More Gurudwara Wiki  Posts
ਜਾਣਕਾਰੀ ਭੱਟ ਸਾਹਿਬਾਨਾ ਬਾਰੇ


ਇਹ ਗਿਣਤੀ ਵਿੱਚ ਗਿਆਰਾਂ ਸਨ। ਇਹਨਾਂ ਦਾ ਨਾਮ ਭੱਟ ਕਲਸਹਾਰ, ਭੱਟ ਜਾਲਪ, ਭੱਟ ਕੀਰਤ, ਭੱਟ ਭਿੱਖਾ, ਭੱਟ ਸਲ੍ਹ, ਭੱਟ ਭਲ, ਭੱਟ ਨਲ੍ਹ, ਭੱਟ ਗਯੰਦ, ਭੱਟ ਮਥੁਰਾ, ਭੱਟ ਬਲ, ਭੱਟ ਹਰਿਬੰਸ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 21 ਪੰਨਿਆਂ (1389-1409) ਵਿੱਚ ਸੰਕਲਿਤ ਹੈ। ਇਹਨਾਂ ਦੀ ਬਾਣੀ ਨੂੰ ਸਵੱਯੇ ਮੰਨਿਆ ਗਿਆ ਹੈ। ਕਿਉਂਕਿ ਉਹਨਾਂ ਦੀ ਰਚਨਾ ਵਿੱਚ ਬਹੁਤ ਗਿਣਤੀ ਸਵੱਈਆਂ ਦੀ ਹੈ। ਇਹਨਾਂ ਦੀ ਗਿਣਤੀ 123 ਹੈ। ਇਹਨਾਂ ਸਾਰੇ ਸਵੱਯਾ ਨੂੰ ਪੰਜ ਸਿਰਲੇਖਾਂ ਵਿੱਚ ਰੱਖਿਆ ਗਿਆ ਹੈ। ਇਹ ਸਿਰਲੇਖ ‘ਸਵੱਈਏ ਮਹਲੇ ਪਹਿਲੇ ਕੇ`, ਸਵੱਈਏ ਮਹੱਲੇ ਦੂਜੇ ਕੇ, ਸਵੱਈਏ ਮਹੱਲੇ ਤੀਜੇ ਕੇ, ਸਵੱਈਏ ਮਹੱਲੇ ਚੌਥੇ ਕੇ, ਸਵੱਈਏ ਮਹੱਲੇ ਪੰਜਵੇਂ ਕੇ ਅਧੀਨ ਹਨ।
ਕਲ ਸਹਾਰ ਜੀ
ਭੱਟ ਕਲਸਹਾਰ ਜੀ ਨੇ ਪੰਜਾਂ ਗੁਰੂ ਸਹਿਬਾਨ ਦੀ ਉਸਤਤ ਵਿੱਚ ਸਵੱਈਏ ਉਚਾਰਨ ਕੀਤੇ ਹਨ ਆਪ ਜੀ ਦੇ ਪਿਤਾ ਦਾ ਨਾ ਭੱਟ ਚੋਖਾ ਸੀ ਜੋ ਭੱਟ ਭੀਖਾ ਜੀ ਦੇ ਛੋਟੇ ਭਰਾ ਸਨ। ਭੱਟ ਗਯੰਦ ਵੀ ਆਪ ਦੇ ਭਰਾ ਸਨ।ਕਈ ਸਵਈਆ ਵਿੱਚ ਆਪ ਦਾ ਨਾ ਕਲਸਹਾਰ ਦੀ ਥਾਂ ਤੇ ਉਪਨਾਮ ਟੱਲ ਜਾਂ ਕਲ ਵੀ ਵਰਤਿਆ ਗਿਆ ਹੈ।ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ 10 ਗੁਰੂ ਅੰਗਰ ਦੇਵ ਜੀ ਦੀ ਉਸਤਤ ਵਿੱਚ 10 ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ 9 ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 13 ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ 12 ਸਵਈਆਂ ਦਾ ਉਚਾਰਨ ਕੀਤਾ ਹੈ ਜੋ ਭੱਟ ਕਵੀਆ ਵਿੱਚੋ ਸਭ ਤੋ ਵੱਧ ਹਨ।
ਕਵਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜ ਜੋਗੁ ਜਿਨਿ ਮਾਣਿੳ।।
ਜਾਲਪ ਜੀ
ਇਹਨਾਂ ਦਾ ਦੂਜਾ ਨਾ ਜਲ ਵੀ ਹੈ।ਆਪ ਜੀ ਦੇ ਪਿਤਾ ਭੱਟ ਭਿਖਾ ਜੀ ਸਨ ਆਪ ਭੱਟ ਮਥੁਰਾ ਜੀ ਭੱਟ ਕੀਰਤ ਜੀ ਦੇ ਭਰਾ ਸਨ।ਜਿਸ ਦੇ ਪੰਜ ਪਦ (ਸਵੈਏ) ਗੁਰੂ ਅਮਰਦਾਸ ਜੀ ਦੀ ਵਡਿਆਈ ਬਾਰੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹ ਵੀ ਆਪਣੇ ਪਿਤਾ ਭਿਖੇ ਨਾਲ ਗੋਇੰਦਵਾਲ, ਤੀਜੇ ਗੁਰੂ ਦੇ ਦਰਬਾਰ ਵਿੱਚ ਹਾਜਰ ਹੋਇਆ ਸੀ।ਆਪ ਜੀ ਦੀ ਬਾਣੀ ਅਨੁਸਾਰ ਆਪ ਜੀ ਦੇ ਮਨ ਵਿੱਚ ਗੁਰੂ ਘਰ ਅਤੇ ਗੁਰੂ ਅਮਰਦਾਸ ਜੀ ਦਾ ਬਹੁਤ ਸਤਿਕਾਰ ਸੀ।ਜਿਸ ਦੀ ਸੀਮਾ ਉਲੀਕਨਾ ਬਹੁਤ ਮੁਸ਼ਕਿਲ ਹੈ।
ਸਕਯਥੁ ਸੁ ਸਿਰ ਜਾਲਪੁ ਭਣੈ ਜੁ ਸਿਰ ਨਿਵੈ ਗੁਰ ਅਮਰ ਨਿਤ।।
ਤੈ ਲੋਭ ਕ੍ਧੂ ਤਿ੍ਸਨਾ ਤਜੀ ਸੁ ਮਤਿ ਜਲ ਜਾਣੀ ਜੁਗਤਿ।। (ਪੰਨਾ ੧੩੮੪)
ਨਲ ਜੀ
ਇਹ ਭੱਟ ਕਵੀ ਜਿਹਨਾ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਛੰਦ ਲਿਖੇ ਸਨ। ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਸ ਦੀ ਧਾਰਨਾ ਹੈ ਕਿ ਗੁਰੂ ਦੀ ਚਰਨ ਛੋਹ ਪਰਾਪਤ ਕਰਨ ਨਾਲ ਜਿਗਿਆਸਾ ਦਾ ਉਧਾਰ ਹੋੋ ਜਾਂਦਾ ਹੈ। ਇਸ ਨੇ ਆਪਣੇ ਪਦਾਂ ਵਿੱਚ ‘ਦਾਸ’ ਸ਼ਬਦ ਦੀ ਵਰਤੋ ਕੀਤੀ ਹੇ। ਇਸ ਕਰਕੇ ਕਈ ਵਿਦਵਾਨਾ ਨੇ ‘ਦਾਸ’ ਨਾਂ ਦੇ ਇੱਕ ਵੱਖਰੇ ਭੱਟ ਕਵੀ ਦੀ ਕਲਪਨਾ ਕੀਤੀ ਹੈ ਜੋ ਸਹੀ ਨਹੀਂ ਹੇ ਇਹ ਸ਼ਬਦ ਉਸਦੀ ਨਿਮਰਤਾ ਦਾ ਵਾਚਕ ਹੈ।ਆਪ ਜੀ ਨੇ ਆਪਣੀ ਬਾਣੀ ਵਿੱਚ ਗੋਇੰਦਵਾਲ ਸਾਹਿਬ ਨੂੰ ਬੈਕੁੰਠ ਦਾ ਦਰਜਾ ਦੇ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਗੁਰੁ ਨਯਣਿ ਬਯਣਿ ਗੁਰੁ ਗੁਰੁ ਸਤਿ ਕਵਿ ਨਲ ਕਹਿ।। (ਪੰਨਾ ਨੰ: ੧੩੮੮)
ਬਲ ਜੀ
ਇੱਕ ਭੱਟ ਕਵੀ ਜਿਸ ਦੇ ਗੁਰੂ ਰਾਮਦਾਸ ਜੀ ਸੰਬੰਧੀ ਪੰਜ (5) ਸਵੈਯੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਵਿੱਚ ਇਹ ਸਤਿਗੁਰੂ ਦਾ ਗੌਰਵ ਦੱਸਦਾ ਹੋਇਆ ਕਹਿੰਦਾ ਹੈ ਕਿ ਗੁਰੂ ਜੀ ਪਰਮ-ਪਦ ਪਰਾਪਤ ਪੁਰਸ਼ ਹਨ ਆਪ ਦੇ ਦਰਸ਼ਨ ਨਾਲ ਅਗਿਆਨ ਦੀ ਤਪਸ ਮਿਟਦੀ ਹੈ ਅਤੇ ਪ੍ਭੂ ਦੀ ਪਰਾਪਤੀ ਹੁੰਦੀ ਹੈ।ਬਲ ਭੱਟ ਬਲ ਜੀ ਭੱਟ ਭੀਖਾ ਜੀ ਦੇ ਭਰਾ ਭੱਟ ਸੇਖਾ ਜੀ ਦੇ ਪੁੱਤਰ ਸਨ।
ਕਰਮਿ ਕਰਿ ਤੂਅ ਦਰਸ ਪਰਸ ਪਾਰਸ ਸਰ ਬਲ ਭਟ ਜਸੁ ਗਾਇਯਉ।।
ਸੀ੍ ਗੁਰ ਰਾਮਦਾਸ ਜਯੋ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ।। (ਪੰਨਾ ਨੰ: ੧੪੦੫)
ਸਲ ਜੀ
ਭੱਟ ਸਲਹ ਜੀ ਦੇ ਪਿਤਾ ਜੀ ਦਾ ਨਾ ਭੱਟ ਸੇਖਾ ਜੀ ਸੀ ਜੋ ਭੱਟ ਭੀਖਾ ਜੀ ਦੇ ਭਰਾ ਸਨ। ਜਿਸ ਦੇ ਤਿੰਨ ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਹਨਾਂ ਵਿੱਚੋ ਇੱਕ ਗੁਰੂ ਅਮਰਦਾਸ ਸੰਬੰਧੀ ਤੇ ਦੋ ਗੁਰੂ ਰਾਮਦਾਸ ਬਾਰੇ ਕਹੇ ਗਏ ਹਨ। ਸਲਯ ਨੇ ਕਿਹਾ ਹੈ ਕਿ ਤੀਜੇ ਗੁਰੂ ਦੀ ਸਖਸਿਅਤ ਸ਼ਬਦ ਦੇ ਹਥਿਆਰ ਨਾਲ ਬਦੀ ਦੇ ਦਲ ਨੂੰ ਸਮੂਲ ਨਸ਼ਟ ਕਰ ਦੇਣ ਵਾਲੀ ਹੈ। ਚੌਥੇ ਗੁਰੂ ਸੰਬੰਧੀ ਦੋ ਛੰਦਾ ਵਿੱਚ ਅੰਕਿਤ ਹੈ ਕਿ ਆਪ ਨੇ ਬੁਰਾਈਆ ਨੂੰ ਪਛਾੜ ਕੇ ਰਾਜਯੋਗ ਦਾ ਤਾਜ ਸਿਰ ਤੇ ਸਜਾਇਆ ਹੈ। ਗੁਰੂ ਜੀ ਵਿਚਲੀ ਬ੍ਹਮ ਜੋਤਿ ਆਦਿ ਜੁਗਾਦਿ ਤੋ ਪੂਜਾ ਦਾ ਕੇਦਰ ਬਣੀ ਹੋਈ ਹੈ।
ਗੁਰ ਅਮਰਦਾਸ ਸਦੁ ਸਲ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ।।
ਭਲ ਜੀ
ਭੱਟ ਭਲ ਜੀ ਭੱਟ ਸਲ ਜੀ ਦੇ ਭਰਾ ਅਤੇ ਭੱਟ ਭੀਖਾ ਜੀ ਦੇ ਭਤੀਜੇ ਸਨ। ਜਿਸ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਇੱਕ ਸਵੈਯਾ ਰਚਿਆ ਹੈ। ਇਸ ਸਵੈਯੇ ਵਿੱਚ ਗੁਰੂ ਜੀ ਵਡਿਆਈ ਨੂੰ ਅਕਥਨੀਅਤਾ ਨਾਲ ਦਰਸਾਇਆ ਗਿਆ ਹੈ।
ਰੁਦ ਧਿਆਨ ਗਿਆਨ ਸਤਿਗੁਰ ਕੇ ਕਥਿ ਜਨ ਭਲ ਉਨਹੁ ਜੁੋ ਗਾਵੈ।।
ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹਿ ਬਨਿ ਆਵੈ।। (ਪੰਨਾ: ੧੩੮੬)
ਪਰਮਾਨੰਦ ਜੀ
ਭੱਟ ਭਿਖਾ ਜੀ ਦੇ ਛੋਟੇ ਭਰਾ ਭੱਟ ਚੋਖਾ ਜੀ ਆਪ ਜੀ ਦੇ ਪਿਤਾ ਸਨ। ਭੱਟ ਬਲ ਜੀ,ਭੱਟ ਹਰਬੰਸ ਤੇ ਭੱਟ ਕਲਸ ਆਪ ਜੀ ਦੇ ਭਰਾ ਸਨ। ਜਿਸ ਨੇ ਗੁਰੁ ਰਾਮਦਾਸ ਜੀ ਦੀ ਉਸਤਤਿ ਵਿੱਚ 13 ਛੰਦ ਲਿਖੇ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਕੁਝ ਵਿਦਵਾਨਾ ਨੇ ਇਸਦਾ ਨਾਂ ‘ਗਯੰਦ’ ਦੱਸਿਆ ਹੈ ਪਰ ਇਹ ਕਵੀ ਦਾ ਨਾ ਨਹੀਂ ਪਰਮਾਨੰਦ ਜੋ 3 ਥਾਂ ਆਇਆ ਹੈ ਸੋ ਅਸਲ ਨਾਮ ਇਹੋ ਪ੍ਤੀਤ ਹੁੰਦਾ ਹੈ।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰ ਮਨ
ਗਯ ਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੁਬਿੰਦ ਜੀਉ।। (ਪੰਨਾ: ੧੪੦੩)
ਹਰਿਬੰਸ ਜੀ
ਭੱਟ ਹਰਬੰਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦਿਆ ਦੋ ਸਵਈਏ ਉਚਾਰਨ ਕੀਤੇ ਹਨ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਨੇ ਆਪਣੀ ਵਿੱਲਖਨ ਸ਼ੈਲੀ ਵਿੱਚ ਗੁਰੂ ਸਹਿਬਾਨ ਦੀ ਮਹੱਤਤਾ ਦਾ ਵਰਨਣ ਕੀਤਾ ਹੈ। ਉਹਨਾਂ ਵਿੱਚ ਭੱਟ ਦੱਸਦਾ ਹੈ ਕਿ ਗੁਰੂ ਜੋਤ ਮਰਨ ਵਾਲੀ ਨਹੀਂ ਹੈ। ਇਹ ਗੰਗਾ ਦੇ ਪ੍ਵਾਹ ਵਾਂਗ ਗਤੀਸ਼ੀਲ ਹੈ ਇਸ ਵਿੱਚ ਕੀਤਾ ਇਸ਼ਨਾਨ ਮਨ ਨੂੰ ਪਵਿੱਤਰ ਕਰਦਾ ਹੈ।
ਹਰਿਬੰਸ ਜਗਤਿ ਜਸੁ ਸੰਚਰਉ ਸੁ ਕਵਣੁ ਕਹੈ ਸੀ੍ ਗੁਰੁ ਮੁਯਉ।। (ਪੰਨਾ: ੧੪੦੫)
ਕੀਰਤ ਜੀ
ਭੱਟ ਕੀਰਤ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ। ਜਿਸ ਦੇ ਲਿਖੇ 8 ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਹਨਾਂ ਵਿੱਚੋ ਚਾਰ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਤੇ ਚਾਰ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਹਨ। ਭੱਟ ਅਨੁਸਾਰ ਗੁਰੂ ਅਮਰਦਾਸ ਜੀ ਦੀ ਜੋਤਿ ਪਰਮ-ਜੋਤਿ ਦਾ ਰੂਪ ਹੈ ਜਿਸ ਨੇ ਸ਼ਬਦ ਦੀਪਕ ਰਾਹੀ ਜੀਵਨ ਨੂੰ ਨੂਰੋ ਨੂਰ ਕਰ ਦਿਤਾ ਹੈ।ਗੁਰੂ ਰਾਮਦਾਸ ਜੀ ਦੇ ਵਿਅਕਤੀਤਵ ਦੀ ਉਪਮਾ ਕਰਦਾ ਹੋਇਆ ਕੀਰਤ ਭੱਟ ਕਹਿੰਦਾ ਹੈ ਕਿ ਗੁਰੂ ਜੋਤਿ ਦਾ ਚੰਦਨ ਬਾਬੇ ਨਾਨਕ ਜੀ ਦੇ ਸਮੇਂ ਤੋ ਸੁਗੰਧੀ ਵੰਡਦਾ ਆਇਆ ਹੈ। ਅਸੀਂ ਇਸ ਮਾਰਗ ਦੀ ਸੋਝੀ ਗੁਰੂ ਸੰਗਤ ਤੋ ਪਰਾਪਤ ਕੀਤੀ ਹੈ।
ਇਕੁ ਉਤਮ ਪੰਥੁ ਸੁਨਿਉ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਾਸ ਮਿਟਾਈ।।
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।। (ਪੰਨਾ: ੧੪੦੩)
ਭਿਖਾ ਜੀ
ਭੱਟ ਭੀਖਾ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਸੁਲਤਾਨਪੁਰ ਵਿਖੇ ਹੋਇਆ। ਭੱਟ ਕੀਰਤ, ਭੱਟ ਮਥੁਰਾ,ਭੱਟ ਜਾਲਪ ਆਪ ਜੀ ਦੇ ਸਪੁੱਤਰ ਸਨ।ਜਿਸ ਨੇ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਦੋ ਸਵਈਏ ਲਿਖੇ ਹਨ। ਜੋ ਗੁਰੂ ਗ੍ੰਥ ਸਾਹਿਬ ਵਿੱਚ ਪੰਨਾ ਨੰ 1395-96 ਉਪਰ ਦਰਜ ਹਨ ਭੱਟ ਵਹੀ ਅਨੁਸਾਰ ਇਹਨਾਂ ਦੇ ਪਿਤਾ ਦਾ ਨਾਮ ਰਈਆ ਸੀ ਅਤੇ ਇਸਦੇ ਪੁੱਤਰ ਵੀ ਕਵੀ ਸਿੱਧ ਹੋਏ ਸਨ ਮੂਲ ਰੂਪ ਵਿੱਚ ਇਹ ਸੁਲਤਾਨਪੁਰ ਦਾ ਨਿਵਾਸੀ ਸੀ ਅਤੇ ਗੁਰੂ ਅਮਰਦਾਸ ਜੀ ਦਾ ਨਿਸ਼ਠਾਵਾਨ ਸਿੱਖ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆ ਵਾਰਾਂ ਵਿੱਚ ਇਸਦਾ ਜਿਕਰ ਕੀਤਾ ਹੈ।
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ।।
ਗੁਰੂ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।। (ਪੰਨਾ ਨੰ: ੧੩੯੬)
ਮਥਰਾ ਜੀ
ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਸਪੁੱਤਰ ਸਨ।ਭੱਟ ਕੀਰਤ,ਭੱਟ ਜਾਲਪ ਆਪ ਜੀ ਦੇ ਭਰਾ ਸਨ। ਜਿਸਦੇ 7 ਛੰਦ ਗੁਰੂ ਰਾਮਦਾਸ ਜੀ ਦੇ ਬਾਰੇ ਤੇ 7 ਗੁਰੂ ਅਰਜਨ ਦੇਵ ਜੀ ਸੰਬੰਧੀ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਸਨੇ ਗੁਰੂ ਰਾਮਦਾਸ ਜੀ ਨੂੰ ਧਰਮ ਧੂਜਾ ਤੇ ਮਾਨ ਸਰੋਵਰ ਕਿਹਾ ਹੈ। ਜਿਸਦੇ ਕੰਡੇ ਗੁਰਮਖ ਹੰਸ਼ ਕਲੋਲਾ ਕਰਦੇ ਹਨ ਗੁਰੂ ਅਰਜਨ ਦੇਵ ਜੀ ਇੱਕ ਜਹਾਜ ਹਨ। ਜਿਸ ਵਿੱਚ ਬੈਠ ਕੇ ਜਿਗਿਆਸੂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਧਰਨਿ ਗਗਨ ਨਵ ਮਹਿ ਜੋਤਿ ਸ੍ਰੂਪੀ ਰਹਿੳ ਭਰਿ।।
ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੂ ਅਰਜੁਨੁ ਪਰਤਖ੍ ਹਰਿ।। (ਪੰਨਾ ਨੰ: ੧੪0੮)
ਕਈ ਚਿੰਤਕਾਂ ਨੇ ਇਨ੍ਹਾਂ ਦੇ ਖਾਨਦਾਨ ਦਾ ਕੁਰਸੀਨਾਮਾ ਵੀ ਦਿੱਤਾ ਹੈ। ਇਹ ਆਪਣੇ ਆਪ ਨੂੰ ਕੋਸ਼ਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਢੇ ਵਸੇ ਹੋਣ ਕਾਰਨ ਸਾਰਸਵਤ ਬ੍ਰਾਹਮਣ ਅਖਵਾਉਂਦੇ ਹਨ। ਇਹ ਲੋਕ ਕੁਲ-ਪਰੰਪਰਾ ਤੋਂ ਰਾਜਿਆ ਅਥਵਾ ਕੁਲੀਨ ਪੁਰਸ਼ਾ ਦੀ ਉਸਤਤ ਕਰਦੇ ਸਨ ਅਤੇ ਉਹਨਾਂ ਦੇ ਖਾਨਦਾਨਾਂ ਦੀਆਂ ਇਤਿਹਾਸਿਕ ਘਟਨਾਵਾਂ ਨੂੰ ‘ਭੱਟਛਰੀ ਲਿਪੀ ਵਿੱਚ ਲਿਖੀਆਂ ਵਹੀਆਂ ਵਿੱਚ ਸੰਭਾਲੀ ਰੱਖਿਆਂ ਹੈ। ਇਨ੍ਹਾਂ ਦੇ ਕਿੰਨੇ ਹੀ ਖਾਨਦਾਨ ਹੁਣ ਵੀ ਜੀਂਦ ਅਤੇ ਪਹੇਵੇ ਦੇ ਵਿਚਾਲੇ ਇਲਾਕੇ ਵਿੱਚ ਵਸਦੇ ਹਨ ਅਤੇ ਕੁਝ ਖਾਨਦਾਨ ਨਿਖੜ ਕੇ ਜਮਨਾ ਪਾਰ ਉਤਰ ਪ੍ਰਦੇਸ਼ ਦੀ ਪੱਛਮੀ ਸੀਮਾ ਦੇ ਨੇੜੇ ਜਾ ਵਸੇ ਹਨ। ਇਹ ਸਾਰੇ ਭੱਟ ਘੁਮਕੜ ਰੁਚੀ ਵਾਲੇ ਆਤਮ ਆਨੰਦ ਦੇ ਜਿਗਿਆਸੂ ਸਨ। ਅਨੇਕ ਸਥਾਨਾਂ ਅਤੇ ਸਾਧਾਂ ਸੰਤਾਂ ਪਾਸ ਜਾਣ ਤੇ ਵੀ ਇਨ੍ਹਾਂ ਦੀ ਜਗਿਆਸਾ ਸ਼ਾਤ ਨਹੀਂ ਹੋਈ ਸੀ। ਹਾਰ ਕੇ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ। ਉਥੇ ਉਹਨਾਂ ਦੀ ਅਧਿਆਤਮਿਕ ਜਿਗਿਆਸਾ ਸਮਾਪਤ ਹੋਈ। ਇਹ ਭੱਟ, ਅਨੁਮਾਨ ਹੈ ਸੰਨ 1581 ਈ ਵਿੱਚ ਭੱਟ ਕਲਸਹਾਰ ਦੀ ਅਗਵਾਈ ਵਿੱਚ ਇੱਕਠੇ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਗੱਦੀ ਉੱਤੇ ਬੈਠਣ ਦੇ ਅਵਸਰ ਉਤੇ ਗੋਇੰਦਵਾਲ ਆਏ ਸਨ। ਭੱਟਾਂ ਦਾ ਆਪਣਾ ਕਥਨ ਹੈ ਕਿ ਉਹ ਮਨ ਦੀ ਸ਼ਾਂਤੀ ਲਈ ਸਾਰੇ ਹਿੰਦੁਸਤਾਨ ਵਿੱਚ ਭਟਕੇ ਸਨ ਪ੍ਰੰਤੂ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਦਰ ਤੋਂ ਸਿਵਾਏ ਕਿਤੇ ਸ਼ਾਂਤੀ ਪ੍ਰਾਪਤ ਨਹੀਂ ਹੋਈ। ਇਹ ਭੱਟ ਗੁਰੂ ਦਰਬਾਰ ਦੇ ਅਨੁਯਾਈ ਬਣ ਕੇ ਗੁਰੂ ਸਾਹਿਬਾਨ ਦੇ ਲੋਕ-ਬਿੰਬ ਨੂੰ ਸੰਸਕਾਰਗਤ ਆਪਣੀ ਸਰਗੁਣ ਦੀ ਭਾਵਨਾ ਦੇ ਸੰਦਰਭ ਵਿੱਚ ਪੁਰਾਣ-ਪੁਰਸ਼ਾ ਜਾਂ ਅਵਤਾਰਾਂ ਦੇ ਰੂਪ ਵਿੱਚ ਚਿਤਰਿਆ। ਇਹ ਸਾਰੇ ਜਗਿਆਸੂ-ਭੱਟ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ। ਇਹਨਾਂ ਨੇ ਆਪਣੀ ਸਿਰਜਣਾ ਰਾਹੀ ਸਿੱਖ ਸੰਸਥਾ ਦੇ ਮਹੱਤਵ ਨੂੰ ਲੋਕ ਮਨ ਵਿੱਚ ਸਥਾਪਤ ਕਰਨ ਦਾ ਉਦਮ ਕੀਤਾ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਭੱਟ’ ਸ਼ਬਦ ਦੇ ਕੋਸ਼ਗਤ ਅਰਥ ਹਨ: ‘ਕਿਸੇ ਦੀ ਸ਼ੋਭਾ ਜਾਂ ਜਸ ਗਾਇਨ ਕਰਕੇ ਆਪਣੀ ਜੀਵਕਾ ਕਮਾਉਣ ਵਾਲਾ।’ ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ। ਇਹ ਬ੍ਰਾਹਮਣਾਂ ਦਾ ਉਹ ਫਿਰਕਾ ਹੁੰਦਾ ਹੈ ਜੋ ਰਾਜ ਦਰਬਾਰਾਂ, ਯੋਧਿਆਂ ਆਦਿ ਦੇ ਤੰਬੂਆਂ ਵਿੱਚ ਜਾ-ਜਾ ਕੇ ਉਨ੍ਹਾਂ ਦੇ ਸੋਹਲੇ ਗਾਉਂਦੇ ਹਨ, ਹੌਂਸਲਾ-ਅਫ਼ਜ਼ਾਈ ਕਰਦੇ ਹਨ ਤੇ ਇਸ ਬਦਲੇ ਉਨ੍ਹਾਂ ਤੋਂ ਕਈ ਇਨਾਮ ਹਾਸਲ ਕਰਦੇ ਹਨ। ਇਹ ਆਪਣੀਆਂ ਵਹੀਆਂ ਵਿੱਚ ਉਨ੍ਹਾਂ ਦੇ ਜਨਮ, ਮੌਤ, ਤਖ਼ਤ ਨਸ਼ੀਨੀ ਇਤਿਆਦ ਕਈ ਤਰ੍ਹਾਂ ਦੀਆਂ ਯਾਦਗਾਰੀ ਘਟਨਾਵਾਂ ਦੇ ਰਿਕਾਰਡ ਵੀ ਰੱਖਦੇ ਹਨ। ਭੱਟ ਵਹੀਆਂ ਇਤਿਹਾਸਕ ਮਹੱਤਤਾ ਰੱਖਦੀਆਂ ਹਨ ਅਤੇ ਪ੍ਰਮਾਣੀਕ ਵੀ ਮੰਨੀਆਂ ਗਈਆਂ ਹਨ। ਕਈ ਚਿੰਤਕਾਂ ਨੇ ਇਨ੍ਹਾਂ ਦੇ ਖਾਨਦਾਨ ਦਾ ਕੁਰਸੀਨਾਮਾ ਵੀ ਦਿੱਤਾ ਹੈ । ਇਹ ਲੋਕ ਕੁਲ-ਪਰੰਪਰਾ ਤੋਂ ਰਾਜਿਆਂ ਅਥਵਾ ਕੁਲੀਨ ਪੁਰਸ਼ਾਂ ਦੀ ਉਸਤਤ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਖਾਨਦਾਨਾਂ ਦੀਆਂ ਇਤਿਹਾਸਿਕ ਘਟਨਾਵਾਂ ਨੂੰ ‘ਭੱਟਛਰੀ ਲਿਪੀ’ ਵਿੱਚ ਲਿਖੀਆਂ ਵਹੀਆਂ ਵਿੱਚ ਸੰਭਾਲੀ ਰੱਖਿਆ ਹੈ। ਕਿਉਂਕਿ ਕਿਸੇ ਦੀ ਤਾਰੀਫ਼ ਕਰਨ ਲਈ ਉਸ ਦੇ ਪਿਛੋਕੜ ਦੀ ਵਾਕਫ਼ੀਅਤ ਅਤਿ ਜ਼ਰੂਰੀ ਹੁੰਦੀ ਹੈ ਤੇ ਇਸ ਤਰ੍ਹਾਂ ਇਨ੍ਹਾਂ ਨੂੰ ਹਰ ਇੱਕ ਸ਼ਖ਼ਸੀਅਤ ਦਾ ਮੁਲੰਕਣ ਕਰਨ ਦਾ ਅਵਸਰ ਮਿਲਦਾ ਰਹਿੰਦਾ ਹੈ। ਇਨ੍ਹਾਂ ਜਿਗਿਆਸੂਆਂ ਵਿੱਚੋਂ ਹੀ ਇੱਕ ਗਰੁੱਪ ਜਿਨ੍ਹਾਂ ਦੀ ਜਿਗਿਆਸਾ ਅਨੇਕਾਂ ਸਥਾਨਾਂ ਅਤੇ ਸਾਧਾਂ ਸੰਤਾਂ ਪਾਸ ਜਾਣ ’ਤੇ ਵੀ ਸ਼ਾਤ ਨਹੀਂ ਹੋਈ ਸੀ; ਅੰਤ ਹਾਰ ਕੇ ਭੱਟ ਲੋਕਾਂ ਦਾ ਇੱਕ ਸਮੂਹ ਸੰਨ 1581 ਈ: ਵਿੱਚ ਭੱਟ ਕਲਸਹਾਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਸਮਾਰੋਹ ਉੱਤੇ ਇਕੱਤਰਤਾ ਲਈ ਗੋਇੰਦਵਾਲ ਆਏ ਸਨ। ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਪੁੱਜੇ ਇਨ੍ਹਾਂ ਭੱਟਾਂ ਦੇ ਜੀਵਨ ਦੀ ਵਿਸਥਾਰਤ ਜਾਣਕਾਰੀ ਦੇਣ ਵਾਲਾ ਇਤਿਹਾਸ ਨਹੀਂ ਲੱਭਦਾ। ਇਨ੍ਹਾਂ ਦੀ ਗਿਣਤੀ ਵਿੱਚ ਵੀ ਮਤਭੇਦ ਹੈ ਸੂਰਜ ਪ੍ਰਕਾਸ਼ ਅਤੇ ਕੁਝ ਹੋਰ ਸਰੋਤਾਂ ਮੁਤਾਬਕ ਭੱਟਾਂ ਦੀ ਗਿਣਤੀ 17 ਤੇ ਕੁਝ ਮੁਤਾਬਕ 19 ਵੀ ਦੱਸੀ ਗਈ, ਪਰ ਪ੍ਰੋ: ਸਾਹਿਬ ਸਿੰਘ ਜੀ ਨੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀ ਗਈ ਅੰਕਾਂ ਦੀ ਤਰਤੀਬ ਅਨੁਸਾਰ ਦਰਜ ਭੱਟਾਂ ਦੇ ਸਵਈਆਂ ਦੇ ਪਿੱਛੇ ਦਿੱਤੇ ਗਏ ਦੂਹਰੇ ਅੰਕਾਂ ਦੀ ਦਲੀਲ ਦਿੰਦੇ ਹੋਏ ਭੱਟਾਂ ਦੀ ਗਿਣਤੀ ਗਿਆਰਾਂ (11) ਦੱਸੀ ਹੈ। ਉਨ੍ਹਾਂ ਮੁਤਾਬਕ ਕੁਝ ਭੱਟਾਂ ਦੇ ਦੋ-ਦੋ, ਤਿੰਨ-ਤਿੰਨ ਨਾਮ ਜਾਂ ਉਪਨਾਮ ਹਨ ਜਿਵੇਂ ਕਿ ਕਲ੍ਹ, ਕਲ੍ਹਸਹਾਰ ਅਤੇ ਟਲ੍ਹ ਨਾਮ ਇੱਕੋ ਹੀ ਭੱਟ ਦੇ ਹਨ ਅਤੇ ਜਾਲਪ ਤੇ ਜਲ੍ਹ ਵੀ ਇੱਕ ਹੀ ਭੱਟ ਦੇ ਨਾਮ ਹਨ ਕਿਉਂਕਿ ਅੱਗੇ ਪਿੱਛੇ ਆ ਰਹੇ ਇਨ੍ਹਾਂ ਵੱਖ ਵੱਖ ਨਾਵਾਂ ਹੇਠ ਸਵਈਆਂ ਦੇ ਦੂਹਰੇ ਅੰਕਾਂ ਦੀ ਤਰਤੀਬ ਨਹੀਂ ਬਦਲਦੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਰੇ ਸਵੱਈਏ ਇੱਕ ਹੀ ਵਿਅਕਤੀ ਦੀ ਰਚਨਾ ਹੈ। ਉਦਾਹਰਨ ਦੇ ਤੌਰ ’ਤੇ ਸਵੱਈਏ ਮਹਲੇ ਦੂਜੇ ਕੇ ਸਿਰਲੇਖ ਹੇਠ ਦਰਜ ਪਹਿਲੇ ਚਾਰੇ ਸਵੱਈਆਂ ਦੀ ਆਖਰੀ ਪੰਕਤੀ ‘‘ਕਹੁ ਕੀਰਤਿ ‘ਕਲਸਹਾਰ’, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ ਮੁਰਾਰਿ ॥੪॥’’ (ਪਾਵਨ ਅੰਕ 1391) ਨਾਲ ਸਮਾਪਤ ਹੁੰਦੀ ਹੈ, ਜਿਸ ਤੋਂ ਬੋਧ ਹੁੰਦਾ ਹੈ ਕਿ ਇਹ ਭੱਟ ‘ਕਲ੍ਹਸਹਾਰ’ ਦੁਆਰਾ ਉਚਾਰੇ ਗਏ ਹਨ। ਇਸ ਤੋਂ ਅਗਲੇ ਪੰਜ ਸਵੱਈਆਂ (5 ਤੋਂ ਲੈ ਕੇ 9 ਤੱਕ) ਕਵਿ ਛਾਪ ਵਿਚ ਕਲ੍ਹਸਹਾਰ ਦੀ ਥਾਂ ‘ਕਲ’ ਵਰਤਿਆ ਗਿਆ ਹੈ; ਜਿਵੇਂ ਕਿ ‘‘ਜਿਸੁ ਸਚੁ ਸੰਜਮੁ, ਵਰਤੁ ਸਚੁ; ਕਬਿ ਜਨ ‘ਕਲ’ ਵਖਾਣੁ ॥ ਦਰਸਨਿ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥੯॥’’ (ਪਾਵਨ ਅੰਕ 1392) ਅਤੇ ਅਖੀਰਲੇ ਸਵੱਈਏ ‘‘ਸੁ ਕਹੁ ‘ਟਲ’ ! ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥੧੦॥’’ (ਪਾਵਨ ਅੰਕ 1392) ਦੀ ਕਵਿ ਛਾਪ ਦੇ ਤੌਰ ’ਤੇ ‘ਟਲ’ ਦਾ ਨਾਮ ਹੈ ਪਰ ਸਵੱਈਆਂ ਦੇ ਅੰਕਾਂ ਦੀ ਤਰਤੀਬ 1 ਤੋਂ 10 ਤੱਕ ਲਗਾਤਾਰ ਇਕਹਿਰੀ ਹੀ ਚਲਦੀ ਆ ਰਹੀ ਹੈ। ਜੇਕਰ ‘ਕਲਸਹਾਰ, ਕਲ ਤੇ ਟਲ’ ਤਿੰਨ ਵੱਖੋ ਵੱਖਰੇ ਭੱਟਾਂ ਦੇ ਨਾਮ ਹੁੰਦੇ ਤਾਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ ਵਰਤੇ ਗਏ ਨਿਯਮ ਮੁਤਾਬਕ ਵੱਖਰੇ ਨਾਮ ਵਾਲੇ ਰਚਨਹਾਰੇ ਦੇ ਸਵਈਆਂ ਦਾ ਦੂਹਰਾ ਅੰਕ ਵੀ ਜ਼ਰੂਰ ਬਦਲ ਜਾਂਦਾ ਭਾਵ ਪੰਜਵੇਂ ਸਵੱਈਏ ਤੋਂ ਦੂਹਰਾ ਅੰਕ ॥1॥5॥ ਸ਼ੁਰੂ ਹੋ ਜਾਣਾ ਸੀ ਤੇ ਨੌਵੇਂ ਸਵਈਏ ਦਾ ਅੰਕ ॥5॥9॥ ਹੁੰਦਾ ਅਤੇ ਦਸਵੇਂ ਸਵੱਈਏ ਦਾ ਅੰਕ ॥1॥10॥ ਹੁੰਦਾ; ਜਿਵੇਂ ਕਿ ਸਵੱਈਏ ਮਹਲੇ ਤੀਜੇ ਕੇ ਸਿਰਲੇਖ ਹੇਠ ਪਹਿਲੇ 9 ਸਵੱਈਏ ਭੱਟ ‘ਕਲ੍ਹਸਹਾਰ’ ਜੀ ਦੇ ਹੋਣ ਕਰਕੇ ਉਨ੍ਹਾਂ ਦਾ ਇਕਹਿਰਾ ਅੰਕ ਤਰਤੀਬਵਾਰ 1 ਤੋਂ 9 ਚੱਲ ਰਿਹਾ ਹੈ। ਅਗਲੇ 5 ਸਵੱਈਏ ਭੱਟ ‘ਜਾਲਪ’ ਜੀ ਦੇ ਹਨ ਇਸ ਕਾਰਨ ਦੂਹਰਾ ਅੰਕ ॥1॥10॥ ਤੋਂ ਸ਼ੁਰੂ ਹੋ ਕੇ ॥5॥14॥ ਤੱਕ ਲੜੀਵਾਰ ਗਿਣਤੀ ਚੱਲ ਰਹੀ ਹੈ। 15 ਤੋਂ 18 ਤੱਕ 4 ਸਵੱਈਏ ਭੱਟ ‘ਕੀਰਤ’ ਜੀ ਦੇ ਹਨ ਜਿਸ ਕਾਰਨ ਇਨ੍ਹਾਂ ਦੇ ਵੀ ਦੂਹਰੇ ਅੰਕ ਬਦਲ ਕੇ ॥1॥15॥ ਤੋਂ ॥4॥18॥ ਦੀ ਅਲੱਗ ਸੰਖਿਅਕ ਲੜੀ ਚੱਲੀ। ਇਸ ਤੋਂ ਅੱਗੇ ਦੋ ਸਵੱਈਏ ਭੱਟ ‘ਭਿੱਖੇ’ ਦੇ ਹਨ ਤੇ ਉਨ੍ਹਾਂ ਦਾ ਦੂਹਰਾ ਅੰਕ ਕਰਮਵਾਰ ॥1॥19॥ ਅਤੇ ॥2॥20॥ ਹੈ। ਅਗਲਾ ਇੱਕ ਸਵੱਈਆ ਭੱਟ ‘ਸਲ੍ਹ’ ਦਾ ਹੈ ਜਿਸ ਦਾ ਦੂਹਰਾ ਅੰਕ ॥1॥21॥ ਬਣ ਗਿਆ। ਜਥਾ : ‘‘ਗੁਰ ਅਮਰਦਾਸ ਸਚੁ ‘ਸਲ੍ਹ’ ਭਣਿ; ਤੈ ਦਲੁ ਜਿਤਉ...

ਇਵ ਜੁਧੁ ਕਰਿ ॥੧॥੨੧॥’’ ਅਖੀਰਲਾ ਸਵੱਈਆ ਭੱਟ ‘ਭੱਲ੍ਹ’ ਦਾ ਹੈ : ‘‘ਰੁਦ੍ਰ ਧਿਆਨ, ਗਿਆਨ ਸਤਿਗੁਰ ਕੇ; ਕਬਿ ਜਨ ‘ਭਲ੍ਹ’, ਉਨਹ ਜੁੋ ਗਾਵੈ ॥ ਭਲੇ ਅਮਰਦਾਸ ! ਗੁਣ ਤੇਰੇ, ਤੇਰੀ ਉਪਮਾ, ਤੋਹਿ ਬਨਿ ਆਵੈ ॥੧॥੨੨॥’’(ਪਾਵਨ ਅੰਕ 1396) ਜਿਸ ਦਾ ਦੂਹਰਾ ਅੰਕ ॥1॥22॥ ਦਰੁਸਤ ਜਾਪਦਾ ਹੈ। ਅੰਕਾਂ ਦਾ ਇਹੋ ਨਿਯਮ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਿਆ ਗਿਆ, ਤਾਂ ਜੋ ਇਸ ਸੱਚੀ ਬਾਣੀ ’ਚ ਵੱਧ-ਘਾਟ ਨਾ ਕੀਤੀ ਜਾ ਸਕੇ ਤੇ ਸਮਝਣ ਵਿੱਚ ਵੀ ਆਸਾਨੀ ਰਹੇ। ਇਸ ਤੋਂ ਸਿੱਧ ਹੁੰਦਾ ਹੈ ਕਿ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਉਸਤਤਿ ਵਿੱਚ 10 ਸਵੱਈਆਂ ਦੇ ਰਚਨਹਾਰ ਤਿੰਨ ਭੱਟ ਨਹੀਂ, ਬਲਕਿ ਕੇਵਲ ਇਕ ਹੀ ਭੱਟ ਹੈ ਜਿਸ ਦਾ ਨਾਮ ‘ਕਲਸਹਾਰ’ ਹੈ ਅਤੇ ਇਨ੍ਹਾਂ ਦੇ ਹੀ ਦੋ ਉਪਨਾਮ ‘ਕਲ੍ਹ ਤੇ ਟਲ’ ਹਨ।
ਭੱਟ ਸੰਤ ਸਿੰਘ ਜੀ ਦੀ ਪੰਜਾਬ ਵਾਲੀ ਵਹੀ (ਜਿਸ ਨੂੰ ਮੋਹਰਾਂ ਵਾਲੀ ਵਹੀ ਭੀ ਆਖਦੇ ਹਨ) ਦੇ ਅਨੁਸਾਰ ਇਹ ਭੱਟ ਸੁਲਤਾਨਪੁਰ ਦੇ ਰਹਿਣ ਵਾਲੇ ਸਨ। ਬੰਸਾਵਲੀ ਭਗੀਰਥ ਜੀ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਜੀ ਤੋਂ ਨੌਵੀਂ ਪੀੜ੍ਹੀ ਵਿੱਚ ਭੱਟ ਰਈਆ ਜੀ ਹੋਏ ਹਨ, ਜਿਨ੍ਹਾਂ ਦੇ ਛੇ ਪੁੱਤਰ ਸਨ: ‘ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਤੇ ਟੋਡਾ ਜੀ’। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ ਉਨ੍ਹਾਂ ਵਿੱਚੋਂ ‘ਮਥੁਰਾ, ਜਾਲਪ (ਜਿਸ ਦਾ ਦੂਜਾ ਨਾਂ ਹੈ ‘ਜਲ੍ਹ’) ਅਤੇ ਕੀਰਤ’ ਇਹ ਤਿੰਨੇ ਹੀ ਭੱਟ ‘ਭਿੱਖਾ’ ਜੀ ਦੇ ਸਪੁੱਤਰ ਹਨ। ਭੱਟ ‘ਸਲ੍ਹ’ ਅਤੇ ‘ਭਲ੍ਹ’ ਜੀ (ਦੋਵੇਂ); ਭੱਟ ‘ਭਿੱਖਾ’ ਜੀ ਦੇ ਛੋਟੇ ਭਰਾ ਭੱਟ ‘ਸੇਖਾ’ ਜੀ ਦੇ ਸਪੁੱਤਰ ਹਨ। ਭੱਟ ‘ਬਲ੍ਹ’ ਜੀ; ‘ਭਿੱਖਾ’ ਜੀ ਦੇ ਛੋਟੇ ਭਰਾ ‘ਸੇਖਾ’ ਜੀ ਦੇ ਸਪੁੱਤਰ ਹਨ। ਭੱਟ ‘ਹਰਬੰਸ’ ਜੀ; ਭਿੱਖਾ ਜੀ ਦੇ ਛੋਟੇ ਭਰਾ ‘ਗੋਖਾ’ ਜੀ ਦੇ ਸਪੁੱਤਰ ਹਨ।ਭੱਟ ‘ਕਲ੍ਹਸਹਾਰ’ ਜੀ (ਜਿਨ੍ਹਾਂ ਦੇ ਉਪਨਾਮ ਨਾਮ ਹਨ: ਕਲ੍ਹ ਤੇ ਟਲ੍ਹ) ਅਤੇ ‘ਗਯੰਦ’ ਜੀ; ਭੱਟ ‘ਭਿੱਖਾ’ ਜੀ ਦੇ ਛੋਟੇ ਭਰਾ ‘ਚੋਖਾ’ ਜੀ ਦੇ ਸਪੁੱਤਰ ਹਨ। ਭੱਟ ‘ਨਲ੍ਹ’ ਜੀ; ਭੱਟ ‘ਟੋਡਾ’ ਜੀ ਦੇ ਸਪੁੱਤਰ ਹਨ। ਭੱਟ ‘ਕਲ੍ਹਸਹਾਰ’ ਜੀ ਦੀ ਅਗਵਾਈ ਵਿੱਚ ‘ਭੱਟ ਭਿੱਖਾ, ਭੱਟ ਜਾਲਪ, ਭੱਟ ਕੀਰਤ, ਭੱਟ ਸਲ੍ਹ, ਭੱਟ ਭਲ੍ਹ, ਭੱਟ ਨਲ੍ਹ, ਭੱਟ ਗਯੰਦ, ਭੱਟ ਮਥੁਰਾ, ਭੱਟ ਬਲ੍ਹ, ਭੱਟ ਹਰਿਬੰਸ ਜੀ’ (10 ਭੱਟ, ਕੁੱਲ 11); ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ’ਚ ਗੋਇੰਦਵਾਲ ਵਿਖੇ ਪਹੁੰਚੇ, ਇੱਥੋਂ ਉਨ੍ਹਾਂ ਦੀ ਅਧਿਆਤਮਿਕ ਜਿਗਿਆਸਾ ਸਮਾਪਤ ਹੋਈ। ਭੱਟਾਂ ਦਾ ਆਪਣਾ ਕਥਨ ਹੈ ਕਿ ਉਹ ਮਨ ਦੀ ਸ਼ਾਂਤੀ ਲਈ ਸਾਰੇ ਹਿੰਦੁਸਤਾਨ ਵਿੱਚ ਭਟਕੇ ਰਹੇ ਸਨ ਪਰੰਤੂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਦਰ ਤੋਂ ਸਿਵਾਏ ਹੋਰ ਕਿਤੇ ਸ਼ਾਂਤੀ ਪ੍ਰਾਪਤ ਨਾ ਹੋਈ। ਇਸ ਦਾ ਜ਼ਿਕਰ ਖ਼ੁਦ ਭੱਟ ‘ਭਿੱਖਾ’ ਜੀ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਉਚਾਰੇ ਗਏ ਇੱਕ ਸਵਈਏ ਵਿੱਚ ਕੀਤਾ; ਜਿਵੇਂ ਕਿ ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ, ਤਪਸੀਅਹ, ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ; ਰਹਤ ਕੋ ਖੁਸੀ ਨ ਆਯਉ ॥ ਹਰਿ ਨਾਮੁ ਛੋਡਿ, ਦੂਜੈ ਲਗੇ ; ਤਿਨ੍ ਕੇ ਗੁਣ, ਹਉ ਕਿਆ ਕਹਉ ?॥ ਗੁਰੁ (ਨੂੰ), ਦਯਿ (ਦਿਆਲੂ ਪ੍ਰਭੂ ਨੇ), ਮਿਲਾਯਉ ਭਿਖਿਆ; ਜਿਵ ਤੂ ਰਖਹਿ, ਤਿਵ ਰਹਉ ॥੨॥੨੦॥’’ (1396)
ਇਹ ਸਾਰੇ ਜਗਿਆਸੂ-ਭੱਟ, ਗੁਰੂ ਅਰਜਨ ਦੇਵ ਜੀ ਦੀ ਹਰ ਜਗ੍ਹਾ ਵਡਿਆਈ ਸੁਣ ਕੇ ਉਨ੍ਹਾਂ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਨ ਤੇ ਇੱਥੋਂ ਦੇ ਹੀ ਅਨੁਯਾਈ ਬਣ ਕੇ ਗੁਰੂ ਸਾਹਿਬਾਨ ਦੇ ਲੋਕ-ਬਿੰਬ ਨੂੰ ਸੰਸਕਾਰਗਤ ਆਪਣੀ ਸਰਗੁਣ ਦੀ ਭਾਵਨਾ ਦੇ ਸੰਦਰਭ ਵਿੱਚ ਪੁਰਾਣ-ਪੁਰਸ਼ਾਂ ਜਾਂ ਅਵਤਾਰਾਂ ਦੇ ਰੂਪ ਵਿੱਚ ਚਿਤਰਿਆ। ਇਨ੍ਹਾਂ ਨੇ ਆਪਣੀ ਸਿਰਜਣਾ ਰਾਹੀਂ ਸਿੱਖ ਸੰਸਥਾ ਦੇ ਮਹੱਤਵ ਨੂੰ ਲੋਕ ਮਨ ਵਿੱਚ ਸਥਾਪਤ ਕਰਨ ਦਾ ਉਦਮ ਕੀਤਾ। ਗੁਰੂ ਗ੍ਰੰਥ ਸਾਹਿਬ ਰੂਪ ਸ਼ਬਦ ਸੰਗ੍ਰਹਿ ਵਿੱਚ ਭੱਟਾਂ ਦੀ ਬਾਣੀ ਸ਼ਾਮਲ ਹੋਣ ਨਾਲ ਸਿੱਖ ਸਮਾਜ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਮਿਲਦਾ ਹੈ। ਭੱਟਾਂ ਦੇ ਸਵੱਈਏ ਵੀ ਇੱਕ ਕਿਸਮ ਦੀਆਂ ਵਾਰਾਂ ਹੀ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੀ ਉਸਤਤੀ ਕੀਤੀ ਗਈ ਹੈ ਪਰ ਇਨ੍ਹਾਂ ਦੀ ਸਾਧ ਬੋਲੀ ’ਤੇ ਬ੍ਰਿਜ ਭਾਸ਼ਾ ਦਾ ਬਹੁਤਾ ਪ੍ਰਭਾਵ ਹੈ। ਭੱਟਾਂ ਦੇ ਇਹ ਸਵੱਈਏ ਬਹੁਤ ਪ੍ਰਸਿੱਧ ਹੋਏ ਹਨ। ਇਨ੍ਹਾਂ ਭੱਟਾਂ ਨੇ ਕਈ ਪ੍ਰਕਾਰ ਦੇ ਛੰਦ ਵਰਤੇ ਹਨ; ਜਿਵੇਂ ਕਿ ‘ਸਵੱਯਾ, ਸੋਰਠਾ, ਚੌਪਈ ਕੁੰਡਲੀ’ ਆਦਿ ਪਰ ਬਹੁਤਾਤ ਸਵੱਈਆਂ ਦੀ ਹੋਣ ਕਰਕੇ ਇਨ੍ਹਾਂ ਦੀ ਸਾਰੀ ਰਚਨਾ ਭੱਟਾਂ ਦੇ ਸਵੱਈਏ ਹੀ ਕਹਿਲਾਈ। ਵਿਆਕਰਨ ਨਿਯਮ ਉਹੀ ਹਨ, ਜੋ ਗੁਰਬਾਣੀ ਤੇ ਭਗਤ ਬਾਣੀ ਵਿੱਚ ਵਰਤੇ ਹੋਏ ਮਿਲਦੇ ਹਨ।
ਇਨ੍ਹਾਂ ਦੀ ਬਾਣੀ ਜਿਸ ਨੂੰ ਸਵੱਯੇ ਮੰਨਿਆ ਗਿਆ ਹੈ, ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿੱਚ ਉਚਾਰਨ ਕੀਤੀ ਹੋਈ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 21 ਪੰਨਿਆਂ (1389 ਤੋਂ 1409)ਵਿੱਚ ਦਰਜ ਹੈ ਜਿਨ੍ਹਾਂ ਦੀ ਗਿਣਤੀ 123 ਹੈ। ਇਨ੍ਹਾਂ ਸਾਰੇ ਸਵੱਯਾ ਨੂੰ ਪੰਜ ਸਿਰਲੇਖਾਂ ਵਿੱਚ ਰੱਖਿਆ ਗਿਆ ਹੈ:
(1). ‘ਸਵੱਈਏ ਮਹਲੇ ਪਹਿਲੇ ਕੇ’ ਅਧੀਨ = 10 ਸਵੱਈਏ ਹਨ, ਜੋ ਕੇਵਲ ਭੱਟ ਕਲ੍ਹਸਹਾਰ ਜੀ ਦੁਆਰਾ ਉਚਾਰਨ ਕੀਤੇ ਗਏ।
(2). ‘ਸਵੱਈਏ ਮਹਲੇ ਦੂਜੇ ਕੇ’ ਅਧੀਨ = 10 ਸਵੱਈਏ ਵੀ ਕੇਵਲ ਭੱਟ ‘ਕਲ੍ਹਸਹਾਰ’ ਜੀ ਦੁਆਰਾ ਰਚੇ ਗਏ।
(3). ‘ਸਵੱਈਏ ਮਹਲੇ ਤੀਜੇ ਕੇ’ ਅਧੀਨ = 22 ਸਵੱਈਏ ਹਨ, ਜਿਨ੍ਹਾਂ ’ਚੋਂ ਭੱਟ ‘ਕਲ੍ਹਸਹਾਰ’ ਜੀ ਦੇ 9, ‘ਜਾਲਪ’ ਜੀ ਦੇ 5, ‘ਕੀਰਤ’ ਜੀ ਦੇ 4, ‘ਭਿੱਖਾ’ ਜੀ ਦੇ 2, ‘ਸਲ੍ਹ’ ਜੀ ਦਾ 1 ਅਤੇ ਭੱਟ ‘ਨਲ੍ਹ’ ਜੀ ਦੁਆਰਾ ਰਚਿਆ ਗਿਆ 1 ਸਵੱਈਆ ਸ਼ਾਮਲ ਹੈ।
(4). ‘ਸਵੱਈਏ ਮਹਲੇ ਚੌਥੇ ਕੇ’ ਅਧੀਨ = ਕੁੱਲ 60 ਸਵੱਈਏ ਹਨ, ਜਿਨ੍ਹਾਂ ’ਚੋਂ ਭੱਟ ‘ਕਲ੍ਹਸਹਾਰ’ ਜੀ ਦੇ 13, ਭੱਟ ‘ਨਲ੍ਹ’ ਜੀ ਦੇ 16, ਭੱਟ ‘ਗਯੰਦ’ ਜੀ ਦੇ 13, ਭੱਟ ‘ਮਥੁਰਾ’ ਜੀ ਦੇ 7, ਭੱਟ ‘ਬਲ੍ਹ’ ਦੇ 5, ਭੱਟ ‘ਕੀਰਤ’ ਜੀ ਦੇ 4 ਅਤੇ ਭੱਟ ‘ਸਲ੍ਹ’ ਜੀ ਦੇ 2 ਸਵੱਈਏ ਦਰਜ ਹਨ।
(5). ‘ਸਵੱਈਏ ਮਹਲੇ ਪੰਜਵੇਂ ਕੇ’ ਅਧੀਨ = 21 ਸਵੱਈਏ ਹਨ ਜਿਨ੍ਹਾਂ ’ਚੋਂ ਭੱਟ ‘ਕਲ੍ਹਸਹਾਰ’ ਜੀ ਦੇ 12, ਭੱਟ ‘ਮਥੁਰਾ’ ਜੀ ਦੇ 7 ਅਤੇ ਭੱਟ ‘ਹਰਿਬੰਸ’ ਜੀ ਦੇ 2 ਸਵੱਈਏ ਸ਼ਾਮਲ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਭੱਟਾਂ ਦੇ ਸਵੱਈਆਂ ਵਿੱਚੋਂ ਭੱਟ ‘ਕਲ੍ਹਸਹਾਰ’ ਜੀ ਦੇ ਕੁੱਲ 54 ਸਵੱਈਏ ਹਨ ਜਿਨ੍ਹਾਂ ਵਿੱਚੋਂ 10 ਗੁਰੂ ਨਾਨਕ ਸਾਹਿਬ ਜੀ ਦੀ ਉਸਤਤਿ ਵਿੱਚ ਪੰਨਾ ਨੰ: 1389-90 ਉੱਤੇ, 10 ਗੁਰੂ ਅੰਗਦ ਸਾਹਿਬ ਜੀ ਦੀ ਉਸਤਤਿ ਵਿੱਚ ਪੰਨਾ ਨੰ: 1391-92 ’ਤੇ, 9 ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤਿ ਵਿੱਚ ਪੰਨਾ ਨੰ: 1392-94 ’ਤੇ, 13 ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤਿ ਵਿੱਚ ਪੰਨਾ ਨੰ: 1396-98 ’ਤੇ ਅਤੇ 12 ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿੱਚ ਪੰਨਾ ਨੰ: 1406-08 ’ਤੇ ਦਰਜ ਹਨ।
ਭੱਟ ਜਲ੍ਹ (ਜਾਲਪ) ਜੀ ਦੇ ਕੁੱਲ 5 ਸਵੱਈਏ ਹਨ ਜੋ ਸਾਰੇ ਹੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਉਚਾਰਨ ਕੀਤੇ ਹੋਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 1394-95 ’ਤੇ ਦਰਜ ਹਨ।
ਭੱਟ ਕੀਰਤ ਜੀ ਦੇ ਕੁੱਲ 8 ਸਵੱਈਏ ਉਚਾਰਨ ਕੀਤੇ ਹੋਏ ਹਨ ਜਿਨ੍ਹਾਂ ਵਿੱਚੋਂ 4 ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 1395 ਉੱਪਰ ਅਤੇ 4 ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਪਾਵਨ ਪੰਨਾ 1405-06 ’ਤੇ ਦਰਜ ਹਨ।
ਭੱਟ ਭਿੱਖਾ ਜੀ ਨੇ ਕੇਵਲ 2 ਸਵੱਈਏ ਉਚਾਰਨ ਕੀਤੇ ਹਨ, ਜੋ ਕਿ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 1395 ਉੱਪਰ ਦਰਜ ਹਨ।
ਭੱਟ ਸਲ੍ਹ ਜੀ ਨੇ 3 ਸਵੱਈਏ ਉਚਾਰਨ ਕੀਤੇ ਹਨ ਜਿਨ੍ਹਾਂ ਵਿੱਚੋਂ 1 ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਪਾਵਨ ਪੰਨਾ 1396 ਅਤੇ 2 ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਪਾਵਨ ਪੰਨਾ 1406 ਉੱਪਰ ਦਰਜ ਹਨ।
ਭੱਟ ਭਲ੍ਹ ਜੀ ਦੁਆਰਾ ਕੇਵਲ 1 ਸਵੱਈਆ ਉਚਾਰਨ ਕੀਤਾ ਗਿਆ ਹੈ, ਜੋ ਕਿ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਪਾਵਨ ਪੰਨਾ 1396 ’ਤੇ ਦਰਜ ਹੈ।
ਭੱਟ ਨਲ੍ਹ ਜੀ ਨੇ 16 ਸਵੱਈਏ ਉਚਾਰੇ ਹਨ ਜੋ ਸਾਰੇ ਹੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਹਨ ਅਤੇ ਪਾਵਨ ਪੰਨਾ 1398-1401 ਉੱਪਰ ਦਰਜ ਹਨ।
ਇਸੇ ਤਰ੍ਹਾਂ ਭੱਟ ਗਯੰਦ ਜੀ ਨੇ 13 ਸਵੱਈਏ ਉਚਾਰਨ ਕੀਤੇ ਹਨ ਜੋ ਕੇਵਲ ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਹਨ ਅਤੇ ਪਾਵਨ ਪੰਨਾ 1401-04 ’ਤੇ ਦਰਜ ਹਨ।
ਭੱਟ ਮਥੁਰਾ ਜੀ ਨੇ ਕੁੱਲ 14 ਸਵੱਈਏ ਉਚਾਰਨ ਕੀਤੇ ਹਨ ਜਿਨ੍ਹਾਂ ਵਿੱਚੋਂ 7 ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਪਾਵਨ ਪੰਨਾ 1404-05 ਅਤੇ 7 ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿੱਚ ਉਚਾਰੇ ਹਨ ਜੋ ਪਾਵਨ ਪੰਨਾ 1408-09 ਉੱਪਰ ਦਰਜ ਹਨ।
ਭੱਟ ਬਲ੍ਹ ਜੀ ਨੇ 5 ਸਵੱਈਏ ਰਚੇ ਜੋ ਸਾਰੇ ਹੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਹਨ ਅਤੇ ਪਾਵਨ ਪੰਨਾ 1405 ਉੱਪਰ ਦਰਜ ਹਨ।
ਭੱਟ ਹਰਿਬੰਸ ਜੀ ਦੇ ਸਿਰਫ ਦੋ ਸਵੱਈਏ ਹਨ ਜੋ ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿੱਚ ਹਨ ਅਤੇ ਪਾਵਨ ਪੰਨਾ 1409 ਉੱਪਰ ਦਰਜ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭੱਟ ਕਲ੍ਹਸਹਾਰ ਨੇ ਜਿੱਥੇ ਪਹਿਲੇ ਸਾਰੇ ਪੰਜੇ ਹੀ ਗੁਰੂ ਸਾਹਿਬਾਨ ਦੀ ਉਸਤਤਿ ਵਿੱਚ ਸਵੱਈਏ ਉਚਾਰਨ ਕੀਤੇ ਹਨ ਉੱਥੇ ਗਿਣਤੀ ਵਿੱਚ ਵੀ ਸਭ ਤੋਂ ਵੱਧ 60 ਸਵੱਈਏ ਉਚਾਰਨ ਕੀਤੇ ਹਨ ਅਤੇ ਇਨ੍ਹਾਂ ਦੇ ਸਵੱਈਏ ਦਰਜ ਵੀ ਸਭ ਤੋਂ ਪਹਿਲਾਂ ਕੀਤੇ ਗਏ ਹਨ ਜਦੋਂ ਕਿ ਭੱਟ ਭਿੱਖਾ ਜੀ ਨੇ ਕੇਵਲ 2 ਸਵੱਈਏ ਅਤੇ ਸਿਰਫ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਹੀ ਉਚਾਰਨ ਕੀਤੇ ਹਨ ਅਤੇ ਉਹ ਦਰਜ ਵੀ ਭੱਟ ਕਲ੍ਹਸਹਾਰ, ਜਾਲਪ ਅਤੇ ਕੀਰਤ ਤੋਂ ਬਾਅਦ ਚੌਥੇ ਨੰਬਰ ’ਤੇ ਹੋਏ ਹਨ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰੇ ਭੱਟ ਕਲ੍ਹਸਹਾਰ ਜੀ ਦੀ ਅਗਵਾਈ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ’ਚ ਪਹੁੰਚੇ ਹਨ ਪਰ ਕੁਝ ਵਿਦਵਾਨਾਂ ਦਾ ਇਹ ਵੀ ਖ਼ਿਆਲ ਹੈ ਕਿ ਇਸ ਪਰਿਵਾਰ ਦੇ ਬਜ਼ੁਰਗ ਭਿੱਖਾ ਜੀ ਹਨ (ਜਿਨ੍ਹਾਂ ਦੇ ਤਿੰਨ ਸਪੁੱਤਰ ਹਨ: ਮਥੁਰਾ, ਜਾਲਪ ਤੇ ਕੀਰਤ ਅਤੇ ਬਾਕੀ ਤਮਾਮ ਭੱਟ, ਇਨ੍ਹਾਂ ਦੇ ਸਕੇ ਭਤੀਜੇ ਹੋਣ ਕਾਰਨ) ਇਹ ਪਰਿਵਾਰਕ ਸਮੂਹ; ਗੁਰੂ ਅਰਜਨ ਸਾਹਿਬ ਜੀ ਦੇ ਹਜ਼ੂਰੀ ’ਚ ਭੱਟ ਭਿੱਖਾ ਜੀ ਦੀ ਅਗਵਾਈ ਵਿੱਚ ਹੀ ਪਹੁੰਚਿਆ ਹੋਵੇਗਾ ਤੇ ਕਾਵਿ ਰਚਨਾ ਦੀ ਕਲਾ ‘ਕਲ੍ਹਸਹਾਰ’ ਜੀ ਪਾਸ ਵੱਧ ਹੋਣ ਕਾਰਨ ਸ਼ਾਇਦ ਉਨ੍ਹਾਂ ਦੀ ਰਚਨਾ ਨੂੰ ਪਹਿਲ ਦਿੱਤੀ ਗਈ ਹੋਵੇਗੀ।
ਇਨ੍ਹਾਂ ਭੱਟਾਂ ਦੀ ਬਾਣੀ ਦੀ ਤਿੰਨ ਪੱਖੀ ਮਹਾਨਤਾ ਹੈ:
(1). ਦਾਰਸ਼ਨਿਕ ਵਿਚਾਰਾਂ ਦੇ ਤੌਰ ’ਤੇ।
(2). ਭਾਸ਼ਾਈ ਤੌਰ ’ਤੇ।
(3). ਗੁਰੂ ਸਤੋਤਰਾਂ ਦੇ ਰੂਪ ਵਿੱਚ।
ਜੋ ਸਿੱਖ, ਗੁਰੂ ਸਾਹਿਬਾਨ ਦੇ ਵਿਆਪਕ ਪ੍ਰਭਾਵ ਖੇਤਰ ਨੂੰ ਉਜਾਗਰ ਕਰਦੇ ਹਨ। ਗੁਰੂ ਸਾਹਿਬਾਨ ਦੀ ਉਸਤਤਿ ਕਰਦਿਆਂ ਭੱਟਾਂ ਨੇ ਉਨ੍ਹਾਂ ਨੂੰ ਪੁਰਾਣ-ਪਾਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਸੰਬੋਧਨ ਕਰ ਕੇ ਭੱਟ ਕਲ੍ਹ ਜੀ ਲਿਖਦੇ ਹਨ : ‘ਹੇ ਗੁਰੂ ਨਾਨਕ ਸਾਹਿਬ ਜੀ ! ਸਤਜੁਗ ਵਿਚ ਭੀ ਤੂੰ ਹੀ ਰਾਜ ਤੇ ਜੋਗ ਮਾਣਿਆ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ। ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ। ਹੇ ਗੁਰੂ ਨਾਨਕ ਜੀ ! ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ ਤੂੰ ਹੀ ਸੈਂ, ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ, ਤੂੰ ਹੀ ਉਗ੍ਰਸੈਣ ਨੂੰ ਮਥੁਰਾ ਦਾ ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ ਭਾਵ ਹੇ ਗੁਰੂ ਨਾਨਕ ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ ਅਤੇ ਤੂੰ ਹੀ ਕ੍ਰਿਸ਼ਨ ਜੀ ਹੈਂ: ‘‘ਸਤਜੁਗਿ, ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥ ਤ੍ਰੇਤੈ, ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ, ਕ੍ਰਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ ॥’’ (ਭਟ ਕਲ੍ਹ/1390)
ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਜਨਕ ਦੀ ਤਰਾ ਮੰਨਿਆ ਗਿਆ, ਮਾਲੂਮ ਹੁੰਦਾ ਹੈ। ਭੱਟ ਕਲ੍ਹ ਜੀ ਲਿਖਦੇ ਹਨ: ਹੇ ਗੁਰੂ ਅੰਗਦ ! ਤੂੰ ਤਾਂ ਨਿਰਲੇਪਤਾ ਵਿਚ ਰਾਜਾ ਜਨਕ ਤੋ ਵੀ ਅਗੇ ਹੈਂ ਭਾਵ ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ: ‘‘ਤੂ ਤਾ ਜਨਿਕ ਰਾਜਾ ਅਉਤਾਰੁ; ਸਬਦੁ ਸੰਸਾਰਿ ਸਾਰੁ; ਰਹਹਿ ਜਗਤ੍ਰ, ਜਲ ਪਦਮ ਬੀਚਾਰ ॥’’ (ਭਟ ਕਲ੍ਹ/1391)
ਇਸੇ ਤਰ੍ਹਾਂ ਦੀ ਹੋਰ ਸ਼ਬਦਾਵਲੀ ਤੋਂ ਕੁਝ ਵਿਦਵਾਨ ਟਪਲਾ ਖਾਂਦੇ, ਪ੍ਰਤੀਤ ਹੁੰਦੇ ਹਨ ਕਿ ਭੱਟ ਗੁਰਮਤਿ ਦੇ ਗਿਆਤਾ ਨਹੀਂ ਸਨ ਅਤੇ ਉਨ੍ਹਾਂ ਦੀ ਰਚਨਾ ਗੁਰਮਤਿ ਨਾਲ ਮੇਲ ਨਹੀਂ ਖਾਂਦੀ ਇਸ ਲਈ ਉਨ੍ਹਾਂ ਦੇ ਮਤ ਅਨੁਸਾਰ ਇਹ ਸੰਭਵ ਹੈ ਕਿ ਗੁਰੂ ਘਰ ਦੇ ਵਿਰੋਧੀਆਂ ਨੇ ਭੱਟ ਬਾਣੀ ਮਿਲਾਵਟ ਦੇ ਤੌਰ ’ਤੇ ਬਾਅਦ ਵਿੱਚ ਦਰਜ ਕਰ ਦਿੱਤੀ, ਪਰ ਇਹ ਵੀਚਾਰ ਠੀਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਈ ਥਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ; ਜਿਵੇਂ ਕਿ: ‘‘ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ ॥’’ (ਜਪੁ), ਇਸ ਤੁਕ ਵਿੱਚ ਗੁਰੂ ਸਾਹਿਬ ਜੀ ਇਹ ਨਹੀਂ ਕਹਿ ਰਹੇ ਕਿ ਸ਼ਿਵ ਜੀ ਸਾਡਾ ਗੁਰੂ ਹੈ, ਗੋਰਖ ਵੀ ਗੁਰੂ ਹੈ ਅਤੇ ਬ੍ਰਹਮਾ ਵੀ ਸਾਡਾ ਗੁਰੂ ਹੈ ਬਲਕਿ ਸਾਨੂੰ ਸਮਝਾ ਰਹੇ ਹਨ ਕਿ ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ।
ਪਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਸਿਧਾਂਤ ਨੂੰ ਮੁੱਖ ਰੱਖ ਕੇ ਇਨ੍ਹਾਂ (ਸ਼ਿਵ, ਗੋਰਖ, ਬ੍ਰਹਮਾ ਆਦਿਕ) ਨੂੰ ਗੁਰੂ ਮੰਨਣਾ ਕਤਈ ਤੌਰ ’ਤੇ ਪ੍ਰਵਾਨ ਨਹੀਂ ਹੈ। ਇਸੇ ਤਰ੍ਹਾਂ ਭੱਟ ਕਿਉਂਕਿ ਬ੍ਰਾਹਮਣ ਹੋਣ ਦੇ ਨਾਤੇ ਜਾਂ ਪਹਿਲਾਂ ਪੁਰਾਣਕ ਮੱਤ ਤੋਂ ਹੀ ਪ੍ਰਭਾਵਤ ਹੋਣ ਕਰਕੇ ਉਨ੍ਹਾਂ ਲਈ ਪੁਰਾਣਕ ਪਾਤ੍ਰ ਹੀ ਪ੍ਰਭੂ ਦਾ ਅਵਤਾਰ ਜਾਪਦੇ ਹਨ ਇਸ ਲਈ ਉਹ ਗੁਰੂ ਸਾਹਿਬਾਨ ਨੂੰ ਵੀ ਇਨ੍ਹਾਂ ਪਾਤਰਾਂ ਦੇ ਤੌਰ ’ਤੇ ਚਿੱਤਰਦੇ ਹਨ ਪਰ ਉਨ੍ਹਾਂ ਦੇ ਹਿਰਦੇ ਦੇ ਅੰਤ੍ਰੀਵ ਭਾਵ ਮੁਤਾਬਕ ਉਹ ਸਾਰੇ ਗੁਰੂ ਸਾਹਿਬਾਨ ਨੂੰ ਹਰੀ ਦੀ ਇਕੋ ਜੋਤਿ ਦੇ ਰੂਪ ਵਿੱਚ ਹੀ ਵੇਖਦੇ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿੱਚ ਭੱਟ ਮਥੁਰਾ ਜੀ ਲਿਖਦੇ ਹਨ: ‘ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਸ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਪ੍ਰਗਟ ਹੋਇਆ। ਗੁਰੂ ਨਾਨਕ ਦੇਵ ਜੀ ਦੀ ਜੋਤਿ ਗੁਰੂ ਅੰਗਦ ਜੀ ਦੀ ਜੋਤਿ ਨਾਲ ਮਿਲ ਗਈ। ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; ਗੁਰੂ ਅਮਰਦਾਸ ਜੀ ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਗੁਰੂ ਰਾਮਦਾਸ ਜੀ ਦਾ ਦਰਸਨ ਕਰ ਕੇ ਗੁਰੂ ਅਰਜਨ ਦੇਵ ਜੀ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ, ਅਕਾਲ ਪੁਰਖ ਰੂਪ ਗੁਰੂ ਅਰਜਨ ਦੇਵ ਜੀ ਨੂੰ ਬਿਬੇਕ ਵਾਲ਼ੀਆਂ ਅੱਖਾਂ ਨਾਲ ਪਰਖੋ: ‘‘ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ; ਤਤ ਸਿਉ ਤਤੁ ਮਿਲਾਯਉ ॥ ਅੰਗਦਿ, ਕਿਰਪਾ ਧਾਰਿ ; ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ, ਅਮਰਤੁ ਛਤ੍ਰੁ ; ਗੁਰ ਰਾਮਹਿ ਦੀਅਉ ॥ ਗੁਰ ਰਾਮਦਾਸ ਦਰਸਨੁ ਪਰਸਿ ; ਕਹਿ ਮਥੁਰਾ, ਅੰਮ੍ਰਿਤ ਬਯਣ ॥ ਮੂਰਤਿ ਪੰਚ, ਪ੍ਰਮਾਣ ਪੁਰਖੁ ; ਗੁਰੁ ਅਰਜਨੁ, ਪਿਖਹੁ ਨਯਣ ॥੧॥’’ (ਪਾਵਨ ਅੰਕ 1408)
ਦਰਅਸਲ, ਭੱਟਾਂ ਨੇ ਪੁਰਾਣਿਕ ਸੰਸਕਾਰਾਂ ਦੇ ਮਾਧਿਅਮ ਨਾਲ ਸਾਰੇ ਗੁਰੂਆਂ ਵਿੱਚ ਇੱਕੋ ਜੋਤਿ ਦੇ ਸੰਚਾਰ ਵਾਲ਼ੇ ਸਿੱਖ ਸਿਧਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜੋਰਾਵਰ ਸਿੰਘ ਤਰਸਿੱਕਾ ਭੁੱਲ ਚੁਕ ਦੀ ਮੁਆਫੀ ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)