ਜਦੋਂ ਮੈ ਆਪਣੀ ਮਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਸਰੀਰ ਵਿੱਚ ਖੁਸ਼ੀ ਦੀ ਇਕ ਝਰਨਾਹਟ ਜਹੀ ਪੈਦਾ ਹੋਈ। ਇਉਂ ਲਗਿਆ ਜਿਵੇਂ ਮਾਂ ਨੇ ਦੋਵੇਂ ਹੱਥ ਸਿਰ ਉੱਤੇ ਰੱਖ ਕੇ ਏਨਾ ਪਿਆਰ ਦਿੱਤਾ ਜੋ ਬਿਆਨ ਤੋ ਬਾਹਰ ਹੈ।
ਆਉ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਇਤਿਹਾਸ ਦੀ ਸਾਂਝ ਪਾਈਐ।
ਭਾਈ ਰਾਮਾ ਜੀ ਰੁਹਤਾਸ ਨਗਰ ਜਿਲਾ ਜਿਹਲਮ ਬੱਸੀ.ਖਤਰੀ ਦੇ ਘਰ ਮਾਤਾ ਜੱਸ ਦੇਵੀ ਜੀ ਦੀ ਕੁੱਖੋਂ ਇਕ ਬੱਚੀ ੧੮ ਕੱਤਕ ੧੭੩੮ ਬਿਕ : ਨੂੰ ਜਨਮੀ ਜਿਸ ਦਾ ਨਾਂ ਸਾਹਿਬ ਦੇਵੀ ਰੱਖਿਆ । ਬੀਬੀ ਸਾਹਿਬ ਦੇਵੀ ਇਕ ਚੰਗੇ ਧਾਰਮਿਕ ਵਾਤਾਵਰਣ ਵਾਲੇ ਘਰ ਵਿੱਚ ਪੈਦਾ ਹੋਣ ਕਰਕੇ ਪੂਰਨ ਧਾਰਮਿਕ ਵਿਚਾਰਾਂ ਨੂੰ ਗ੍ਰਹਿਣ ਕਰ ਪੂਰਨ ਗੁਰਮਤਿ ਵਿਚ ਪਰਪੱਕ ਹੋ ਗਈ । ਚੰਗੀ ਸੁੰਦਰ ਸ਼ਕਲ , ਖੁੱਲੇ ਹੱਡ ਪੈਰ , ਖੁੱਲਾ ਮਿਲਾਪੜਾ ਸੁਭਾਅ , ਨੂਰਾਨੀ ਮੁੱਖੜਾ । ਸਾਰੇ ਨਗਰ ਦੀ ਹਰਮਨ ਪਿਆਰੀ , ਮਿਠਬੋਲੜੀ , ਹਸਮੁੱਖ , ਸਹਿਣਸ਼ੀਲ , ਸਿਦਕ ਸਬੂਰੀ ਤੇ ਨਿਮਰਤਾ ਦੀ ਮੂਰਤ , ਘਰ ਵਿਚੋਂ ਗੁਰਮੁੱਖੀ ਪੜ ਜਪੁ ਜੀ , ਰਹਿਰਾਸ ਤੇ ਕੀਰਤਨ ਸੋਹਿਲਾ ਤੇ ਹੋਰ ਸ਼ਬਦ ਜਬਾਨੀ ਯਾਦ ਕਰ ਲਏ ।
ਬਚਪਨ ਤੋਂ ਹੀ ਸਾਹਿਬ ਦੇਵੀ ਪ੍ਰਮਾਤਮਾ ਦੀ ਭਗਤੀ ਵਿਚ ਮਗਨ ਰਹਿੰਦੀ ਹਰ ਵਕਤ ਸਿਮਰਨ ਕਰਦੀ ਰਹਿੰਦੀ ਬੋਲਦੀ ਘੱਟ । ਪਿੰਡ ਦੀ ਧਰਮਸ਼ਾਲਾ ਵਿੱਚ ਜਦੋਂ ਸਿੱਖ ਸੰਗਤ ਇਕੱਤਰ ਹੁੰਦੀ ਸ਼ਬਦ ਕੀਰਤਨ ਕਰਦੀ ਨਾਮ ਸਿਮਰਨ ਕਰਦੀ । ਇਲਾਕੇ ਦਾ ਮਸੰਦ ਧਰਮ ਪ੍ਰਚਾਰ ਕਰਦਾ ਬੀਬੀ ਸਾਹਿਬ ਦੇਵੀ ਸੰਗਤ ਲਈ ਲੰਗਰ ਤਿਆਰ ਕਰਦੀ।ਲੰਗਰ ਛੱਕਾ ਬਰਤਨ ਮਾਂਜਦੀ ਝਾੜੂ ਫੇਰਦੀ । ਸਾਰੀ ਸੰਗਤ ਦੁੱਖ ਸੁੱਖ ਵੇਲੇ ਇਕ ਦੂਜੇ ਦੇ ਭਾਈਵਾਲ ਹੁੰਦੀ ਇਸ ਨਗਰ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਦਸਮੇਸ਼ ਪਿਤਾ ਜੀ ਤੱਕ ਦੇ ਸ਼ਰਧਾਲੂ ਤੁਰੇ ਆਉਂਦੇ ਸਨ । ਇਥੋਂ ਪਹਿਲਾਂ ਵੀ ਸੰਗਤ ਅਨੰਦਪੁਰ ਦਸਮੇਸ਼ ਪਿਤਾ ਦੇ ਦਰਸ਼ਨਾਂ ਨੂੰ ਜਾਂਦੀ ਰਹੀ ਸੀ । ਹੋ ਸਕਦਾ ਹੈ ਸਾਹਿਬ ਦੇਵਾਂ ਇਸ ਤਰਾਂ ਗੁਰੂ ਜੀ ਦੇ ਦਰਸ਼ਨ ਕੀਤੇ ਹੋਣ ।
ਬੀਬੀ ਸਾਹਿਬ ਦੇਵੀ ਜਦੋਂ ਜੁਆਨ ਹੋਈ ਤਾਂ ਭਾਈ ਰਾਮਾ ਜੀ ਨੂੰ ਇਸ ਧਾਰਮਿਕ ਅਵਸਥਾ ਵਾਲੀ ਬਾਲੜੀ ਲਈ ਇਹੋ ਜਿਹਾ ਵਰ ਲੱਭਣ ਵਿੱਚ ਕਠਿਨਾਈ ਆਈ । ਸੋ ਉਨ੍ਹਾਂ ਦਿਨਾਂ ਵਿੱਚ ਸਿੱਖਾਂ ਵਿਚ ਗੁਰੂ ਘਰ ਨਾਲ ਸਬੰਧ ਬਣਾਉਣਾ ਆਪਣੇ ਚੰਗੇ ਭਾਗ ਸਮਝਦੇ ਸਨ । ਇਹੋ ਵਿਚਾਰ ਦਿਲ ਵਿੱਚ ਧਾਰਕੇ ਭਾਈ ਰਾਮਾ ਜੀ ਨੇ ਆਪਣੀ ਪਤਨੀ ਤੇ ਸੰਬਧੀਆਂ ਨਾਲ ਸਲਾਹ ਕਰਕੇ ਬੀਬੀ ਸਾਹਿਬ ਦੇਵੀ ਦਾ ਰਿਸ਼ਤਾ , ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਪੱਕੀ ਧਾਰ ਲਈ । ਇਹ ਵਿਚਾਰ ਜਦੋ ਮਾਪਿਆਂ ਨੇ ਸਾਹਿਬ ਦੇਵੀ ਨੂੰ ਦੱਸੇ ਤਾਂ ਬੀਬੀ ਜੀ ਨੇ ਹਾ ਕਰ ਦਿੱਤੀ ।
ਜਦੋਂ ਪਿੰਡ ਦੀ ਧਰਮਸ਼ਾਲਾ ਵਿੱਚ ਸੰਗਤ ਸ਼ਬਦ ਕੀਰਤਨ ਲਈ ਇੱਕਠੀ ਹੋਈ ਤਾਂ ਰਾਮਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਰੀ ਸੰਗਤ ਗੁਰੂ ਨਿਆਈ ਹੈ।ਦਾਸ ਆਪ ਅੱਗੇ ਬੇਨਤੀ ਕਰਦਾ ਹੈ ਕਿ ਸਾਰੀ ਸੰਗਤ ਬਾਲੜੀ ਸਾਹਿਬ ਦੇਵੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਇਕ ਮਨ ਹੋ ਕੇ ਅਰਦਾਸ ਕਰੋ । ‘ ਸਾਰੀ ਸੰਗਤ ਅਚੰਬਤ ਵੀ ਤੇ ਖੁਸ਼ ਵੀ ਹੋਈ ਕਿ ਗੁਰੂ ਜੀ ਦਾ ਸੰਬੰਧ ਇਸ ਤਰ੍ਹਾਂ ਪੋਠੋਹਾਰ ਦੀ ਸੰਗਤ ਨਾਲ ਸਿੱਧਾ ਹੀ ਹੋ ਜਾਵੇਗਾ । ਸਾਰਿਆ ਹੱਸ ਹੱਸ ਇਹ ਅਰਦਾਸ ਕੀਤੀ ਤੇ ਨਾਲ ਹੀ ਭਾਈ ਰਾਮਾ ਜੀ ਦੀ ਸਿਫ਼ਾਰਸ਼ ਲਈ ਸੰਗਤਾਂ ਨੇ ਅਨੰਦਪੁਰ ਜਾਣ ਲਈ ਤਿਆਰੀਆਂ ਕਰ ਲਈਆਂ । ਹਰ ਸਿੱਖ ਨੇ ਆਪਣੇ ਆਪਣੇ ਦਸਵੰਧ ਦੀ ਰਕਮ ਇਕੱਠੀ ਕਰ ਚਾਲੇ ਪਾ ਲਏ । ਭਾਈ ਰਾਮਾ ਜੀ ਆਪਣੇ ਸਾਕਾਂ ਸਬੰਧੀਆ ਸਮੇਤ ਵਿਆਹ ਦਾ ਸਾਮਾਨ ਕਪੱੜੇ , ਗਹਿਣਾ ਗੱਟਾ ਆਦਿ ਲੈ ਮੰਜ਼ਲਾਂ ਮਾਰਦੇ ਸੰਗਤ ਦੇ ਰੂਪ ਵਿੱਚ ਸ਼ਬਦ ਚੋਂਕੀ ਕਰਦੇ ਅਨੰਦਪੁਰ ਸਾਹਿਬ ਜਾ ਪੁੱਜੇ ।
ਅਨੰਦਪੁਰ ਸਾਹਿਬ ਪੁਜਦਿਆਂ ਭਾਈ ਰਾਮਾ ਜੀ ਤੇ ਸੰਗਤ ਨੇ ਆਪਣੇ ਦਸਵੰਧ ਭਾਈ ਭਗਵਾਨ ਸਿੰਘ ਦੀਵਾਨ ਪਾਸ ਜਮਾ ਕਰਾਇਆ | ਲਾਗੇ ਬੈਠੇ ਭਾਈ ਮਨੀ ਸਿੰਘ ਜੀ ਨੂੰ ਆਪਣੀ ਸਾਰੀ ਵਿਚਾਰ ਦੱਸੀ । ਇਨ੍ਹਾਂ ਦੋਵਾਂ ਭਾਈ ਰਾਮਾ ਜੀ ਨੂੰ ਯਕੀਨ ਦੁਆਇਆ ਕਿ ਉਹ ਉਸ ਦੀ ਲੜਕੀ ਦੇ ਗੁਰੂ ਜੀ ਨਾਲ ਰਿਸ਼ਤਾ ਕਰਨ ਦੀ ਗੁਰੂ ਜੀ ਨਾਲ ਗੱਲ ਤੋਰਨਗੇ । ਜਦੋਂ ਸਵੇਰੇ ਗੁਰੂ ਜੀ ਬਿਸਰਾਮ ਕਰ ਰਹੇ ਸਨ ਤਾਂ ਭਾਈ ਰਾਮਾ ਜੀ ਖੜੇ ਹੋ ਕੇ ਗਲ ਵਿਚ ਪਲਾ ਪਾ ਹੱਥ ਜੋੜ ਤੇ ਸੰਗਤ ਵੀ ਨਾਲ ਖੜ੍ਹੀ ਹੋ ਇਸੇ ਤਰ੍ਹਾਂ ਚੁੱਪ ਹੱਥ ਜੋੜ ਚੁਪ ਖੜੀ ਹੋ ਗਈ । ਬੋਲਣ ਕੁਝ ਨਾ | ਅੰਤਰਯਾਮੀ ਨੇ ਇਸ ਤਰ੍ਹਾਂ ਖੜ੍ਹਨ ਦਾ ਕਾਰਨ ਪੁਛਿਆ ਤਾਂ ਭਾਈ ਮਨੀ ਸਿੰਘ ਜੀ ਨੇ ਵਿਚੋਲਗੀ ਕਰਦਿਆਂ ਹੱਥ ਜੋੜਦੇ ਖੜੇ ਹੋ ਕਿਹਾ ਕਿ ਦੀਨ ਦੁਨੀ ਦੇ ਮਾਲਕ ਇਹ ਸੰਗਤ ਭਾਈ ਰਾਮਾ ਜੀ ਦੀ ਸਪੁੱਤਰੀ ਸਾਹਿਬ ਦੇਵੀ ਦਾ ਰਿਸ਼ਤਾ ਆਪ ਜੀ ਨਾਲ ਕਰਨ ਆਈ ਹੈ । ਕੁਝ ਚਿਰ ਚੁਪ ਰਹਿ ਗੁਰੂ ਜੀ ਬਚਨ ਕੀਤਾ ਕਿ ‘ ਮੈਂ ਅੰਮ੍ਰਿਤ ਤਿਆਰ ਕਰਨ ਵੇਲੇ ਬ੍ਰਹਮਚਾਰਜ ਧਾਰਨ ਕਰ ਲਿਆ ਸੀ । ਸੋ ਮੈਂ ਇਸ ਦੇ ਨਾਲ ਵਿਆਹ ਕਰਵਾਉਣ ਤੋਂ ਅਸਮਰਥ ਹਾਂ । ‘ ਭਾਈ ਸੰਤੋਖ ਸਿੰਘ ਲਿਖਦੇ ਹਨ : ਤਬ ਤੋਂ ਹਿਸਤ ਕਰਨ ਹਮ ਛੋਰਾ । ਬ੍ਰਹਮ ਚਰਜ ਮਹਿ ਨਿੱਤ ਮਨ ਜੋਰਾ ||
ਯਾਤੇ ਬਨੈ ਨਹੀਂ ਇਹ ਬਾਤੇ | ਛਪਯੋ ਬ੍ਰਿਤਾਂਤ ਨਾ ਸਭ ਬਖਿਆਤ ॥ ਗੁਰੂ ਜੀ ਦੇ ਇਹ ਬਚਨ ਸੁਣ ਭਾਈ ਰਾਮਾ ਜੀ ਤੇ ਪੋਠੋਹਾਰੀ ਸੰਗਤ ਇਹ ਬੜੀ ਨਿਰਾਸ਼ ਤੇ ਮਾਯੂਸ ਹੋਈ । ਇਨ੍ਹਾਂ ਨੂੰ ਦੁਖੀ ਹੋਏ ਵੇਖ ਭਾਈ ਭਗਵਾਨ ਸਿੰਘ ਜੀ ਭਾਈ ਮਨੀ ਸਿੰਘ ਜੀ ਹੋਰਾਂ ਗੁਰੂ ਜੀ ਅਗੇ ਫਿਰ ਬੇਨਤੀ ਕੀਤੀ ਕਿ ‘ ਗਰੀਬ ਨਿਵਾਜ਼ । ਆਪ ਦਾ ਬ੍ਰਹਮ ਚਰਜ ਦਾ ਧਾਰਨ ਵੀ ਠੀਕ ਹੈ ਪਰ ਇਸ ਸੰਗਤ ਦੀ ਪਿੰਡੋਂ ਤੁਰਨ ਲਗਿਆਂ ਦੀ ਕੀਤੀ ਅਰਦਾਸ ਬਾਰੇ ਫਿਰ ਵਿਚਾਰ ਕਰਨ ਦੀ ਖੇਚਲ ਕਰੋ ਕਿ ਇਹ ਕਿੱਡੀ ਦੂਰੋਂ ਵਾਟਾਂ ਮਾਰਦੇ ਆਪ ਤੇ ਸ਼ਰਧਾ ਧਾਰ ਆਏ ਹਨ । ਇਨ੍ਹਾਂ ਦੀ ਬੱਚੀ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਕੇ ਧੀਰਜ ਦਿਓ । ਭਾਈ ਰਾਮਾਂ ਜੀ ਫਿਰ ਬੜੀ ਤਰਸਯੋਗ ਹਾਲਤ ਵਿੱਚ ਤਰਲਾ ਮਾਰਦਿਆਂ ਕਿਹਾ ‘ ਮਹਾਰਾਜ ! ਕੋਈ ਬਿਧ ਬਣਾ ਦਿਉ । ‘ ਗੁਰੂ ਜੀ ਨੇ ਭਾਈ ਰਾਮਾ ਜੀ ਤੇ ਸੰਗਤ ਦੀ ਬੇਨਤੀ ਤਾਂ ਸਵੀਕਾਰ ਕਰ ਲਈ ਪਰ ਸ਼ਰਤ ਇਹ ਰੱਖ ਦਿੱਤੀ ਕਿ ਇਹ ਕਵਾਰਾ ਡੋਲਾ ਬਣਕੇ ਮਹਿਲਾਂ ਵਿਚ ਵਿਚਰ ਸਕਦੀ ਹੈ ਪਰ ਇਸ ਨਾਲ ਕੋਈ ਸੰਸਾਰਕ ਸੰਬਧ ਨਹੀਂ ਹੋਣਗੇ । ਕੇਸਰ ਸਿੰਘ ਛਿੱਬਰ ਲਿਖਦਾ ਹੈ : – ਰਹੈ ਕੁਆਰਾ ਡੋਰਾ ਰਾਮੂ ( ਰਾਮਾ ਜੀ ) , ਕਰਹਿ ਸੇਵ ਬਾਸਹੂ ਹਮ ਧਾਮੂ !
ਗੁਰੂ ਜੀ ਦੇ ਮੁਖਾਰਬਿੰਦ ਤੋਂ ਉਪ੍ਰੋਕਤ ਬਚਨ ਸੁਣ ਸਾਰੀ ਸੰਗਤ ਤੇ ਭਾਈ ਰਾਮਾ ਜੀ ਖੁਸ਼ ਹੋ ਗਏ । ਭਾਈ ਰਾਮਾ ਜੀ ਤੇ ਮਾਤਾ ਜੱਸ ਦੇਵੀ ਨੂੰ ਇਸ ਖੁਸ਼ੀ ਤੇ ਵਧਾਈਆਂ ਮਿਲਣ ਲੱਗੀਆਂ ਹੁਣ ਗੁਰੂ ਜੀ ਹੋਰਾਂ ਪਹਿਲਾਂ ਸਾਹਿਬ ਦੇਵੀ ਤੇ ਇਸ ਦੇ ਮਾਪਿਆਂ ਤੇ ਸੰਗਤ ਨੂੰ ਅੰਮ੍ਰਿਤ ਛਕਣ ਲਈ ਸ਼ਰਤ ਲਾਈ । ਇਨਾਂ ਸਾਰਿਆਂ ਨੇ ਅੰਮ੍ਰਿਤ ਪਾਨ ਕਰ ਲਿਆ । ਸਾਹਿਬ ਦੇਵੀ ਤੋਂ ਸਾਹਿਬ ਕੌਰ ਬਣਾ ਮਹਿਲਾ ਵਿਚ ਪ੍ਰਵੇਸ਼ ਕਰ ਦਿੱਤਾ । ਸਾਹਿਬ ਕੌਰ ਦੀ ਆਯੂ ਉਸ ਸਮੇਂ ਉਨ੍ਹੀ ਸਾਲ ਦੀ ਤੇ ਗੁਰੂ ਜੀ ਦੀ ੩੪ ਸਾਲ ਸੀ । ਵਿਆਹ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਨੂੰ ਦੁਲਹਣ ਬਣਾਇਆ ਗਿਆ । ਸਾਰੇ ਸਾਕ ਸੰਬੰਧੀ ਤੇ ਸੰਗਤ ਬੜੀ ਖੁਸ਼ ਸਨ ।੧੮ ਵਿਸਾਖ ਸੰਮਤ ੧੭੫੭ ਬਿ : ਨੂੰ ਭਾਈ ਰਾਮ ਕੋਇਰ [ ਗੁਰਬਖਸ਼ ਸਿੰਘ ] ਜੀ ਜਿਹੜੇ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ ਨੇ ਪੂਰਨ ਗੁਰ ਮਰਿਯਾਦਾ ਅਨੁਸਾਰ ਗੁਰੂ ਜੀ ਦਾ ਮਾਤਾ ਸਾਹਿਬ ਕੌਰ ਜੀ ਨਾਲ ਅਨੰਦ ਕਾਰਜ ਦੀ ਰੀਤੀ ਨਿਭਾਈ । ਤੇ ਪਿਛੋਂ ਮਾਤਾ ਗੁਜਰੀ ਕੌਰ ਜੀ ਆਪਣੀ ਨੂੰਹ ਮਾਤਾ ਸਾਹਿਬ ਕੌਰ ਨੂੰ ਆਪਣੇ ਨਾਲ ਮਹਿਲਾਂ ਵਿਚ ਪੱਕੇ ਤੌਰ ਤੇ ਲੈ ਗਏ । ਸੰਗਤ ਮਹੀਨੇ ਉਪਰੰਤ ਅਨੰਦਪੁਰ ਰਹਿ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਛੁੱਟੀਆਂ ਲੈ ਚਲ ਪਈ।ਪਰ ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਏਥੋਂ ਗੁਰੂ ਜੀ ਪਾਸ ਰਹਿ ਸੇਵਾ ਵਿਚ ਜੁੱਟ ਪਿਆ । ਮਹਿਲਾਂ ਵਿਚ ਆਉਂਦਿਆਂ ਮਾਤਾ ਸਾਹਿਬ ਕੌਰ ਦੇ ਆਪਣੇ ਮਿੱਠਬੋਲੜੇ , ਮਿਲਾਪੜੇ ਨਿਰਮਤਾ ਭਰਪੂਰ ਸੁਭਾਅ ਨੇ ਮਾਤਾ ਗੁਜਰ ਕੌਰ ਤੇ ਮਾਤਾ ਸੁੰਦਰ ਕੌਰ ਦਾ ਦਿਲ ਜਿੱਤ ਲਿਆ | ਘਰ ਦਾ ਕੰਮ ਕਰਨ ਤੋਂ ਉਪਰੰਤ ਸਾਹਿਬਜ਼ਾਦਿਆਂ ਦੀ ਸੇਵਾ ਸੰਭਾਲ ਦਾ ਕੰਮ ਆਪਣੇ ਜ਼ਿਮੇ ਲੈ ਲਿਆ । ਬੜੇ ਪਿਆਰ ਤੇ ਸਧਰਾਂ ਨਾਲ ਪਾਲਦੇ ਲਾਡ ਲੁਡਾਂਦੇ । ਆਪਣੇ ਮੁਢਲੇ ਸੁਭਾਅ ਅਨੁਸਾਰ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਜ਼ਬਾਨੀ ਨਿੱਤਨੇਮ ਕਰਦੇ ਪਾਣੀ ਲਿਆ ਮਾਤਾ ਗੁਜਰ ਕੌਰ ਜੀ ਦਾ ਇਸ਼ਨਾਨ ਕਰਾਉਂਦੇ।ਫਿਰ ਘਰ ਦੇ ਕੰਮ ਕਾਜ ਵਿਚ ਜੁੱਟ ਜਾਂਦੇ । ਆਪਣੇ ਮਨ ਵਿਚ ਮਾਤਾ ਸਾਹਿਬ ਕੌਰ ਨੇ ਇਹ ਪ੍ਰਤਿਗਿਆ ਕਰ ਲਈ ਕਿ ਜਿਨਾਂ ਚਿਰ ਗੁਰੂ ਜੀ ਦੇ ਦਰਸ਼ਨ ਨਾ ਕਰ ਲੈਣ ਉਨਾਂ ਚਿਰ ਮੂੰਹ ਨਹੀਂ ਜੂਠਾਲਣਾ । ਇਨ੍ਹਾਂ ਦੇ ਪ੍ਰੇਮ ਦੇ ਬਧੇ ਗੁਰੂ ਜੀ ਇਕ ਵਾਰੀ ਮਹਿਲਾਂ ਵਿਚ ਜ਼ਰੂਰ ਸਵੇਰੇ ਚਰਨ ਪਾਉਂਦੇ।ਜਿਸ ਦੀ ਗਵਾਹੀ ਇਤਿਹਾਸ ਭਰਦਾ ਹੈ : ਜੇ ਕਿਸੇ ਕਾਰਨ ਦਰਸ਼ਨ ਨਾ ਹੋਇ ਉਸ ਦਿਨ ਖਾਇ ਆਹਾਰ ਨਾ ਹੋਇ ॥ ਮਾਤਾ ਸਾਹਿਬ ਕੌਰ ਤੇ ਗੁਰੂ ਜੀ ਦਾ ਪ੍ਰਵਾਰਿਕ ਜੀਵਨ ਰੂਹਾਨੀ ਤੇ ਆਦਰਸ਼ਕ ਪ੍ਰੇਮ ਰੂਪੀ ਜੀਵਨ ਦੀ ਉਧਾਰਨ ਸੀ । ਜਿਸ ਵਿਚ ਮਾਤਾ ਜੀ ਨੇ ਗੁਰੂ ਜੀ ਨੂੰ ਨਿੱਤ ਪਹਿਲ ਦਿੱਤੀ ਤੇ ਨਿਤ ਗੁਰੂ ਜੀ ਦੀਆਂ ਖੁਸ਼ੀਆਂ ਤੇ ਚੜ੍ਹਦੀਆਂ ਕਲਾਂ ਲੋਚਦੇ ਰਹੇ । ਮਾਤਾ ਜੀ ਨੇ ਗੁਰੂ ਜੀ ਦੇ ਅਰਾਮ ਲਈ ਮਹਿਲਾਂ ਵਿਚ ਇਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ । ਜਿੱਥੇ ਆ ਕੇ ਗੁਰੂ ਜੀ ( ਮਾਤਾ ਗੁਜਰੀ ਕੌਰ ਜੀ ਦੇ ਚਰਨ ਬੰਦਨਾ ਕਰ ) ਬਿਰਾਜ ਜਾਂਦੇ ਸਨ । ਤੇ ਮਾਤਾ ਸਾਹਿਬ ਕੌਰ ਗੁਰੂ ਜੀ ਦੇ ਚਰਨ ਤੇ ਲੱਤਾਂ ਘੱਟਣ ਦੀ ਸੇਵਾ ਕਰਨ ਲੱਗ ਜਾਂਦੇ।ਇਕ ਦਿਨ ਨਿਤ ਪ੍ਰਤੀ ਸੇਵਾ ਕਰਦੇ ਕੁਝ ਅਸ਼ਾਂਤ ਜਿਹੇ ਸਨ , ਮਨ ਵਿਚ ਕੁਝ ਬੇਚੈਨੀ ਜਿਹੀ ਅਨੁਭਵ ਕਰ ਰਹੇ ਸਨ । ਅੰਤਰਜਾਮੀ ਨੇ ਪੁਛ ਹੀ ਲਿਆ ਕਿ “ ਭਲੀਏ ਲੋਕੇ ! ਜਿਹੜੀ ਤੇਰੇ ਦਿਲ ਵਿਚ ਗੱਲ ਹੈ । ਖੁਲ੍ਹ ਕੇ ਦੱਸ , ਬੁਲਾਂ ਤੇ ਲਿਆ , ਝਿਜਕ ਨਾ । ‘ ‘
ਮਾਤਾ ਜੀ ਨੈਣਾਂ ਵਿਚ ਹੰਝੂ ਭਰ ਕਿਹਾ ਕਿ ” ਦਾਸੀ ਦੇ ਵੀ ਕੋਈ ਪੁੱਤਰ ਝੋਲੀ ਪਾਓ ਜੀ ਬਚਨ ਕੀਤਾ ਜਾ ! ਅੱਜ ਤੋਂ ਖਾਲਸਾ ਤੇਰੀ ਝੋਲੀ ਪਾਉਂਦੇ ਹਾਂ । ਤੇਰਾ ਇਹ ਪੁੱਤਰ ਜੁਗਾਂ ਜੁਗਾਂਤਰਾਂ ਤੱਕ ਰਹਿਣ ਵਾਲਾ ਹੈ । ਸੋ ਗੁਰੂ ਜੀ ਨੇ “ ਖਾਲਸਾ ” ਮਾਤਾ ਜੀ ਦੀ ਝੋਲੀ ਪਾ ਸਦਾ ਲਈ ਪੁੱਤਰਾਂ ਵਾਲੀ ਬਣਾ ਦਿੱਤਾ । ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੂੰ ਕਿਹਾ ਜਾਂਦਾ ਹੈ ਕਿ “ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਤੇ ਪਿੰਡ ਅਨੰਦਪੁਰ ਹੋਇਆ । ‘ ‘ ਮਾਤਾ ਜੀ ਖਾਲਸਾ ਦੀ ਮਾਤਾ ਬਨਣ ਕਰਕੇ ਸਿੱਖ ਜਗਤ ਵਿਚ ਬੜੇ ਸਤਿਕਾਰੇ ਗਏ ॥ ਮਾਤਾ ਜੀ ਨੇ ਖਾਲਸਾ ਦੀ ਮਾਤਾ ਬਣ ਕੇ ਆਪਣੇ ਬਚਪਨ ਤੋਂ ਗ੍ਰਹਿਣ ਕੀਤੇ ਸਾਰੇ ਗੁਣ ਜਿਵੇਂ ਸੰਜਮ , ਸਿਦਕ , ਸੰਤੋਖ , ਸਬਰ ਸਹਿਣਸ਼ੀਲਤਾ , ਸੇਵਾ ਸਿਮਰਨ , ਨਿਰਭੈਅਤਾ , ਨਿਰਮਤਾ , ਸਦਾਚਾਰੀ , ਪਰਉਪਕਾਰੀ , ਨਿਆਕਾਰੀ , ਆਗਿਆਕਾਰੀ ਜਿਹੇ ਗੁਣ ਆਪਣੇ ਪੁੱਤਰ ਖਾਲਸੇ ਵਿਚ ਭਰਨੇ ਸ਼ੁਰੂ ਕਰ ਦਿੱਤੇ । ਮਾਤਾ ਦਾ ਪੁੱਤਰ ਖਾਲਸਾ ਵੀ ਆਪਣੇ ਮਾਂ ਵਾਂਗ ਜਤੀ ਸਤੀ ਰਿਹਾ । ਤਾਂ ਹੀ ਤਾਂ ” ਨੂਰ ਦੀਨ ਵਰਗਾ ਕਟੱੜ ਲਿਖਾਰੀ ਸਿੱਖਾਂ ਬਾਰੇ ਇਉਂ ਲਿਖਦਾ ਹੈ ਕਿ “ ਇਹ ਸਗ ( ਅਰਥ ( ਕੁੱਤਾ ) ਘਿਰਣਾ ਦਾ ਸ਼ਬਦ ) ਵੈਰੀ ਦੀ ਮਾਂ ਧੀ ਨੂੰ ਆਪਣੀ ਮਾਂ ਧੀ ਸਮਝਦੇ ਹਨ । ਇਨ੍ਹਾਂ ਵਿਚ ਦੁਰਾਚਾਰੀ ਤੇ ਵਿਭਚਾਰੀ ਜਿਹੀ ਕੋਈ ਚੀਜ਼ ਨਹੀਂ ਹੈ । ਇਹ ਭੱਜੇ ਜਾਂਦੇ , ਜ਼ਖ਼ਮੀ ਤੇ ਸੁੱਤੇ ਹੋਏ ਵੈਰੀ ਤੇ ਕਦੀ ਹਮਲਾ ਨਹੀਂ ਕਰਦੇ । ਅਨੰਦਪੁਰ ਤਿਆਗਣ ਵੇਲੇ ਸਰਸਾ ਨਦੀ ਕੰਢੇ ਗੁਰੂ ਜੀ ਦਾ ਪ੍ਰਵਾਰ ਤਿੰਨਾਂ ਭਾਗਾਂ ਵਿਚ ਵੰਡਿਆ ਗਿਆ । ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਵੱਲ ਚਲੇ ਗਏ । ਮਾਤਾ ਗੁਜਰੀ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਚਲੇ ਗਏ । ਮਾਤਾਵਾਂ ਸਾਹਿਬ ਕੌਰ , ਸੁੰਦਰ ਕੌਰ ਜੀ ਸਰਸਾ ਪਾਰ ਕਰ ਭਾਈ ਮਨੀ ਸਿੰਘ ਜੀ , ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਦਿੱਲੀ ਨਿਵਾਸੀਆਂ ਨਾਲ ਦਿੱਲੀ ਚਲੇ ਗਏ । ਏਥੇ ਦਿੱਲੀ ਵਾਲਿਆਂ ਸਿੱਖਾਂ ਨੇ ਇਨਾਂ ਦਾ ਉਤਾਰਾ ਕੂਚਾ ਦਿਲ ਵਾਲੀ ਅਜਮੇਰੀ ਗੇਟ ਕਰਵਾਇਆ । ਪਿਛੋਂ ਫਿਰ ਇਕ ਲਾਲ ਪੱਥਰ ਦੀ ਬਣੀ ਹਵੇਲੀ ਵਿਚ ਰਹਿਣ ਲੱਗ ਪਏ । ਮਾਤਾਵਾਂ ਦਿੱਲੀ ਆ ਪ੍ਰਵਾਰ ਦਾ ਬੜਾ ਫਿਕਰ ਕਰਨ ਲੱਗੀਆਂ । ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਭਾਣੇ ਨੂੰ ਸਿਰ ਮੱਥੇ ਮੰਨ ਕੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਇਨ੍ਹਾਂ ਸ਼ਹੀਦਾਂ ਦੇ ਨਮਿਤ ਪਾਠ ਦਾ ਭੋਗ ਪਵਾਇਆ । ਜਦੋਂ ਮਾਤਾਵਾਂ ਨੂੰ ਗੁਰੂ ਜੀ ਦੇ ਤਲਵੰਡੀ ਸਾਬੋ ਪੁੱਜਣ ਦੀ ਖਬਰ ਮਿਲੀ ਤਾਂ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ “ ਮਾਤਾ ਸੁੰਦਰ ਕੌਰ , ਮਾਤਾ ਸਾਹਿਬ ਕੌਰ ਤੇ ਕ੍ਰਿਪਾਲ ਸਿੰਘ ਰਥਾਂ ਕਰਾਏ ਤੇ ਕਰ ਭਾਈ ਮਨੀ ਸਿੰਘ ਜੀ ਨਾਲ ਤਲਵੰਡੀ ਚੱਲ ਪਏ । ਜਦੋਂ ਉਥੇ ਪੁੱਜੇ ਤਾਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਬਾਰੇ ਖਿਆਲ ਆਇਆ ਤਾਂ ਅੱਖਾਂ ਵਿਚ ਹੰਝੂ ਭਰ ਆਇਆ ਪੁੱਤਰਾਂ ਬਾਰੇ ਪੁੱਛਿਆ । ਗੁਰੂ ਜੀ ਧੀਰਜ ਦੇਂਦਿਆਂ ਸਿੱਖਾਂ ਵੱਲ ਇਸ਼ਾਰਾ ਕਰਦਿਆਂ ਫੁਰਮਾਇਆ : “ ਇਨ ਪੁਤਰਨ ਕੇ ਸੀਸ ਪੁਰ ਵਾਰ ਦੀਏ ਸੁਤ ਚਾਰ । ਚਾਰ ਮੂਏ ਤੋ ਕਿਆ ਭਇਆ , ਜੀਵਤ ਕਈ ਹਜਾਰ ।
ਜਦੋਂ ਮਾਤਾਵਾਂ ਏਥੇ ਪੁੱਜੀਆਂ ਤਾਂ ਭਾਈ ਡੱਲੇ ਨੂੰ ਗੁਰੂ ਜੀ ਨੇ ਇਨ੍ਹਾਂ ਦੇ ਰਹਿਣ ਲਈ ਤੰਬੂ ਦਾ ਪ੍ਰਬੰਧ ਕਰਨ ਲਈ ਕਿਹਾ । ਪਰ ਡੱਲੇ ਨੇ ਇਨ੍ਹਾਂ ਨੂੰ ਆਪਣੀ ਵੱਡੀ ਹਵੇਲੀ ਵਿਚ ਆਰਾਮ ਨਾਲ ਰਹਿਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ । ਪਰ ਮਾਤਾਵਾਂ ਨੇ ਹਵੇਲੀ ਦਾ ਆਰਾਮ ਤਿਆਗ ਬਾਹਰ ਭੁੰਜੇ ਜ਼ਮੀਨ ਤੇ ਵਿਛਾਉਣਾ ਕਰ ਗੁਰੂ ਜੀ ਦੇ ਚਰਨਾਂ ਵਿਚ ਰਹਿਣਾ ਸਵੀਕਾਰ ਕੀਤਾ । ਭਾਈ ਸੰਤੋਖ ਸਿੰਘ ਲਿਖਦੇ ਹਨ : ਦੋਹੋ ਸੁਨ ਭਾਖਯੋ ਇਹ ਬਲੋ । ਪ੍ਰਭ ਕੇ ਪ੍ਰਾਨ ਬਿਖੇ ਹੈ ਭਲੋ । ‘ ‘ ਜਿਥੇ ਮਾਤਾਵਾਂ ਦਾ ਤੰਬੂ ਲੱਗਾ ਸੀ ਉਥੇ ਇਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ । ਸਾਬੋ ਦੀ ਤਲਵੰਡੀ ਨੂੰ ਅੱਜ ਕਲ੍ਹ ਦਮਦਮਾ ਸਾਹਿਬ ਕਹਿੰਦੇ ਹਨ । ਏਥੇ ਹੀ ਗੁਰੂ ਜੀ ਹੋਰਾਂ ਅੰਤਰ ਧਿਆਨ ਹੋ ਕੇ ਭਾਈ ਮਨੀ ਸਿੰਘ ਜੀ ਪਾਸੋਂ ( ਤੰਬੂ ਲਵਾ ਕੇ ) ਵਿਚ ਆਸਣ ਲਾ ਆਦਿ ਗ੍ਰੰਥ ਦਾ ਉਤਾਰਾ ਕਰਾਇਆ ਤੇ ਵਿਚ ਨਾਵੇਂ ਗੁਰੂ ਜੀ ਦੀ ਬਾਣੀ ਵੀ ਰਾਗਾਂ ਅਨੁਸਾਰ ਦਰਜ ਕੀਤੀ । ਭਾਈ ਦੀਪ ਸਿੰਘ ਜੀ ਨੇ ਕਲਮਾਂ ਘੜਣ , ਸਿਆਈ ਤਿਆਰ ਤੇ ਕਾਗਜ ਤਿਆਰ ਕਰਨ ਦੀ ਸੇਵਾ ਨਿਭਾਈ । ਏਥੇ ਹੀ ਗੁਰੂ ਜੀ ਹੋਰਾਂ ਭਾਈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰਾਂ ਨੂੰ ਆਦਿ ਗ੍ਰੰਥ ਦੇ ਵਿਆਖਿਆ ਸਹਿਤ ਅਰਥ ਸਮਝਾਏ । ਇਸ ਕਾਰਜ ਲਈ ਇਕ ਵਿਦਿਆਲਾ ਖੋਹਲਿਆ ਗਿਆ ਜਿਸ ਨੂੰ ‘ ਟਕਸਾਲ ” ਦਾ ਨਾਮ ਦਿੱਤਾ ਗਿਆ । ਏਥੇ ਗੁਰੂ ਜੀ ਦਸ ਮਹੀਨੇ ਟਿਕੇ । ਮਾਲਵੇ ਵਿਚ ਨਸ਼ਿਆਂ , ਤੰਮਾਕੂ , ਅਫੀਮ ਦਾ ਬਹੁਤ ਰਿਵਾਜ ਸੀ । ਗੁਰੂ ਜੀ ਨੇ ਪ੍ਰਚਾਰ ਦੀਆਂ ਵਹੀਰਾਂ ਚਲਾਈਆਂ ਪਿੰਡ ਪੱਧਰ ਤੇ ਪ੍ਰਚਾਰ ਕੀਤਾ ਗਿਆ । ਸਿੱਖ ਧਰਮ ਬਲਵਾਨ ਹੋਇਆ । ਮਾਤਾਵਾਂ ਏਥੇ ਗੁਰੂ ਜੀ ਪਾਸ ਰਹਿ ਕੇ ਹਰ ਪ੍ਰਕਾਰ ਦੀ ਸੇਵਾ ਤੇ ਸਹੂਲਤ ਪ੍ਰਦਾਨ ਕੀਤੀ । ਦਮਦਮਾ ਸਾਹਿਬ ਤੋਂ ਗੁਰੂ ਜੀ ਨੇ ‘ ਜ਼ਫਰਨਾਮਾ ਫਤਹਿ ਦੀ ਚਿੱਠੀ ਲਿਖ ਕੇ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਦੱਖਣ ਵਿਚ ਔਰੰਗਜ਼ੇਬ ਨੂੰ ਭੇਜਿਆ ਜਿਸ ਵਿਚ ਉਸ ਦੇ ਕਰਿੰਦਿਆਂ ਦੀਆਂ ਕਰਤੂਤਾਂ ਤੇ ਸਿੱਖਾਂ ਤੇ ਢਾਹੇ ਗਏ ਜ਼ੁਲਮਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ