24 ਦਸੰਬਰ ਨੂੰ ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਆਉ ਇਤਿਹਾਸ ਤੇ ਸੰਖੇਪ ਝਾਤ ਮਾਰੀਏ।
ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ ੧੬੬੬ ਈ. ਦੇ ਪ੍ਰਕਾਸ਼ ਤੋਂ ੩>੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ, ੧੬੬੭ ਈ. ਨੂੰ ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।ਇਸ ਕਰਕੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾ ਕੇ ਤੇ ਦੁਸ਼ਮਨ ਨੂੰ ਲਲਕਾਰ ਕੇ ਨਿਕਲੇ ਸਨ। ਆਉ ਸੰਗਤ ਜੀ ਤਹਾਨੂੰ ਚਮਕੌਰ ਦੀ ਗੜ੍ਹੀ ਵਿੱਚ ਲੈ ਕੇ ਚਲਦੇ ਹਾਂ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਥਾਪੜਾ ਦੇ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ-ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ।ਸ਼ੁਕਰੇ ਅੱਲਾਹ ਕੀਆ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ “ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ” ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਇਆ, ਪ੍ਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ “ਗੁਰੂ ਪੰਥ” ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹ-ਮੁਹਾਂਦਰੇ ਵਾਲੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ ੧੦ ਪੋਹ, ੧੭੬੧ ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-
ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ ਸੋਈ। ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)
ਉਸ ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ ”ਉਹ ਚਮਕੌਰ ਦੀ ਹਵੇਲੀ ਛੱਡ ਜਾਣ” ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਆਵਾਜ਼ ਨਾਲ ਕਿਹਾ, ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ। ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।
ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲ਼ੀ ਤੇ ਠੰਡੀ ਰਾਤ ਦੇ ਹਨੇਰੇ ਵਿਚ ਹੜਬੜਾਏ ਹੋਏ, ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ