ਇਤਿਹਾਸ ਜਦੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਸੀ ।
ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਸਦਕਾ ਬਾਬਾ ਬਕਾਲਾ ਸਾਹਿਬ ਦਰਸ਼ਨਾਂ ਲਈ ਗਿਆ ਸੀ । ਭੋਰਾ ਸਾਹਿਬ ਦੇ ਸਾਹਮਣੇ ਇਕ ਥੜਾ ਬਣਿਆ ਹੋਇਆ ਹੈ ਇਹ ਉਹ ਅਸਥਾਨ ਹੈ ਜਿਸ ਜਗਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਲੁਬਾਣੇ ਦੇ ਪ੍ਗਟ ਕਰਨ ਤੋ ਬਾਅਦ ਸੰਗਤਾਂ ਨੂੰ ਗੁਰੂ ਜੀ ਨੇ ਦਰਸ਼ਨ ਦਿਤੇ ਤੇ ਦੀਵਾਨ ਲਾਇਆ ਸੀ । ਇਸੇ ਹੀ ਅਸਥਾਨ ਤੇ ਸ਼ੀਹੇ ਮਸੰਦ ਨੇ ਧੀਰ ਮੱਲ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਵਾਈ ਸੀ ।
ਸ਼ੀਹਾਂ ਮਸੰਦ : ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸੋਢੀ ਧੀਰ ਮੱਲ ਵਲੋਂ ਥਾਪਿਆ ਇਕ ਮਸੰਦ । ਜਦੋਂ 30 ਮਾਰਚ 1664 ਈ . ਨੂੰ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਚ ਜੋਤੀ ਜੋਤਿ ਸਮਾਏ ਤਾਂ ਉਨ੍ਹਾਂ ਨੇ ਅਗਲੇ ਗੱਦੀਦਾਰ ਦੀ ਨਾਮਜ਼ਦਗੀ ਵਜੋਂ ਕੇਵਲ ‘ ਬਾਬਾ ਬਕਾਲੇ ’ ਸ਼ਬਦ ਕਹੇ । ਨੌਵੇਂ ਗੁਰੂ ਉਦੋਂ ਬਕਾਲਾ ਨਾਂ ਦੇ ਕਸਬੇ ਵਿਚ ਭਗਤੀ ਕਰਦੇ ਸਨ । ਜੋ ਰਿਸ਼ਤੇ ਵਜੋਂ ਅੱਠਵੇਂ ਗੁਰੂ ਦੇ ਦਾਦਾ ( ਬਾਬਾ ) ਲਗਦੇ ਸਨ । ਨਾਂ ਦੀ ਅਸਪੱਸ਼ਟਤਾ ਕਾਰਣ ਬਕਾਲੇ ਵਿਚ ਕਈਆਂ ਨੇ ਗੁਰਗੱਦੀ ਉਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ । ਧੀਰ ਮੱਲ ਨੇ ਜਿਗਿਆਸੂਆਂ ਨੂੰ ਆਪਣੇ ਨਾਲ ਜੋੜਨ ਲਈ ਕਈ ਬੰਦੇ ਛਡੇ ਹੋਏ ਸਨ ਅਤੇ ਸ਼ੀਹਾਂ ਮਸੰਦ ਵੀ ਅਜਿਹੀ ਕਾਰਵਾਈ ਬੜੇ ਉਤਸਾਹ ਨਾਲ ਕਰ ਰਿਹਾ ਸੀ । ਗੁਰੂ ਤੇਗ ਬਹਾਦਰ ਜੀ ਏਕਾਂਤ ਵਿੱਚ ਰਹਿਣਾ ਪਸੰਦ ਕਰਦੇ ਸਨ , ਪਰ ਈਸ਼ਵਰ ਨੇ ਜੋ ਕੁਛ ਕਰਨਾ ਹੁੰਦਾ ਹੈ ਲੱਖ ਸਬੱਬ ਬਣਾ ਦੇਂਦਾ ਹੈ । ਓਸੇ ਸਮੇਂ ਪ੍ਰਮੇਸ਼ੁਰ ਦਾ ਪ੍ਰੇਰਿਆ ਹੋਇਆ ਇੱਕ ਲੁਬਾਣਾ ਸਿੱਖ ( ਮੱਖਣ ਸ਼ਾਹ ਲੁਬਾਣਾ } ਸੌਦਾਗਰ ਗੁਰੂ ਕੀ ਸੁੱਖਣਾਂ ਦੀ ਪੰਜ ਸੌ ਮੋਹਰ ਦੇਣ ਵਾਸਤੇ ਕੁਟੰਬ ਸਨੇ ਬਕਾਲੇ ਆ ਪਹੁੰਚਿਆ । ਕਿਉਂਕਿ ਓਸ ਦਾ ਜਹਾਜ਼ ਤੀਖਣ ਪੌਣ ਨਾਲ ਬੇਵਸ ਹੋ ਕੇ ਡੁਬਣ ਲਗਾ ਜਦ ਗੁਰੂ ਜੀ ਨੂੰ ਧਿਆਇਆ ਤੇ ਨਫ਼ੇ ਵਿੱਚੋਂ ਚੌਥਾ ਹਿੱਸਾ ਗੁਰੂ ਨਮਿੱਤ ਦੇਣਾ ਕੀਤਾ । ਕੁਦਰਤ ਨਾਲ ਉਸ ਦੇ ਅਨੁਕੂਲ ਐਸੀ ਕਿਰਪਾ ਹੋਈ ਜਹਾਜ਼ ਜਲ ਉੱਤੇ ਤੁਰ ਪਿਆ । ਉਸ ਨੇ ਮਸਕਾ ਮੰਡੀ ਦੇ ਬੰਦਰਗਾਹ ਉੱਤੇ ਮਾਲ ਵੇਚ ਕੇ ਦੋ ਹਜ਼ਾਰ ਮੋਹਰ ਨਫ਼ੇ ਦੀ ਖੱਟੀ । ਓਸ ਵਿੱਚੋਂ ਪੰਜ ਸੌ ਗੁਰੂ ਜੀ ਨੂੰ ਦੇਣ ਆਯਾ ਤਾਂ ਅੱਗੇ ਅਜੇਹੀ ਗੜਬੜ ਦੇਖੀ ਜੋ ੨੨ ਆਦਮੀ ਗੁਰੂ ਬਣੇ ਹੋਏ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਸੇ । ਇੱਕ ਗੁਰੂ ਕੋਈ ਨਿਰਨੇ ਨਾ ਹੋਯਾ । , ਚੋਲੇ , ਫ਼ਕੀਰੀ ਬਾਣਾ ਧਾਰੇ ਹੋਏ ਇੱਕ ਤੋਂ ਇੱਕ ਚੜ੍ਹਦਾ ਬੈਠੇ ਦੇਖੇ । ਮੱਖਣ ਸ਼ਾਹ ਪਿੰਡ ਤੋਂ ਬਾਹਰ ਇੱਕ ਖੂਹ ਪਾਸ ਤੰਬੂ ਲਵਾ ਕੇ ਉੱਤਰ ਪਿਆ । ਉਸ ਨੂੰ ਧਨੀ ਤੇ ਬਹੁਤੇ ਆਦਮੀਆਂ ਵਾਲਾ ਜ਼ੋਰਾਵਰ ਦੇਖ ਕੇ ਸਭਨਾਂ ਸੋਢੀਆਂ ਦੇ ਕਾਰਬਾਰੀ ਮਿਸਰੀ ਦੇ ਥਾਲ , ਪ੍ਰਸ਼ਾਦ ਲੈ ਕੇ ਜਾ ਮਿਲੇ ਤੇ ਆਪਣੇ ਆਪਣੇ ਸੋਢੀ ਦੀ ਮਹਿਮਾ ਦੂਜੇ ਦੀ ਨਿੰਦਾ ਕਰ ਕਰ ਲੱਗੇ ਆਪਣੇ ਆਪਣੇ ਵੱਲ ਖਿੱਚਣ । ਧਨੀ ਲੋਕ ਬੜੇ ਚਤੁਰ ਹੁੰਦੇ ਹਨ । ਉਹ ਉਨ੍ਹਾਂ ਸੋਢੀਆਂ ਨੂੰ ਬਹੁਰੂਪੀਏ ਜਾਣ ਕੇ ਸਭ ਦੇ ਆਦਮੀਆਂ ਨੂੰ ਜਵਾਬ ਦੇ ਕੇ ਆਪਣੀ ਪਤਨੀ ਨੂੰ ਨੇਤਰ ਵਹਾਕੇ ਬੋਲਿਆ , “ ਮੈਂ ਬੜਾ ਭਾਰੀ ਗੁਨਾਹੀਂ ਤੇ ਮੰਦਭਾਗੀ ਹਾਂ , ਜਿਸ ਨੂੰ ਆਸਾ ਕਰ ਕੇ ਆਏ ਨੂੰ ਸੱਚੇ ਸਤਿਗੁਰੂ ਦਾ ਦਰਸ਼ਨ ਭੀ ਨਾ ਹੋਯਾ । ਉਸ ਦੀ ਇਸਤ੍ਰੀ ਨੇ ਬੇਨਤੀ ਕੀਤੀ , “ ਪਤੀ ਜੀ ! ਤੁਸੀਂ ਰੁਦਨ ਕਿਉਂ ਕਰਦੇ ਹੋ ? ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਪਰ ਭਰੋਸਾ ਰੱਖੋ । ਜਿਸ ਨੇ ਥਲਾਂ ਵਿੱਚ ਜਲ ਵਹਾਕੇ ਸਾਡਾ ਬੇੜਾ ਪਾਰ ਕੀਤਾ ਹੈ , ਓਹ ਆਪੇ ਪਰਗਟ ਹੋ ਕੇ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰਨਗੇ । ਫੇਰ ਦੰਪਤਿ ਨੇ ਏਹ ਸਲਾਹ ਕੀਤੀ ਕਿ ਦੋ ਦੋ ਮੋਹਰਾਂ ਸਭਨਾਂ ਸੋਢੀਆਂ ਨੂੰ ਦੇਂਦੇ ਜਾਓ । ਜੇਹੜਾ ਸੱਚਾ ਗੁਰੂ ਹੋਊ , ਆਪੇ ਆਪਣੀ ਪੰਜ ਸੌ ਮੋਹਰ ਅਮਾਨਤ ਮੰਗ ਲਊ । ਪਹਿਲੇ ਓਹ ਧੀਰਮੱਲ ਪਾਸ ਗਏ , ਜੋ ਬਹੁਤੀ ਡੀਮਡਾਮ ਬਨਾਈ ਬੈਠਾ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦਾ ਗੁਰੂ ਗ੍ਰੰਥ ਸਾਹਿਬ ਓਸ ਪਾਸ ਖੁਲ੍ਹਾ ਦੇਖ ਕੇ ਮੱਖਣਸ਼ਾਹ ਨੇ ਪੰਜ ਮੋਹਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਤੇ ਦੋ ਧੀਰਮੱਲ ਨੂੰ ਦਿੱਤੀਆਂ । ਛਿਨ ਭਰ ਬੈਠਾ ਰਿਹਾ ਕਿ ਭਲਾ ਜੇ ਏਹੋ ਆਪਣੀ ਪੰਜ ਸੌ ਮੋਹਰ ਮੰਗ ਲੈਣ । ਪਰ ਓਹ ਨਿਰਾਪੁਰਾ ਬਗਲਾ ਭਗਤ ਲਪਚਕਣੀਆਂ ਗੱਲਾਂ ਸੁਣਾ ਸੁਣਾ ਆਪਣੀ ਵਡਿਆਈ ਕਹਿੰਦਾ ਰਿਹਾ । ਏਸੇ ਤਰ੍ਹਾਂ ਸਭਨਾਂ ਗੱਦੀ ਵਾਲਿਆਂ ਨੂੰ ਮੱਖਣ ਸ਼ਾਹ ਦੋ ਦੋ ਮੋਹਰਾਂ ਦੇ ਕੇ ਮੱਥਾ ਟੇਕਦਾ ਫਿਰਿਆ । ਜਦ ਆਪਣੀ ਅਮਾਨਤ ਮੰਗਣ ਵਾਲਾ ਸੱਚਾ ਗੁਰੂ ਕੋਈ ਨਾ ਨਿੱਤਰਿਆ , ਤਾਂ ਫੇਰ ਮੱਖਣ ਸ਼ਾਹ ਅਸਚਰਜ ਹੋ ਕੇ ਨੇਤਰ ਭਰ ਆਇਆ ਤੇ ਕੁਝ ਬਕਾਲੇ ਦੇ ਵਸਨੀਕ ਜੋ ਉਸ ਦੇ ਆਸ ਪਾਸ ਖੜੇ ਸਨ , ਓਨ੍ਹਾਂ ਨੂੰ ਪੁੱਛਿਆ ਕਿ ਕੋਈ ਹੋਰ ਭੀ ਸੋਢੀ ਹੈ ? ਓਨ੍ਹਾਂ ਆਖਿਆ , “ ਜੀ ! ਗੱਦੀਆਂ ਵਾਲੇ ਤਾਂ ਏਹੋ ਸਨ , ਜਿਨ੍ਹਾਂ ਕੋਲ ਤੁਸੀਂ ਪੁਜ ਆਏ ਹੋ । ਬਾਕੀ ਇੱਕ ਛੇਵੇਂ ਗੁਰੂ ਜੀ ਦਾ ਪੁੱਤ ਤੇਗਾ ਨਾਮੇ ਮਸਤ ਜਿਹਾ ਹੋਰ ਭੀ ਹੈ । ਪਰ ਓਹ ਕਿਸੇ ਨਾਲ ਗੱਲ ਨਹੀਂ ਕਰਦਾ । ਆਪਣੇ ਕੋਠੇ ਵਿੱਚ ਪਿਆ ਰਹਿੰਦਾ ਹੈ । ਕਦੇ ਜੰਗਲ ਵਿੱਚ ਜਾ ਵੜਦਾ ਹੈ । ਉਸ ਦੀ ਮਾਈ ਉਸ ਨੂੰ ਗੱਦੀ ਲਾ ਕੇ ਬੈਠਣ ਲਈ ਬਥੇਰਾ ਆਖਦੀ ਹੈ , ਪਰ ਓਹ ਏਸ ਗਲ ਨੂੰ ਪਸੰਦ ਨਹੀਂ ਕਰਦਾ । ਬੇਪ੍ਰਵਾਹ ਜੇਹਾ ਹੈ । ” . ਗੁਰੂ ਤੇਗ ਬਹਾਦਰ ਜੀ ਦੇ ਲੱਛਣ ਸੁਣ ਕੇ ਮੱਖਣ ਸ਼ਾਹ ਦੀ ਇਸਤ੍ਰੀ ਨੇ ਆਖਿਆ , “ ਏਹੋ ਜਿਹੇ ਮਸਤ ਲੋਕ ਕੀਰਤੀ ਵਾਲੇ ਹੁੰਦੇ ਹਨ । ਚਲੋ ! ਉਨ੍ਹਾਂ ਨੂੰ ਭੀ ਪੂਜ ਆਈਏ । ਜਦ ਏਨ੍ਹਾਂ ਨੇ ਜਾ ਕੇ ਗੁਰੂ ਜੀ ਨੂੰ ; ਜੋ ਇੱਕ ਕੋਠੇ ਵਿੱਚ ਪ੍ਰਮੇਸ਼ਰ ਨਾਲ ਲਿਵ ਲਾਈ ਬੈਠੇ ਸਨ , ਦੇਖਿਆ ਤਾਂ ਜਿਕੂ ਜਲ ਦੇ ਛੰਭ ਪਾਸ ਗਿਆਂ ਠੰਢਕ ਵਰਤ ਜਾਂਦੀ ਹੈ ਓਨ੍ਹਾਂ ਦੇ ਮਨ ਨੂੰ ਸ਼ਾਂਤੀ ਜੇਹੀ ਆ ਗਈ ਤੇ ਦੋ ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ । ਤਾਂ ਗੁਰੂ ਜੀ ਬੋਲੇ , “ ਭਾਈ ਸਿੱਖਾ ! ਗੁਰੂ ਧਨ ਦੇ ਭੁੱਖੇ ਤਾਂ ਨਹੀਂ , ਪਰ ਸਿੱਖਾਂ ਦਾ ਸੁਖਨ , ਸਿਦਕ ਅਚੱਲ ਰਖਾਉਣ ਵਾਸਤੇ ਯਾਦ ਕਰਾ ਦੇਣਾ ਸਾਡਾ ਧਰਮ ਹੈ । ਨਹੀਂ ਤਾਂ ਜਿੱਥੇ ਸਾਡੀ ਪੰਜ ਸੌ ਮੋਹਰ ਤੇਰੇ ਪਾਸ ਅਮਾਨਤ ਹੈ , ਓਥੇ ਏਹ ਦੋਵੇਂ ਰੱਖ ਛੱਡ । ਅਸਾਂ ਤਾਂ ਪੰਜ ਸੌ ਲੈਣੀ ਹੈ । ਤੂੰ ਦੋ ਕਿਉਂ ਦੇਂਦਾ ਹੈਂ ? ਤੇਰਾ ਜਹਾਜ਼ ਡੁਬਦਾ ਬੰਨੇ ਲਾਇਆ ਸੀ ਇਹ ਸਾਡਾ ਮੋਢਾ ਦੇਖ ਜਿਸ ਤੇ ਅਜੇ ਵੀ ਜਖਮਾਂ ਦੇ ਨਿਸ਼ਾਨ ਹਨ । ਏਹ ਬਚਨ ਸੁਣ ਕੇ ਮੱਖਣ ਸ਼ਾਹ ਤਾਂ ਬਾਗ਼ ਬਾਗ਼ ਹੋ ਗਿਆ ਤੇ ਗੁਰੂ ਜੀ ਦੇ ਚਰਣ ਚੁੰਮਣ ਲਗ ਪਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ