More Gurudwara Wiki  Posts
ਮਾਤਾ ਖੀਵੀ ਜੀ – ਪੜ੍ਹੋ ਇਤਿਹਾਸ ਅਤੇ ਸ਼ੇਅਰ ਕਰੋ


ਆਉ ਅੱਜ ਮੈ ਉਸ ਮਾਂ ਦੀ ਗੱਲ ਕਰਨ ਲੱਗਿਆ ਜਿਸ ਮਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰ ਆਇਆ ਹੈ । ਉਹ ਹੈ ਸਾਡੇ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥ {ਪੰਨਾ 967}
ਅਰਥ: ਹੇ ਬਲਵੰਡ! ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ਮਾਤਾ ਖੀਵੀ ਜੀ ਭੀ ਆਪਣੇ ਪਤੀ ਵਾਂਗ ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ । ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ । ਜਿਵੇਂ ਗੁਰੂ ਅੰਗਦ ਸਾਹਿਬ ਜੀ ਦੇ ਸਤਸੰਗ-ਰੂਪ ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ ਆ ਕੇ ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥ ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥ {ਪੰਨਾ 967}
ਅਰਥ: ਮਾਤਾ ਖੀਵੀ ਜੀ ਦਾ ਪਤੀ ਗੁਰੂ ਅੰਗਦ ਸਾਹਿਬ ਐਸਾ ਸੀ ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਕਬੂਲ ਹੋਏ।
ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨਗਰ ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਭਾਈ ਦੇਵੀ ਚੰਦ ਇਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੇ ਦਾ ਕੰਮ ਵੀ ਕਰਦੇ ਸਨ। ਬਚਪਨ ਵਿੱਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ ਰੱਖਿਆ।
ਖੀਵੀ ਜੀ ਦੇ ਮਾਤਾ-ਪਿਤਾ ਧਾਰਮਿਕ ਬਿਰਤੀ ਵਾਲੇ ਵਿਅਕਤੀ ਸਨ ਅਤੇ ਦੇਵੀ ਦੇ ਪੁਜਾਰੀ ਸਨ।ਬਾਲ ਅਵਸਥਾ ਵਿੱਚ ਮਾਤਾ-ਪਿਤਾ ਦੇ ਧਾਰਮਿਕ ਜੀਵਨ ਦਾ ਪ੍ਰਭਾਵ ਬੀਬੀ ‘ਤੇ ਪੈਣਾ ਕੁਦਰਤੀ ਸੀ। ਇਸ ਤਰ੍ਹਾਂ ਬਾਲ ਅਵਸਥਾ ਵਿੱਚ ਹੀ ਬੀਬੀ ਖੀਵੀ ਜੀ ਨੇ ਸੰਤੋਖ, ਸੰਜਮ ਅਤੇ ਸੱਚ ਦੇ ਸ਼ੁਭ ਗੁਣ ਗ੍ਰਹਿਣ ਕਰ ਲਏ ਸਨ। ਬੀਬੀ ਖੀਵੀ ਜੀ ਦੁਕਾਨ ਉੱਤੇ ਆਪਣੇ ਪਿਤਾ ਨਾਲ ਕੰਮ ਵਿੱਚ ਹਥ ਵਟਾਂਦੇ ਸਨ ਅਤੇ ਘਰ-ਪਰਵਾਰ ਵਿੱਚ ਮਾਤਾ-ਪਿਤਾ ਦੁਆਰਾ ਪੂਜਾ ਕਰਨ ਸਮੇਂ ਨਿਤ ਉਨ੍ਹਾਂ ਪਾਸ ਬੈਠਦੇ ਸਨ।
ਬੀਬੀ ਵਿਰਾਈ ਜੀ (ਜਾਂ ਬੀਬੀ ਭਰਾਈ ਜੀ) ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਨ। ਭਾਈ ਫੇਰੂ ਮੱਲ ਵੀ ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਇਕ ਫਿਰੋਜ਼ਪੁਰ ਦੇ ਅਧਿਕਾਰੀ ਪਾਸ ਨੌਕਰੀ ਕਰਦੇ ਸਨ। ਬੀਬੀ ਵਿਰਾਈ ਜੀ ਦੇ ਭਾਈ ਫੇਰੂ ਮੱਲ ਨਾਲ ਨੇੜਲੇ ਸੰਬੰਧ ਸਨ ਅਤੇ ਭਾਈ ਦੇਵੀ ਚੰਦ ਦੇ ਪਰਵਾਰ ਦੇ ਵੀ ਨੇੜੇ ਤੋਂ ਭੂਆ ਜੀ ਸਨ।
ਓਸ ਸਮੇਂ ਦੀਆਂ ਰੀਤਾਂ ਅਨੁਸਾਰ, ਬੀਬੀ ਵਿਰਾਈ ਦੇ ਕਹਿਣ ਉੱਤੇ ਬੀਬੀ ਖੀਵੀ ਦਾ ਵਿਆਹ ਭਾਈ ਫੇਰੂ ਮੱਲ ਦੇ ਬੇਟੇ ਭਾਈ ਲਹਿਣਾ ਜੀ ਨਾਲ ਸੰਨ 1522 ਈ: ਵਿੱਚ ਹੋ ਗਿਆ। ਭਾਈ ਲਹਿਣਾ ਜੀ ਆਪਣੇ ਪਿਤਾ ਭਾਈ ਫੇਰੂ ਮੱਲ ਅਤੇ ਪਰਵਾਰ ਨਾਲ ਵੈਸ਼ਨੋ ਦੇਵੀ ਦੇ ਤੀਰਥ ਯਾਤਰਾ ਉੱਤੇ ਜਾਇਆ ਕਰਦੇ ਸਨ। ਇਸ ਤਰ੍ਹਾਂ ਦੋਹਾਂ ਪਰਵਾਰਾਂ ਵਿੱਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਸੀ। ਇਸ ਸੋਚ, ਸੁਭਾਅ, ਸਮਾਜਿਕ ਅਤੇ ਧਾਰਮਿਕ ਸਾਂਝ ਦੇ ਕਾਰਨ ਇਹ ਨਵ-ਵਿਆਹੀ ਜੋੜੀ ਇਕਸਾਰਤਾ ਅਤੇ ਇਕਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਨਿੱਬੜੀ। ਦੋਹਾਂ ਨੇ ਆਪਣੀ ਨਿੱਜੀ ਹਉਮੈ ਸਮਾਪਤ ਕਰਕੇ ਆਪਣੀ ਹਸਤੀ ਇਕ-ਦੂਜੇ ਵਿੱਚ ਸਮੋ ਦਿੱਤੀ ਅਤੇ ਇਹ “ਏਕ ਜੋਤਿ ਦੁਇ ਮੂਰਤੀ” ਬਣ ਗਏ।
ਗ੍ਰਿਹਸਤੀ ਜੀਵਨ ਜਿਉਂਦਿਆਂ ਇਸ ਜੋੜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਵੱਡੇ ਪੁੱਤਰ ਦਾਸੂ ਜੀ ਦਾ ਜਨਮ 9 ਭਾਦਰੋਂ 1532 , ਬੀਬੀ ਅਨੋਖੀ ਜੀ ਦਾ ਜਨਮ 29 ਜੇਠ 1534 ਅਤੇ ਭਾਈ ਦਾਤੂ ਜੀ ਦਾ ਜਨਮ 1 ਵੈਸਾਖ 1537 ਨੂੰ ਅਤੇ ਬੀਬੀ ਅਮਰੋ ਜੀ ਦਾ ਜਨਮ 2 ਪੋਹ 1538 ਨੂੰ ਹੋਇਆ। ਦੋਹਾਂ ਜੀਆਂ ਨੇ ਆਪਣੇ ਗ੍ਰਿਹਸਤ ਦੀਆਂ ਜ਼ਿੰਮੇਂਵਾਰੀਆਂ ਚੰਗੀ ਤਰਾਂ ਨਿਭਾਉਂਦਿਆਂ ਹੋਇਆਂ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਅਤੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।
ਜਦੋਂ ਭਾਈ ਫੇਰੂ ਮੱਲ ਅਤੇ ਭਾਈ ਦੇਵੀ ਚੰਦ ਹਰ ਵਰ੍ਹੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੇ ਸਨ ਤਾਂ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੀ ਹੁੰਦੇ ਸਨ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲੀਆਂ। ਹੁਣ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਵਾਂਗ ਹੋਰ ਦਰਸ਼ਨ-ਅਭਿਲਾਖੀਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਉੱਤੇ ਜਾਣ ਲਗ ਪਏ। ਪਰੰਤੂ ਭਾਈ ਲਹਿਣਾ ਜੀ ਨੂੰ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਭਾਈ ਲਹਿਣਾ ਜੀ ਆਤਮਿਕ ਤ੍ਰਿਪਤੀ ਦੀ ਭਾਲ ਵਿੱਚ ਹਮੇਸ਼ਾ ਹੀ ਆਸ਼ਾਵਾਦੀ ਅਤੇ ਤਾਂਘ ਵਿੱਚ ਰਹਿੰਦੇ ਸਨ। ਭਾਈ ਲਹਿਣਾ ਜੀ ਦੀ ਮਾਨਸਿਕ ਦਸ਼ਾ ਤੋਂ ਬੀਬੀ ਖੀਵੀ ਜੀ ਪੂਰੀ ਤਰ੍ਹਾਂ ਜਾਣੂ ਸਨ ਅਤੇ ਉਹ ਆਪ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਅੰਤ ਉਹ ਸੁਭਾਗਾ ਦਿਹਾੜਾ ਵੀ ਆ ਗਿਆ ਜਦੋਂ ਭਾਈ ਲਹਿਣਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਕਰਤਾਰਪੁਰ ਚਲੇ ਗਏ। ਬਸ ਫਿਰ ਕੀ ਸੀ, ਪਹਿਲੀ ਮੁਲਾਕਾਤ ਵਿੱਚ ਹੀ ਭਾਈ ਲਹਿਣਾ ਜੀ ਨੂੰ ਆਪਣੀ ਮਨ ਬਾਂਛਤ ਵਸਤੂ, ਸੱਚ, ਸੰਤੋਖ, ਆਤਮਿਕ ਤ੍ਰਿਪਤੀ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਅਤੇ ਉਹ ਨਿਹਾਲ ਹੋ ਗਏ। ਹੁਣ ਤੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ ਅਤੇ 7 ਸਾਲ ਗੁਰੂ ਜੀ ਦੀ ਸੰਗਤ ਕੀਤੀ।
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਭਾਵ: ਇਸੇ ਜੀਵਨ ਦੇ ਪਹਿਲਾਂ ਬੀਤ ਚੁਕੇ ਸਮੇਂ ਵਿੱਚ ਕੀਤੇ ਕੰਮਾ ਕਾਰਾਂ ਅਤੇ ਉਨ੍ਹਾਂ ਅਨੁਸਾਰ ਬਣੀਆਂ ਆਦਤਾਂ ਅਤੇ ਅਪਨਾਈਆਂ ਕਦਰਾਂ ਕੀਮਤਾਂ ਅਨੁਸਾਰ…
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਪੰਨਾ 204)
ਕਰਤਾਰ ਪੁਰ ਤੋਂ, ਕਦੇ ਕਦੇ ਭਾਈ ਲਹਿਣਾ ਜੀ ਖਡੂਰ ਵਾਪਸ ਜਾਂਦੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਲੈਂਦੇ। ਇਸੇ ਤਰਾਂ, ਮਾਤਾ ਖੀਵੀ ਜੀ ਵੀ ਕਈ ਵਾਰ, ਭਾਈ ਲਹਿਣਾ ਜੀ ਨੂੰ ਮਿਲਨ ਲਈ ਕਰਤਾਰ ਪੁਰ ਜਾਂਦੇ ਅਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਜਾਕੇ ਗੁਰੂ ਜੀ ਦੇ ਵਿਚਾਰ ਅਤੇ ਪ੍ਰਚਾਰ ਨੂੰ ਸੁਣਦੇ, ਸਮਝਦੇ ਅਤੇ ਬੜੇ ਉਤਸ਼ਾਹਤ ਹੁੰਦੇ। ਇਥੇ ਮਾਤਾ ਖੀਵੀ ਜੀ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਤੀਂਵੀ ਨੂੰ ਬਹੁਤ ਸਤਿਕਾਰ ਬਖਸ਼ਦੇ ਹਨ ਅਤੇ ਤੀਂਵੀਆਂ ਨੂੰ ਘੁੰਡ ਕੱਢਣ ਤੋਂ ਬਗੈਰ ਸੰਗਤ ਵਿੱਚ ਆਉਣ ਲਈ ਪ੍ਰਚਾਰਦੇ ਸਨ। ਤੀਂਵੀ ਜਾਤੀ ਲਈ ਘੁੰਡ ਕਢਣ ਦੇ ਬਗੈਰ ਆਉਣਾ ਇਕ ਨਵੀਂ ਰੀਤ ਸੀ। ਸਮਾਜ ਲਈ ਸਦੀਆਂ ਪੁਰਾਨੀ ਤੀਂਵੀ ਦੀ ਘੁੰਢ ਕੱਢਕੇ ਸਮਾਜ ਵਿੱਚ ਵਿਚਰਨ ਦੀ ਰੀਤ ਨੂੰ ਬਦਲਨਾ ਇਕ ਬੜੀ ਅਚੰਬੇ ਦੀ ਗਲ ਸੀ। ਇਸੇ ਤਰਾਂ ਮਾਤਾ ਖੀਵੀ ਜੀ ਨੇ ਇਹ ਵੀ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਵਲੋਂ ਸੰਗਤਾਂ ਲਈ ਲੰਗਰ ਚਲ ਰਿਹਾ ਹੈ ਜਿਥੇ ਮਰਦ ਅਤੇ ਤੀਂਵੀਆਂ ਲੰਗਰ ਵਿੱਚ ਇਕੱਠੇ ਜ਼ੁਮੇਵਾਰੀ ਨਿਭਾ ਰਹੇ ਸਨ ਅਤੇ ਸੇਵਾ ਕਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਦੇ ਇਸ ਦੁਨੀਆਂ ਵਿੱਚ ਆਉਣ ਸਮੇਂ, ਲੋਕ ਸਮਾਜਕ ਤੌਰ ‘ਤੇ ਅਖੌਤੀ ਜਾਤ-ਪਾਤ, ਊਚ ਨੀਚ, ਛੂਤ ਆਦਿ ਦੀ ਵਰਨ-ਆਸ਼ਰਮ ਵੰਡ ਕਰਕੇ ਬੁਰੀ ਤਰਾਂ ਵੰਡੇ ਹੋਏ ਸਨ। ਧਾਰਿਮਕ ਤੌਰ ‘ਤੇ, ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਮੰਦਰਾਂ ਵਿੱਚ ਜਾਣਾ ਅਤੇ ਰੱਬ ਦੀ ਪੂਜਾ ਕਰਨੀ ਮਨ੍ਹਾਂ ਸੀ। ਉਚ ਜਾਤੀ ਅਨੁਸਾਰ, ਅਖੌਤੀ ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਰੱਬ ਦੀ ਪੂਜਾ ਕਰਨ ਦਾ ਕੋਈ ਹਕ ਨਹੀਂ ਸੀ।
ਤੀਵੀਂ ਭਾਵੇਂ ਅਖੌਤੀ ਉੱਚੀ ਜਾਤ ਦੇ ਪਰਿਵਾਰ ਵਿੱਚੋਂ ਹੋਵੇ ਜਾਂ ਅਖੌਤੀ ਨੀਵੀਂ ਜਾਤ ਦੀ ਹੋਵੇ, ਉਹ ਮੰਦਰਾਂ ਵਿੱਚ ਨਹੀਂ ਸੀ ਜਾ ਸਕਦੀ ਅਤੇ ਰੱਬ ਦੀ ਪੂਜਾ ਨਹੀਂ ਸੀ ਕਰ ਸਕਦੀ।
ਅਮੀਰ, ਸ਼ਾਹੂਕਾਰ ਅਤੇ ਜਾਗੀਰਦਾਰ ਲੋਕ ਗਰੀਬ ਲੋਕਾਂ ਨੂੰ ਹਰ ਤਰੀਕੇ ਨਾਲ ਤੰਗ ਕਰਦੇ ਅਤੇ ਲੁਟਦੇ ਸਨ। ਰਾਜਨੀਤਕ ਤੌਰ ‘ਤੇ ਗਰੀਬ ਅਤੇ ਅਖੌਤੀ ਨੀਵੀਂ ਜਾਤ ਨੂੰ ਕੋਈ ਇਨਸਾਫ ਨਹੀਂ ਸੀ ਮਿਲਦਾ। ਸਰਕਾਰੀ ਅਫਸਰ ਵੱਡੀ ਖੋਰ ਅਤੇ ਭ੍ਰਿਸ਼ਟ ਸਨ ਜੋ ਗਰੀਬਾਂ ਅਤੇ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਤੰਗ ਅਤੇ ਪ੍ਰੇਸ਼ਾਨ ਕਰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬਪੱਖੀ ਇਨਕਲਾਬੀ ਲਹਿਰ ਅਰੰਭੀ ਜਿਸ ਰਾਹੀਂ ਆਪ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਹਰ ਪੱਖੋਂ ਕਾਇਆ ਕਲਪ ਕਰ ਦਿੱਤੀ। ਹਰ ਖੇਤਰ ਵਿੱਚ ਅਸਚਰਜ ਕਰਨ ਵਾਲੇ ਕਾਰਨਾਮੇ ਕੀਤੇ ਅਤੇ ਕਿਸੇ ਵੀ ਸੋਚ ਤੋਂ ਪਰ੍ਹੇ ਦੀਆਂ ਤਬਦੀਲੀਆਂ ਲਿਆਂਦੀਆਂ। ਨਤੀਜੇ ਵਜੋਂ ਸਮਾਜਿਕ ਪਖੋਂ ਧਾਰਮਿਕ ਪਖੋਂ ਰਾਜਨੀਤਿਕ ਪਖੋਂ ਸਮਾਜਕ ਮਾਨਸਿਕਤਾ ਪਖੋਂ ਅਤੇ ਆਰਥਿਕ ਖੇਤਰ ਵਿੱਚ ਇਤਿਹਾਸ ਨੇ ਇਕ ਨਵਾਂ ਮੋੜ ਲਿਆਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਾਣੇ ਜਗੀਰਦਾਰੀ ਸਰਮਾਏਦਾਰੀ ਅਜਾਰੇਦਾਰੀ, ਪੂੰਜੀਪਤੀ ਸਿਸਟਮ ਨੂੰ ਅਤੇ ਕਰਮਕਾਂਡੀ ਪਾਖੰਡੀ, ਕਪਟੀ ਅਤੇ ਛਲੀ ਲੋਕਾਂ ਵਲੋਂ ਅਖੌਤੀ ਧਾਰਮਿਕ ਰਹੁਰੀਤੀਆਂ ਨੂੰ ਬਦਲਣ ਬਾਰੇ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ। ਐਸ਼ਪ੍ਰਸਤੀ ਵਿੱਚ ਗ੍ਰਸੇ ਹੋਏ ਜਗੀਰਦਾਰ ਅਤੇ ਅਖੌਤੀ ਉੱਚ ਜਾਤੀਆਂ ਦੇ ਲੋਕ, ਸਾਧਾਰਨ ਪਰਜਾ ਉਤੇ ਜ਼ੁਲਮ ਢਾਹੁਣ ਵਾਲੇ ਰਜਵਾੜੇ ਅਤੇ ਉਨ੍ਹਾਂ ਦੇ ਭ੍ਰਿਸ਼ਟ ਪ੍ਰਸ਼ਾਸਨ ਦੇ ਕਰਮਚਾਰੀ ਗਰੀਬ ਕਿਰਤੀਆਂ ਅਤੇ ਅਖੌਤੀ ਸ਼ੂਦਰਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਅਤੇ ਸ਼ੋਸ਼ਣ ਕਰ ਰਹੇ ਸਨ। ਸਮਾਜ ਦੇ ਠੇਕੇਦਾਰ ਤੀਵੀਂ ਜਾਤੀ ਨੂੰ ਉਸਦਾ ਬਣਦਾ ਸਨਮਾਨ ਦੇਣ ਤੋਂ ਇਨਕਾਰੀ ਸਨ। ਇਨ੍ਹਾਂ ਸਭ ਦੇ ਵਿਰੁਧ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਅਤੇ ਦਸ ਜਾਮਿਆਂ ਵਿੱਚ ਇਨ੍ਹਾਂ ਸਭ ਪਹਿਲੂਆਂ ਵਿੱਚ ਸੁਧਾਰ ਲਿਆਂਦਾ। ਲੋਕ-ਮਾਰੂ, ਭਿ੍ਸ਼ਟ ਅਤੇ ਜ਼ੁਲਮੀ ਸਿਸਟਮ ਨੂੰ ਤਹਿਸ-ਨਹਿਸ ਕਰ ਕੇ “ਨਾਨਕ ਨਿਰਮਲ ਪੰਥ ਚਲਾਇਆ॥” ਅਨੁਸਾਰ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ ਜਿਸ ਰਾਹੀਂ ਹਰ ਮਨੁਖ ਨੂੰ ਬਰਾਬਰਤਾ ਅਤੇ ਸਮਾਜ ਵਿੱਚ ਪੂਰੇ ਹੱਕ ਲੈਣ ਲਈ ਜਾਗਰਤ ਅਤੇ ਉਤਸ਼ਾਹਤ ਕੀਤਾ।
ਗੁਰੂ ਜੀ ਨੇ ਸਾਰੀ ਮਨੁਖ ਜਾਤੀ ਦੀ ਹਰ ਪਖੋਂ ਪ੍ਰਫੁਲਤਾ ਦੇ ਇਸ ਸੰਘਰਸ਼ ਦੀ ਸਫਲਤਾ ਲਈ ਆਪਣਾ ਨਿੱਜੀ ਅਮਲੀ ਜੀਵਨ ਅਤੇ ਇਕ ਆਦਰਸ਼ਕ ਜੀਵਨ ਰੋਲ-ਮਾਡਲ ਦੇ ਤੌਰ ਉੱਤੇ ਸੰਸਾਰ ਸਾਹਮਣੇ ਪੇਸ਼ ਕੀਤਾ।
ਸੰਸਾਰ ਵਿੱਚ ਬਹੁਤ ਇਨਕਲਾਬ ਅਤੇ ਕ੍ਰਾਂਤੀਆਂ ਆਈਆਂ ਅਤੇ ਕਈ ਖੇਤਰਾਂ ਵਿੱਚ ਉਨ੍ਹਾਂ ਦੇ ਸਾਰਥਕ ਨਤੀਜੇ ਵੀ ਨਿਕਲੇ ਪਰੰਤੂ ਇਹ “ਸਿੱਖ ਕ੍ਰਾਂਤੀ” ਅਤੇ “ਸਿੱਖ ਇਨਕਲਾਬ” ਆਪਣੀ ਹੀ ਕਿਸਮ ਦਾ ਮੁਕੰਮਲ, ਨਿਰਾਲਾ ਅਤੇ ਨਿਵੇਕਲਾ ਸੀ ਜੋ ਸਾਰਥਕ ਸੀ।
ਇਸ ਕ੍ਰਾਂਤੀ ਵਿੱਚ ਹੋਰਨਾਂ ਪਹਿਲੂਆਂ ਦੇ ਨਾਲ-ਨਾਲ ਸਮੇਂ ਦੇ ਸਮਾਜ ਵਿੱਚ ਤੀਵੀਂ ਦੀ ਦੁਰਗਤੀ, ਅਪਮਾਨ, ਸ਼ੋਸ਼ਣ ਅਤੇ ਬੇਹੁਰਮਤੀ ਹੋ ਰਹੀ ਸੀ ਜਿਸ ਕਾਰਨ ਤੀਵੀਂ ਅਬਲਾ, ਨਿਮਾਣੀ, ਨਿਤਾਣੀ, ਪੈਰ ਦੀ ਜੁੱਤੀ ਅਤੇ ਕਲੰਕਣ ਗਰਦਾਨੀ ਗਈ ਸੀ।
ਭਾਰਤ ਵਿੱਚ ਪੱਥਰ ਦੀ ਮੂਰਤੀ ਬਣਾ ਕੇ ਦੇਵੀ ਦੀ ਪੂਜਾ ਤਾਂ ਕੀਤੀ ਜਾਂਦੀ ਸੀ ਜੋ ਅੱਜ ਵੀ ਜਾਰੀ ਹੈ ਪਰ ਹੱਡ-ਮਾਸ ਦੀ ਜਿਉਂਦੀ-ਜਾਗਦੀ ਔਰਤ ਨਾਲ ਘਿਰਣਾ ਅਤੇ ਦੁਰ-ਵਿਵਹਾਰ ਕੀਤਾ ਜਾਂਦਾ ਸੀ। ਦੇਵੀ ਦੇ ਰੂਪ ਵਿੱਚ ਨਾਰੀ ਸ਼ਕਤੀ ਨੂੰ ਪ੍ਰਵਾਨਿਆ ਤਾਂ ਜਾਂਦਾ ਸੀ ਪਰ ਉਸ ਦੀ ਜੀਵਤ ਹੋਂਦ-ਹਸਤੀ ਨੂੰ ਧਿਰਕਾਰਿਆ ਅਤੇ ਤ੍ਰਿਸਕਾਰਿਆ ਜਾਂਦਾ ਸੀ। ਇਹ ਸ਼ੋਸ਼ਨ, ਹਿੰਦੂ ਭਾਈਚਾਰੇ, ਸਿਖ ਭਾਈਚਾਰੇ ਅਤੇ ਮੁਸਲਮਾਨ ਭਾਈਚਾਰੇ ਵਿੱਚ ਅਜ ਵੀ ਜਾਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਇਸਤਰੀ ਜਾਤੀ” ਦੇ ਸਨਮਾਨ, ਸਤਿਕਾਰ ਅਤੇ ਸਵੈਮਾਣ ਦੀ ਬਹਾਲੀ ਲਈ ਵੀ ਭਰਪੂਰ ਹੰਭਲਾ ਮਾਰਿਆ। ਗੁਰੂ ਨਾਨਕ ਦੇਵ ਜੀ ਨੇ ਠੋਸ ਦਲੀਲਾਂ ਦੇ ਕੇ ਔਰਤ ਨੂੰ ਜਗਤ-ਜਣਨੀ, ਸਮਾਜ ਦਾ ਧੁਰਾ ਅਤੇ ਸੰਸਾਰ ਦਾ ਕੇਂਦਰ-ਬਿੰਦੂ ਸਿੱਧ ਕੀਤਾ। ਇਹ ਸਭ ਕੁਝ ਇਸ ਲਈ ਕੀਤਾ ਤਾਂ ਜੋ ਗ੍ਰਿਹਸਤੀ ਸਮਾਜ ਦਾ ਸਹੀ ਸੰਤੁਲਨ ਕਾਇਮ ਕੀਤਾ ਜਾ ਸਕੇ, ਗ੍ਰਿਹਸਤ-ਸਮਾਜ ਖੁਸ਼ਹਾਲ ਹੋ ਸਕੇ, ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ, ਸਹਿਨਸ਼ੀਲਤਾ ਅਤੇ ਸਹਿਯੋਗ ਪੂਰੀ ਤਰ੍ਹਾਂ ਕਾਇਮ ਹੋ ਸਕੇ।
ਗੁਰਮਤਿ ਨੇ ਸੰਸਾਰ ਨੂੰ ਬਿਲਕੁਲ ਨਵਾਂ-ਨਿਰੋਆ, ਸ੍ਰੇਸ਼ਠ ਅਤੇ ਸਾਰਥਕ ਸਿਧਾਂਤ, ਸਿਸਟਮ, ਸ਼ਿਸ਼ਟਾਚਾਰ ਅਤੇ ਸਦਾਚਾਰ ਪ੍ਰਦਾਨ ਕੀਤਾ। ਇਹ ਸਹਿਹੋਂਦ ਅਤੇ ਸਹਿਨਸ਼ੀਲਤਾ ਦਾ ਸਿਧਾਂਤ ਸੀ ਜਿਸ ਦਾ ਆਧਾਰ ਕਿਰਤ ਕਰਨਾ, ਵੰਡ ਛਕਣਾ, ਸੇਵਾ, ਸਿਮਰਨ, ਪ੍ਰਭੂ ਗੁਣਾਂ ਦੇ ਧਾਰਨੀ ਬਣਨਾ, ਕਰਤੇ ਦੀ ਰਚਨਾ ਦਾ ਸਤਿਕਾਰ, ਪੰਗਤ ਅਤੇ ਸੰਗਤ ਸੀ। ਇਸ ਵਿੱਚ ਹੋਰਨਾਂ ਮਹੱਤਵਪੂਰਨ ਗਲਾਂ ਤੋਂ ਇਲਾਵਾ ਦਰਸ਼ਨ-ਇਸ਼ਨਾਨ ਦੀ ਸਾਂਝ, ਕਥਾ-ਕੀਰਤਨ ਅਤੇ ਪ੍ਰਭੂ ਗੁਣਾਂ ਅਨੁਸਾਰੀ ਜੀਵਨ ਜਿਊਣ ਦੀ ਸਾਂਝ ਅਤੇ ਬਗੈਰ ਊਚ-ਨੀਚ, ਛੂਤ, ਲਿੰਗ – ਪੁਲਿੰਗ ਦਾ ਵਿਤਕਰਾ ਰ੍ਖਣ ਦੇ ਖਾਣ-ਪੀਣ ਦੀ ਸਾਂਝ ਸਥਾਪਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਬੀਬੀਆਂ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਦੀ ਆਗਿਆ ਸੀ। ਕਰਤਾਰਪੁਰ ਦੀ ਇਹੋ ਕ੍ਰਾਂਤੀਕਾਰੀ ਰੀਤ ਮਾਤਾ ਖੀਵੀ ਜੀ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ ਪ੍ਰਚਲਤ ਕੀਤੀ। ਜਿਥੇ ਗੁਰੂ ਅੰਗਦ ਦੇਵ ਜੀ ਨੇ ਗੁ੍ਰੂ ਨਾਨਕ ਗਾਡੀ ਰਾਹ ਨੂੰ ਅਪਨਾ ਕੇ ਜਨਤਾ ਵਿੱਚ ਚੰਗੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਨਾਲ ਸਰੀਰਕ ਬਲ ਨੂੰ ਮੱਲ ਅਖਾੜੇ ਸਥਾਪਤ ਕਰਕੇ ਉਤਸ਼ਾਹਤ ਕੀਤਾ ਅਤੇ ਨਾਲ ਜੋੜਿਆ, ਉਥੇ ਮਾਤਾ ਖੀਵੀ ਜੀ ਨੇ ਤੀਵੀਂ ਜਾਤੀ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਲਈ ਉਤਸ਼ਾਹਤ ਕੀਤਾ ਜਿਸ ਕਰਕੇ, ਮਾਤਾ ਖੀਵੀ ਜੀ ਸਿੱਖ ਧਰਮ ਦੀ ਪਹਿਲੀ ਇਸਤਰੀ ਪ੍ਰਚਾਰਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ।
ਮਾਤਾ ਖੀਵੀ ਜੀ ਇਕ ਆਦਰਸ਼ਕ ਮਾਤਾ ਵੀ ਸੀ ਜਿਸ ਨੇ ਆਪਣੇ ਬੇਟਿਆਂ ਅਤੇ ਬੇਟੀਆਂ ਅੰਦਰ ਸੇਵਾ ਅਤੇ ਪ੍ਰਮਾਤਮਾਂ ਦੇ ਗੁਣਾਂ ਨੂੰ ਸੰਗਤ ਵਿਚੋਂ ਸਮਝਣ, ਸਿਖਣ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਲਈ ਬੁਹਤ ਪ੍ਰੇਰਤ ਕੀਤਾ। ਉਹ ਆਪਣੇ ਬੱਚਿਆਂ ਨਾਲ ਅਥਾਹ ਪਿਆਰ ਵੀ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਬੇਟੀਆਂ ਨੂੰ ਆਪਣੇ ਪੁਤਰਾਂ ਦੀ ਤਰਾਂ ਹੀ ਪਿਆਰ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਸਾਰੀਆਂ ਬਹੁਪੱਖੀ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੇ ਸੁਖ-ਅਰਾਮ ਦਾ ਵੀ ਪੂਰਾ ਧਿਆਨ ਰੱਖਦੇ ਸਨ। ਸੱਚਮੁੱਚ ਹੀ ਉਹ ਸਦਗੁਣਾਂ ਵਾਲੀ ਇਕ ਆਦਰਸ਼ਕ ਪਤਨੀ ਸਨ।
ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ:
ਸ੍ਰੀ ਗੁਰੂ ਅੰਗਦ ਦੇਵ ਜੀ ਜਿਥੇ ਆਪਣੇ ਪ੍ਰਵਚਨਾਂ ਦੁਆਰਾ ਗੁਰੂ ਦਰਬਾਰ ਵਿੱਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ।
ਭਾਈ ਸੱਤਾ ਤੇ ਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਸਹੁਰੇ-ਘਰ ਦੇ ਬਜ਼ੁਰਗ ਭਾਈ ਅਮਰਦਾਸ ਜੋ ਦੇਵੀ ਦੇ ਪੁਜਾਰੀ ਸਨ। ਜਦੋਂ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਆਏ ਤਾਂ ਉੱਥੋਂ ਦੀ ਸੋਭਾ, ਕਾਰਜ ਮਾਹੌਲ ਅਤੇ ਸਿਧਾਂਤ ਨੂੰ ਵੇਖ ਅਤੇ ਸਮਝ ਕੇ ਉੱਥੇ ਹੀ ਟਿਕ ਗਏ । ਭਾਵੇਂ ਉਹ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੁੜਮ ਸਨ ਪਰੰਤੂ ਉਨ੍ਹਾਂ ਨੇ ਜਦੋਂ ਇਹ ਵੇਖਿਆ ਕਿ ਗੁਰੂ-ਪਤਨੀ ਮਾਤਾ ਖੀਵੀ ਜੀ ਖ਼ੁਦ ਹੱਥੀਂ ਲੰਗਰ ਤਿਆਰ ਕਰ ਰਹੇ ਹਨ, ਵਰਤਾ ਰਹੇ ਹਨ ਅਤੇ ਜੂਠੇ ਬਰਤਨ ਮਾਂਜਣ ਦੀ ਸੇਵਾ ਨਿਝਿਜਕ ਹੋ ਕੇ ਪੂਰੀ ਸ਼ਰਧਾ ਨਾਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਵੀ ਲੰਗਰ ਵਿੱਚ ਬਰਤਨ ਮਾਂਜਣ ਅਤੇ ਪਾਣੀ ਲਿਆਉਣ ਦੀ ਸੇਵਾ ਅਰੰਭ ਦਿੱਤੀ। ਇਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਜੀਵਨ ਅਨੇਕਾਂ ਵਿਅਕਤੀਆਂ ਲਈ ਇਕ ਮਿਸਾਲ ਅਤੇ ਪ੍ਰੇਰਨਾ-ਸ੍ਰੋਤ ਬਣਿਆ ਅਤੇ ਲੋਕਾਂ ਅੰਦਰ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਜਾਗੀ।
ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰਾਂ, ਦਾਸੂ ਜੀ ਅਤੇ ਦਾਤੂ ਜੀ ਨੇ ਘੋੜੀ ਉੱਤੇ ਚੜ੍ਹ ਕੇ ਭਾਈ ਅਮਰਦਾਸ ਦਾ ਪਿੱਛਾ ਕੀਤਾ ਅਤੇ ਬਾਸਰਕੇ ਜਾ ਕੇ, ਉਨ੍ਹਾਂ ਨੂੰ ਘੇਰ ਲੈਣ ਦੀ ਗੱਲ ਸੁਣੀ ਤਾਂ ਮਾਤਾ ਖੀਵੀ ਜੀ ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਉਨ੍ਹਾਂ ਪਾਸ ਗਏ ਤਾਂ ਭਾਈ ਅਮਰਦਾਸ ਨੇ ਮਾਤਾ ਖੀਵੀ ਜੀ ਨੂੰ ਬਾਸਰਕੇ ਵੇਖਕੇ ਕਿਹਾ ਕਿ ਤੁਸੀਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ। ਨਿਮਰਤਾ ਦੇ ਪੁੰਜ ਮਾਤਾ ਖੀਵੀ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ। ਮੈਂ ਦੋਵੇਂ ਬੱਚੇ ਲੈ ਕੇ ਆਈ ਹਾਂ।...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)