19 ਅਗਸਤ 1847 ਈਸਵੀ ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਜਦੋਂ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜਾ ਸਿੰਘ ਨੂੰ ਭਰੀ ਸਭਾ ਵਿਚ ਰਾਜਾ ਦੀ ਉਪਾਧੀ ਦਾ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ; ਤਾਂ ਅੰਗ੍ਰੇਜ਼ ਰੈਜ਼ੀਡੈਂਟ ਹੈਨਰੀ ਲਾਰੰਸ ਦੰਦ ਕਰੀਚ ਕੇ ਰਹਿ ਗਿਆ। ਉਹ ਇਸ ਸਭ ਕਾਸੇ ਲਈ ਮਹਾਰਾਣੀ ਜਿੰਦ ਕੌਰ ਨੂੰ ਜ਼ਿੰਮੇਵਾਰ ਸਮਝਦਾ ਸੀ। ਮਹਾਰਾਣੀ ਜਿੰਦ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਮਿਸਰ ਤੇਜਾ ਸਿੰਘ ਨੂੰ ਰਾਜਾ ਦੀ ਉਪਾਧੀ ਪੰਜਾਬ ਦੇਸ਼ ਨਾਲ ਗੱਦਾਰੀ ਕਰਨ ਕਰਕੇ ਅੰਗਰੇਜ਼ਾਂ ਦੁਆਰਾ ਦਿੱਤੀ ਜਾ ਰਹੀ ਹੈ; ਏਸ ਕਰਕੇ ਉਹ ਆਪਣੇ ਪੁੱਤਰ ਨੂੰ ਜਿਸ ਦੇ ਰਾਜ ਨਾਲ ਤੇਜਾ ਸਿਓਂ ਨੇ ਗੱਦਾਰੀ ਕੀਤੀ ਸੀ , ਉਸ ਗੱਦਾਰ ਦੇ ਮੱਥੇ ਤੇ ਤਿਲਕ ਲਾਉਣ ਦੀ ਆਗਿਆ ਨਹੀਂ ਸੀ ਦੇ ਸਕਦੀ। ਹੈਨਰੀ ਲਾਰੰਸ ਨੇ ਮਹਾਰਾਜਾ ਦਲੀਪ ਸਿੰਘ ਦੀ ਨਾਂਹ ਨੂੰ ਅੰਗਰੇਜ਼ੀ ਸਰਕਾਰ ਦਾ ਅਪਮਾਨ ਬਣਾ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ , ਸਭ ਅਖਿਲਾਕੀ ਪਹਿਲੂ ਦਰ ਕਿਨਾਰ ਕਰਦਿਆਂ , ਸੀਨਾਜ਼ੋਰੀ ਦਾ ਦਿਖਾਵਾ ਕਰਦਿਆਂ, ਮਹਾਰਾਣੀ ਜਿੰਦ ਕੌਰ ਨੂੰ ਝਟਪਟ ਸੰਮਣ ਬੁਰਜ ਵਿੱਚ ਕੈਦ ਕਰ ਦਿੱਤਾ ।
ਸੰਮਣ ਬੁਰਜ ਵਿੱਚੋਂ ਮਹਾਰਾਣੀ ਜਿੰਦ ਕੌਰ ਨੇ ਹੈਨਰੀ ਲਾਰੰਸ ਦੇ ਨਾਮ ਇੱਕ ਚਿੱਠੀ ਲਿਖੀ ਸੀ, ਉਸ ਦਾ ਆਖ਼ਰੀ ਪਹਿਰਾ ਬਹੁਤ ਮਹੱਤਵਪੂਰਨ ਹੈ:-
” ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ। ਤੁਸੀਂ ਗੁੱਝੇ ਰੂਪ ਵਿੱਚ ਰਾਜ ਉੱਤੇ ਕਿਉਂ ਕਬਜ਼ਾ ਕਰਦੇ ਹੋ , ਜ਼ਾਹਰਾ ਹੋ ਕੇ ਕਿਉਂ ਨਹੀਂ ਕਰਦੇ । ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਓ , ਨਾਲੇ ਕੈਦ ਕਰਦੇ ਓ । ਮੇਰੀ ਅਦਾਲਤ ਕਰੋ ਨਹੀਂ ਤਾਂ ਲੰਡਨ ਫਰਿਆਦ ਕਰਾਂਗੀ। ਤਿੰਨਾਂ ਚੁੰਹ ਨਮਕ ਹਰਾਮੀਆਂ ਨੂੰ ਰੱਖ ਲਓ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲਗ ਕੇ ਤੇ।”
ਏਸ ਚਿੱਠੀ ਪੱਤਰ ਵਿੱਚ ਮਹਾਰਾਣੀ ਜਿੰਦ ਕੌਰ ਅੰਗ੍ਰੇਜ਼ ਰੈਜ਼ੀਡੈਟ ਦੀ ਨੀਅਤ ਉਤੇ ਸ਼ੱਕ ਕਰਦਿਆਂ ਆਖਦੀ ਹੈ ਕਿ ਬਿਨਾਂ ਕਿਸੇ ਪੜਤਾਲ ਦੇ ਉਸ ਵਿਰੁੱਧ ਕਿਸੇ ਲਿਖਤੀ ਸਬੂਤ ਦੱਸਣ ਜਾਂ ਕੋਈ ਊਜ ਸਾਬਤ ਕਰਨ ਦੇ , ਕੈਦ ਕਰਨਾ ਅਤੇ ਲੋਕਾਂ ਵਿਚ ਬੇ ਆਬਰੂ ਕਰਨਾ ਪਰਲੇ ਦਰਜੇ ਦਾ ਜ਼ੁਲਮ ਹੈ। ਮਹਾਰਾਣੀ ਖੁੱਲ੍ਹੀ ਪੜਤਾਲ ਦੀ ਮੰਗ ਕਰਦੀ ਹੈ ਅਤੇ ਨਾਲ ਹੀ ਆਖਦੀ ਹੈ ਕਿ ਭਰੋਵਾਲ ਦੇ ਅਹਿਦਨਾਮੇ ਮੁਤਾਬਕ ਪੈਨਸ਼ਨ ਵੀ ਉਸ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਉਸ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਗਹਿਣੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਓਸ ਨੂੰ ਇਸ ਹੱਦ ਤੱਕ ਤੰਗ ਕੀਤਾ ਜਾ ਰਿਹਾ ਸੀ ਕਿ ਉਹ ਰੋਟੀ ਪਾਣੀ ਤੋਂ ਵੀ ਤੰਗ ਹੋ ਗਈ ਸੀ। ਇਹ ਹਕੀਕਤ ਹੈ ਅੰਗਰੇਜ਼ਾਂ ਨੇ ਮੋਏ ਯਾਰ ਦੀ ਯਾਰੀ ਦੀ ਵੀ ਲਾਜ ਨਹੀਂ ਰੱਖੀ ਸੀ ; ਉਹਨਾਂ ਯਾਰ ਮਾਰ ਕੀਤੀ।
ਮਹਾਰਾਣੀ ਜਿੰਦ ਕੌਰ – 19 ਅਗਸਤ 1847