇ ਪੁਤਰ , ਪਿਆਰੇ ਪਿਤਾ ਤੇ ਨੇਕ ਪਤੀ ,ਇਸ ਤੋਂ ਵਧ ਮੇਰੇ ਲਫਜ਼ ਖਤਮ ਹੋ ਜਾਂਦੇ ਹਨ , ਕਲਮ ਜਵਾਬ ਦੇ ਗਈ ਹੈ । ਬਸ ਇਹ ਹੀ ਕਹਿ ਸਕਦੀ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ ।।
ਉਹ ਇਕ ਨਿਡਰ ਬਹਾਦਰ , ਨਾ ਡਰਨਾ ਨਾ ਡਰਾਨਾ, ਦੀ ਸੋਚ ਰਖਦੇ ਸੀ ,ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹੁਕਮਰਾਨ, ਜੁਲਮ ਤੇ ਜਬਰ ਨਾਲ ਸਮਝੋਤਾ ਕਰਨ ਦੇ ਉਹ ਹਰਗਿਜ਼ ਕਾਇਲ ਨਹੀ ਸੀ ।
ਸੂਫ਼ੀ ਕਿਬਰਿਆ ਖਾਨ ਨੇ ਆਪਣੇ ਅੰਦਾਜ਼ ਵਿਚ ਲਿਖਿਆ ਹੈ :
ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂਨੇ ਪਰਉਪਕਾਰ ਕੀਏ
ਇਕ ਖਾਲਸ ਖਾਲਸਾ ਪੰਥ ਸਜਾ , ਜਾਤੋ ਕੇ ਭੇਦ ਨਿਕਾਲ ਦੀਏ
ਉਸ ਮੁਲਕ–ਏ –ਵਤਨ ਕੀ ਖਿਦਮਤ ਮੈ , ਕਹੀ ਬਾਪ ਦੀਆ ਕਹੀ ਲਾਲ ਦੀਏ ।।
ਜੇਕਰ ਉਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇਕ ਜਗਹ ਤੇ ਦੇਖਣੀਆਂ ਹੋਣ ਤਾਂ ਓਹ ਹੈ ਗੰਜਨਾਮਾ ਜਿਸ ਵਿਚ ਭਾਈ ਨੰਦ ਲਾਲ, ਜੋ ਉਨਾਂ ਦੇ 52 ਕਵੀਆਂ ਵਿਚੋ ਇਕ ਸੀ ,ਦੇ ਸ਼ੇਅਰ ਹਨ , ਜਿਸ ਵਿਚ ਓਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੋਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਅੰਧੇਰਾ ਨੂੰ ਦੂਰ ਕਰਨ ਵਾਲੀ ਹੈ । ਉਨਾ ਦੀਆਂ 200 ਤੋਂ ਵਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋਕੇ ਕਿਹਾ ,’ਬਸ ਇਹੋ ਕਹਿ ਸਕਦਾਂ ਹਾਂ ਕੀ ਤੇਰੇ ਚਰਨਾ ਤੇ ਸਿਰ ਰਖਾਂ ਤੇ ਮੇਰੀ ਜਾਨ ਨਿਕਲ ਜਾਏ। ਓਹ ਗੁਰੂ ਸਾਹਿਬ ਦੀ ਇਕ ਇਕ ਸਿਫਤ ਦਾ ਇਤਨਾ ਦੀਵਾਨਾ ਸੀ ਕਿ ਉਹਨਾ ਤੋ ਬਿਨਾ ਕੁਝ ਹੋਰ ਉਸ ਨੂੰ ਦਿਖਦਾ ਜਾ ਸੁਝਦਾ ਹੀ ਨਹੀਂ ਸੀ।
ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਹ ਫ਼ਾਰਸੀ ਦਾ ਬਹੁਤ ਵਡਾ ਵਿਦਵਾਨ ਸੀ। ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਇਕ ਵਾਰੀ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕੀ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ । ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ । ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ–ਏ–ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ । ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ । ਉਸਨੇ ਨੰਦ ਲਾਲ ਨੂੰ ਦਸਿਆ । ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਨੋ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ । ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ।
ਗੁਰੂ ਸਾਹਿਬ ਇਸਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ । ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿਤਾ । ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲਗੀ । ਬੜਾ ਹੈਰਾਨ ਹੋਕੇ ਸੋਚਣ ਲਗਾ ਕੀ ਇਹਨਾ ਨੂੰ ਤਾਂ ਮੈਨੂੰ ਕਵਿਤਾਂ ਜਾ ਕੁਝ ਲਿਖਿਆ ਸੁਣਾਣ ਵਾਸਤੇ ਕਹਿਣਾ ਚਾਹੀਦਾ ਸੀ , ਭਾਂਡੇ ਮਾਜਣ ਤੇ ਲਗਾ ਦਿਤਾ ਹੈ । ਖੈਰ ਹੁਕਮ ਤਾਂ ਮੰਨਨਾ ਹੀ ਪੈਣਾ ਸੀ । ਖੈਰ ਭਾਡੇ ਮਾਂਜਦਿਆਂ ਮਾਂਜਦਿਆਂ ਮਨ ਦਾ ਹੰਕਾਰ ਵੀ ਹੋਲੀ ਹੋਲੀ ਸਾਫ਼ ਹੁੰਦਾ ਗਿਆ । ਕੁਝ ਚਿਰ ਮਗਰੋ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿਤਾ ਗਿਆ।
ਇਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਦਾ ਸੋਚਿਆ , ਭੇਸ ਬਦਲ ਕੇ ਸਭ ਦੇ ਲੰਗਰ–ਖਾਨਿਆ ਵਿਚ ਗਏ ਤੇ ਕਿਹਾ ,” ਮੈਂ ਦੋ ਦਿਨ ਦਾ ਭੁਖਾ ਹਾਂ ਬੜੀ ਦੂਰੋਂ ਚਲ ਕੇ ਆਇਆ ਹਾਂ ਭੁਖ ਲਗੀ ਹੈ ਕੁਝ ਖਾਣ ਨੂੰ ਦੇ ਦਿਓ ” । ਲੰਗਰ ਦਾ ਵਕਤ ਨਹੀਂ ਸੀ ,ਹਰ ਇਕ ਮੁਖੀਏ ਨੇ ਕਹਿ ਦਿਤਾ ਕੀ ਅਜੇ ਲੰਗਰ ਦਾ ਵਕਤ ਨਹੀਂ ਹੋਇਆ , ਲੰਗਰ ਤਿਆਰ ਨਹੀਂ ਹੈ , ਕੁਝ ਚਿਰ ਬਾਅਦ ਵਿਚ ਆਣਾ । ਫਿਰ ਭਾਈ ਨੰਦ ਲਾਲ ਦੇ ਲੰਗਰ ਵਿਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚਲ ਕੇ ਆਇਆ ਹਾਂ ਥਕਿਆ ਹੋਇਆਂ ਹਾਂ ਦੋ ਦਿਨ ਤੋਂ ਕੁਝ ਖਾਧਾ ਨਹੀ, ਕੁਝ ਖਾਣ ਨੂੰ ਹੈ ਤਾਂ ਦੇ ਦਿਉ । ਨੰਦ ਲਾਲ ਬੜੇ ਪਿਆਰ ਸਤਕਾਰ ਨਾਲ ਉਨਾ ਨੂੰ ਮੰਜੇ ਤੇ ਬਿਠਾਇਆ , ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਨਾ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ , ਜੋ ਵੀ ਜਲਦੀ ਜਲਦੀ ਬਣ ਸਕਦਾ ਹੈ ਲੈਕੇ ਆਂਦਾ ਹਾਂ । ਜੋ ਕੁਝ ਬਣਿਆ ਲੈਕੇ ਆਏ ਬੜੇ ਪਿਆਰ ਸਤਕਾਰ ਨਾਲ ਖੁਆਇਆ । ਗੁਰੂ ਸਾਹਿਬ ਨੇ ਆਪਣੀ ਚੇਹਰੇ ਤੋ ਚਾਦਰ ਲਾਹੀ ਤੇ ਕਹਿਣ ਲਗੇ ” ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ “। ਤਾਂ ਨੰਦ ਲਾਲ ਨੇ ਕੀ ਮੰਗਿਆ ,”ਬਸ ਆਪਣੇ ਚਰਨਾ ਵਿਚ ਥਾਂ ਦੇ ਦਿਉ ਇਸਤੋ ਵਧ ਮੈਨੂੰ ਕੁਝ ਨਹੀਂ ਚਾਹਿਦਾ “।
ਇਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ । ਰਸਤੇ ਵਿਚੋਂ ਉਹਨਾ ਨੇ ਇਕ ਪਥਰ ਚੁਕਿਆ , ਨਦੀ ਵਿਚ ਸੁਟਿਆ ਤੇ ਸਿਖਾਂ ਤੋਂ ਪੁਛਣ ਲਗੇ ਕੀ ਇਹ ਪਥਰ ਕਿਓਂ ਡੁਬਿਆ ਹੈ ? ਸਿਖਾਂ ਨੇ ਕਿਹਾ ਕੀ ਪਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿਚ ਡੁਬ ਗਿਆ ਹੈ, ਥੋੜੀ ਦੂਰ ਜਾਕੇ ਫਿਰ ਇਕ ਹੋਰ ਪਥਰ ਚੁਕਿਆ , ਨਦੀ ਵਿਚ ਸੁਟਿਆ , ਫਿਰ ਓਹੀ ਸਵਾਲ , ਤੀਸਰੀ ਵਾਰੀ ਫਿਰ ਪਥਰ ਸੁਟ ਕੇ ਓਹੀ ਸਵਾਲ ਪਥਰ ਡੁਬਿਆ ਕਿਓਂ ਹੈ । ਬਾਰ ਬਾਰ ਇਕੋ ਸਵਾਲ ਤੇ ਇਕ ਸਿਖ ਨੇ ਥੋੜੇ ਖਿਝ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ , ਪਥਰ ਚੁਕਦੇ ਹੋ , ਸੁਟਦੇ ਹੋ ਤੇ ਮੁੜ ਮੁੜ ਕੇ ਉਹੀ ਸਵਾਲ ਕਰਦੇ ਹੋ । ਤੁਹਾਨੂੰ ਵੀ ਪਤਾ ਹੈ ਕੀ ਪਥਰ ਭਾਰੀ ਹੈ ਇਸ ਲਈ ਡੁਬ ਗਿਆ ਹੈ ।ਚੋਥੀ ਵਾਰ ਫਿਰ ਪਥਰ ਨਦੀ ਵਿਚ ਸੁਟਿਆ ਤੇ ਸਵਾਲ ਕੀਤਾ ਨੰਦ ਲਾਲ ਪਥਰ ਡੁਬਿਆ ਕਿਓਂ ਹੈ ? ਇਸ ਵਾਰੀ ਸਿਖਾਂ ਨੂੰ ਨਹੀ ਨੰਦ ਲਾਲ ਤੋਂ ਪੁਛਦੇ ਹਨ ਨੰਦ ਲਾਲ ਚੁਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁਛ ਰਿਹਾਂ ਹਾਂ ਪਥਰ ਡੁਬਿਆ ਕਿਓਂ ਹੈ । ਨੰਦ ਲਾਲ ਦੇ ਅਖਾਂ ਵਿਚ ਹੰਜੂ ਸੀ ,ਕਹਿਣ ਲਗਾ ,” ਪਾਤਸ਼ਾਹ , ਨਾ ਮੈਂ ਪਾਣੀ ਦੇਖਿਆ .ਨਾ ਪਥਰ ,ਮੈਨੂੰ ਤਾ ਬਸ ਇਤਨਾ ਪਤਾ ਹੈ ਕੀ ਜੋ ਤੇਰੇ ਹਥੋਂ ਛੁਟ ਗਿਆ ਓਹ ਡੁਬ ਗਿਆ।
ਇਤਨੀ ਸ਼ਰਧਾ ਤੇ ਪਿਆਰ ਸੀ ਉਸਦਾ ਗੁਰੂ ਸਹਿਬ ਨਾਲ । ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸਦਾ ਜਵਾਬ ਸੀ , ਮੈਂ ਕੀ ਮੰਗਾ ? ਤੁਹਾਡੇ ਚੇਹਰੇ ਵਿਚੋਂ ਮੈਨੂ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿਚੋ ਲੋਕ ਪ੍ਰਲੋਕ ਦੇ । ਇਸਤੋਂ ਵਧ ਮੈਨੂ ਕੀ ਚਾਹਿਦਾ ਹੈ ? ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇਕ ਬੜੀ ਖੂਬਸੂਰਤ ਗਲ ਕਹੀ ਕੀ ਬਸ ਮੇਰੀ ਇਕ ਮੰਗ ਹੈ ਕੀ ਜਦੋ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਹ ਤੁਹਾਡੇ ਚਰਨਾਂ ਤੋ ਸਿਵਾ ਕਿਸੀ ਹੋਰ ਦੇ ਪੈਰਾਂ ਨੂੰ ਨਾ ਲਗੇ । ਇਸਤੋਂ ਬਾਦ ਉਹ ਗੁਰੂ ਤੋ ਕਦੇ ਵਿਛੜਿਆ ਨਹੀ ਤਦ ਤਕ ਜਦ ਤਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ । ਵਿਛੜਨ ਵੇਲੇ ਨੰਦ ਲਾਲ ਦੇ ਅਖਾਂ ਵਿਚ ਅਥਰੂ ਸਨ , ਕਹਿਣ ਲਗਾ ਕੀ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅਮ੍ਰਿਤ ਬਾਟੇ ਦੀ ਪਾਹੁਲ ਲੇਕੇ ਸਿੰਘ ਸਜਾਂ , ਹੋਰ ਕੁਝ ਨਹੀ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋਕੇ ਪਹਿਰਾ ਦਿਆਂ , ਤਾਂ ਗੁਰੂ ਸਾਹਿਬ ਨੇ ਉਸਦੇ ਹਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ ” ਇਹ ਸੂਰੇ ਦੀ ਤਲਵਾਰ ਵਾਗ ਚਲੇ । ਤੇਗ ਵਾਲੀਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ। ਇਕ ਸਿਪਾਹੀ ਦੀਆਂ ਬਾਹਾਂ ਨਾਲੋ ਵਧ ਤਾਕਤ ਇਸ ਕਲਮ ਵਿਚ ਹੈ, ਇਹੀ ਨੇਕੀ, ਧਰਮ,ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ,ਇਹੀ ਤੁਹਾਡੇ ਵਾਸਤੇ ਹੁਕਮ ਹੈ “। ਗੁਰੂ ਸਾਹਿਬ ਵਲੋਂ ਉਸ ਨੂੰ ਮੁਲਤਾਨ ਵਾਪਸ ਜਾਂ ਦੀ ਆਗਿਆ ਹੋਈ । ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ
ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ
ਜੁਮਲਾ ਫੈਜ਼ੀਨੂਰ ਗੁਰੂ ਗੋਬਿੰਦ ਸਿੰਘ
ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ
ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ
ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ
ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ
ਪੈਗੰਬਰ
ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ । ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ੍ਬਾ ਉਚਾ ਤੇ ਸੁਚਾ ਜੀਵਨ ਕਿਸੇ ਪੈਗੰਬਰ ਨਾਲੋਂ ਘਟ ਨਹੀ ਸੀ। ਜਿਥੇ ਉਨਾਂ ਵਿਚ ਸੰਤਾ ਵਾਲੇ ਗੁਣ ਸਨ ਉਥੇ ਓਹ ਇਕ ਸਮਾਜ ਸੁਧਾਰਕ ਕੋਮੀ ਉਸਰਈਏ ਅਤੇ ਮਹਾਨ ਫੌਜੀ ਜਰਨੈਲ ਵੀ ਸਨ , ਨਿਡਰ ਤੇ ਲੋਭ ਲਾਲਚ ਤੋ ਕਿਤੇ ਉਪਰ । ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ,ਜਰ ਜੋਰੁ ਜਾਂ ਜਮੀਨ ਲਈ ਨਹੀ ,ਨਾ ਕਿਸੇ ਨੂੰ ਦੁਖ ਪਹੁੰਚਾਣ ਲਈ ,ਸਗੋ ਗਰੀਬਾਂ ਤੇ ਮਜ੍ਲੂਮਾ ਦੀ ਰਖਿਆ ਕਰਨ ਤੇ ਜੋਰ ਜਬਰ ਦਾ ਟਾਕਰਾ ਕਰਨ ਲਈ । ਓਹਨਾਂ ਨੇ ਨਾ ਕਿਸੇ ਦੀ ਦੋਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ , ਨਾ ਕਿਸੀ ਦੀ ਬਹੂ ਬੇਟੀ ਨੂੰ ਬੇਆਬਰੂ ਕੀਤਾ ਨਾ ਕਰਵਾਇਆ,ਨਾ ਕਿਸੇ ਨੂੰ ਕੈਦ ਕੀਤਾ , ਨਾ ਅੰਗ ਵਡੇ , ਨਾ ਸੂਲੀ ਤੇ ਚਾੜਿਆ , ਓਹ ਲੜੇ ਤੇ ਸਿਰਫ ਅਸੂਲਾਂ ਵਾਸਤੇ, ਹਕ ਤੇ ਸਚ ਦੀ ਰਾਖੀ ਕਰਨ ਵਾਸਤੇ ਓਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫ਼ੇਲ ਹੋ ਚੁਕੇ ਸਨ ।
ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ । 9 ਸਾਲ ਦੀ ਉਮਰ ਵਿਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਕਾਰ । ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ , ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ ਦਿਤੀ । ਉਹਨਾਂ ਦਾ ਹੋਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਵਿਚ ਰਹਿਕੇ ਰਬ ਦਾ ਸ਼ੁਕਰ ਮਨਾਉਂਦੇ ਰਹੇ । ਚਮਕੋਰ ਦੀ ਜੰਗ ਵਿਚ ਆਪਣੇ ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ ਇਕ ਹੰਜੂ ਕੇਰਾ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ , ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ ਗਏ, ਸੀ ਨਹੀ ਕੀਤੀ , ਸਿਤਮ ਜਫਾ ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ । ਪੁਤਰ ਵੀ ਜਿਹਨਾਂ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ–ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ ਇਤਿਹਾਸ ਨਾਲੋਂ ਵਖਰੀ ਹੈ।
ਜਿਤਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ । ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁਤਰ ਤੇ ਸ਼ਹੀਦ ਪੁਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੋਮ ਲਈ ਕੁਰਬਾਨੀਆਂ ਕਰਦੇ ਬੀਤਿਆ ਖਾਸ ਕਰਕੇ ਪੋਹ ਦੇ ਓਹ 7 ਦਿਨ ਜਿਨਾਂ ਨੂੰ ਸੁਣਕੇ ਹ਼ਰ ਇਕ ਦੇ ਰੋੰਗਟੇ ਖੜੇ ਹੋ ਜਾਂਦੇ , ਦਿਲ ਕੰਬ ਉਠਦਾ । ਚਾਰ ਪੁਤਰ ਤਿੰਨ ਪਿਆਰੇ ਤੇ 500 ਤੋ ਵਧ ਸੰਤ ਸਿਪਾਹੀ ਜੋ ਉਨਾਂ ਨੂੰ ਪੁਤਰਾਂ ਤੋਂ ਵਧ ਪਿਆਰੇ ਸੀ, ਸ਼ਹੀਦ ਹੋਏ ।
ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਹਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ । ਇਸ ਧਰਮ ਯੁਧ ਵਿਚ ਅਨੇਕਾਂ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੇ ਸਾਂਝਾ ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ । ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਨ ਜਿਹਨਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ ਤੇ ਪਹੁੰਚਾਇਆ ਜਿਥੇ ਉਹਨਾਂ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ । ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ ਤਸਲੀ ਕਰਵਾਈ ,” ਇਹ ਉਚ੍ ਦੇ ਪੀਰਾਂ ਦੇ ਪੀਰ ਹਨ । ਅੱਲਾ ਦੇ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ” । ਇਹ ਸੀ ਇਹਨਾਂ ਦਾ ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ ।
ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ ਨੂੰ ਸਰਹੱਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ ਮਲ ਵਰਗੇ ਨੇਕ ਦਿਲ ਇਨਸਾਨ ਜਿਹਨਾਂ ਨੇ ਕੈਦਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ । ਦੀਨਾ ਪਿੰਡ ਦੇ ਚੋਧਰੀ ਲਖਮੀਰਾ ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਹਨਾਂ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਹਰਗਿਜ਼ ਨਹੀ ਕਰਾਂਗੇ । ਇਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ।
ਜਦ ਸਿੰਘਾ ਨੇ ਭਾਈ ਘਨਈਆ ਦੀ ਸ਼ਕਾਇਤ ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨੱਈਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ ਪਾਣੀ ਪਿਲਾਣ ਦੇ ਨਾਲ ਨਾਲ ਮਰਮ–ਪਟੀ ਕਰਨ ਦੀ ਵੀ ਹਿਦਾਅਤ ਦਿਤੀ । ਉਹਨਾਂ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ । ਉਹ ਤਾ ਸਭ ਦਾ ਭਲਾ ਮੰਗਦੇ ਰਹੇ । ਉਹਨਾ ਦੀ ਟਕਰ ਜ਼ੁਲਮ ਨਾਲ ਸੀ ਕਿਸੇ ਇਨਸਾਨ ਨਾਲ ਨਹੀਂ ।
ਗੁਰੂ ਸਾਹਿਬ ਦੀ ਕਮਾਨ ਦੀ ਡੋਰੀ ਖਿੱਚਣ ਦੀ ਤਾਕਤ 496 ਪੋਂਡ ਮਤਲਬ ੨੩੫ ਕਿਲੋ ਦਾ ਹੁੰਦੀ ਸੀ । ਹਰ ਤੀਰ ਨਾਲ ।/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ–ਦਫਨ ਦਾ ਇੰਤਜ਼ਾਮ ਹੋ ਸਕੇ । ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੋਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ ਦਰਵੇਸ਼ , ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨਿਆ ਤੋ ਵਖ ਸਨ । ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੇਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ । ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ । ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ ।
ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲਗ ਪਈ , ਪੀਰ ਜੀ ਨੇ ਹੋਸਲਾ ਦਿਤਾ, ਚੁਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦਸਿਆ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “।
ਜਦੋਂ ਗੁਰੂ ਸਾਹਿਬ ਚਮਕੋਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ । ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ , ਆਪਣੇ ਏਲਚੀ ਨੂੰ ਇਸ ਸਨੇਹੇ ਨਾਲ ,ਲੁਧਿਆਣੇ ਇਹਨਾਂ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ‘। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ । ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ । ਰਣਜੀਤ ਨਗਰਾ ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ । ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ । ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ । ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ । ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ । ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ ।
ਪੰਡਤ ਸ਼ਿਵ ਦਾਸ ਨੂੰ ਗੁਰੂ ਸਾਹਿਬ ਵਿੱਚੋਂ ਕ੍ਰਿਸ਼ਨ ਜੀ ਦਿਸਦੇ ਸਨ । ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਹਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ਸੀ ,ਓਹ ਫਕੀਰ ਕਈ ਕਈ ਘੰਟੇ ਪੈਦਲ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ ।
ਉਹਨਾਂ ਨੇ ਸਿਖਾਂ ਨੂੰ ਖਾਲੀ ਜ਼ੁਲਮ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਇਆ ਜਿਥੇ ਉਹਨਾਂ ਨੇ ਸਿਖਾਂ ਲਈ ਸ਼ਸ਼ਤਰ ਪਹਿਨਣੇ ਜਰੂਰੀ ਅੰਗ ਬਣਾਇਆ ਉਥੇ ਨਿਤ ਨੇਮ ਦਾ ਪਾਠ ਕਰਨਾ ਵੀ ਅਵਸ਼ਕ ਕਰ ਦਿਤਾ । ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗਲ ਦੀ ਗਵਾਹੀ ਦਿੰਦਾ ਹੈ ,ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਠ ਉਹਨਾਂ ਆਪਣਾ ਨਿਤਨੇਮ ਨਹੀਂ ਛਡਿਆ। ਉਹਨਾ ਦੀ ਬਾਣੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਹੁਣ ਤਕ ਸਿਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ।
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੈਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ । ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ । ਜੰਗਾਂ ਦੀ ਸ਼ੁਰੂਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ , ਉਹਨਾਂ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ ਆਪਣੇ 700 ਮੁਰੀਦ , ਚਾਰ ਪੁਤਰ, ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ । ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ ਮੁਸਲਮਾਨਾ ਲਈ ਮਸੀਤਾ ਵੀ ਬਣਵਾਈਆਂ । ਬੰਦਾ ਬਹਾਦਰ , ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ ।
ਦਾਨ–ਵੀਰ
ਗੁਰੂ ਗੋਬਿੰਦ ਸਿੰਘ ਤੋਂ ਵਡਾ ਦਾਂਨ–ਵੀਰ ਕੋਣ ਹੋ ਸਕਦਾ , ਜਿਨ੍ਹਾ ਨੇ ਆਪਣਾ ਸਾਰਾ ਪਰਿਵਾਰ ਭੇਟ ਚੜਾ ਦਿਤਾ ਸਿਰਫ ਜਬਰ ਤੇ ਜੁਲਮ ਨੂੰ ਰੋਕਣ ਲਈ ਉਹ ਵੀ ਆਪਣੇ ਤੇ ਨਹੀ ਬਲਿਕ ਦੂਜਿਆਂ ਦੇ ਧਰਮ ਦੀ ਖਾਤਰ , ਮਜਲੂਮਾਂ ਦੀ ਖਾਤਿਰ , ਉਨ੍ਹਾ ਦੀ ਖੁਸ਼ੀ ਤੇ ਸੁਖ ਦੀ ਖਾਤਿਰ ,ਉਨ੍ਹਾ ਦੀ ਗੈਰਤ –ਮੰਦ ਜਿੰਦਗੀ ਦੀ ਖਾਤਿਰ ,ਜਿਸਤੇ ਉਸ ਵਕਤ ਦੀ ਮੁਗਲ ਹਕੂਮਤ ਅੰਤਾ ਦੇ ਜੁਲਮ ਢਾਹ ਰਹੀ ਸੀ ,ਪੂਰੇ ਹਿੰਦੁਸਤਾਨ ਨੂੰ ਦਾਇਰ–ਏ –ਇਸਲਾਮ ਵਿਚ ਲਿਆਉਣ ਲਈ ਜੋਰ ਜਬਰਦਸਤੀ ਦੀ ਹਦ ਤਕ ਪਹੁੰਚ ਚੁਕੀ ਸੀ 19 ਸਾਲ ਦੀ ਉਮਰ ਵਿਚ ਹਿੰਦੂਆਂ ਦੀ ਧੋਤੀ, ਬੋਦੀ ਤੇ ਜੰਜੂ ਦੀ ਰਖਿਆ ਲਈ ਆਪਣੇ ਪਿਤਾ ਨੂੰ ਸਹੀਦ ਕਰਵਾਇਆ , ਦੋ ਬਚੇ ਆਪਣੀ ਹਥੀਂ ਤਿਆਰ ਕਰਕੇ ਜੰਗ ਵਿਚ ਤੋਰੇ 10 ਲਖ ਦੀ ਫੌਜ਼ ਨਾਲ ਮੁਕਾਬਲਾ ਕਰਨ ਲਈ , ਜਿਸ ਵਿਚ ਉਨ੍ਹਾ ਦੀ ਸਹੀਦੀ ਪਕੀ ਸੀ, ਪਤਾ ਸੀ ਕੀ ਇਨ੍ਹਾ ਨੇ ਮੁੜ ਕੇ ਨਹੀਂ ਆਉਣਾ । ਦੋ ਛੋਟੇ ਸਾਹਿਬਜਾਦਿਆਂ ਨੂੰ ਉਨ੍ਹਾ ਲੀਹਾਂ ਤੇ ਤੋਰਿਆ ਕੀ ਇਤਨੇ ਲਾਲਚਾਂ ਦੇ ਬਾਵਜੂਦ ਵੀ ਓਹ ਧਰਮ ਪਿਛੇ ਕੁਰਬਾਨ ਹੋ ਗਏ ਪਰ ਇਸਲਾਮ ਕਬੂਲ ਨਹੀਂ ਕੀਤਾ । ਮਾਤਾ ਗੁਜਰੀ ਵੀ ਮੁਗਲ ਹਕੂਮਤ ਦੇ ਇਨ੍ਹਾ ਜੁਲਮਾਂ ਦੀ ਭੇਟ ਚੜੇ । ਕੋਈ ਇਹੋ ਜਿਹਾ ਇਤਿਹਾਸ ਵਿਚ ਦਾਂਨ–ਵੀਰ ਪੈਦਾ ਨਹੀਂ ਹੋਇਆ ਹੈ ?
ਮਹਾਨ ਆਗੂ
ਗੁਰੂ ਸਾਹਿਬ ਕਿਸੇ ਇਕ ਕੋਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ । ਓਹਨਾ ਨੇ ਕੋਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ । ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ । ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ ਪਹਨਾ ਛਡੀਆਂ । ਜਦ ਗਾਂਧੀ ਦੀ ਇਹ ਗਲ prof. ਗੰਗਾ ਸਿੰਘ ਤਕ ਪਹੁੰਚੀ ਤਾਂ ਓਹ ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ, ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ । ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ ਇਕ ਪਵਿਤਰ ਗ੍ਰੰਥ ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ ਕਦਰ ਕਰਦਾ ਹਾਂ । ਪਰ ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ ਕੁਝ ਸਮਝ ਤੇ ਗਿਆ ਪਰ ਵਾਦ–ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ । ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਨਹੀਂ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ । ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ । ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ । ਮੈ ਉਹਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ । ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ । ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ । ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ ਮਨ ਦਾ ਕ੍ਰਿਸ਼ਨ ਸੀ । ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ ।
ਗੋਕਲ ਚੰਦ ਨਾਰੰਗ ਲਿਖਦੇ ਹਨ ,’ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿਚ ਹਿੰਦੂ ਨਾਮ ਵਰਗੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉਘੀ ਸ਼ਕਤੀ ਸੀ ਜੋ ਜਾਲਮ ਸ਼ਾਸ਼ਕਾਂ ਨੂੰ ਵੰਗਾਰ ਸਕਦੀ । 1008 ਈ ਵਿਚ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟਕਰ ਲੈ ਸਕੇ, ਅਜਾਦ ਕਰਵਾ ਸਕੇ । ਬੇਸ਼ਕ ਰਾਣਾ ਸਾਂਗਾ, ਹੇਮੂੰ, ਨਾਰਨੋਲ ਦੇ ਸਤਨਾਮੀਆਂ ਜਾ ਮਥੁਰਾ ਦੇ ਗੋਕਲਾਂ ਨੇ ਇਨ੍ਹਾ ਵਾਸਤੇ ਗੰਭੀਰ ਪਰੇਸ਼ਾਨੀਆਂ ਜਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ਵਾਸੀਆਂ ਵਿਚ ਕੋਮੀ ਜਜ੍ਬਾ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕੇ । ਸ਼ਿਵਾ ਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਜਸੀ ਨਿਸ਼ਾਨੇ ਨੂੰ ਮੁਖ ਰਖ ਕੇ ਲੜੀਆਂ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੋਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਨਾਣਾ ਸੀ ਜਿਸ ਲਈ ਉਹਨਾਂ ਨੇ ਅਨੇਕਾਂ ਕੁਬਾਨੀਆ ਦਿਤੀਆ
ਕਾਜ਼ੀ ਨੂਰ ਮਹੰਮਦ ਜੋ ਇਕ ਮੁਤਸਬੀ ਤੇ ਬਦਜੁਬਾਨ ਲਿਖਾਰੀ ਸੀ ਸਿਖਾਂ ਦੀ ਤਰੀਫ ਕਰੇ ਬਿਨਾ ਨਹੀਂ ਰਹਿ ਸਕਿਆ । ਕਹਿੰਦਾ ਹੈ ਸਿਖਾਂ ਵਿਚ ਕੋਈ ਜਨਾਹੀ ਯਾ ਚੋਰ ਨਹੀ । ਔਰਤ ਭਾਵੈਂ ਰਾਣੀ ਹੋਵੇ ਜਾ ਗੋਲੀ , ਬੁਢੀ ਹੋਵੇ ਜਾਂ ਜਵਾਨ, ਸਿਖ ਉਸ ਵਲ ਬਦ–ਨਜਰ ਨਾਲ ਨਹੀਂ ਵੇਖਦਾ । ਜਦੋਂ ਉਸਨੇ ਸ਼ਾਹ ਦੁਰਾਨੀ ਤੇ ਸਿਖਾਂ ਦੀ ਲੜਾਈ ਆਪਣੀ ਅਖੀਂ ਵੇਖੀ ਤਾਂ ਸਿਖਾਂ ਦੇ ਉਚੇ ਆਚਰਣ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਿਆ । ਮੁਸਲਮਾਨ ਸਿਖਾਂ ਨੂੰ ਸਗ (ਕੁਤੇ)ਕਹਿ ਕੇ ਬੁਲਾਂਦੇ ਸੀ । ਉਸਨੇ ਲਿਖਿਆ ਇਹਨਾਂ ਨੂੰ ਸਗ ਨਾ ਕਹੋ । ਇਹ ਮੇਦਾਨੇ ਜੰਗ ਵਿਚ ਸ਼ੇਰਾਂ ਵਾਂਗੂ ਲੜਦੇ ਹਨ ਤੇ ਅਮਨ ਦੇ ਮੈਦਾਨ ਵਿਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ ਹਨ । ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿਚ ਵੀ ਉਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਅਉਣ ਵਾਲੀ ਅਠਾਰਵੀ ਸਦੀ ਵਿਚ ਸਿੰਘਾ ਦੇ ਆਚਰਣ ਨੇ ਸਿਖਰਾਂ ਨੂੰ ਛੋਹਿਆ ।
ਨੂਰ ਮਹੰਮਦ ਲਿਖਦਾ ਹੇ “ਸਿਖ ਆਪ ਕਦੀ ਹਮਲਾਵਰ ਨਹੀ ਹੋਏ ਪਰ ਹੋਰਾਂ ਦੇ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ । ਓਹ ਪਹਿਲਾਂ ਵਾਰ ਕਦੇ ਨਹੀ ਕਰਦੇ ਚਾਹੇ ਪਹਿਲਾ ਹਲਾ ਦੁਸ਼ਮਨ ਨੇ ਹੀ ਬੋਲਿਆ ਹੋਵੇ । ਓਹ ਨਿਹਥੇ , ਕਾਇਰ ਤੇ ਭਗੋੜੇ ਤੇ ਵਾਰ ਨਹੀਂ ਕਰਦੇ । ਪਰਾਈ ਇਸਤਰੀ ਵਲ ਨਹੀ ਝਾੰਕਦੇ ,ਓਸਨੂੰ ਮਾਂ ਭੇਣ ਜਾਂ ਧੀ ਦਾ ਦਰਜਾ ਦਿੰਦੇ ਹਨ । ਓਹ ਝੂਠ ਨਹੀਂ ਬੋਲਦੇ ;ਚੋਰਾਂ ਯਾਰਾਂ ਦੀ ਸੰਗਤ ਨਹੀ ਕਰਦੇ ” । ਅੰਗਰੇਜ਼ੀ ਰਾਜ ਵਿਚ ਸਿਖ ਦੀ ਗਵਾਹੀ ਹੀ ਜਜ ਦਾ ਫੈਸਲਾ ਬਣ ਜਾਂਦਾ ਸੀ , ਕਿਓਕੇ ਓਹ ਜਾਣਦੇ ਸੀ ਕਿ ਸਿਖ ਝੂਠ ਨਹੀ ਬੋਲਦਾ । ਓਹ ਨਿਸਚਿੰਤ ਹੋਕੇ ਆਪਣੀ ਮਾਂ ,ਧੀ ਜਾਂ ਭੈਣ ਨੂੰ ਉਸ ਡਿਬੇ ਵਿਚ ਬਿਠਾ ਦਿੰਦੇ ਜਿਥੇ ਇਕ ਵੀ ਸਿਖ ਹੁੰਦਾ । ਇਹ ਆਦਰਸ਼ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਿਖਾਂ ਨੂੰ ਦਿਤੇ ਹਨ ਜਿਨ੍ਹਾਂ ਨੂੰ ਅਜ ਸੰਭਾਲਣ ਦੀ ਲੋੜ ਹੈ ।
ਕਹਿੰਦੇ ਹਨ ਨਾਦੋਨ ਦੇ ਮੈਦਾਨ–ਏ–ਜੰਗ ਵਿਚੋਂ ਸਿਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸਦੀ ਲੜਕੀ ਨੂੰ ਵੀ ਚੁਕ ਕੇ ਲੈ ਆਏ । ਡੋਲਾ ਵੇਖਕੇ ਗੁਰੂ ਸਾਹਿਬ ਨੇ ਪੁਛਿਆ ਇਸ ਡੋਲੇ ਵਿਚ ਕੀ ਹੈ । ਸਿਖਾਂ ਨੇ ਉੱਤਰ ਦਿਤਾ ,”ਤੁਰਕ ਸਾਡੇ ਘਰ ਦੀਆਂ ਔਰਤਾ ਨੂੰ ਲੁਟ ਦਾ ਮਾਲ ਸਮਝ ਕੇ ਲੈ ਜਾਂਦੇ ਹਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ