More Gurudwara Wiki  Posts
ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ


ਬੇਨਤੀ ਹੈ ਇਹ ਇਤਿਹਾਸ ਥੋੜਾ ਲੰਮਾ ਹੈ ਜਰੂਰ ਟਾਇਮ ਕੱਢ ਕੇ ਪੂਰਾ ਪੜਿਉ ਤਹਾਨੂੰ ਪਤਾ ਲੱਗੇਗਾ ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ ਵਿੱਚ ,16 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਮੋਹਕਮ ਚੰਦ ਜੀ ਅਕਾਲ ਚਲਾਣਾ ਕਰ ਗਏ ਸਨ ਆਉ ਸੰਖੇਪ ਝਾਤ ਮਾਰੀਏ ਦੀਵਾਨ ਸਾਹਿਬ ਦੇ ਜੀਵਨ ਕਾਲ ਤੇ ਜੀ ।
ਦੀਵਾਨ ਮੋਹਕਮ ਚੰਦ ਜਮਾਂਦਰੂ ਜੰਗੀ ਆਦਮੀ ਨਹੀਂ ਸੀ। ਇਸ ਦਾ ਪਿਤਾ ਵਿਸਾਖੀ ਮਲ ਜ਼ਿਲਾ ਗੁਜਰਾਤ ਦੇ ਇੱਕ ਨਿੱਕੇ ਜਿਹੇ ਪਿੰਡ ਕੁੰਜਾਹ ਵਿਚ ਸਾਧਾਰਨ ਜਿਹੀ ਹੱਟੀ ਕਰਕੇ ਉਪਜੀਵਕਾ ਕਮਾਉਂਦਾ ਸੀ। ਪਰਚੱਲਤ ਮਰਯਾਦਾ ਅਨੁਕੂਲ ਨਿਰਸੰਦੇਹ ਮੋਹਕਮ ਚੰਦ ਨੇ ਵੀ ਪਿਤਾ ਪੁਰਖੀ ਅਨੁਸਾਰ ਹਟਵਾਣੀਆਂ ਹੀ ਬਣਨਾ ਸੀ ਜੇ ਕਦੇ ਸ਼ੇਰਿ ਪੰਜਾਬ ਨੇ ਇਸ ਨੂੰ ਬਾਹੋਂ ਫੜ ਕੇ ਨਾ ਚੁਣ ਲਿਆ ਹੁੰਦਾ। ਇਹ ਗੱਲ ਕਿੰਨੇ ਅਫਸੋਸ ਵਾਲੀ ਹੁੰਦੀ ਜੇ ਕਦੇ ਇੱਨੀ ਮਹਾਨ ਗੁਣਾਂ ਵਾਲੀ ਹਸਤੀ, ਬਿਨਾ ਆਪਣੇ ਜੀਵਨ ਦੇ ਕਮਾਲ ਦੱਸੇ ਦੇ, ਇੱਕ ਗੁਮਨਾਮੀ ਦੀ ਹਾਲਤ ਵਿਚ ਇਸ ਸੰਸਾਰ ਤੋਂ ਚਲੀ ਗਈ ਹੁੰਦੀ। ਖੋਜ ਕੀਤਿਆਂ ਸਮਾਚਾਰ ਇਸ ਤਰ੍ਹਾਂ ਮਿਲਦੇ ਹਨ :-
ਹਟਵਾਣੀਏ ਤੋਂ ਫੌਜਦਾਰ
ਸੰਨ ੧੮੦੬ ਦੇ ਅਰੰਭ ਵਿਚ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਜਰਾਤ ਦੇ ਦੌਰੇ ਪਰ ਆਏ ਅਤੇ ਜਦ ਕੁੰਜਾਹ ਦੀਆਂ ਗਲੀਆਂ ਵਿੱਚੋਂ ਆਪ ਦੀ ਸਵਾਰੀ ਲੰਘ ਰਹੀ ਸੀ ਤਾਂ ਆਪ ਜੀ ਦੀ ਪਾਰਖੂ-ਨਜਰ ਇੱਕ ਬੰਦੇ ਪਰ ਪਈ। ਇਸ ਦੇ ਕੱਦ ਕਾਠ ਤੇ ਰੰਗ ਰੂਪ ਨੂੰ ਦੇਖ ਕੇ ਸ਼ੇਰਿ ਪੰਜਾਬ ਨੇ ਆਪਣੇ ਘੋੜੇ ਨੂੰ ਰੋਕ ਲਿਆ ਅਤੇ ਮੋਹਕਮ ਚੰਦ ਨੂੰ ਆਖਿਆ – “ਚੱਲ ਮੇਰੇ ਨਾਲ, ਇਸ ਸਰੀਰ ਨੂੰ ਕਿਸੇ ਕੰਮ ਲਾ” ਕਹਿੰਦੇ ਹਨ ਇਸ ਨੇ ਦੋ ਹੱਥ ਜੋੜ ਕੇ ਸੀਸ ਝੁਕਾਇਆ ਤੇ ਮਹਾਰਾਜੇ ਦੇ ਘੋੜੇ ਅੱਗੇ ਉੱਠ ਭੱਜਾ। ਸਰਕਾਰ ਦੀ ਸਵਾਰੀ ਜਦ ਨਿਵਾਸ ਸਥਾਨ ਵਿਚ ਪਹੁੰਚੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦੇ ਢਿੱਲੇ ਵਾਲੇ ਕੱਪੜੇ ਬਦਲਵਾ ਕੇ ਫੌਜੀ ਸ਼ਸਤ੍ਰ ਬਸਤ ਪਹਿਨਵਾ ਦਿੱਤੇ ਤੇ ਆਖਿਆ ‘ਜਾਹ, ਭਾਈ ! ਤੂੰ ਮੇਰੀ ਫੌਜ ਦਾ ਫੌਜਦਾਰ ਬਣ ਤੇ ਆਪਣਾ ਇਹ ਸਡੌਲ ਸਰੀਰ ਖਾਲਸਾ ਰਾਜ ਦੀ ਸੇਵਾ ਵਿਚ ਲਾ। ਬੱਸ, ਮਹਾਰਾਜਾ ਸਾਹਿਬ ਦੀ ਇਸ ਥਪਕਣੀ ਨੇ ਇਸ ਅੰਦਰ ਜੀਵਨ-ਜੋਤ ਰੋਸ਼ਨ ਕਰ ਦਿੱਤੀ ਅਤੇ ਇਸ ਦਾ ਠੰਢਾ ਲਹੂ ਉਬਾਲੇ ਖਾਣ ਲੱਗ ਪਿਆ। ਜਿਸ ਨੇ ਜੰਗੀ ਹਥਿਆਰਾਂ ਨੂੰ ਕਦੇ ਹੱਥ ਵੀ ਨਹੀਂ ਸੀ ਲਾਇਆ, ਥੋੜ੍ਹੇ ਦਿਨਾਂ ਵਿਚ ਹੀ ਉਹ ਐਸਾ ਸ਼ਸਤ੍ਰ-ਵਰਤੀ ਸਿੱਧ ਹੋਇਆ ਜਿਸ ਦੀ ਧਾਂਕ ਦੂਰ ਦੂਰ ਤੱਕ ਖਿਲਰ ਗਈ। ਇਸ ਦੇ ਉਪਰੰਤ ਅਸੀਂ ਦੇਖਦੇ ਹਾਂ ਕਿ ਇਸ ਦੇ ਅੰਦਰ ਖਾਲਸਾ ਰਾਜ ਦੀ ਸੇਵਾ ਦੀ ਐਸੀ ਲਹਿਰ ਉਠਦੀ ਹੈ ਜਿਸ ਦੇ ਕਾਰਨ ਥੋੜ੍ਹੇਂ ਦਿਨਾਂ ਵਿਚ ਹੀ ਉਹ ਉੱਨਤੀ ਦੇ ਰਾਹ ਪਰ ਛਾਲਾਂ ਮਾਰਦਾ ਹੋਇਆ ਕਿੱਥੇ ਦਾ ਕਿੱਥੇ ਅਪੜ ਪੈਂਦਾ ਹੈ, ਅਰਥਾਤ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਨੂੰ ਛੇਤੀ ਹੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਕੰਮ ਸੌਂਪ ਦਿੱਤਾ, ਜਿਸ ਨੂੰ ਉਸ ਨੇ ਆਸ ਤੋਂ ਵੱਧ ਸਫਲਤਾ ਨਾਲ ਨਿਬਾਹਿਆ।
ਇਸਦੇ ਥੋੜੇ ਦਿਨਾਂ ਬਾਅਦ ਮੋਹਕਮ ਚੰਦ ਨੇ ਖਾਲਸਾ ਫੌਜ ਨਾਲ ਮੁਕਤਸਰ, ਕੋਟਕਪੂਰਾ ਅਤੇ ਧਰਮਕੋਟ ਪਰ ਕਬਜ਼ਾ ਕਰ ਲਿਆ। ਇਸ ਫਤਹ ਕੀਤੇ ਹੋਏ ਇਲਾਕੇ ਦਾ ਪ੍ਰਬੰਧ ਠੀਕ ਕਰਕੇ ਹੁਣ ਉਹ ਫਰੀਦਕੋਟ ਵੱਲ ਵਧਿਆ ਪਰ ਇੱਥੋਂ ਦੇ ਦਾਨੇ ਰਈਸ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ, ਬਿਨਾਂ ਲੜਾਈ ਦੇ ਸਮਝੌਤੇ ਨਾਲ (੨੦੦੦੦) ਵੀਹ ਹਜ਼ਾਰ ਰੁਪਿਆ ਖਾਲਸਾ ਰਾਜ ਦੇ ਖਜ਼ਾਨੇ ਲਈ ਮੋਹਕਮ ਚੰਦ ਨੂੰ ਦੇ ਕੇ ਵਿਦਾ ਕੀਤਾ। ਇਸ ਤਰ੍ਹਾਂ ਪੂਰਨ ਸਫ਼ਲਤਾ ਨਾਲ ਮੋਹਕਮ ਚੰਦ ਮਾਲਵੇ ਦਾ ਦੌਰਾ ਪੂਰਾ ਕਰਕੇ ਲਾਹੌਰ ਵਲ ਪਰਤ ਆਇਆ।
ਪਟਿਆਲੇ ਜਾਣਾ
ਮੋਹਕਮ ਚੰਦ ਨੂੰ ਸਤਲੁਜ ਪਾਰ ਦੀ ਮੁਹਿੰਮ ਤੋਂ ਲਾਹੌਰ ਪਹੁੰਚਿਆ ਅਜੇ ਬਹੁਤ ਸਮਾਂ ਨਾ ਸੀ ਬੀਤਿਆ ਕਿ ਸ਼ੇਰਿ ਪੰਜਾਬ ਨੇ ਪਟਿਆਲੇ ਜਾਣ ਦੀ ਤਿਆਰੀ ਕਰ ਲਈ ਇਸ ਸਮੇਂ ਦੀਵਾਨ ਮੋਹਕਮ ਚੰਦ ਨੂੰ ਵੀ, ਸਣੇ ਫੌਜ ਦੇ ਆਪਣੇ ਨਾਲ ਲੈ ਜਾਣ ਦਾ ਹੁਕਮ ਦਿੱਤਾ।
ਸਤਲੁਜ ਤੋਂ ਪਾਰ ਹੁੰਦੇ ਹੀ ਦੀਵਾਨ ਨੇ ਲੁਧਿਆਣਾ, ਜੰਡਿਆਲਾ, ਬਧੋਵਾਲ, ਜਗਰਾਵਾਂ, ਕੋਟ ਤਲਵੰਡੀ ਤੇ ਸਾਨੇਵਾਲ ਨੂੰ ਖਾਲਸਾ ਰਾਜ ਦੇ ਰਾਜਸੀ ਅਸਰ ਹੇਠ ਲੈ ਆਂਦਾ। ਇਨਾਂ ਵਿਚੋਂ ਕੁਝ ਇਲਾਕਾ ਰਾਜਾ ਜੀਂਦ ਨੂੰ, ਕੁਝ ਰਾਜਾ ਜਸਵੰਤ ਸਿੰਘ ਨਾਭਾ ਨੂੰ ਅਤੇ ਬਾਕੀ ਦਾ ਆਪਣੇ ਪਿਆਰੇ ਮਿੱਤ ਸਰਦਾਰ ਫਤਹ ਸਿੰਘ ਆਹਲੂਵਾਲੀਏ ਨੂੰ ਦੇ ਦਿੱਤਾ।
ਇਸ ਮੁਹਿੰਮ ਸਮੇਂ ਮਹਾਰਾਜਾ ਸਾਹਿਬ ਦੀਵਾਨ ਮੋਹਕਮ ਚੰਦ ਦੀ ਸੇਵਾ ਤੋਂ ਇੱਨੇ ਖੁਸ਼ ਹੋਏ ਕਿ ਮੌਜ਼ਾ ਗਿਲਾਕੋਟ, ਜਗਰਾਵਾਂ ਤੇ ਤਲਵੰਡੀ ਆਦਿ ੭੧ ਪਿੰਡ, ਜਿਨ੍ਹਾਂ ਦੀ ਆਮਦਨੀ ੩੩੮੪੫ ਰੁਪਿਆ ਸਾਲਾਨਾ ਬਣਦੀ ਸੀ, ਇਸਨੂੰ ਜਾਗੀਰਾਂ ਵਜੋਂ ਬਖਸ਼ ਦਿੱਤੇ। ਇਹ ਗੱਲ ਅਕਤੂਬਰ ਸੰਨ ੧੮੦੬ ਦੀ ਹੈ।
ਦੁਆਬੇ ਦਾ ਇਲਾਕਾ ਖਾਲਸਾ ਰਾਜ ਨਾਲ ਮਿਲਾਉਣਾ
ਸੰਨ ੧੮੦੭ ਵਿਚ ਮੋਹਕਮ ਚੰਦ ਨੇ ਦੁਆਬਾ ਜਲੰਧਰ ਦਾ ਲੰਮਾ ਚੌੜਾ ਪ੍ਰਸਿਧ ਉਪਜਾਊ ਇਲਾਕਾ ਖਾਲਸਾ ਰਾਜ ਨਾਲ ਸੰਮਿਲਤ ਕਰ ਦਿੱਤਾ। ਆਪ ਦੀ ਇਸ ਕਾਰਗੁਜ਼ਾਰੀ ਤੋਂ ਸ਼ੇਰਿ ਪੰਜਾਬ ਨੇ ਪ੍ਰਸੰਨ ਹੋਕੇ ਆਪ ਨੂੰ ਡੇਢ ਲੱਖ ਰੁਪਿਆ ਸਾਲਾਨਾ ਆਮਦਨੀ ਦੀ ਜਾਗੀਰ ਬਖਸ਼ੀ ਅਤੇ ਨਾਲ ਹੀ ਜਲੰਧਰ ਦੇ ਇਲਾਕੇ ਦੀ ਨਿਜ਼ਾਮਤ ਵੀ ਦੇ ਦਿੱਤੀ ।
ਫਿਰ ਮਾਰਚ ਸੰਨ ੧੮੦੮ ਵਿਚ ਮੋਹਕਮ ਚੰਦ ਨੇ ਪਤੋਕੀ, ਵਧਨੀ ਅਤੇ ਹਿੰਮਤ ਪੁਰ, ਸਣੇ ਪੰਦ੍ਰਾਂ ਹੋਰ ਪਿੰਡਾਂ ਦੇ, ਫਤਹ ਕਰਕੇ ਖਾਲਸਾ ਰਾਜ ਲਈ ਆਪਣੇ ਕਬਜ਼ੇ ਵਿਚ ਲੈ ਆਂਦੇ। ਇਹ ਸਾਰਾ ਹਲਕਾ ਮਹਾਰਾਜਾ ਸਾਹਿਬ ਨੇ ਸਰਦਾਰਨੀ ਸਦਾ ਕੌਰ ਨੂੰ ਦੇ ਦਿੱਤਾ।
ਫ਼ਿਲੌਰ ਦਾ ਕਿਲ੍ਹਾ ਵਸਾਉਣਾ
ਮਿਸਟਰ ਮਿਟਕਾਫ ਦੇ ਅਹਿਦਨਾਮੇ ਦੇ ਬਾਅਦ ਹੁਣ ਇਹ ਗੱਲ ਬੜੀ ਜ਼ਰੂਰੀ ਹੋ ਗਈ ਕਿ ਦਰਿਆ ਸਤਲੁਜ ਦੇ ਇਸ ਕੰਢੇ ਨੂੰ ਬਹੁਤ ਪੱਕਾ ਕੀਤਾ ਜਾਵੇ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਨੂੰ ਯੋਗ ਸਮਝਕੇ ਇਸ ਕਾਰਜ ਲਈ ਮੁਕੱਰਰ ਕੀਤਾ। ਆਪ ਨੇ ਮੌਕੇ ਪਰ ਜਾਕੇ ਦੂਰ ਤਕ ਸਾਰੇ ਇਲਾਕੇ ਦੀ ਦੇਖਭਾਲ ਕੀਤੀ ਛੇਕੜ ਫਿਲੌਰ ਦੀ ਪੁਰਾਣੀ ਸ਼ਾਹੀ ਸਰਾਂ ਦੀ ਥਾਂ ਫੌਜੀ ਦ੍ਰਿਸ਼ਟੀਕੋਨ ਦੇ ਲਿਹਾਜ਼ ਨਾਲ ਯੋਗ ਪ੍ਰਤੀਤ ਹੋਈ। ਇਸ ਵਿਚ ਕਈ ਲਾਭ ਸਨ : ਇੱਕ ਤਾਂ ਇਹ ਕਿ ਈਸਟ ਇੰਡੀਆ ਕੰਪਨੀ ਅੰਗਰੇਜ਼ੀ ਛਾਵਣੀ ਲੁਧਿਆਣੇ ਵਿਚ ਬਨਾਣ ਲਈ ਤਜਵੀਜ਼ ਕਰ ਰਹੀ ਸੀ ਅਤੇ ਇਹ ਥਾਂ ਉਸਦੇ ਠੀਕ ਸਾਹਮਣੇ ਸੀ। ਦੂਜਾ ਇਸ ਨਾਲ ਦਰਿਆ ਦਾ ਪੱਤਣ ਕਿਲ੍ਹੇ ਦੀ ਮਾਰ ਹੇਠ ਆਕੇ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਆ ਜਾਂਦਾ ਸੀ। ਇਸ ਥਾਂ ਦੀ ਚੋਣ ਦੇ ਕਾਰਨ ਸ਼ੇਰਿ ਪੰਜਾਬ ਦੇ ਮਨ ਵਿਚ ਮੋਹਕਮ ਚੰਦ ਦੀ ਯੋਗਤਾ ਨੇ ਹੋਰ ਡੂੰਘੀ ਥਾਂ ਪ੍ਰਾਪਤ ਕਰ ਲਈ। ਹੁਣ ਸਰਾਂ ਨੂੰ ਗਿਰਾਕੇ ਉਸ ਪਰ ਬਹੁਤ ਵੱਡਾ ਤੇ ਪੱਕਾ ਕਿਲਾ ਵਸਾਉਣਾ ਅਰੰਭ ਦਿੱਤਾ।
ਭਿੰਬਰ ਦੀ ਫ਼ਤਹ
ਫਿਲੌਰ ਦਾ ਕਿਲਾ ਜਦ ਤਿਆਰ ਹੋ ਗਿਆ ਤਾਂ ਮਹਾਰਾਜ ਨੇ ਮੋਹਕਮ ਚੰਦ ਨੂੰ ਭਿੰਬਰ ਦੇ ਇਲਾਕੇ ਦੀ ਸੁਧਾਈ ਲਈ ਨੀਯਤ ਕੀਤਾ। ਆਪ ਬਹੁਤ ਸਾਰੀ ਖਾਲਸਾ ਫੌਜ ਆਪਣੇ ਨਾਲ ਲੈਕੇ ਭਿੰਬਰ ਦੇ ਇਲਾਕੇ ਵਿਚ ਪਹੁੰਚ ਗਏ। ਹਾਕਮ ਭਿੰਬਰ ਸੁਲਤਾਨ ਮੁਹੰਮਦ ਖਾਨ ਬੜਾ ਹੰਕਾਰੀ ਆਦਮੀ ਸੀ, ਇਸ ਨੇ ਪਹਿਲਾਂ ਤਾਂ ਈਨ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਖਾਲਸਾ ਫੌਜ ਦੇ ਟਾਕਰੇ ਲਈ ਤਿਆਰ ਹੋ ਗਿਆ। ਇਕ ਖੁਲ੍ਹੇ ਮੈਦਾਨ ਵਿਚ ਜ਼ੋਰ ਅਜ਼ਮਾਈ ਕੀਤੀ ਗਈ, ਪਰ ਬੜੀ ਕਰੜੀ ਲੜਾਈ ਦੇ ਬਾਅਦ ਮੋਹਕਮ ਚੰਦ ਨੇ ਆਪਣੀ ਫੌਜ ਨੂੰ ਐਸੀ ਯੋਗਤਾ ਨਾਲ ਪਸਾਰ ਦਿੱਤਾ ਜਿਸ ਨਾਲ ਸੁਲਤਾਨ ਮੁਹੰਮਦ ਖਾਨ, ਸਣੇ ਸਾਰੀ ਫੌਜ ਦੇ, ਘੇਰੇ ਵਿਚ ਆ ਗਿਆ। ਮੋਹਕਮ ਚੰਦ ਨੇ ਖਾਲਸਾ ਫੌਜ ਨੂੰ ਹੁਕਮ ਦਿੱਤਾ ਕਿ ਖਾਲਸਾ ਜੀ ਤਿਆਰ ਬਰ ਤਿਆਰ ਰਹਿਣਾ ਕਿਤੇ ਸੁਲਤਾਨ ਮੁਹੰਮਦ ਖਾਨ ਬਚ ਕੇ ਨਾ ਨਿਕਲ ਜਾਏ। ਸੋ ਘੇਰੇ ਨੂੰ ਇੰਨਾ ਤੰਗ ਕਰ ਲਿਆ ਗਿਆ ਕਿ ਹੁਣ ਜਦ ਸੁਲਤਾਨ ਮੁਹੰਮਦ ਖਾਨ ਨੇ ਆਪਣੇ ਆਪ ਨੂੰ ਭਾਰੀ ਖਤਰੇ ਵਿਚ ਡਿੱਠਾ ਤਾਂ ਸਣੇ ਫੌਜ ਦੇ ਹਥਿਆਰ ਸੁੱਟ ਦਿੱਤੇ ਤੇ ਖਾਲਸੇ ਦਾ ਕੈਦੀ ਬਣ ਗਿਆ। ਮੋਹਕਮ ਚੰਦ ਜੀ ਨੇ ਇਸਨੂੰ ਬਲਵਾਨ ਗਾਰਦ ਦੀ ਸੌਂਪਣੀ ਵਿਚ ਮਹਾਰਾਜਾ ਸਾਹਿਬ ਪਾਸ ਲਾਹੌਰ ਭਿਜਵਾ ਦਿੱਤਾ। ਸ਼ੇਰਿ ਪੰਜਾਬ ਸੁਲਤਾਨ ਮੁਹੰਮਦ ਖਾਨ ਪਰ ਬੜੇ ਨਰਾਜ਼ ਸਨ, ਕਿਉਂਕਿ ਇਸ ਨੇ ਉੱਥੋਂ ਦੇ ਲੋਕਾਂ ਪਰ ਬੜੇ ਕਰੜੇ ਜ਼ੁਲਮ ਕੀਤੇ ਸਨ। ਉਸ ਦਾ ਸਾਰਾ ਇਲਾਕਾ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ ਅਤੇ ਚਾਲੀ ਹਜ਼ਾਰ ਰੁਪਿਆ ਤਾਵਾਨ-ਜੰਗ ਇਸ ਤੋਂ ਲਿਆ ਗਿਆ। ਕੁਝ ਦਿਨ ਕੈਦ ਵਿਚ ਰਹਿਣ ਦੇ ਉਪਰੰਤ ਉਸ ਨੇ ਸੱਚੇ ਦਿਲੋਂ ਪਸਚਾਤਾਪ ਕਰਕੇ ਸਾਹਿਬ ਅੱਗੇ ਜਾਨ ਬਖਸ਼ੀ ਲਈ ਬੇਨਤੀ ਕੀਤੀ, ਜਿਸ ਨੂੰ ਸ਼ੇਰਿ ਪੰਜਾਬ ਨੇ ਆਪਣੇ ਬਖਸ਼ੀਸ਼ੀ ਸੁਭਾਉ ਅਨੁਸਾਰ ਪ੍ਰਵਾਨ ਕਰ ਲਿਆ ਅਤੇ ਕੁਝ ਸ਼ਰਤਾਂ ਦੇ ਅਧੀਨ ਸੁਲਤਾਨ ਮੁਹੰਮਦ ਖਾਨ ਨੂੰ ਛੱਡ ਦਿਤਾ।
‘ਦੀਵਾਨ’ ਦਾ ਪਦ ਮਿਲਣਾ
ਮੋਹਕਮ ਚੰਦ ਜੀ ਜਦ ਭਿੰਬਰ ਦਾ ਇਲਾਕਾ ਖਾਲਸਾ ਰਾਜ ਨਾਲ ਮਿਲਾਕੇ ਜਲੰਧਰ ਪਹੁੰਚੇ ਤਾਂ ਇੱਥੇ ਪਤਾ ਲਗਾ ਕਿ ਕੁਝ ਝਗੜਾਲੂ ਆਦਮੀ ਇਲਾਕੇ ਵਿਚ ਅਸ਼ਾਂਤੀ ਫੈਲਾ ਰਹੇ ਹਨ। ਆਪ ਨੇ ਤੁਰਤ ਫੁਰਤ ਉਨ੍ਹਾਂ ਨੂੰ ਕਾਬੂ ਕਰਕੇ ਐਸੀ ਸਿੱਖਿਆ ਦਿੱਤੀ ਕਿ ਉਹ ਛੇਤੀ ਹੀ ਸਿੱਧੇ ਰਾਹ ਪਰ ਆ ਗਏ। ਹੁਣ ਸ਼ੇਰਿ ਪੰਜਾਬ ਖਾਲਸਾ ਰਾਜ ਦੇ ਵਾਧੇ ਲਈ ਆਪ ਦੀਆਂ ਸੇਵਾਵਾਂ ਤੋਂ ਇੰਨੇ ਪ੍ਰਸੰਨ ਹੋਏ ਕਿ ਆਪ ਦੀ ਇੱਜ਼ਤ ਲਈ ਫਿਲੌਰ ਨਵੇਂ ਬਣੇ ਕਿਲ੍ਹੇ ਦੀ ਡੱਠਣੀ ਸਮੇਂ ਇਕ ਭਾਰੀ ਦਰਬਾਰ ਕੀਤਾ। ਅਖੰਡ ਪਾਠ ਦੀ ਸਮਾਪਤੀ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਦੀਆਂ ਘਾਲਾਂ ਦੀ ਵੱਡੀ ਸ਼ਲਾਘਾ ਕੀਤੀ ਤੇ ਸੁਣੇ ਦਰਬਾਰੀਆਂ ਦੇ ਸਾਹਮਣੇ ਆਪ ਨੂੰ ‘ਦੀਵਾਨ’ ਦਾ ਪਦ ਬਖਸ਼ਿਆ। ਇਸ ਤੋਂ ਛੁੱਟ ਇੱਕ ਵੱਡੇ ਕੱਦ ਦਾ ਹਾਥੀ, ਜਿਸਦਾ ਹੌਂਦਾ ਚਾਂਦੀ ਦਾ ਤੇ ਝੁਲਾਂ ਪਰ ਤਿਲੇ ਦਾ ਭਰਵਾਂ ਕੰਮ ਹੋਇਆ ਸੀ, ਸਣੇ ਇੱਕ ਬਹੁਮੁੱਲੀ ਸਿਰੀ ਸਾਹਿਬ ਦੇ, ਜਿਸ ਦੀ ਮੁਠ ਪਰ ਕੀਮਤੀ ਨਗ ਜੜੇ ਹੋਏ ਸਨ ਅਤੇ ਭਾਰੇ ਮੁੱਲ ਦਾ ਖ਼ਿਲਤ ਬਖਸ਼ ਕੇ ਆਪ ਨੂੰ ਨਿਹਾਲ ਕਰ ਦਿੱਤਾ। ਇਸ ਪਰ ਸਰਬੱਤ ਖਾਲਸੇ ਵੱਲੋਂ ਭਾਰੀ ਖੁਸ਼ੀ ਪ੍ਰਗਟ ਕੀਤੀ ਗਈ। ਇਹ ਗੱਲ ਨਵੰਬਰ ੧੮੧੧ ਈ: ਦੀ ਹੈ।
ਸੰਨ ੧੮੧੨ ਈ: ਵਿਚ ਦੀਵਾਨ ਮੋਹਕਮ ਚੰਦ ਜੀ ਨੇ ਪਹਾੜੀ ਇਲਾਕੇ ਦਾ ਦੌਰਾ ਕਰਕੇ ਰਿਆਸਤ ਕੁਲੂ ਤੇ ਹੋਰ ਲਗਵਾਂ ਇਲਾਕਾ ਖਾਲਸਾ ਰਾਜ ਦੇ ਅਧੀਨ ਕਰ ਦਿੱਤਾ।
ਕੋਹਨੂਰ ਤੇ ਮੋਹਕਮ ਚੰਦ
ਦੀਵਾਨ ਮੋਹਕਮ ਚੰਦ ਦਾ ਇਸ ਸਾਲ ਸਭ ਤੋਂ ਪ੍ਰਸਿੱਧ ਕਾਰਨਾਮਾ ਕਸ਼ਮੀਰ ਪਰ ਚੜ੍ਹਾਈ ਕਰਕੇ ਸ਼ਾਹ ਸੁਜ਼ਾਉਲ ਮੁਲਕ, ਬਾਦਸ਼ਾਹ ਕਾਬਲ ਨੂੰ, ਅਤਾਮੁੰਹਮਦ ਖ਼ਾਨ ਗਵਰਨਰ ਕਸ਼ਮੀਰ ਦੀ ਕੈਦ ਤੋਂ ਛੁਡਾ ਕੇ ਲਾਹੌਰ ਪਹੁੰਚਾਣਾ ਸੀ। ਇਸਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ ਕਿ ਸਤੰਬਰ ਸੰਨ ੧੮੨੧ ਈ: ਵਿਚ ਸ਼ਾਹ ਸ਼ਜ਼ਾਉਲ ਮੁਲਕ ਅਤੇ ਸ਼ਾਹ ਜ਼ਮਾਨ’ ਦੋਵੇਂ ਭਾਈ ਕਾਬਲ ਤੋਂ ਭੱਜ ਖਾਕੇ ਸ਼ੇਰਿ ਪੰਜਾਬ ਕੋਲ ਪਨਾਹ ਲੈਣ ਲਈ ਪੰਜਾਬ ਵਲ ਆ ਰਹੇ ਸਨ ਕਿ ਰਾਹ ਵਿਚ ਜਹਾਨ ਦਾਦ ਖ਼ਾਨ ਕਿਲਾਦਾਰ ਅਟਕ ਨੇ ਸ਼ਹਾਸੂਜਾ ਨੂੰ ਫੜ ਲਿਆ ਅਤੇ ਇਸ ਨੂੰ ਆਪਣੇ ਭਾਈ ਅਤਾਮੁਹੰਮਦ ਖਾਨ ਗਵਰਨਰ ਕਸ਼ਮੀਰ ਕੋਲ ਸ੍ਰੀਨਗਰ ਕਰੜੀ ਗਾਰਦ ਦੀ ਸੌਂਪਣੀ ਵਿਚ ਭੇਜ ਦਿੱਤਾ ਅਤੇ ਉਸ ਨੇ ਇਸ ਨੂੰ ਕਿਲਾ ‘ਸ਼ੇਰ ਗੜੀ’ ਵਿਚ ਕੈਦ ਕਰ ਦਿੱਤਾ। ਇਧਰ ਸ਼ਾਹ ਜ਼ਮਾਨ, ਸਣੇ ਆਪਣੇ ਪਰਵਾਰ ਅਤੇ ਆਪਣੇ ਭਾਈ ਸ਼ਾਹਜਾ ਦੀਆਂ ਬੇਗਮਾਂ ਦੇ, ਸ਼ੇਰਿ ਪੰਜਾਬ ਪਾਸ ਲਾਹੌਰ ਪਹੁੰਚ ਗਿਆ। ਮਹਾਰਾਜਾ ਰਣਜੀਤ ਸਿੰਘ ਆਪਣੇ ਨੇਕ ਸੁਭਾਉ ਅਨੁਸਾਰ ਇਨ੍ਹਾਂ ਅਪਦਾ ਦੇ ਮਾਰੇ ਹੋਏ ਪਰਾਹੁਣਿਆਂ ਨਾਲ ਬੜੀ ਦਰਿਆਦਿਲੀ ਨਾਲ ਪੇਸ਼ ਆਇਆ ਤੇ ਲਾਹੌਰ ਦੀ ਮਸ਼ਹੂਰ ‘ਮੁਬਾਰਕ ਹਵੇਲੀ’ ਵਿਚ ਉਤਾਰਾ ਦਿੱਤਾ। ਖਾਨ ਪਾਨ ਦੇ ਸਾਰੇ ਜ਼ਰੂਰੀ ਸਾਮਾਨ ਲੋੜ ਤੋਂ ਭੀ ਵਧੀਕ ਭੇਜ ਦਿੱਤੇ। ਫਕੀਰ ਅਜੀਜ਼ ਦੀਨ ਨੂੰ ਇਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਿਗਰਾਨ ਨੀਯਤ ਕੀਤਾ। ਭਾਵੇਂ ਇਨ੍ਹਾਂ ਦੇ ਅਰਾਮ ਦੇ ਸਾਰੇ ਸਾਮਾਨ ਮਹਾਰਾਜਾ ਸਾਹਬ ਵੱਲੋਂ ਇਨ੍ਹਾਂ ਨੂੰ ਪਹੁੰਚ ਰਹੇ ਸਨ, ਪਰ ਸ਼ਾਹਸ਼ੁਜਾ ਦੀ ਕੈਦ ਨੇ ਇਨ੍ਹਾਂ ਸਾਰਿਆਂ ਨੂੰ ਬੜਾ ਹੀ ਔਖਾ ਕਰ ਰੱਖਿਆ ਸੀ। ਕੁਝ ਦਿਨਾਂ ਦੇ ਬਾਅਦ ਸ਼ਾਹਸ਼ੂਜਾ ਦੀ ਮਨ ਭਾਂਵਦੀ ਪਤਨੀ ‘ਵਫ਼ਾ ਬੇਗਮ’ ਨੇ ਫਕੀਰ ਜੀ ਦੀ ਰਾਹੀਂ ਦੀਵਾਨ ਮੋਹਕਮ ਚੰਦ ਜੀ ਨਾਲ, ਜੋ ਇਨੀਂ ਦਿਨੀਂ ਲਾਹੌਰ ਆਏ ਹੋਏ ਸਨ, ਇਹ ਫੈਸਲਾ ਤੇ ਵਾਇਦਾ ਕੀਤਾ ਕਿ ਜੇ ਕਦੇ ਸ਼ੇਰਿ ਪੰਜਾਬ ਆਪਣੀਆਂ ਫੌਜਾਂ ਕਸ਼ਮੀਰ ਭੇਜ ਕੇ ਸ਼ਾਹਜਾ ਨੂੰ ਅਤਾ ਮੁਹੰਮਦ ਖਾਨ ਦੀ ਕੈਦ ਵਿੱਚੋਂ ਛੁਡਾ ਲੈ ਆਉਣ ਤਾਂ ਮੈਂ ਇਸ ਦਾ ਬਦਲੇ ਉਹ ਇਤਿਹਾਸਕ ਹੀਰਾ ਕੋਹਨੂਰ ਮਹਾਰਾਜਾ ਸਾਹਿਬ ਦੀ ਭੇਟਾ ਕਰ ਦਿਆਂਗੀ।
ਦੀਵਾਨ ਮੋਹਕਮ ਚੰਦ ਨੇ ਜਦ ਇਹ ਗੱਲ ਸ਼ੇਰਿ ਪੰਜਾਬ ਨਾਲ ਕੀਤੀ ਤੇ ਬੇਗਮਾਂ ਦੀ ਵਿਆਕੁਲਤਾ ਦਾ ਹਾਲ ਦੱਸਿਆ ਤਾਂ ਸਰਕਾਰ ਦੇ ਮਨ ਵਿਚ ਤਰਸ ਆਇਆ ਅਤੇ ਮਹਾਰਾਜਾ ਸਾਹਿਬ ਨੇ ਇੱਨੀ ਕਠਨ ਤੇ ਖਰਚੀਲੀ ਮੁਹਿੰਮ ਦਾ ਭਾਰੀ ਬੋਝ ਆਪਣੇ ਜ਼ਿੰਮੇ ਲੈਣਾ ਪਰਵਾਨ ਕਰ ਲਿਆ।
ਕਸ਼ਮੀਰ ਪਰ ਚੜ੍ਹਾਈ
ਹੁਣ ਥੋੜ੍ਹੇ ਦਿਨਾਂ ਵਿਚ ਹੀ ਕਸ਼ਮੀਰ ਪਰ ਚੜ੍ਹਾਈ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਸੰਪੂਰਨ ਹੋ ਗਈਆਂ। ਇਨ੍ਹਾਂ ਦਿਨਾਂ ਵਿਚ ਸੰਜੋਗ ਐਸਾ ਹੋਇਆ ਕਿ ਫਤਹ ਖਾਨ ਵਾਲੀਏ ਕਾਬਲ ਦਾਸਫੀਰ, ਦੀਵਾਨ ਗਦੜ ਮੱਲ, ਮਹਾਰਾਜਾ ਸਾਹਿਬ ਲਈ ਬਹੁ ਮੁੱਲੀਆਂ ਸੁਗਾਤਾਂ ਲੈ ਕੇ ਲਾਹੌਰ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਕਸ਼ਮੀਰ ਦਾ ਗਵਰਨਰ ਅਤੇ ਮੁੰਹਮਦ ਖਾਨ ਦਰਬਾਰ ਕਾਬਲ ਤੋਂ ਆਕੀ ਹੋ ਗਿਆ ਹੈ, ਇਸ ਨੂੰ ਸਜ਼ਾ ਦੇਣ ਲਈ ਫਤਹ ਖਾਨ ਕੁਝ ਅਫਗਾਨੀ ਫੌਜ ਕਾਬਲ ਤੋਂ ਨਾਲ ਲਿਆਇਆ ਹੈ ਤੇ ਉਸ ਦੀ ਮੰਗ ਹੈ ਕਿ ਕੁਝ ਸਰਕਾਰ ਦੀ ਖਾਲਸਾ ਫੌਜ ਉਸ ਦੀ ਸਹਾਇਤਾ ਲਈ ਇਸ ਮੁਹਿੰਮ ਵਿਚ ਉਸ ਦੇ ਨਾਲ ਭੇਜੀ ਜਾਏ ਤਾਂ ਇਸ ਦਾ ਖਰਚ ਉਹ ਆਪ ਦੀ ਨਜ਼ਰ ਕਰ ਦੇਵੇਗਾ।
ਮਹਾਰਾਜਾ ਸਾਹਿਬ ਨੇ ਜਦ ਇਸ ਬਾਰੇ ਆਪਣੇ ਦਰਬਾਰੀਆਂ ਨਾਲ ਵਿਚਾਰ ਕੀਤੀ ਤਾਂ ਸਭ ਨੇ ਇਸ ਰਾਏ ਨਾਲ ਸੰਮਤੀ ਪ੍ਰਗਟ ਕੀਤੀ ਕਿ ਫਤਹ ਖਾਨ ਨਾਲ ਮਿਲ ਕੇ ਚੜ੍ਹਾਈ ਕੀਤੀ ਜਾਏ। ਇਸ ਫੈਸਲੇ ਅਨੁਸਾਰ ੧੨ ਹਜ਼ਾਰ ਖਾਲਸਾ ਫੌਜ ਨੇ ਦੀਵਾਨ ਮੋਹਕਮ ਚੰਦ, ਸਰਦਾਰ ਨਿਹਾਲ ਸਿੰਘ ਅਟਾਰੀ ਤੇ ਸਰਦਾਰ ਜੋਧ ਸਿੰਘ ਕਲਸੀਆ ਦੀ ਸਰਦਾਰੀ ਵਿਚ ਕਸ਼ਮੀਰ ਵੱਲ ਕੂਚ ਕਰ ਦਿੱਤਾ।
ਇਸ ਤਰ੍ਹਾਂ ਦੋਵਾਂ ਫੌਜਾਂ ਨੇ ੫ ਨਵੰਬਰ ੧੮੧੨ ਨੂੰ ਜਿਹਲਮ ਤੋਂ ਕੂਚ ਕਰ ਕੇ ਪੀਰ ਪੰਜਾਲ ਦੇ ਰਾਹ ਕਸ਼ਮੀਰ ਪਰ ਚੜ੍ਹਾਈ ਕਰ ਦਿੱਤੀ। ਅਤਾ ਮੁਹੰਮਦ ਖਾਨ ਹਾਕਮ ਕਸ਼ਮੀਰ ਨੂੰ ਜਦ ਇਨ੍ਹਾਂ ਫੌਜਾਂ ਦਾ ਕਸ਼ਮੀਰ ਵੱਲ ਕੂਚ ਕਰਨ ਦਾ ਪਤਾ ਲੱਗਾ ਤਦ ਉਸ ਨੇ ਅੱਗੋਂ, ਜਿੰਨਾ ਛੇਤੀ ਹੋ ਸਕਦਾ ਸੀ, ਆਪਣੀਆਂ ਫੌਜਾਂ ਤਿਆਰ ਕਰ ਕੇ ਇਨ੍ਹਾਂ ਦੇ ਟਾਕਰੇ ਲਈ ਕਸ਼ਮੀਰ ਦੇ ਰਾਹ ਰੋਕ ਲਏ, ਪਰ ਦੀਵਾਨ ਮੋਹਕਮ ਚੰਦ ਦਾ ਉੱਚਾ ਪ੍ਰਬੰਧ ਅਤੇ ਖਾਲਸਾ ਫੌਜ ਦੇ ਅਟੱਲ ਜੋਸ਼ ਨੇ ਆਪਣੇ ਲਈ ਸਾਰੇ ਰਾਹ ਸਾਫ਼ ਕਰ ਲਏ, ਕਈ ਥਾਈਂ ਰਸਤੇ ਵਿਚ ਡਟ ਕੇ ਕਸ਼ਮੀਰੀ ਫੌਜਾਂ ਨਾਲ ਟਾਕਰਾ ਵੀ ਕਰਨਾ ਪਿਆ, ਪਰ ਹਰ ਥਾਂ ਸੰਮਿਲਤ ਫੌਜ ਨੂੰ ਸਫ਼ਲਤਾ ਹੀ ਪ੍ਰਾਪਤ ਹੁੰਦੀ ਰਹੀ ਹੁਣ ਵਾਰੀ ਆਈ ਹਰੀ ਪ੍ਰਬਤ ਦਿਆਂ ਮੋਰਚਿਆਂ ਤੇ ਕਿਲ੍ਹਾ ਸ਼ੇਰ ਗੜੀ ਨੂੰ ਫਤਹ ਕਰਨ ਦੀ, ਇਸ ਮੈਦਾਨ ਵਿਚ ਅਤਾ ਮੁਹੰਮਦ ਖਾਨ ਕਸ਼ਮੀਰ ਨੂੰ ਬਚਾਉਣ ਲਈ ਆਪਣੀ ਸਾਰੀ ਫੌਜੀ ਤਾਕਤ ਨੂੰ ਮੈਦਾਨ ਵਿਚ ਲਿਆ ਕੇ ਬੜੀ ਬਹਾਦਰੀ ਨਾਲ ਲੜਿਆ, ਪਰ ਉਸ ਨੂੰ ਹਾਰ ਹੋਈ। ਹੁਣ ਜਦ ਉਸ ਨੂੰ ਆਪਣੀ ਫਤਹ ਦੀ ਕੋਈ ਆਸ ਬਾਕੀ ਨਾ ਰਹੀ ਤਾਂ ਉਸ ਨੇ ਦੀਵਾਨ ਮੋਹਕਮ ਚੰਦ ਦੀ ਅਤਾਇਤ ਮੰਨ ਕੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿੱਤਾ।
ਮੋਹਕਮ ਚੰਦ ਦਾ ਸ਼ਾਹਜਾ ਨੂੰ ਕੈਦ ਤੋਂ ਛੁਡਾਉਣਾ
ਇੱਥੋਂ ਮੋਹਕਮ ਚੰਦ, ਸਣੇ ਖਾਲਸਾ ਫੌਜ ਦੇ, ਬੜੀ ਤੇਜ਼ੀ ਨਾਲ ਅੱਗੇ ਵਧਿਆ ਅਤੇ ਜਾਂਦਿਆਂ ਹੀ ਕਿਲੇ ਪਰ ਕਬਜ਼ਾ ਕਰ ਲਿਆ। ਕਿਲ੍ਹੇ ਵਿਚ ਵੜਦਿਆਂ ਹੀ ਦਾਨੇ ਦੀਵਾਨ ਨੇ ਸ਼ਾਹ ਸ਼ੁਜਾ ਦੀ ਭਾਲ ਕਰਾਈ, ਤਾਂ ਇਕ ਕਾਬਲੀ ਨੌਕਰ ਨੇ ਦੀਵਾਨ ਨੂੰ ਦਸਿਆ ਕਿ ਅਭਾਗਾ ਬਾਦਸ਼ਾਹ ਜ਼ੰਜੀਰਾਂ ਵਿਚ ਜਕੜਿਆ ਹੋਇਆ ਨਾਲ ਵਾਲੇ ਬੰਦੀਖਾਨੇ ਵਿਚ ਤੜਫ ਰਿਹਾ ਹੈ। ਉਸੇ ਘੜੀ ਉਧਰ ਕੁਝ ਜਵਾਨ ਭੇਜੇ ਗਏ। ਛੇਕੜ ਦੀਵਾਨ ਜੀ ਦੇ ਇਕ ਅੜਦਲ ਦੇ ਜਮਾਂਦਾਰ ਨੇ ਸ਼ਾਹ ਨੂੰ ਇਕ ਕਾਲ ਕੋਠੜੀ ਵਿੱਚੋਂ ਜਾ ਲੱਭਾ। ਇਸ ਨੂੰ ਜਦ ਦੀਵਾਨ ਮੋਹਕਮ ਚੰਦ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬੜੀ ਤਰਸ ਯੋਗ ਸੀ, ਉਸ ਦੇ ਪੈਰਾਂ ਵਿਚ ਬੇੜੀਆਂ ਤੇ ਗਲ ਵਿਚ ਤੌਕ ਪਿਆ ਹੋਇਆ ਸੀ, ਉਸ ਦੇ ਮੈਲੇ ਕੁਚੈਲੇ ਕੱਪੜੇ ਤੇ ਖੁੱਥਾ ਹੋਇਆ ਪੋਸਤੀਨ ਦੇਖਿਆਂ ਕੁਦਰਤ ਦਾ ਖੇਲ ਅੱਖਾਂ ਅੱਗੇ ਆ ਖਲੋਂਦਾ ਸੀ। ਦੀਵਾਨ ਜੀ ਨੇ ਉਸੇ ਵਕਤ ਇਸ ਦੀਆਂ ਬੇੜੀਆਂ ਤੇ ਤੌਕ ਕਟਵਾ ਦਿੱਤਾ ਤੇ ਇਸ ਦੇ ਕੱਪੜੇ ਬਦਲਵਾਏ। ਇਸ ਤਰ੍ਹਾਂ ਇਸ ਦੀ ਬੰਦ ਖਲਾਸ ਕਰਵਾ ਕੇ ਆਪਣੀ ਰੱਖਿਆ ਵਿਚ ਲੈ ਲਿਆ। ਇੱਥੇ ਇਸ ਨੂੰ ਦੀਵਾਨ ਜੀ ਨੇ ਇਹ ਵੀ ਦੱਸਿਆ ਕਿ ਤੇਰਾ ਪਰਵਾਰ ਤੇ ਭਾਈ ਆਦਿ ਸਭ ਲਾਹੌਰ ਵਿਚ ਮਹਾਰਾਜਾ ਸਾਹਿਬ ਪਾਸ ਪਹੁੰਚ ਗਏ ਹਨ ਇੱਥੇ ਮਾਲੂਮ ਹੋਇਆ ਕਿ ਅਜੇ ਵੀ ਇਸ ਦੇ ਸਿਰ ਤੋਂ ਬਿਪਤਾ ਨਾ ਸੀ ਟਲੀ। ਵਜ਼ੀਰ ਫ਼ਤਹ ਖਾਨ ਨੂੰ ਜਦ ਇਸ ਗਲ ਦਾ ਪਤਾ ਲੱਗਾ ਕਿ ਸ਼ਾਹ ਸ਼ੁਜਾ ਦੀਵਾਨ ਮੋਹਕਮ ਚੰਦ ਦੇ ਹੱਥ ਆ ਗਿਆ ਹੈ, ਜਿਸ ਦੇ ਕਤਲ ਕਰਨ ਯਾ ਜੀਉਂਦੇ ਫੜਨ ਲਈ ਵਜ਼ੀਰ ਨੇ ਇੱਨੀ ਮੁਸੀਬਤ ਝੱਲ ਕੇ ਕਸ਼ਮੀਰ ਪਰ ਚੜ੍ਹਾਈ ਕੀਤੀ ਸੀ, ਤਾਂ ਉਹ ਡਾਢਾ ਤਰਲੋਮਛੀ ਹੋਇਆ ਅਤੇ ਸ਼ਾਹਸ਼ੂਜਾ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਦੀਵਾਨ ਜੀ ਤੋਂ ਬੜੀ ਜ਼ੋਰਦਾਰ ਮੰਗ ਕੀਤੀ ਪਰ ਅੱਗੋਂ ਨਿਡਰ ਦੀਵਾਨ ਮੋਹਕਮ ਚੰਦ ਤੇ ਸਰਦਾਰ ਨਿਹਾਲ ਸਿੰਘ ਨੇ ਫਤਹ ਖਾਨ ਨੂੰ ਸ਼ਾਹ ਦੀ ਬਾਂਹ ਫੜਾਉਣ ਤੋਂ ਸਾਫ ਨਾਂਹ ਕਰ ਦਿੱਤੀ। ਇਸ ਗੱਲ ਪਰ ਵਜ਼ੀਰ ਫਤਹ ਖਾਨ ਅਤੇ ਦੀਵਾਨ ਮੋਹਕਮ ਚੰਦ ਵਿਚ ਕੁਝ ਬੇਰਸੀ ਹੋ ਗਈ। ਪਰ ਦੀਵਾਨ, ਫਤਹ ਖਾਨ ਦੀ ਕੱਖ ਜਿੰਨੀ ਪਰਵਾਹ ਨਾ ਕਰਦਾ ਹੋਇਆ ਸ਼ਾਹ ਸ਼ੁਜਾ ਤੇ ਅਤਾ ਮੁਹੰਮਦ ਖਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਣੇ ਫਤਹਯਾਬ ਖਾਲਸਾ ਫੌਜ ਦੇ ਵਿਜਯ ਦਾ ਨਿਸ਼ਾਨ ਝੁਲਾਉਂਦਾ ਹੋਇਆ ਲਾਹੌਰ ਵਲ ਪਰਤ ਆਇਆ। ਜਿਸ ਸਮੇਂ ਫਤਹ ਖਾਨ ਸ਼ਾਹ ਸ਼ੁਜਾਉਲ ਮਲਕ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਦੀਵਾਨ ਮੋਹਕਮ ਚੰਦ ਪਰ ਜ਼ੋਰ ਪਾ ਰਿਹਾ ਸੀ ਤਦੋਂ ਇਸ ਗੱਲ ਦਾ ਕਿਸੇ ਤਰ੍ਹਾਂ ਸ਼ਾਹ ਸ਼ੁਜਾ ਨੂੰ ਪਤਾ ਲੱਗ ਗਿਆ ਤਾਂ ਉਹ ਬੜਾ ਘਾਬਰਿਆ ਤੇ ਭੈਭੀਤ ਹੋਏ ਹੋਏ ਨੇ ਦੀਵਾਨ ਜੀ ਦੇ ਪੈਰ ਫੜ ਲਏ ਅਤੇ ਪੁਕਾਰ ਕੇ ਆਖਿਆ ‘ਦੀਵਾਨ ਜੀ! ਖੁਦਾ ਦੇ ਵਾਸਤੇ ਮੈਨੂੰ ਫ਼ਤਹ ਖ਼ਾਨ ਦੇ ਹਵਾਲੇ ਨਾ ਕਰਿਓ, ਉਹ ਮੈਨੂੰ ਉਸੇ ਵਕਤ ਕਤਲ ਕਰ ਦਵੇਗਾ। ਦੀਵਾਨ ਮੋਹਕਮ ਚੰਦ ਨੇ ਇਸ ਨੂੰ ਪੂਰਾ ਭਰੋਸਾ ਦਿਵਾਇਆ ਅਤੇ ਆਖਿਆ ਕਿ ਹੁਣ ਖਾਲਸੇ ਨੇ ਆਪ ਨੂੰ ਆਪਣੀ ਰੱਖਿਆ ਵਿਚ ਲੈ ਲਿਆ ਹੈ ਭਾਵੇਂ ਕੁਝ ਭੀ ਹੋ ਜਾਏ ਆਪਨੂੰ ਵੈਰੀਆਂ ਦੇ ਹੱਥ ਨਹੀਂ ਦਿੱਤਾ ਜਾਏਗਾ। ਦੀਵਾਨ ਜੀ ਦਾ ਸ਼ਾਹਸੁਜ਼ਾ ਨੂੰ ਭਰੋਸਾ ਦਿਵਾਉਣ ਨਾਲ ਮਸਾਂ ਕਿਤੇ ਉਸ ਦਾ ਘਾਬਰਿਆ ਮਨ ਟਿਕਾਣੇ ਆਇਆ।
ਕੋਹਨੂਰ ਦੇਣ ਵਿਚ ਟਾਲਮਟੋਲਾ
ਇਹ ਸਫ਼ਲ ਫੌਜ ਜਦ ਲਾਹੌਰ ਪਹੁੰਚੀ ਤਦ ਮਹਾਰਾਜ ਸਾਹਿਬ ਬੜੇ ਖੁਸ਼ ਹੋਏ। ਸ਼ਾਹ ਸ਼ੁਜਾ ਨੂੰ ਬਹੁਮੁੱਲੀ ਖਿੱਲਤ ਦੇ ਕੇ ਬੜੀ ਇੱਜ਼ਤ ਨਾਲ ਇਸ ਨੂੰ ਆਪਣੇ ਚਿਰੀਂ ਵਿਛੁੰਨੇ ਪਰਵਾਰ ਪਾਸ ਭਿਜਵਾ ਦਿੱਤਾ। ਇਸ ਸਮੇਂ ਸ਼ਾਹ ਸ਼ੁਜਾ ਅਤੇ ਇਸਦੇ ਪਰਵਾਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਹੀਂ ਸੀ।
ਇਸ ਦੇ ਕੁਝ ਦਿਨਾਂ ਬਾਅਦ ਦੀਵਾਨ ਮੋਹਕਮ ਚੰਦ ਤੇ ਫਕੀਰ ਅਜ਼ੀਜ਼ੁਦੀਨ ਨੇ ਜਦ ਵਫ਼ਾ ਬੇਗਮ ਨੂੰ ਕੋਹਨੂਰ ਬਾਰੇ ਆਪਣਾ ਵਾਇਦਾ ਚੇਤੇ ਕਰਵਾਇਆ ਤਾਂ ਉਹ ਇਸ ਦੇ ਪੂਰੇ ਕਰਨ ਦੀ ਥਾਂ ਟਾਲਮਟੋਲਾ ਕਰਨ ਲੱਗੀ। ਇਸ ਸਮੇਂ ਦੀਵਾਨ ਮੋਹਕਮ ਚੰਦ ਤੇ ਫਕੀਰ ਸਾਹਿਬ ਲਈ ਬੜੀ ਔਖੀ ਘੜੀ ਆ ਬਣੀ, ਕਿਉਂਕਿ ਮਹਾਰਾਜਾ ਸਾਹਿਬ ਨੇ ਦੀਵਾਨ ਜੀ ਤੇ ਫ਼ਕੀਰ ਜੀ ਦੇ ਕਹਿਣ ਪਰ ਹੀ ਸ਼ਾਹ ਸ਼ੁਜਾ ਨੂੰ ਹਾਕਮ ਕਸ਼ਮੀਰ ਦੀ ਕੈਦ ਤੋਂ ਛੁਡਾਉਣ ਲਈ ਇਸ ਮੁਹਿੰਮ ਦੀ ਪਰਵਾਨਗੀ ਦਿੱਤੀ ਸੀ, ਜਿਸ ਪਰ ਮਹਾਰਾਜਾ ਸਾਹਿਬ ਦੇ ਖਜ਼ਾਨੇ ਦਾ ਲਗ ਪਗ ਛੇ ਲੱਖ ਰੁਪਯਾ ਖਰਚ ਹੋ ਗਿਆ ਸੀ। ਮਹਾਰਾਜਾ ਸਾਹਿਬ ਦੀ ਨਰਾਜ਼ਗੀ ਤੋਂ ਬਚਣ ਲਈ ਫ਼ਕੀਰ ਅਜ਼ੀਜ਼ ਦੀਨ ਨੇ ਕਈ ਵਾਰੀ ਸ਼ਾਹ ਸ਼ੁਜਾ ਤੇ ਵਫ਼ਾ ਬੇਗਮ ਨੂੰ ਆਪਣੇ ਕੀਤੇ ਹੋਏ ਬਚਨ ਨੂੰ ਪੂਰਾ ਕਰਨ ਲਈ ਕਿਹਾ, ਜਿਸ ਤੇ ਮਸਾਂ ਕਿਤੇ ਬੜੀ ਮੁਸ਼ਕਲ ਨਾਲ ਇਨ੍ਹਾਂ ਆਪਣਾ ਵਾਇਦਾ ਪੂਰਾ ਕੀਤਾ, ਅਰਥਾਤ ਕੋਹਨੂਰ ਹੀਰਾ ਦੀਵਾਨ ਮੋਹਕਮ ਚੰਦ ਨੂੰ ਸੌਂਪ ਦਿਤਾ, ਜੋ ਉਸ ਨੇ ਉਸ ਵਕਤ ਸ਼ੇਰਿ ਪੰਜਾਬ ਦੀ ਸੇਵਾ ਵਿਚ ਹਾਜਰ ਕਰ ਦਿੱਤਾ ।
ਅਫਗਾਨਾਂ ਨਾਲ ਪਹਿਲੀ ਲੜਾਈ ਤੇ ਮੋਹਕਮ ਚੰਦ
ਦੀਵਾਨ ਮੋਹਕਮ ਚੰਦ ਜਦ ਤੋਂ ਸ਼ਾਹ ਸ਼ੁਜਾ ਨੂੰ ਵਜ਼ੀਰ ਫਤਹ ਖਾਨ ਦੇ ਜ਼ਾਲਮ ਪੰਜੇ ਵਿੱਚੋਂ ਛੁਡਾ ਕੇ ਲਾਹੌਰ ਲੈ ਆਇਆ ਸੀ ਉਸ ਦਿਨ ਤੋਂ ਫਤਹ ਖਾਨ ਬੜਾ ਕਲਪ ਰਿਹਾ ਸੀ। ਇਸ ਗੁੱਸੇ ਦਾ ਗੱਚ ਕੱਢਣ ਲਈ ਉਹ ਕਾਬਲ ਪਹੁੰਚ ਕੇ ਇਕ ਬਲਵਾਨ ਫੌਜ ਤੇ ਸਾਮਾਨ ਜੰਗ ਤਿਆਰ ਕਰਨ ਵਿਚ ਜੁੱਟ ਪਿਆ। ਉੱਧਰ ਫ਼ਤਹ ਖਾਨ ਪੰਜਾਬ ਪੁਰ ਚੜ੍ਹਾਈ ਕਰਨ ਲਈ ਫੌਜ ਇਕੱਠੀ ਕਰ ਰਿਹਾ ਸੀ, ਇੱਧਰ ਸ਼ੇਰਿ ਪੰਜਾਬ ਕਿਲ੍ਹਾ ਅਟਕ ਨੂੰ ਖਾਲਸਾ ਰਾਜ ਨਾਲ ਮਿਲਾ ਕੇ ਪੰਜਾਬ ਦੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)