More Gurudwara Wiki  Posts
2 ਅਗਸਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ – ਜਾਣੋ ਇਤਿਹਾਸ


2 ਅਗਸਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
ਸ੍ਰੀ ਹਰਿਕ੍ਰਿਸ਼ਨ ਧਿਆਈਐ; ਜਿਸ ਡਿਠੈ ਸਭਿ ਦੁਖ ਜਾਇ ॥
ਹਰ ਗੁਰਸਿੱਖ ਜਦੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਉਹ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਰਦਾ ਹੋਇਆ ਬਹੁਤ ਪਿਆਰ, ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਸ਼ਰਧਾ ਦੇ ਫੁੱਲ ਪੇਸ਼ ਕਰਦਾ ਹੈ। ਅਰਦਾਸ ਦੇ ਇਹ ਬੋਲ ਅਜਿਹੇ ਹਨ, ਜਿਹੜੇ ਪ੍ਰੇਰਨਾ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਦਰਸ਼ ਜੀਵਨ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਦਰਸ਼ਨ ਕੀਤਿਆਂ ਸਮੁੱਚੀ ਮਨੁੱਖਤਾ ਦੇ ਸਭ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਹੁੰਦੀ ਹੈ। ਇਨ੍ਹਾਂ ਵਿਚਾਰਾਂ ਰਾਹੀਂ ‘ਬਾਲਾ ਪ੍ਰੀਤਮ’ ਗੁਰੂ ਦੀ ਮਾਨਤਾ, ਮਹਾਨਤਾ ਤੇ ਗੌਰਵਤਾ ਦਾ ਪਤਾ ਲੱਗਦਾ ਹੈ।
ਇਤਿਹਾਸਕ ਪੱਖ ਤੋਂ ਵੇਖੀਏ ਤਾਂ ਇੱਕ ਪਾਸੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਹੁਕਮ ਸੀ ਕਿ ਜੇ ਕੋਈ ਰਾਮ ਰਾਇ ਦੇ ਮੱਥੇ ਲੱਗੇਗਾ ਉਹ ਸਿੱਖ ਨਹੀਂ ਤੇ ਦੂਜੇ ਪਾਸੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ ਦੂਰ ਹੋ ਜਾਣਗੇ। ਰਾਮ ਰਾਇ ਖੁਸ਼ਾਮਦ ਕਰ ਨੀਂਵਾਂ ਹੋ ਗਿਆ ਹੈ ਤੇ ਸ੍ਰੀ (ਗੁਰੂ) ਹਰਿਕ੍ਰਿਸ਼ਨ ਜੀ ਰੱਬੀ ਗੀਤ (ਗੁਣ) ਗਾ ਕੇ ਉੱਚੇ ਰੁਤਬੇ ’ਤੇ ਪਹੁੰਚ ਗਏ। ਬਾਕੀ ਗੁਰੂ ਸਾਹਿਬਾਨ ਨਾਲੋਂ ਵੱਖਰੀ ਸਿਫ਼ਤ ਦਾ ਕਾਰਨ ਰਾਮਰਾਇ ਦੁਆਰਾ ਦਿੱਲੀ ਜਾ ਕੇ ਔਰੰਗਜ਼ੇਬ ਦੇ ਸਾਹਮਣੇ ਗੁਰਬਾਣੀ ਦੀ ਤੁਕ ‘‘ਮਿਟੀ ਮੁਸਲਮਾਨ ਕੀ’’ ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਰਨ ਦਾ ਵੱਡਾ ਅਪਰਾਧ ਕੀਤਾ ਤੇ ਪਿਤਾ ਗੁਰੂ ਸ੍ਰੀ ਹਰਿ ਰਾਇ ਜੀ ਨੇ ਬਚਨ ਕੀਤਾ ਕਿ ਉਸ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਇਸ ਲਈ ਉਹ ਹੁਣ ਸਾਡੇ ਮੱਥੇ ਨਾ ਲੱਗੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਆਉਣ ਲਈ ਸੱਦਾ ਘੱਲਿਆ ਤਾਂ ਉਨ੍ਹਾਂ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਸ੍ਰੀ ਰਾਮ ਰਾਇ ਜੀ ਨੂੰ ਭੇਜਿਆ, ਜੋ ਦਿੱਲੀ ’ਚ ਮਿਲੇ ਪਿਆਰ ਸਤਿਕਾਰ ਜਾਂ ਡਰ ਨੂੰ ਵੇਖਦਿਆਂ ਕੁਝ ਅਜਿਹਾ ਕਰ ਬੈਠਾ ਜੋ ਗੁਰੂ ਘਰ ਦੀ ਮਰਿਆਦਾ ਦੇ ਵਿਪਰੀਤ ਸੀ। ਗੁਰੂ-ਪਿਤਾ ਨੇ ਪੁੱਤਰ ਨੂੰ ਸਮਝਾਇਆ ਸੀ ਕਿ ਦਿੱਲੀ ਜਾ ਕੇ ਔਰੰਗਜ਼ੇਬ ਜੋ ਪੁੱਛੇ ਨਿਡਰ ਹੋ ਕੇ ਸੱਚੀ ਗੱਲ ਬੋਲਣਾ ਤੇ ਕੋਈ ਵਾਧੂ ਹਰਕਤ ਨਾ ਕਰਨਾ। ਮਹਿਮਾ ਪ੍ਰਕਾਸ ਦੇ ਬੋਲ ਹਨ,
ਸੁਨੋ ਪੁੱਤਰ ਮੈਂ ਬਚਨ ਜੋ ਕਹੋਂ। ਤੁਮਰੇ ਸੰਗ ਸਦਾ ਮੈਂ ਰਹੋਂ।
ਦਿੱਲੀ ਪਤ ਸੋ ਜਾਇ ਤੁਮ ਮਿਲੋ। ਕੁਛ ਸ਼ੰਕ ਭੈ ਨਾਹੀਂ ਮਨ ਮੈ ਗਿਲੋ।
ਤੁਮਾਰਾ ਬਚਨ ਸਫਲ ਸਭ ਹੋਏ। ਤੁਮ ਸਮਾਨ ਬਲੀ ਨਹੀਂ ਕੋਏ।
ਜੋ ਪੂਛੈ ਸੋ ਸਤ ਕਹਿ ਦੀਜੇ। ਕਛੁ ਕਰਾਮਾਤ ਪ੍ਰਗਟ ਨਹੀਂ ਕੀਜੇ। (ਸਾਖੀ ੧੮)
ਪਰ ਬਾਬਾ ਰਾਮ ਰਾਇ ਨੇ ਦਿੱਲੀ ਜਾ ਕੇ, ਪਿਤਾ ਗੁਰੂ ਦੇ ਬਚਨ ਭੁੱਲ ਕੇ, ਔਰੰਗਜ਼ੇਬ ਦੇ ਕਹਿਣ ’ਤੇ ੫੨ ਤੋਂ ਵੱਧ ਕਰਾਮਾਤਾਂ ਵਿਖਾਈਆਂ, ਮੰਨਿਆ ਗਿਆ ਅਤੇ ਬਾਦਸ਼ਾਹ ਦੀ ਖੁਸ਼ਾਮਦ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੀ ਤੁਕ ਵੀ ਬਦਲ ਦਿੱਤੀ। ਇਸ ਕਾਰਨ ਗੁਰਦੇਵ-ਪਿਤਾ ਨੇ ਉਸ ਨੂੰ ਸਦਾ ਲਈ ਤਿਆਗ ਦਿੱਤਾ। ਸ੍ਰੀ ਰਾਮ ਰਾਇ ਦੇ ਮੁਕਾਬਲੇ ’ਤੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਬਚਪਨ ਵਿੱਚ ਹੀ ਆਪਣੀ ‘ਅਕਾਲੀ’ ਬੋਲਬਿਰਤੀ ਦਾ ਜੋ ਪ੍ਰਗਟਾਵਾ ਕੀਤਾ, ਆਪਣੇ ਆਪ ਨੂੰ ਹਉਂ ਤੋਂ ਮੁਕਤ, ਨਿਰਭਉ ਤੇ ਨਿਰਵੈਰ ਸਾਬਤ ਕੀਤਾ, ਗੁਰੂ-ਦਰਬਾਰ ਨੂੰ ‘ਆਪਾ’ ਸਮਰਪਣ ਕਰ ਕੇ, ਸਮਾਜਿਕ ਤੇ ਰਾਜਸੀ ਸਥਿਤੀ ਵਿੱਚ ਵੀ ਆਪਣੇ ਆਪ ਨੂੰ ‘ਭੁਜਬਲਬੀਰ’ ਸਿਰਜਣ ਦਾ ਜੋ ਪ੍ਰਭਾਵ ਦਿੱਤਾ, ਉਸ ਦਾ ਹੀ ਵੱਡਾ ਫਲ਼ ਇਹ ਮੂਰਤੀਮਾਨ ਹੋਇਆ ਕਿ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਿਆਈ ਤੋਂ ਵੰਚਿਤ ਕਰ ਦਿੱਤਾ ਤੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਯੋਗ ਸਮਝ ਕੇ (ਸਵਾ) ਪੰਜ ਸਾਲ ਦੀ ਉਮਰ ਵਿੱਚ ਹੀ ਗੁਰੂ ਸਿੰਘਾਸਨ ਉੱਤੇ ਬਿਠਾ ਦਿੱਤਾ। ਅਜਿਹੇ ਮਹਾਨ ਗੁਰੂ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਵਿਚਾਰਦੇ ਹਾਂ।
ਜੀਵਨ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ੨ ਅਗਸਤ ਸੰਨ ੧੬੫੬ (ਸਾਵਣ ਬਿਕ੍ਰਮੀ ੧੭੧੩) ਨੂੰ ਕੀਰਤਪੁਰ ਸਾਹਿਬ ਦੇ ਪਵਿੱਤਰ ਸਥਾਨ ’ਤੇ ਹੋਇਆ। ਆਪ ਜੀ ਦੇ ਦਾਦਾ ਬਾਬਾ ਗੁਰਦਿੱਤਾ ਜੀ ਤੇ ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਸਨ। ਸ੍ਰੀ ਰਾਮ ਰਾਇ ਵੱਡਾ ਭਰਾ ਸੀ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧੁਰ-ਦਰਗਾਹੋਂ ਦੈਵੀ ਗੁਣਾਂ ਵਾਲੀ ਆਤਮਿਕ ਉੱਚਤਾ ਪ੍ਰਾਪਤ ਹੋਈ ਸੀ ਅਤੇ ਜਨਮ ਤੋਂ ਹੀ ਗੁਰਮਤਿ ਦੀ ਸਿੱਖਿਆ-ਦੀਖਿਆ ਮਿਲਣ ਲੱਗ ਪਈ ਸੀ। ਆਪ ਨੇ ਛੋਟੀ ਉਮਰ ਵਿੱਚ ਹੀ ਪਿਤਾ ਜੀ ਦੀ ਸੰਗਤ ਵਿੱਚ ਰਹਿ ਕੇ ਸਭ ਤਰ੍ਹਾਂ ਦੀ ਉਚੇਰੀ ਵਿੱਦਿਆ, ਗੁਰਬਾਣੀ ਤੇ ਗੁਰਮਤਿ ਸਿਧਾਂਤਾਂ ਦੀ ਸੂਝ ਅਤੇ ਦੂਜੇ ਧਰਮਾਂ ਦਾ ਗਿਆਨ ਗ੍ਰਹਿਣ ਕਰ ਲਿਆ ਸੀ। ਆਪ ਅੰਤਰ-ਬੋਧ ਦੇ ਧਾਰਨੀ ਅਤੇ ਬ੍ਰਹਮ-ਗਿਆਨ ਨਾਲ ਓਤ-ਪੋਤ ਸਨ। ਵੇਖਣ-ਸੁਣਨ ਵਾਲੇ ਮਹਾਨ ਵਿਦਵਾਨ ਵੀ ਬਾਲਕ ਦੀ ਦੈਵੀ ਉੱਚਤਾ ਤੇ ਅਲੌਕਿਕ ਸੂਝ-ਬੂਝ ਤੋਂ ਹੈਰਾਨ ਹੋ ਜਾਂਦੇ ਸਨ। ਬਾਲਕ ਸ੍ਰੀ ਹਰਿਕ੍ਰਿਸ਼ਨ ਜੀ ਦਾ ਹਿਰਦਾ ਬਹੁਤ ਕੋਮਲ ਸੀ, ਉਨ੍ਹਾਂ ਵਿੱਚ ਪਰਉਪਕਾਰ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਆਪਣੇ ਛੋਟੇ ਪੁੱਤਰ ਵਿੱਚ ਗੁਰੂ-ਜੋਤਿ ਦੇ ਅੰਸ਼; ਜੋ ਉਨ੍ਹਾਂ ਨੇ ਪਿਤਾ, ਦਾਦਾ ਤੇ ਪੜਦਾਦਾ ਜੀ ਕੋਲੋਂ ਵਿਰਸੇ ਵਿੱਚ ਪ੍ਰਾਪਤ ਕੀਤੇ ਸਨ; ਦਿਖਾਈ ਦੇ ਰਹੇ ਸਨ।
ਗੁਰਿਆਈ ਦੀ ਪ੍ਰਾਪਤੀ: ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਸਮਝ ਕੇ ਆਪਣੇ ਛੋਟੇ ਪੁੱਤਰ ਨੂੰ ਹਰ ਤਰ੍ਹਾਂ ਨਾਲ ਯੋਗ ਸਮਝਿਆ ਅਤੇ ਗੁਰਬਾਣੀ ਦੇ ਮਹਾਂਵਾਕ- ‘‘ਤਖਤਿ ਬਹੈ, ਤਖਤੈ ਕੀ ਲਾਇਕ॥’’ ਅਨੁਸਾਰ ਅਕਤੂਬਰ ੧੬੬੧ ਈ. ( ਕੱਤਕ ੧੭੧੮ ਬਿਕ੍ਰਮੀ) ਨੂੰ ਸਾਰੀ ਸੰਗਤ ਦੇ ਸਨਮੁਖ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ। ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਅਤੇ ਜੁਗਤਿ ਦਾ ਗੁਰੂ-ਵਾਰਿਸ ਸਥਾਪਤ ਕਰਦਿਆਂ ਇਹ ਵਰਦਾਨ ਵੀ ਦਿੱਤਾ ਕਿ ਜਿਹੜਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ-ਦਲਿੱਦਰ ਤੇ ਰੋਗ-ਸੰਤਾਪ ਸਹਿਜੇ ਹੀ ਮਿਟ ਜਾਣਗੇ; ਸੁਖ, ਸਹਿਜ ਤੇ ਅਨੰਦ ਉਸ ਦਾ ਧਨ ਬਣ ਜਾਵੇਗਾ। ਆਪ ਦਾ ਦਰਸ਼ਨ-ਦੀਦਾਰ ਨਿਸ਼ਚੇ ਹੀ ‘‘ਸਭਿ ਦੁਖਿ ਜਾਇ’’ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤਰ੍ਹਾਂ ਸਵਾ ਪੰਜ ਸਾਲ ਦੀ ਉਮਰ ਵਿੱਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਮਰੱਥ ਤੇ ਯੋਗ ‘ਗੁਰੂ’ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਸਿੱਖਾਂ ਦੇ ਅਠਵੇਂ ਗੁਰੂ-ਜੋਤੀ ਦੇ ਵਾਰਸ ਹੋਏ ਹਨ। ਆਪ ਸਭ ਤੋਂ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਤਮਕ ਰੱਬੀ ਖ਼ਜ਼ਾਨੇ ਦੇ ਮਾਲਕ ਬਣੇ।
ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਅਨੰਤ ਜੋਤਿ’ ਹੀ ਗੁਰੂ ਰੂਪ ਹੋ ਕੇ ਗੁਰੂ ਸਾਹਿਬਾਨ ਵਿੱਚ ਵਿਚਰਦੀ ਹੋਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਿੱਚ ਪ੍ਰਵੇਸ਼ ਕਰ ਗਈ। ਇਸ ਲਈ ਉਨ੍ਹਾਂ ਦੀ ਜੀਵਨ-ਜੋਤਿ ਤੇ ਜੁਗਤਿ ਪੂਰਬਲੇ ਗੁਰੂ ਸਾਹਿਬਾਨ ਵਾਲੀ ਹੀ ਸੀ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਅਨੁਸਾਰ ਜਦੋਂ ਇਹ ‘ਅਨੰਤ ਜੋਤਿ’ ਇੱਕ ਗੁਰੂ ਤੋਂ ਦੂਸਰੇ ਵਿੱਚ ਪ੍ਰਵੇਸ਼ ਕਰਦੀ ਹੈ, ਉਸ ਵਿੱਚ ਮੁਕੰਮਲ ਰੂਪ ਵਿੱਚ ਹਲੂਲ (ਲੀਨ) ਹੋ ਜਾਂਦੀ ਹੈ ਤਾਂ ਕੇਵਲ ਕਾਇਆਂ ਹੀ ਪਲਟਦੀ ਹੈ। ਇਸ ਦੀ ਜੁਗਤ ਅਤੇ ਵਰਤਾਰਾ ਉਹੀ ਰਹਿੰਦਾ ਹੈ, ਜੋ ਅਨੰਤ ਦਾ ਹੋ ਸਕਦਾ ਹੈ- ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ (ਯਾਦ ਰਹੇ ਕਿ ਗੁਰਬਾਣੀ ਵਿੱਚ ‘ਨਾਨਕ’ ਸ਼ਬਦ, ਸਰੀਰ ਗੁਰੂ ਸਰੂਪ ਲਈ ਨਹੀਂ, ਸਗੋਂ ‘ਸ਼ਬਦ ਜੋਤਿ’ ਦੇ ਪ੍ਰਤੀਕਾਤਮਿਕ ਰੂਪ ਵਿੱਚ ਵਰਤਿਆ ਗਿਆ ਹੈ) ਇਸ ਤਰ੍ਹਾਂ ਇਹ ਜੋਤਿ ਨਵੇਂ ਹੋਣ ਵਾਲੇ ਗੁਰੂ, ਜਿਸ ਵਿੱਚ ਇਹ ਹਲੂਲ ਕਰ ਗਈ ਹੋਵੇ, ਉਸ ਦੀ ਉਮਰ ਦੇ ਲਿਹਾਜ਼ ਤੋਂ ਉੱਪਰ ਰਹਿੰਦੀ ਹੈ। ਜੋਤਿ ਤਾਂ ਸਦੀਵੀ ਹੈ, ਇਸ ਦੀ ਕੋਈ ਉਮਰ ਨਹੀਂ ਹੁੰਦੀ। ਗੁਰੂ-ਸਰੂਪ ਦੇ ਸਰੀਰ ਦੇ ਬਚਪਨ ਜਾਂ ਬੁਢਾਪੇ ਦਾ ਇਸ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇਕਰ ਇਹ ਜੋਤਿ ੭੦-੭੨ ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਉਹ ਗਿਆਨਵਾਨ, ਸਮਾਜ ਸੁਧਾਰਕ ਤੇ ਅਜਿਹੀਆਂ ਸ਼ਕਤੀਆਂ ਦੇ ਮਾਲਕ ਹੋ ਨਿਬੜਦੇ ਹਨ, ਜਿਨ੍ਹਾਂ ਦਾ ਬਿਆਨ ਕਥਨ ਤੋਂ ਬਾਹਰ ਹੈ (ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀਹ ਕਛੁ ਕਹੀ ਨ ਜਾਈ ॥ ਭਟ ਕੀਰਤ/੧੪੦੬) ਅਤੇ ਇਸੇ ਤਰ੍ਹਾਂ ਇਹ ਜੋਤਿ, ਸਵਾ ਪੰਜ ਸਾਲ ਦੀ ਬਾਲ ਉਮਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਉਹ ਹੱਦ ਦਰਜੇ ਦਾ ਸੂਝਵਾਨ, ਗਿਆਨ ਦਾ ਦਾਤਾ, ਦੂਖ ਨਿਵਾਰਨ ਤੇ ਨਿਰਭਉ ਭੁਜਬਲਬੀਰ ਹੋ ਨਿਬੜਦਾ ਹੈ। ਉਸ ਵਿੱਚ ਉਸੇ ਤਰ੍ਹਾਂ ਦੀ ਪ੍ਰੋੜ੍ਹਤਾ, ਦੂਰ-ਅੰਦੇਸ਼ੀ, ਦਿੱਬ-ਦ੍ਰਿਸ਼ਟੀ ਤੇ ਗਿਆਨ ਪ੍ਰਕਾਸ਼ ਕਰਨ ਦੀ ਸਮਰੱਥਾ ਹੋਵੇਗੀ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਸੀ ਤੇ ਇਹ ਬਾਲਕ ਵੀ ਉਸੇ ਤਰ੍ਹਾਂ ਦਾ ਨਿਰਭਉ ਤੇ ਨਿਧੜਕ ਹੋਵੇਗਾ, ਜਿਸ ਤਰ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਔਰੰਗਜ਼ੇਬ ਵਰਗੇ ਸ਼ਕਤੀਵਾਨ, ਸ਼ਹਿਨਸ਼ਾਹ-ਏ-ਹਿੰਦ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ:
ਜਿਸ ਸਿਆਣਪ, ਦੂਰ-ਦਰਸ਼ਤਾ, ਨਿਪੁੰਨਤਾ, ਦ੍ਰਿੜ੍ਹਤਾ, ਲਗਨ ਤੇ ਜ਼ਿੰਮੇਵਾਰੀ ਨਾਲ ਆਪ ਜੀ ਨੇ ਸਿੱਖੀ ਦੀ ਸੇਵਾ ਤੇ ਅਗਵਾਈ ਕੀਤੀ, ਉਸ ਦਾ ਖਿਆਲ ਕਰ ਕੇ ਸਧਾਰਨ ਪ੍ਰਾਣੀ ਦੀ ਬੁੱਧੀ ਚੱਕ੍ਰਿਤ ਹੋ ਜਾਂਦੀ ਹੈ।… ਛੋਟੀ ਉਮਰ ਵਿੱਚ ਆਪ ਉਨ੍ਹਾਂ ਸਰਬ ਸਮਰੱਥਾਵਾਂ ਦੇ ਸੁਆਮੀ ਸਨ, ਜੋ ਅਕਾਲ ਪੁਰਖ ਦੇ ‘ਜੋਤ ਸਰੂਪ’ ਆਪ ਤੋਂ ਪਹਿਲੇ ਸੱਤ ਗੁਰੂ ਸਾਹਿਬਾਨ ਵਿੱਚ ਵਿਦਮਾਨ ਸਨ। ਇਸ ਬਾਰੇ ਗਿਆਨੀ ਗਿਆਨ ਸਿੰਘ ਜੀ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ :
ਜੇਤਕ ਥੀ ਗੁਰੁ ਘਰ ਕੀ ਰੀਤੀ। ਅਸ਼ਟਮ ਗੁਰੁ ਸਬ ਗਹੀ ਬਿਨੀਤੀ।
ਜਦ੍ਯਪਿ ਹੁਤੇ ਬਾਲ ਬਯ ਸੋਈ। ਤਦ੍ਯਪਿ ਬੁਧਿ ਬ੍ਰਿਧਨ ਸਮ ਹੋਈ।
ਸਭ ਬਿਵਹਾਰ ਔਰ ਪਰਮਾਰਥ। ਪੂਰਨ ਕਰੇ ਸਿਖਨ ਕੇ ਸ੍ਵਾਰਥ।
ਅਜ਼ਮਤ ਔਰ ਅਰੂਜ ਅਪਾਰਾ। ਅਸ਼ਟਮ ਗੁਰ ਬਹੁ ਬਿਧ ਬਿਸਤਾਰਾ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁਆਰਾ ਛੋਟੀ ਉਮਰ ਵਿੱਚ ਸੁਯੋਗ ਢੰਗ ਨਾਲ ਸਿੱਖਾਂ ਦੀ ਅਧਿਆਤਮਿਕ ਰਹਿਨੁਮਾਈ ਕਰਨੀ, ਆਪ ਜੀ ਦੀ ਰੂਹਾਨੀ ਕਲਾ ਦਾ ਇਕ ਮਹਾਨ ਕ੍ਰਿਸ਼ਮਾ ਹੈ। ਆਪ ਨੇ ਦੂਰ-ਦੁਰਾਡੇ ਰਹਿਣ ਵਾਲੀਆਂ ਸਿੱਖ ਸੰਗਤਾਂ ਦੀ ਚੰਗੀ ਅਗਵਾਈ ਕੀਤੀ। ਦੂਰ ਪ੍ਰਦੇਸਾਂ ਵਿੱਚ ਧਰਮ ਪ੍ਰਚਾਰਕ ਨਿਯੁਕਤ ਕੀਤੇ ਅਤੇ ਆਪ ਵੀ ਸੱਚ ਦੇ ਢੁੰਢਾਊਆਂ ਨੂੰ ਉਪਦੇਸ਼ ਦਿੱਤੇ। ਪ੍ਰਸਿੱਧ ਇਤਿਹਾਸਕਾਰ ਡੰਕਨ ਗ੍ਰੀਨਲੀਜ਼ ਦੇ ਸ਼ਬਦਾਂ ਵਿਚ:
At this very early age he was called to lead and to teach the wide-spread and vigorous Sikh community. He did his work well. He sent out missionaries to the furthest outposts of the Religion and he himself taught with all confidence those who asked him of the truth.
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਅੰਮ੍ਰਿਤ ਰੂਪ ਆਤਮ ਉਨ੍ਹਾਂ ਨੂੰ ਮੁਨਵਰ (ਰੌਸ਼ਨ) ਕਰੀ ਜਾਂਦਾ ਸੀ। ਗੁਰੂ ਜੀ ਦੇ ਅਤੀ ਕੋਮਲ ਬਾਲਾ ਸਰੀਰ ਤੋਂ ਰੂਹਾਨੀ ਆਭਾ ਪੂਰੇ ਜੋਬਨ ਵਿੱਚ ਚਮਕਾਰੇ ਮਾਰਦੀ ਸੀ।
ਬੇਸ਼ੱਕ ਆਪ ਬਾਲ ਅਵਸਥਾ ਵਿੱਚ ਸਨ ਪਰ ਯੋਗਤਾ ਅਤੇ ਕਰਨੀ ਕਰ ਕੇ ਸੰਪੂਰਨ ਸਨ। ਫ਼ਾਰਸੀ ਦੀ ਇਹ ਅਖਾਉਤ ਅਠਵੇਂ ਪਾਤਸ਼ਾਹ ’ਤੇ ਠੀਕ ਢੁੱਕਦੀ ਹੈ-‘ਬਜ਼ੁਰਗੀ ਬ-ਅਕਲ, ਨ ਬਸਾਲ’ ਭਾਵ ਵਡਿਆਈ ਨਿਰਮਲ ਬੁੱਧੀ ਤੇ ਗੁਣਾਂ ਉੱਤੇ ਨਿਰਭਰ ਹੈ, ਨਾ ਕਿ ਵੱਡੀ ਉਮਰ ਉੱਤੇ। ਆਪ ਜੀ ਨੇ ਗੁਰੂ-ਘਰ ਦੀ ਸਾਰੀ ਮਰਯਾਦਾ ਗੁਰਮਤਿ ਅਨੁਸਾਰ ਨਿਭਾਈ ਤੇ ਸਿੱਖਾਂ ਨੂੰ ਸੁਯੋਗ ਰਹਿਨੁਮਾਈ ਦਿੱਤੀ। ਆਪ ਦੇ ਮਕਨਾਤੀਸੀ (ਚੁੰਬਕੀ) ਸ਼ਬਦਾਂ ਦੇ ਪ੍ਰਭਾਵ ਅਤੇ ਪ੍ਰਚਾਰ ਸਦਕਾ ਸਿੱਖੀ ਨੇ ਦੇਸ਼-ਪਰਦੇਸ ਵਿੱਚ ਮਕਬੂਲਤਾ ਹਾਸਲ ਕੀਤੀ। ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਜੀ ਵਰਗੇ ਅਨੇਕਾਂ ਆਪਾ-ਵਾਰਨ ਵਾਲੇ ਸ਼ਰਧਾਲੂ ਸਿੱਖ ਸਜ ਗਏ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਕੀਰਤੀ ਦੂਰ-ਦੂਰ ਤੱਕ ਫੈਲ ਗਈ।
ਰਾਮ ਰਾਇ ਵੱਲੋਂ ਵਿਰੋਧਤਾ:
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਵਧ ਰਹੀ ਵਡਿਆਈ ਨੂੰ ਵੇਖ ਕੇ ਰਾਮ ਰਾਇ ਈਰਖਾ ਦੀ ਅੱਗ ਵਿੱਚ ਸੜਨ ਲੱਗਾ ਤੇ ਉਸ ਨੇ ਛੋਟੇ ਭਰਾ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦਰਬਾਰ ਵਿੱਚ ਜਾ ਕੇ ਔਰੰਗਜ਼ੇਬ ਅੱਗੇ ਫ਼ਰਿਆਦ ਕੀਤੀ ਕਿ ‘ਵੱਡਾ ਹੋਣ ਕਾਰਨ ਗੁਰਤਾਗੱਦੀ ’ਤੇ ਮੇਰਾ ਹੱਕ ਹੈ। ਮੇਰੇ ਨਾਲ ਪਿਤਾ ਨੇ ਧੱਕਾ ਕੀਤਾ ਹੈ। ਬਾਦਸ਼ਾਹ ਆਲਮਗੀਰ ! ਮੈਂ ਆਪ ਜੀ ਦਾ ਵਫ਼ਾਦਾਰ ਹਾਂ ਤੇ ਅੱਗੇ ਤੋਂ ਵੀ ਤੁਸਾਂ ਦਾ ਰਿਣੀ ਰਹਾਂਗਾ। ਗੁਰਤਾ ਦਾ ਹੱਕ ਮੇਰਾ ਹੈ।’
ਔਰੰਗਜ਼ੇਬ ਬੜਾ ਚਲਾਕ ਸੀ। ਉਸ ਨੇ ਸੋਚਿਆ ਜੇ ਮੇਰੇ ਵਫ਼ਾਦਾਰ ਨੂੰ ਗੁਰਤਾਗੱਦੀ ਮਿਲ ਜਾਵੇਗੀ, ਮੈਂ ਸਾਰੀ ਲੋਕਾਈ ਦਾ ਧਰਮ-ਪਰਿਵਰਤਨ ਬੜੀ ਆਸਾਨੀ ਨਾਲ ਕਰ ਸਕਦਾ ਹਾਂ। ਸ਼ਾਹੀ ਹੁਕਮ ਭੇਜ ਦਿੱਤਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਣ ਤੇ ਬਾਦਸ਼ਾਹ ਨਾਲ ਵਿਚਾਰ-ਵਟਾਂਦਰਾ ਕਰਨ। ਜਦੋਂ ਸ੍ਰੀ ਰਾਮ ਰਾਇ ਦੀ ਸ਼ਿਕਾਇਤ ਸੁਣ ਕੇ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਸ਼ਾਹੀ ਕਾਸਦ ਨੂੰ ਚਿੱਠੀ ਦੇ ਕੇ ਕੀਰਤਪੁਰ ਸਾਹਿਬ ਭੇਜਿਆ ਤਾਂ ਆਪ ਜੀ ਨੇ ਗੁਰੂ ਪਿਤਾ ਦੇ ਅੰਤਮ ਸੰਦੇਸ਼ ‘ਨਹਿ ਮਲੇਛ ਕੋ ਦਰਸ਼ਨ ਦੇ ਹੈਂ’ ਨੂੰ ਸਮਰਪਿਤ ਹੋ ਕੇ ਔਰੰਗਜ਼ੇਬ ਨੂੰ ਦਿੱਲੀ ਜਾ ਕੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ‘ਸੂਰਜ ਪ੍ਰਕਾਸ਼’ ਦੇ ਕਰਤਾ ਨੇ ਇਸ ਘਟਨਾ ਨੂੰ ਇਉਂ ਬਿਆਨ ਕੀਤਾ ਹੈ:
ਸੁਨ ਕੇ ਸ੍ਰੀ ਹਰਿ ਕ੍ਰਿਸਨ ਸੁਜਾਨਾ। ਸਭਨ ਸੁਨਾਵਤ ਬਾਕ ਬਖਾਨਾ।
ਨਹਿ ਮਲੇਛ ਕੋ ਦਰਸ਼ਨ ਦੇ ਹੈ। ਹੋਇ ਸਮੀਪ ਤਿਸ ਕੋ ਨਹਿ ਲੈ ਹੈ।
ਇਹੀ ਨੇਮ ਪਿਤ ਕੀਨ ਹਮਾਰੇ। ਤਿਸ ਪ੍ਰਕਾਰ ਹਮ ਭੀ ਉਰ ਧਾਰੇ।
ਪਰ ਜਦੋਂ ਰਾਜਾ ਜੈ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਚਰਨ ਪਾਉਣ ਲਈ ਬੇਨਤੀ ਕੀਤੀ ਤਾਂ ਆਪ ਨੇ ਸੰਗਤਾਂ ਦੀ ਅਰਜ਼ੋਈ ਨੂੰ ਪਰਵਾਨ ਕਰਦਿਆਂ ਦਿੱਲੀ ਆ ਪਏ।
ਹੰਕਾਰੀ ਪੰਡਿਤ ਦਾ ਹੰਕਾਰ ਤੋੜਨਾ:
ਦਿੱਲੀ ਵੱਲ ਜਾਂਦੇ ਰਾਹ ਵਿੱਚ ਪੰਜੋਖਰੇ ਦੇ ਸਥਾਨ ’ਤੇ ਪੜਾਅ ਦੌਰਾਨ ਹੰਕਾਰੀ ਪੰਡਿਤ ਲਾਲ ਚੰਦ ਗੁਰੂ-ਪਾਤਸ਼ਾਹ ਕੋਲ ਆਇਆ ਤੇ ਕਹਿਣ ਲੱਗਾ ਕਿ ‘ਨਾਮ ਤਾਂ ਹਰਿਕ੍ਰਿਸ਼ਨ ਰੱਖਿਆ ਹੈ ਪਰ ‘ਗੀਤਾ-ਗਿਆਨ’ ਦਾ ਤਾਂ ਤੁਹਾਨੂੰ ਕੋਈ ਅਨੁਭਵ ਨਹੀਂ। ਸ਼੍ਰੀ ਕ੍ਰਿਸ਼ਨ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)