ਮਾਛੀਵਾੜਾ ਭਾਗ 10
ਸੂਰਜ ਚੜ ਕੇ ਕਿੰਨਾ ਉੱਚਾ ਚੜ੍ਹ ਆਇਆ । ਦੂਰ ਤਕ ਅਮਨ ਸੀ । ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨੇ ਮਾਛੀਵਾੜੇ ਦੀ ਵਿਚ ਆ ਗਏ । ਉਹ ਕੁਝ ਬੇਰੀਆਂ ਤੋਂ ਅੱਗੇ ਹੋਏ ਤਾਂ ਉਹਨਾਂ ਨੂੰ ਭਾਈ ਦਇਆ ਸਿੰਘ ਨੇ ਆ ਫ਼ਤਹਿ ਬੁਲਾਈ । ਉਹਨਾਂ ਕੰਬਲੀ ਦਾ ਝੁੰਬ ਮਾਰਿਆ ਹੋਇਆ ਸੀ । ਫ਼ਤਹਿ ਬੁਲਾਉਣ ਤੋਂ ਪਤਾ ਲੱਗਾ । ਖ਼ੁਸ਼ ਹੋ ਗਏ । ਅੱਗੇ ਚੱਲ ਪਏ । ਉਹ ਤਿੰਨਾਂ ਤੋਂ ਚਾਰ ਹੋਏ ਤੇ ਚਾਰੇ ਗ਼ਨੀ ਖ਼ਾਂ ਨਬੀ ਖ਼ਾਂ ਦੇ ਬਾਗ ਵਿਚ ਆਏ । ਜੰਡ ਦੇ ਹੇਠਾਂ ਕਲਗੀਧਰ ਪਿਤਾ ਜੀ ਨੂੰ ਸੁੱਤਿਆਂ ਦੇਖ ਲਿਆ । ਨੱਸ ਕੇ ਅੱਗੇ ਹੋਏ । ਕੋਲ ਹੋ ਕੇ ਪੈਰ ਦੱਬੇ ਤੇ ਚਰਨਾਂ ਉੱਤੇ ਨਮਸਕਾਰ ਕਰ ਕੇ ਬੈਠ ਗਏ । ਭਾਈ ਦਇਆ ਸਿੰਘ ਜੀ ਨੇ ਸ੍ਰੀ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਰਤਾ ਉੱਚੀ ਕੀਤਾ ਤਾਂ ਪਾਠ ਦੀ ਆਵਾਜ਼ ਨਾਲ ਸਤਿਗੁਰੂ ਜੀ ਦੀ ਨੀਂਦ ਖੁੱਲ੍ਹ ਗਈ । ਨੇਤਰ ਖੁੱਲ੍ਹੇ ਤਾਂ ਆਪਣੇ ਪਿਆਰੇ ਸਿੱਖਾਂ ਨੂੰ ਹਾਜ਼ਰ ਬੈਠਿਆਂ ਦੇਖਦੇ ਸਾਰ ਮੁਸਕਰਾਏ , ਉੱਠ ਕੇ ਬੈਠ ਗਏ ਤੇ ਫ਼ਤਹਿ ਬੁਲਾ ਕੇ ਸੁੱਖ ਸਾਂਦ ਪੁੱਛੀ । “ ਸੇਵਾ । ” ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਤਿਗੁਰੂ ਜੀ ਦੇ ਚਰਨ ਘੁੱਟਣ ਲੱਗ ਪਏ । “ ਜਲ ਲਿਆਉ । ” ਗੁਰੂ ਜੀ ਨੇ ਫੁਰਮਾਇਆ । ਉਸੇ ਵੇਲੇ ਭਾਈ ਦਇਆ ਸਿੰਘ ਉੱਠ ਕੇ ਖੂਹ ਵੱਲ ਗਿਆ ਤੇ ਖੂਹ ਦੀ ਮਾਹਲ ਨਾਲੋਂ ਪਾਣੀ ਦੀ ਭਰੀ ਹੋਈ ਟਿੰਡ ਲਾਹ ਕੇ ਲੈ ਆਇਆ । ਭਾਈ ਦਇਆ ਸਿੰਘ ਦੇ ਪਾਸ ਕੁਝ ਮਿੱਠਾ ਸੀ । ਉਹ ਮਿੱਠਾ ਗੁਰੂ ਜੀ ਨੂੰ ਦਿੱਤਾ । ਉਹਨਾਂ ਨੇ ਛਕ ਕੇ ਪਾਣੀ ਪੀਤਾ ਤੇ ਬਚਨ ਬਿਲਾਸ ਕਰਨ ਲੱਗੇ । ਚਮਕੌਰ ਸਾਹਿਬ ਤੋਂ ਮਾਛੀਵਾੜੇ ਤਕ ਕੀਤੇ ਸਫ਼ਰ ਬਾਬਤ ਬਚਨ – ਬਿਲਾਸ ਕਰ ਰਹੇ ਸਨ ਕਿ ਘੋੜੇ ਉੱਤੇ ਸਵਾਰ ਮੁਸਲਮਾਨ ਆਇਆ । ਉਸ ਦਾ ਲਿਬਾਸ ਕੁਝ ਠਾਠ ਵਾਲਾ ਸੀ । ਉਸ ਨੂੰ ਦੇਖ ਕੇ ਸਿੰਘ ਚੌਕਸ ਹੋਏ , ਪਰ ਉਹ ਨੇੜੇ ਆ ਕੇ ਘੋੜੇ ਤੋਂ ਉੱਤਰ ਬੈਠਾ । ਉੱਤਰ ਕੇ ਅੱਗੇ ਹੋਇਆ ਤੇ ਹੱਥ ਜੋੜ ਕੇ ਆ ਨਿਮਸ਼ਕਾਰ ਕੀਤੀ । ਬੈਠ ਗਿਆ । ਸਤਿਗੁਰੂ ਜੀ ਤੇ ਧਰਮ ਸਿੰਘ ਜੀ ਨੇ ਸਿਆਣ ਲਿਆ ਗੁਰੂ ਜੀ ਮੁਸਕਰਾ ਕੇ ਬੋਲੇ , “ ਆਓ ਨਬੀ ਖ਼ਾਂ ਜੀ ! ਅੱਜ ਅਸੀਂ ਤੁਸਾਂ ਦੇ ਘਰ ਆਏ ਹਾਂ । ” “ ਮੇਰੇ ਧੰਨ ਭਾਗ ! ਇਸ ਬਾਗ਼ ਵਿਚ ਚਰਨ ਪਾਏ ਜੇ । ਇਹ ਬਾਗ ਆਪ ਦਾ ਹੀ ਹੈ , ਪਰ ਇਹ ਮਾਮਲਾ ਕੀ ? ” ਉਸ ਮੁਸਲਮਾਨ ਦਾ ਨਾਂ ਨਬੀ ਖ਼ਾਂ ਸੀ ਤੇ ਉਸ ਦਾ ਵੱਡਾ ਭਰਾ ਗ਼ਨੀ ਖ਼ਾਂ । ਦੋਨੋਂ ਭਰਾ ਮਾਛੀਵਾੜੇ ਦੇ ਵਸਨੀਕ ਤੇ ਘੋੜਿਆਂ ਦੇ ਸੌਦਾਗਰ ਸਨ । ਅਨੰਦਪੁਰ ਘੋੜੇ ਵੇਚਣ ਜਾਇਆ ਕਰਦੇ ਸਨ । ਉਸ ਨੇ ਸਤਿਗੁਰੂ ਜੀ ਨੂੰ ਸਿਆਣ ਲਿਆ । “ ਸ਼ਾਹੀ ਲਸ਼ਕਰ ਦਾ ਰੌਲਾ ਤੁਸਾਂ ਸੁਣਿਆ ਹੋਏਗਾ ? ” ਭਾਈ ਧਰਮ ਸਿੰਘ ਜੀ ਬੋਲੇ । “ ਸੁਣਿਆ ਤਾਂ ਹੈ , ਪਰ ਜਿੰਨੇ ਮੂੰਹ , ਉਨੀਆਂ ਹੀ ਗੱਲਾਂ । ” ਨਬੀ ਖ਼ਾਂ ਨੇ ਉੱਤਰ ਦਿੱਤਾ , “ ਅਸਲ ਗੱਲ ਕੀ ਹੈ ? ” “ ਅਨੰਦਪੁਰ ਛੱਡਣਾ ਪਿਆ । ” ਭਾਈ ਧਰਮ ਸਿੰਘ ਨੇ ਚਮਕੌਰ ਸਾਹਿਬ ਤਕ ਸਾਰਾ ਹਾਲ ਸੁਣਾ ਦਿੱਤਾ ਤੇ ਆਖਿਆ , “ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਮਹਾਰਾਜ ਜੀ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ । ਨਿੱਕਿਆਂ ਸਪੁੱਤਰਾਂ , ਮਹਿਲਾਂ , ਵੱਡੇ ਮਾਤਾ ਜੀ ਅਤੇ ਸਿੱਖਾਂ ਸੇਵਕਾਂ ਦਾ ਕੋਈ ਪਤਾ ਨਹੀਂ , ਕਿਧਰ ਗਏ , ਕਿਸ ਹਾਲਤ ਵਿਚ ਹਨ ? ਹੁਣੇ ਹੀ ਅਸੀਂ ਆ ਕੇ ਮਿਲੇ ਹਾਂ । ਮਹਾਰਾਜ ਹਨੇਰੇ ਵਿਚ ਇਕੱਲੇ ਹੀ ਆਏ । ਦੇਖੋ ਚਰਨਾਂ ਵਿਚੋਂ ਲਹੂ ਸਿੰਮ ਰਿਹਾ ਹੈ । ਖਾਧਾ ਪੀਤਾ ਵੀ ਸ਼ਾਇਦ ਕੁਝ ਨਹੀਂ । ਹੁਣੇ ਤੁਸਾਂ ਦੇ ਖੂਹ ‘ ਚੋਂ ਜਲ ਲਿਆ ਕੇ ਛਕਾਇਆ ਹੈ । ਪਾਤਸ਼ਾਹੀ ਨਾ ਰਹੀ , ਪਾਤਸ਼ਾਹ ਹਨ । ”ਸਾਰੀ ਵਾਰਤਾ ਸੁਣ ਕੇ ਨਬੀ ਖ਼ਾਂ ਦੇ ਨੇਤਰ ਸੱਜਲ ਹੋ ਗਏ । ਉਹਨਾਂ ਨੇ ਚਰਨਾਂ ਨੂੰ ਹੱਥ ਲਾ ਕੇ ਕਿਹਾ , “ ਅਸੀਂ ਦੋਵੇਂ ਭਰਾ ਸੇਵਾ ਕਰਾਂਗੇ । ਜੇ ਜਾਨ ਚਲੀ ਜਾਏ , ਤਾਂ ਵੀ ਧੰਨ ਭਾਗ ! ਮੈਂ ਹੁਣੇ ਆਇਆ , ਆਪਣੇ ਭਰਾ ਗ਼ਨੀ ਖ਼ਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ