ਗੁਰੂ ਹਰਿਗੋਬਿੰਦ ਸਾਹਿਬ ਜੀ – ਜਾਣੋ ਇਤਿਹਾਸ
25 ਜੂਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਭੱਟ ਵਹੀ ਮੁਲਤਾਨੀ ਸਿੰਧੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ : ਓ ਬਧਾਈ ਲੀ ਸ੍ਰੀ ਹਰਿਗੋਬਿੰਦ ਜੀ ਕੀ , ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ , ਪੋਤਾ ਗੁਰੂ ਰਾਮਦਾਸ ਜੀ ਕਾ , ਸੰਬਤ ਸੋਲਾਂ ਸੈ ਸੰਤਾਲੀਸ ਮਾਂਹ ਅਸਾਢ ਦਿਹੁੰ ਇਕੀਸ ਗਿਆ , ਸਵਾ ਪਹਿਰ ਰੈਣ ਰਹੀ ਮਾਤਾ ਗੰਗਾ ਜੀ ਕੇ ਉਥਰ ਥੀਂ ਗਾਮ ਬਡਾਲੀ ਪਰਗਣਾ ਗੁਰੂ ਚੱਕ ਮੇਂ , ਏਕ ਚਮਤਕਾਰੀ ਬਾਲ ਪੈਦਾ ਹੂਆ , ਨਾਉਂ ਸ੍ਰੀ ਹਰਿਗੋਬਿੰਦ ਜੀ ਰਾਖਾ । ( ਗੁਰੂ ਕੀਆਂ ਸਾਖੀਆਂ / ਸੰਪਾ : ਪ੍ਰੋ : ਪਿਆਰਾ ਸਿੰਘ ਪਦਮ / ਪੰਨਾ 29 ) ਕੇਸਰ ਸਿੰਘ ਛਿੱਬਰ ) ਨੇ “ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾਂ ਵਿਚ ਉਕਤ ਮਿਤੀ ਨੂੰ ਹੀ ਠੀਕ ਮੰਨਿਆ ਹੈ । ਉਹ ਲਿਖਦਾ ਹੈ : “ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਜਨਮੇ ਵਡਾਲੀ । ਸੰਮਤੁ ਸੋਲਾਂ ਸੈ ਗਏ ਸੈਲੀ । ਵਿਧੀ ਹਾੜ ਮਾਸ ਦਿਨ ਬੀਤੇ ਇੱਕੀ । ਮਾਤਾ ਗੰਗਾ ਜੀ ਦੇ ਉਦਰੋਂ … ਗੁਰੂ ਅਰਜਨ ਦੇ ਘਰ ਗੁਰ ਰਾਮਦਾਸ ਦਾ ਪੋਤਾ । ਸੋ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਜੂਨ , ਸੰਨ 1595 ਨੂੰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ , ਛੇ ਕੁ ਮੀਲਾਂ ਦੀ ਵਿੱਥ ਤੇ ਪਿੰਡ ਵਡਾਲੀ ਵਿਖੇ , ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ ਦੇ ਗ੍ਰਿਹ ਵਿਖੇ ਹੋਇਆ । ਵਡਾਲੀ ਨੂੰ ਅੱਜਕੱਲ੍ਹ ‘ ਗੁਰੂ ਕੀ ਵਡਾਲੀ ਆਖਦੇ ਹਨ । ਭਾਰ ਪ੍ਰਿਥੀ ਚੰਦ ਦੇ ਕੋਝੇ ਯਤਨ ( ਗੁਰੂ ) ਹਰਿਗੋਬਿੰਦ ਸਾਹਿਬ ਦੇ ਜਨਮ ਦੀ ਜਿਥੇ ਸਾਰੀਆਂ ਸੰਗਤਾਂ ਨੇ ਖੁਸ਼ੀ ਮਨਾਈ , ਉਥੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਸ੍ਰੀ ਚੰਦ ਨੂੰ ਇਸ ਦਾ ਬਹੁਤ ਦੁਖ ਹੋਇਆ । ਉਹ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਗੁਰਗੱਦੀ ‘ ਤੇ ਕਬਜ਼ਾ ਕਰਨ ਵਿਚ ਸਫ਼ਲ ਨਹੀਂ ਸੀ ਹੋਇਆ । ਫਿਰ ਉਹ ਇਸ ਆਸ ਤੇ ਜਿਊਣ ਲੱਗਾ ਕਿ ਉਸਦੇ ਪੁੱਤਰ ਮਿਹਰਬਾਨ ਨੂੰ ਤਾਂ ਗੱਦੀ ਅਵੱਸ਼ ਮਿਲ ਜਾਵੇਗੀ ਕਿਉਂਕਿ ਪੰਜਵੇਂ ਪਾਤਸ਼ਾਹ ਦੇ ਘਰ ਕੋਈ ਸੰਤਾਨ ਨਹੀਂ ਸੀ ਹੋਈ । ( ਗੁਰੂ ) ਹਰਿਗੋਬਿੰਦ ਸਾਹਿਬ ਦੇ ਜਨਮ ਨੇ ਉਸ ਦੀਆਂ ਸਾਰੀਆਂ ਆਸਾਂ ਚੋਂ ਪਾਣੀ ਫੇਰ ਦਿੱਤਾ । ਪਰ ਉਸ ਨੇ ਈਰਖਾ ਦਾ ਰਾਹ ਨਾ ਛੱਡਿਆ ਤੇ ਬਾਲਕ ਹਰਿਗੋਬਿੰਦ ਨੂੰ ਜਾਨੋਂ ਮਾਰਨ ਦੀਆਂ ਤਰਕੀਬਾਂ ਸੋਚਣ ਲੱਗਾ । ਆਪਣੇ ਨੀਚ ਵਿਚਾਰਾਂ ਨੂੰ ਅਮਲੀ ਸ਼ਕਲ ਦੇਣ ਲਈ ਉਸ ਨੇ ਕਈ ਯਤਨ ਕੀਤੇ , ਪਰ ਪ੍ਰਭੂ ਦੀ ਕ੍ਰਿਪਾ ਸਦਕਾ ਉਸ ਦਾ ਹਰ ਵਾਰ ਖ਼ਾਲੀ ਗਿਆ । ਪ੍ਰਿਥੀ ਚੰਦ ਨੇ ਸਭ ਤੋਂ ਪਹਿਲਾਂ ਇਕ ਦਾਈ ਨੂੰ ਅੰਮ੍ਰਿਤਸਰੋਂ ਵਡਾਲੀ ਭੇਜਿਆ । ਉਸ ਨੂੰ ਕਿਹਾ ਕਿ ਉਹ ਥਣਾਂ ਨੂੰ ਜ਼ਹਿਰ ਲਗਾ ਕੇ ਬਾਲਕ ਨੂੰ ਦੁੱਧ ਚੁੰਘਾਵੇ । ਦਾਈ ਨੇ ਬਣਾਂ ਤੇ ਜ਼ਹਿਰ ਪੋਚ ਲਿਆ ਤੇ ਚੰਗੇ ਸੁਥਰੇ ਕੱਪੜੇ ਪਾ ਕੇ ਵਡਾਲੀ ਵੱਲ ਤੁਰ ਪਈ ਪਰ ਜ਼ਹਿਰ ਦਾ ਅਸਰ ਦਾਈ ਦੇ ਆਪਣੇ ਉਤੇ ਹੀ ਇੰਨਾ ਹੋਇਆ ਕਿ ਵਡਾਲੀ ਪੁਜਦਿਆਂ ਸਾਰ ਹੀ ਉਸ ਦੀ ਮੌਤ ਹੋ ਗਈ । ਇੰਝ ਪ੍ਰਿਥੀ ਚੰਦ ਦਾ ਪਹਿਲਾ ਯਤਨ ਅਸਫ਼ਲ ਹੋ ਗਿਆ । ਇਸ ਦੇ ਮਗਰੋਂ ਪ੍ਰਿਥੀ ਚੰਦ ਨੇ ਇਕ ਸਪੇਰੇ ਨੂੰ ਭੇਜਿਆ ਤੇ ਉਸ ਨੂੰ ਕਿਹਾ ਕਿ ਉਹ ਸੱਪ ਲੈ ਜਾ ਕੇ ਬਾਲਕ ਦੇ ਕੋਲ ਛੱਡ ਦੇਵੇ । ਸਪੇਰੇ ਨੇ ਇਵੇਂ ਹੀ ਕੀਤਾ । ਕਿਸੇ ਨੇ ਬਾਲਕ ਕੋਲ ਸੱਪ ਵੇਖਿਆ ਤੇ ਸ਼ੋਰ ਮਚਾ ਦਿੱਤਾ । ਸਪੇਰੇ ਨੂੰ ਲੋਕਾਂ ਨੇ ਫੜ ਲਿਆ ਤੇ ਸੱਪ ਮਾਰ ਦਿੱਤਾ । ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸੱਪ ਦੀ ਸਿਰੀ ਫਿਹ ਸੁੱਟੀ ਸੀ ਤੇ ਸੱਪ ਮਰ ਗਿਆ । ਸੋ , ਪ੍ਰਿਥੀ ਚੰਦ ਦਾ ਦੂਜਾ ਵਾਰ ਵੀ ਖਾਲੀ ਗਿਆ । ਗੁਰੂ ਅਰਜਨ ਦੇਵ ਜੀ ਪ੍ਰਚਾਰ ਤੇ ਲੋਕ – ਭਲਾਈ ਦੇ ਕਾਰਜਾਂ ਦੀ ਦੂਜੀ ਫੇਰੀ ਤੋਂ ਵਾਪਿਸ ਵਡਾਲੀ ਆਏ । ਇਥੋਂ ਆਪ ਅੰਮ੍ਰਿਤਸਰ ਆ ਗਏ ਤੇ ਨਾਲ ਪਰਿਵਾਰ ਨੂੰ ਵੀ ਲੈ ਆਏ । ਪ੍ਰਿਥੀ ਚੰਦ ਵੀ ਅੰਮ੍ਰਿਤਸਰ ਹੀ ਰਹਿੰਦਾ ਸੀ । ਪਹਿਲੀਆਂ ਦੋ ਕਰਤੂਤਾਂ ਕਾਰਨ ਉਸ ਦੀ ਸ਼ਹਿਰ ਵਿਚ ਬਹੁਤ ਬਦਨਾਮੀ ਹੋ ਰਹੀ ਸੀ , ਤਾਂ ਭੀ ਉਹ ਬਾਜ਼ ਨਾ ਆਇਆ ਤੇ ਉਸ ਨੇ ਬਾਲ – ਗੁਰੂ ਉਤੇ ਇਕ ਹੋਰ ਮਾਰੂ ਹਮਲਾ ਕੀਤਾ । ਉਸ ਨੇ ਇਕ ਖਿਡਾਵੇ ਨੂੰ ਕਿਹਾ ਕਿ ਉਹ ਦਹੀਂ ਵਿਚ ਜ਼ਹਿਰ ਮਿਲਾ ਕੇ ਬਾਲ – ਗੁਰੂ ਨੂੰ ਖੁਆ ਦੇਵੇ । ਉਹ ਖਿਡਾਵਾ ਜ਼ਹਿਰ ਮਿਲਿਆ ਦਹੀਂ ਲੈ ਕੇ ਗਿਆ , ਪਰ ( ਗੁਰੂ ) ਹਰਿਗੋਬਿੰਦ ਜੀ ਨੇ ਖਾਣ ਤੋਂ ਨਾਂਹ ਕਰ ਦਿੱਤੀ । ਜਦ ਪਾਪੀ – ਖਿਡਾਵੇ ਨੇ ਬਦੋ – ਬਦੀ ਖਿਲਾਉਣਾ ਚਾਹਿਆ ਤਾਂ ਬਾਲਕ – ਗੁਰੂ ਨੇ ਚੀਕ ਚਿਹਾੜਾ ਪਾ ਦਿੱਤਾ । ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਮੌਕੇ ਤੇ ਪਹੁੰਚ ਗਏ । ਖਿਡਾਵੇ ਨੂੰ ਆਪਣੀ ਕੀਤੀ ਤੇ ਇੰਨਾ ਪਛਤਾਵਾ ਹੋਇਆ ਕਿ ਉਸ ਨੂੰ ਸੂਲ ਪੈ ਗਿਆ ਤੇ ਉਸਦੀ ਮੌਤ ਹੋ ਗਈ । ਖਿਡਾਵਾ ਜਾਤ ਦਾ ਬ੍ਰਾਹਮਣ ਸੀ । ਗੁਰੂ ਅਰਜਨ ਦੇਵ ਜੀ ਨੇ ਭੈਰਉ ਰਾਗ ਵਿਚ ਉਚਾਰੇ ਇਕ ਸ਼ਬਦ ( ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬਾਹਮਣੁ ਮੂਆ ਹੋਇ ਕੈ ਸੂਲ ॥੧ ॥ ) ਵਿਚ ਇਸ ਉਚ – ਜਾਤੀਏ ਖਿਡਾਵੇ ਦੀ ਨੀਚ ਹਰਕਤ ਦਾ ਜ਼ਿਕਰ ਕੀਤਾ ਹੈ । ਇਨ੍ਹਾਂ ਦਿਨਾਂ ਵਿਚ ਲਾਹੌਰ ਤੋਂ ਖ਼ਬਰਾਂ ਪੁੱਜੀਆਂ ਕਿ ਉਥੇ ਭਿਆਨਕ ਕਾਲ ਪੈ ਗਿਆ ਹੈ ।
, ਬਿਮਾਰੀਆਂ ਫੈਲ ਗਈਆਂ ਹਨ ਤੇ ਭੁੱਖ – ਮਰੀ ਕਾਰਨ ਸੈਂਕੜੇ ਲੋਕ ਰੋਜ਼ ਮਰ ਰਹੇ ਹਨ । ਇਹ ਸੁਣ ਕੇ ਸਤਿਗੁਰੂ ਜੀ ਲਾਹੌਰ ਲਈ ਚਲ ਪਏ । ਹੋਰ ਸਿੱਖਾਂ ਦੇ ਨਾਲ ਆਪ ਨੇ ( ਮਾਤਾ ) ਗੰਗਾ ਜੀ ਤੇ ਬਾਲਕ ( ਗੁਰੂ ) ਹਰਿਗੋਬਿੰਦ ਨੂੰ ਵੀ ਨਾਲ ਹੀ ਲੈ ਲਿਆ । ਪ੍ਰਿਥੀ ਚੰਦ ਦੀਆਂ ਨੀਚ ‘ ਕਰਤੂਤਾਂ ਕਾਰਨ ਪਰਿਵਾਰ ਨੂੰ ਪਿੱਛੇ ਛੱਡਿਆ ਨਹੀਂ ਸੀ ਜਾ ਸਕਦਾ । ਮਾਝੇ ਦੇ ਪਿੰਡਾਂ ਵਿਚ ਦੀ ਹੁੰਦੇ ਹੋਏ ਸਤਿਗੁਰੂ ਜੀ ਲਾਹੌਰ ਪੁੱਜੇ । ਲਾਹੌਰ ਦੀ ਹਾਲਤ ਬਹੁਤ ਭੈੜੀ ਸੀ । ਇਕ ਤਾਂ ਅੰਨ – ਦਾਣੇ ਦੀ ਕਮੀ ਕਾਰਨ ਲੋਕ ਭੁੱਖ ਦੀ ਮਾਰ ਸਹਿ ਰਹੇ ਸਨ , ਦੂਜੇ ਮੌਸਮੀ ਤਾਪ ਤੇ ਸੀਤਲਾ ( ਚੇਚਕ ) ਆਦਿ ਬਿਮਾਰੀਆਂ ਦਾ ਜ਼ੋਰ ਵਧ ਰਿਹਾ ਸੀ । ਭੁੱਖ ਤੋਂ ਬਿਮਾਰੀਆਂ ਕਾਰਨ ਮਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਸ਼ਹਿਰ ਦੇ ਬਾਜ਼ਾਰ ਭਰੇ ਪਏ ਸਨ । ਉਨ੍ਹਾਂ ਨੂੰ ਸ਼ਹਿਰ ਵਿਚੋਂ ਚੁੱਕ ਕੇ ਬਾਹਰ ਦੱਬਣ – ਸਾੜਨ ਦਾ ਕੋਈ ਤਸੱਲੀਬਖ਼ਸ਼ ਪ੍ਰਬੰਧ ਵੀ ਨਹੀਂ ਸੀ । ਇਸ ਸਮੇਂ ਦਸਵੰਧ ਦੀ ਮਾਇਆ ਕੰਮ ਆਈ । ਗੁਰੂ ਅਰਜਨ ਦੇਵ ਜੀ ਨੇ ਭੁੱਖਿਆਂ ਲਈ ਲੰਗਰ ਲਾਏ , ਮੁਰਦਿਆਂ ਦੀ ਸੰਭਾਲ ਕੀਤੀ , ਬਿਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਤੇ ਯਤੀਮ ਬੱਚਿਆਂ ਨੂੰ ਸੰਭਾਲਿਆ । ਗੁਰੂ ਜੀ ਲਗਾਤਾਰ ਅੱਠ ਮਹੀਨੇ ਇਸ ਸੇਵਾ ਸੰਭਾਲ ਵਿਚ ਜੁਟੇ ਰਹੇ । ਫਿਰ ਆਪ ਲਾਹੌਰ ਦੇ ਦੱਖਣ ਪਾਸੇ ਦੇ ਪਿੰਡਾਂ ਵੱਲ ਚੱਲ ਪਏ । ਕਾਲ – ਪੀੜਤ ਤੇ ਰੋਗ – ਗ੍ਰਸਤ ਲੋਕਾਂ ਨੂੰ ਧਰਵਾਸ ਦਿੱਤੀ ਤੇ ਇਲਾਜ ਦਾ...
...
ਪ੍ਰਬੰਧ ਕੀਤਾ ਅਤੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਖੂਹ ਲਗਵਾਏ । ਸੰਨ 1598 ਦੇ ਅਖੀਰ ਤੇ ਆਪ ਵਾਪਸ ਅੰਮ੍ਰਿਤਸਰ ਆ ਗਏ । ਇਸ ਤਰ੍ਹਾਂ ਪਿਤਾ – ਗੁਰੂ ਦੇ ਨਾਲ ( ਗੁਰੂ ) ਹਰਿਗੋਬਿੰਦ ਜੀ ਨੂੰ ਆਪਣੀ ਬਾਲ – ਉਮਰ ਰੋਗ – ਸ਼ਤ ਇਲਾਕਿਆਂ ਵਿਚ ਗੁਜ਼ਾਰਨੀ ਪਈ । ਗੁਰੂ ਅਰਜਨ ਦੇਵ ਜੀ ਕੁਝ ਸਮਾਂ ਅੰਮ੍ਰਿਤਸਰ ਵਿਚ ਠਹਿਰਨ ਮਗਰੋਂ ਪਹਾੜ ਵਾਲੇ ਪਾਸੇ ਤੁਰ ਪਏ ਤੇ ਰਾਵੀ ਦੇ ਕੰਢੇ ਤੱਕ ਪਿੰਡਾਂ ਵਿਚ ਗਏ । ਆਪ ਸਹਸਰਾ , ਰਮਦਾਸ , ਡੇਹਰਾ ਬਾਬਾ ਨਾਨਕ , ਕਲਾਨੌਰ ਆਦਿ ਹੁੰਦੇ ਹੋਏ ਪਿੰਡ ਬਾਰਠ ਪੁੱਜੇ , ਜਿਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨਿਵਾਸ ਰੱਖਦੇ ਸਨ । ਉਨ੍ਹਾਂ ਨੂੰ ਮਿਲੇ ਤੇ ਇਲਾਕੇ ਵਿਚ ਧਰਮ ਪ੍ਰਚਾਰ ਤੇ ਲੋਕ – ਭਲਾਈ ਦੇ ਕੰਮਾਂ ਵਿਚ ਲੱਗੇ ਰਹੇ । ਦੋ ਕੁ ਸਾਲਾਂ ਦਾ ਚੱਕਰ ਲਾਉਣ ਮਗਰੋਂ ਆਪ ਸੰਨ 1601 ਦੇ ਆਰੰਭ ਵਿਚ ਵਾਪਸ ਅੰਮ੍ਰਿਤਸਰ ਆ ਗਏ । ਇਸ ਪ੍ਰਚਾਰ ਫੇਰੀ ਵਿਚ ਵੀ ( ਗੁਰੂ ) ਹਰਿਗੋਬਿੰਦ ਜੀ ਉਨ੍ਹਾਂ ਦੇ ਨਾਲ ਹੀ ਸਨ । ਸੀਤਲਾ ਨਿਕਲੀ ਕਾਲ – ਪੀੜਤਾਂ ਅਤੇ ਸੀਤਲਾ ਆਦਿਕ ਰੋਗਾਂ ਦੀ ਮਾਰ ਥੱਲੇ ਆਏ ਲੋਕਾਂ ਦੀ ਸੇਵਾ ਸੰਭਾਲ ਸਮੇਂ ਬਾਲਕ ( ਗੁਰੂ ) ਹਰਿਗੋਬਿੰਦ ਜੀ ਵੀ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਾਲ ਤਿੰਨ – ਚਾਰ ਸਾਲ ਰਹੇ ਸਨ । ਵਾਪਸ ਅੰਮ੍ਰਿਤਸਰ ਪਹੁੰਚਣ ਸਮੇਂ ਉਨ੍ਹਾਂ ਤੇ ਵੀ ਸੀਤਲਾ ਦਾ ਅਸਰ ਹੋ ਗਿਆ । ਪਹਿਲਾਂ ਤੇਜ਼ ਬੁਖ਼ਾਰ ਚੜਿਆ ਫਿਰ ਸਾਰੇ ਸਰੀਰ ਤੇ ਸ਼ੀਤਲਾ ( ਚੇਚਕ ) ਨਿਕਲ ਆਈ । ਸੀਤਲਾ ਦੇ ਇਸ ਮਾਰੂ ਹਮਲੇ ਨਾਲ ਸੰਗਤਾਂ ਵਿਚ ਘਬਰਾਹਟ ਫੈਲ ਗਈ , ਪਰ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਅਡੋਲ ਰਹੇ । ਸਿੱਖ – ਸੰਗਤਾਂ ਬਾਲਕ ਦੀ ਦੇਹ – ਅਰੋਗਤਾ ਲਈ ਨਿੱਤ ਅਰਦਾਸਾਂ ਕਰਦੀਆਂ । ਇਸ ਦੇ ਨਾਲ ਗੁਰੂ ਜੀ ਦੀ ਇੱਛਾ ਅਨੁਸਾਰ ਬਿਮਾਰੀ ਦਾ ਇਲਾਜ ਵੀ ਕਰਾਇਆ ਜਾ ਰਿਹਾ ਸੀ । ਸ਼ਹਿਰ ਵਿਚ ਪੁਰਾਣੇ ਖ਼ਿਆਲਾਂ ਦੇ ਲੋਕ ਵੀ ਭਾਰੀ ਗਿਣਤੀ ਵਿਚ ਵੱਸਦੇ ਸਨ , ਉਹ ਵੀ ਖ਼ਬਰ ਲੈਣ ਆਉਂਦੇ ਤੇ ਨਾਲ ਹੀ ਸਲਾਹ ਵੀ ਦਿੰਦੇ ਕਿ ਇਸ ਬਿਮਾਰੀ ਦਾ ਇਲਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਮਾਤਾ ਨਾਰਾਜ਼ ਹੋ ਜਾਂਦੀ ਹੈ । ਉਹ ਇਹ ਵੀ ਆਖਦੇ ਕਿ ਬਾਲਕ ਨੂੰ ਸੀਤਲਾ – ਮਾਤਾਂ ਦੇ ਮੰਦਰ ਲੈ ਜਾਓ , ਮੱਥਾ ਟਿਕਾਓ ਤੇ ਉਥੋਂ ਰੱਖ ( ਮਿੱਟੀ ) ਲਿਆ ਕੇ ਫਲੂਹਿਆਂ ( ਛਾਲਿਆਂ ) ਤੇ ਲਗਾਓ । ਗੁਰੂ ਅਰਜਨ ਦੇਵ ਜੀ ਇਨ੍ਹਾਂ ਵਹਿਮੀ ਲੋਕਾਂ ਨੂੰ ਇਹੀ ਸਮਝਾਉਂਦੇ ਰਹਿੰਦੇ ਕਿ ਸੀਤਲਾ ਕੋਈ ਦੇਵੀ ਨਹੀਂ ਹੈ , ਸਗੋਂ ਬਿਮਾਰੀ ਹੈ , ਇਲਾਜ ਕਰਨ ਨਾਲ ਠੀਕ ਹੋ ਜਾਵੇਗੀ । ਨਾਲ ਇਹ ਵੀ ਆਖਦੇ ਕਿ ਪਰਮਾਤਮਾ ਅੱਗੇ ਅਰਦਾਸ ਕਰੋ , ਉਸਦੀ ਮਿਹਰ ਨਾਲ ਸਭ ਦੁਖ , ਰੋਗ , ਕਸ਼ਟ ਆਦਿ ਦੂਰ ਹੋ ਜਾਂਦੇ ਹਨ । ਪ੍ਰਭੂ ਨੇ ਕ੍ਰਿਪਾ ਕੀਤੀ ; ਬਿਮਾਰੀ ਜਾਂਦੀ ਰਹੀ ਤੇ ਸਰੀਰ ਦੇ ਕਿਸੇ ਅੰਗ ਤੇ ਵੀ ਕੋਈ ਕੋਝਾ ਪ੍ਰਭਾਵ ਨਾ ਰਿਹਾ । ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੇ ਸ਼ੁਕਰਾਨੇ ਵਜੋਂ ਤੇ ਸੰਗਤਾਂ ਦੀ ਅਗਵਾਈ ਲਈ , ਇਸ ਬਾਰੇ , ਹੇਠ ਲਿਖਿਆ ਸ਼ਬਦ ,
ਸਦਾ ਸਦਾ ਹਰਿ ਜਾਪੇ ॥ ਪ੍ਰਭ ਬਾਲਕ ਰਾਖੇ ਆਪੇ ॥
ਇਨ੍ਹਾਂ ਸ਼ਬਦਾਂ ਵਿਚ ਪੰਜਵੇਂ ਗੁਰੂ ਜੀ ਨੇ ਇਹੀ ਗੱਲ ਸਮਝਾਈ ਕਿ ਕੇਵਲ ਪ੍ਰਭੂ ਦੀ ਓਟ ਹੀ ਤੱਕਣੀ ਚਾਹੀਦੀ ਹੈ । ਉਹ ਆਪਣੇ ਦਾਸਾਂ ਦੀ ਰੱਖਿਆ ਕਰਦਾ ਹੈ । ਉਸ ਦੀ ਕਿਰਪਾ ਸਦਕਾ ਹੀ ਬਾਲਕ ਹਰਿਗੋਬਿੰਦ ਠੀਕ ਹੋਇਆ ਹੈ । ਜਿਸ ਪ੍ਰਭੂ ਨੇ ਬਾਲਕ ਨੂੰ ਜਨਮ ਦਿੱਤਾ , ਸੁੰਦਰ ਬਣਾਇਆ ਉਸੇ ਨੇ ਹੀ ਸੀਤਲਾ ਤੋਂ ਰੱਖਿਆ ਕੀਤੀ ਹੈ । ਇਸ ਲਈ ਪ੍ਰਭੂ ਦਾ ਨਾਮ ਜਪੋ , ਸਿਫ਼ਤ – ਸਾਲਾਹ ਕਰੋ । ਇਸ ਨਾਲ ਸਭ ਖ਼ਤਰੇ ਦੂਰ ਹੋ ਜਾਂਦੇ ਹਨ ।
ਪੜ੍ਹਾਈ ਅਤੇ ਸ਼ਸਤਰ ਵਿਦਿਆ ।
ਅਕਤੂਬਰ ਸੰਨ 1605 ਵਿਚ ਜਹਾਂਗੀਰ ਤਖ਼ਤ ‘ ਤੇ ਬੈਠਾ । ਇਸ ਦੇ ਨਾਲ ਹੀ ਅਕਬਰ ਦੀ ਨਿਰਪੱਖਤਾ ਵਾਲੀ ਨੀਤੀ ਦਾ ਭੋਗ ਪੈ ਗਿਆ ਅਤੇ ਰਾਜ – ਦਰਬਾਰ ਵਿਚ ਕੱਟੜ ਵਿਰਕਾਪ੍ਰਸਤ ਮੁਸਲਮਾਨਾਂ ਦਾ ਜ਼ੋਰ ਵਧ ਗਿਆ , ਜਿਨ੍ਹਾਂ ਨੂੰ ਨਕਸ਼ਬੰਦੀ ਆਗੂ ਸ਼ੇਖ ਅਹਿਮਦ ਸਰਹੰਦੀ ਅਗਵਾਈ ਦੇ ਰਿਹਾ ਸੀ । ਇਸਦਾ ਚੇਲਾ ਸ਼ੇਖ ਫਰੀਦ ਬੁਖਾਰੀ ( ਮੁਰਤਜ਼ਾ ਖ਼ਾਨ ) ਰਾਜ ਦਰਬਾਰ ਵਿਚ ਪ੍ਰਭਾਵਸ਼ਾਲੀ ਵਿਅਕਤੀ ਸੀ । ਨਕਸ਼ਬੰਦੀ ਸਿਲਸਿਲੇ ਵਾਲਿਆਂ ਨੇ ਜਹਾਂਗੀਰ ਤੋਂ ਪਹਿਲਾਂ ਹੀ ਵਚਨ ਲਿਆ ਹੋਇਆ ਸੀ ਕਿ ਉਸ ਦੇ ਰਾਜ ਵਿਚ ਗੈਰ – ਮੁਸਲਮਾਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਜਾਵੇਗਾ । ਇਨ੍ਹਾਂ ਕੱਟੜਪੰਥੀਆਂ ਨੂੰ ਸਿੱਖੀ ਦੀ ਤੇਜ਼ੀ ਨਾਲ ਪ੍ਰਗਤੀ ਕਰ ਰਹੀ ਲਹਿਰ ਬਹੁਤ ਚੁੱਭਦੀ ਸੀ ਤੇ ਇਸ ਲਹਿਰ ਨੂੰ ਹਰ ਹੀਲੇ ਦਬਾਉਣਾ ਚਾਹੁੰਦੇ ਸਨ । ਇਨ੍ਹਾਂ ਦੀਆਂ ਸਲਾਹਾਂ ਨੇ ਹੀ ਜਹਾਂਗੀਰ ਦੇ ਮਨ ਵਿਚ ਸਿੱਖ ਗੁਰੂਆਂ ਤੇ ਸਿੱਖ ਧਰਮ ਤੇ ਨਫ਼ਰਤ ਦੀ ਅੱਗ ਭੜਕਾ ਦਿੱਤੀ ਸੀ । ਗੁਰੂ ਅਰਜਨ ਦੇਵ ਜੀ ਜਿਥੇ ਸਿੱਖ ਲਹਿਰ ਦੇ ਵਿਕਾਸ ਵਿਚ ਰੁੱਝੇ ਹੋਏ ਸਨ , ਉਥੇ ਉਹ ਦੇਸ਼ ਵਿਚ ਤੇ ਖ਼ਾਸ ਤੌਰ ‘ ਤੇ ਰਾਜ ਦਰਬਾਰ ਵਿਚ , ਵਾਪਰ ਰਹੇ ਹਾਲਾਤ ਤੋਂ ਪੂਰੀ ਤਰ੍ਹਾਂ ਸੁਚੇਤ ਸਨ । ਆਪ ਜੀ ਨੇ ਭਾਂਪ ਲਿਆ ਸੀ ਕਿ ਆਉਣ ਵਾਲਾ ਸਮਾਂ ਸਿੱਖਾਂ ਲਈ ਮੁਸੀਬਤਾਂ ਭਰਿਆ ਹੋਵੇਗਾ ਅਤੇ ਜੁਲਮ , ਬਦੀ ਤੇ ਅਤਿਆਚਾਰਾਂ ਦੀਆਂ ਤਾਕਤਾਂ ਦਾ ਟਾਕਰਾ ਕਰਨ ਲਈ ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ । ਅਜਿਹੇ ਸਮੇਂ ਵਿਚ ਗੁਰਗੱਦੀ ਤੇ ਬਿਰਾਜਣ ਵਾਲੇ ਗੁਰੂ ਸਾਹਿਬ ਵਿਚ ਜਿਹੋ ਜਿਹੇ ਗੁਣਾਂ ਤੇ ਸ਼ਕਤੀਆਂ ਦੀ ਲੋੜ ਸੀ , ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ( ਗੁਰੂ ) ਹਰਿਗੋਬਿੰਦ ਜੀ ਨੂੰ ਉਹੋ ਜਿਹੀ ਸਿਖਿਆ ਤੇ ਸਿਖਲਾਈ ਦਿਵਾਉਣ ਦਾ ਫੈਸਲਾ ਕੀਤਾ।ਆਪ ਨੇ ਸਾਹਿਬਜ਼ਾਦੇ ਦੀ ਪੜ੍ਹਾਈ – ਲਿਖਾਈ ਦਾ ਕੰਮ ਬਾਬਾ ਬੁੱਢਾ ਜੀ ਦੇ ਸਪੁਰਦ ਕੀਤਾ । ਉਦੋਂ ( ਗੁਰੂ ) ਹਰਿਗੋਬਿੰਦ ਜੀ ਦੀ ਉਮਰ ਲਗਭਗ ਛੇ ਸਾਲਾਂ ਦੀ ਸੀ । ਬਾਬਾ ਬੁੱਢਾ ਜੀ ਨੇ ਆਪ ਨੂੰ ਅੱਖਰੀ ਗਿਆਨ ਦੇ ਨਾਲ ਗੁਰਬਾਣੀ ਦੀ ਪੜ੍ਹਾਈ ਕਰਾਈ ਤੇ ਪਿਛਲੇ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਅਤੇ ਸ਼ਸਤਰਾਂ ਦੀ ਵਰਤੋਂ ਵਿਚ ਵੀ ਨਿਪੁੰਨ ਕਰ ਦਿੱਤਾ । ਘੋੜ – ਸਵਾਰੀ , ਕੁਸ਼ਤੀ ਆਦਿਕ ਯੋਧਿਆਂ – ਸੂਰਬੀਰਾਂ ਦੇ ਕਰਤਬਾਂ ਦੀ ਸਿਖਲਾਈ ਦਿੱਤੀ । ਸਾਹਿਬਜ਼ਾਦੇ ਦੀ ਰੁਚੀ ਸ਼ਸਤਰ – ਵਿਦਿਆ ਵਿਚ ਵਧੇਰੇ ਸੀ । ਉਨ੍ਹਾਂ ਦੇ ਸ਼ਸਤ੍ਰ ਅਭਿਆਸ ਨੂੰ ਵੇਖ ਕੇ ਹੀ ਬਾਬਾ ਜੀ ਨੇ ਕਿਹਾ ਸੀ ਕਿ ਇਹ ਅਤਿਆਚਾਰੀ ਮੁਗ਼ਲਾਂ ਦੇ ਸਿਰ ਭੰਨਣਗੇ । ਭਾਈ ਗੁਰਦਾਸ ਜੀ ਵੀ ਜਦੋਂ ਸਮਾਂ ਮਿਲਦਾ ( ਗੁਰੂ ) ਹਰਿਗੋਬਿੰਦ ਜੀ ਦੀ ਸੰਸਾਰਕ ਤੇ ਆਤਮਕ ਪੜ੍ਹਾਈ ਦੀ ਸੇਵਾ ਨਿਭਾਉਂਦੇ । ਇਸ ਸਿਖਲਾਈ ਦਾ ਇਹ ਅਸਰ ਹੋਇਆ ਕਿ ਸ੍ਰੀ ( ਗੁਰੂ ) ਹਰਿਗੋਬਿੰਦ ਸਾਹਿਬ ਹਰ ਪਾਸਿਉਂ ਸੰਪੂਰਨ ਯੋਗਤਾ ਵਾਲੇ ਵਿਅਕਤੀ ਬਣ ਗਏ।ਆਪ ਸੁਡੋਲ , ਨਰੋਏ ਅਤੇ ਬਲਵਾਨ ਵੀ ਸਨ ਤੇ ਨਾਲ ਹੀ ਬ੍ਰਹਮਗਿਆਨੀ ਤੇ ਪੂਰਨ ਸੰਤ ਵੀ ।
ਜੋਰਾਵਰ ਸਿੰਘ ਤਰਸਿੱਕਾ ।
Continue Reading ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ