More Gurudwara Wiki  Posts
ਸਾਕਾ ਨੀਲਾ ਤਾਰਾ ਦੀ ਕਹਾਣੀ


ਜੱਥੇਦਾਰ ਜੋਗਿੰਦਰ ਸਿੰਘ ਜੀ ਵੇਦਾਂਤੀ ਜੀ ਦੀ ਇਹ ਹੱਡਬੀਤੀ ੧੯੮੪ ਦੇ ਘੱਲੂਘਾਰੇ ਦੀ ਯਾਦਗਾਰ ਹੈ, ਜੋ ਕਿ ਬਹੁਤ ਯਥਾਰਥ ਹੈ, ਕੋਈ ਵਾਧ ਘਾਟ ਤੋਂ ਅਤੇ ਅਤਿਕਥਨੀ ਤੋਂ ਰਹਿਤ ਹੈ
ਸਾਕਾ ਨੀਲਾ ਤਾਰਾ ਦੀ ਕਹਾਣੀ :- ਭਾਈ ਜੋਗਿੰਦਰ ਸਿੰਘ ਵੇਦਾਂਤੀ
ਉਸ ਦਿਨ 4 ਜੂਨ ਨੂੰ ਸਵੇਰੇ ਮੈਂ ਤਿੰਨ ਵਜੇ ਉੱਠਿਆ , ਇਸ਼ਨਾਨ ਪਾਣੀ ਤੋਂ ਵਿਹਲਾ ਹੋ ਕੇ , ਫਲਠੀਕ ਚਾਰ ਵਜੇ ਆਪਣੀ ਧਰਮ ਪਤਨੀ ਸਮੇਤ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ‘ ਤੇ ਪੁੱਜਾ । ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਦੇ ਜੱਥੇ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੋਇਆ ਸੀ । ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਸਾਹਿਬ ਆਉਣ ’ ਤੇ ਸਾਢੇ ਚਾਰ ਵਜੇ ਹੁਕਮਨਾਮਾ ਹੋਇਆ । ਲੱਗ – ਭੱਗ ਪੌਣੇ ਪੰਜ ਵਜੇ ਜਦ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਚਲ ਰਿਹਾ ਸੀ , ਤਾਂ ਤੋਪ ਦਾ ਇਕ ਗੋਲਾ ਸਿੰਧੀਆਂ ਦੀ ਧਰਮਸ਼ਾਲਾ ਵਿੱਚ ਆ ਕੇ ਲੱਗਾ । ਇਹ ਧਰਮਸ਼ਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤਰ ਵੱਲ , ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਥੜ੍ਹਾ ਸਾਹਿਬ ਦੇ ਵਿਚਕਾਰ ਸਥਿੱਤ ਸੀ , ਜੋ ਹੁਣ ਢਾਹ ਦਿੱਤੀ ਗਈ ਹੈ । ਤੋਪ ਦਾ ਇਹ ਗੋਲਾ ਜਲ੍ਹਿਆਂ ਵਾਲੇ ਬਾਗ ਵੱਲੋਂ ਆਇਆ ਜਾਪਦਾ ਸੀ । ਇਸ ਤੋਂ ਤਿੰਨ ਚਾਰ ਮਿੰਟ ਬਾਅਦ ਅੰਧਾ – ਧੁੰਦ ਫ਼ਾਇਰਿੰਗ ਸ਼ੁਰੂ ਹੋ ਗਈ ਜੋ ਲਗਾਤਾਰ ਰਾਤ ਦੇ ਸਾਢੇ ਦਸ ਵਜੇ ਤਕ ਚਲਦੀ ਰਹੀ । ਥੋੜੇ – ਥੋੜੇ ਅਰਸੇ ਬਾਅਦ ਵੱਖ – ਵੱਖ ਥਾਵਾਂ ਤੇ ਤੋਪਾਂ ਦੇ ਗੋਲੇ ਵੀ ਵਰਦੇ ਰਹੇ । ਚਾਰ ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਾਲਾਂ ਕੋਈ ਗੋਲੀ ਨਹੀਂ ਆਈ ਸੀ । ਅਸੀਂ ਇਹਤਿਆਤ ਵਜੋਂ ਹਰਿਮੰਦਰ ਸਾਹਿਬ ਦੇ ਬੂਹੇ ਬਾਰੀਆਂ ਅੰਦਰੋਂ ਬੰਦ ਕਰ ਲਈਆਂ ਸਨ । ਪ੍ਰਕਰਮਾਂ ਵਿੱਚ ਵੀ ਹਾਲਾਂ ਗੋਲੀਆਂ ਆਉਣੀਆਂ ਸ਼ੁਰੂ ਨਹੀਂ ਸਨ ਹੋਈਆਂ । ਮੈਂ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਸਮੇਤ ਡਿਊਟੀ ਤੋਂ ਫਾਰਗ ਹੋ ਕੇ ਸਾਢੇ 9 ਵਜੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਇਆ ਅਤੇ ਅਸੀਂ ਆਪੋ ਆਪਣੇ ਟਿਕਾਣਿਆਂ ਤੇ ਜਾ ਪੁੱਜੇ । ਚਾਰ ਤਾਰੀਖ ਸ਼ਾਮ ਨੂੰ ਹਰਿਮੰਦਰ ਸਾਹਿਬ ਤੋਂ ਮਹਾਰਾਜ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਲਿਜਾਇਆ ਗਿਆ , ਸਗੋਂ ਹਰਿ ਕੀ ਪਉੜੀ ਉੱਪਰ ਹੀ ਮਹਾਰਾਜ ਦਾ ਸੁਖਾਸਨ ਕੀਤਾ ਗਿਆ ਸੀ ।
ਸੱਤ ਵਜੇ ਰਾਤ ਨੂੰ ਸਾਰੇ ਦਰਬਾਰ ਸਾਹਿਬ ਕੰਪਲੈਕਸ ਅਤੇ ਆਸ – ਪਾਸ ਦੀਆਂ ਬਿਲਡਿੰਗਾਂ ਦੀ ਬਿਜਲੀ ਕੱਟ ਦਿੱਤੀ ਗਈ । ਰਾਤ ਦੇ ਹਨੇਰੇ ਦੇ ਵਿੱਚ ਫੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ – ਦੁਆਲੇ ਦੀਆਂ ਉੱਚੀਆਂ ਬਿਲਡਿੰਗਾਂ ਵਿੱਚ ਮੋਰਚੇ ਸਾਂਭ ਲਏ । ਰਾਤ ਸਾਢੇ ਦਸ ਵਜੇ ਤੋਂ ਅਗਲੀ ਸਵੇਰ ਕੋਈ ਪੌਣੇ ਪੰਜ ਵਜੇ ਤੱਕ ਫਾਇਰਿੰਗ ਬੰਦ ਰਹੀ । ਪੰਜ ਜੂਨ ਨੂੰ ਸਵੇਰੇ ਮੈਂ ਤਿਆਰ ਹੋ ਕੇ ਫੇਰ ਠੀਕ ਚਾਰ ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ‘ ਤੇ ਪੁੱਜਾ । ਉਸ ਸਮੇਂ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ । ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਕੁੱਝ ਸੇਵਾਦਾਰਾਂ ਸਮੇਤ ਹਰਿ ਕੀ ਪਉੜੀ ਤੋਂ ਮਹਾਰਾਜ ਦਾ ਸਰੂਪ ਹੇਠਾਂ ਲਿਆ ਰਹੇ ਸਨ । ਪ੍ਰਕਾਸ਼ ਕਰਨ ਉਪਰੰਤ ਹੁਕਮਨਾਮਾ ਹੋਇਆ । ਹਾਲਾਂ ਪੰਜ ਵੱਜਣ ਵਿੱਚ ਪੰਜ ਮਿੰਟ ਬਾਕੀ ਸਨ ਕਿ ਅਚਾਨਕ ਫੌਜੀਆਂ ਨੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ । ਤੋਪ ਦੇ ਅੱਠ ਗੋਲੇ ਲਗਾਤਾਰ ਸਿੰਧੀਆਂ ਦੀ ਧਰਮਸ਼ਾਲਾ ‘ ਤੇ ਲੱਗੇ । ਉਹਨਾਂ ਦੇ ਖੜਾਕ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਵੀ ਕੰਬ ਰਹੀ ਸੀ । ਇਉਂ ਪੰਜ ਜੂਨ ਨੂੰ ਫੇਰ ਫ਼ਾਇਰਿੰਗ ਸ਼ੁਰੂ ਹੋ ਗਈ । ਅੱਜ ਸਾਰੇ ਪਾਸਿਆਂ ਤੋਂ ਪ੍ਰਕਿਰਮਾ ਅੰਦਰ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਗੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ । ਇਸ ਲਈ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸਨ । ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਦਰ ਕੋਈ ਵੀ ਥਾਂ ਸੁਰੱਖਿਅਤ ਨਹੀਂ ਸੀ ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਉਸ ਸਮੇਂ ਕੋਈ ਚਾਰ ਪੰਜ ਅਖੰਡ ਪਾਠੀ , ਪੰਦਰਾਂ ਵੀਹ ਸੇਵਾਦਾਰ ਅਤੇ ਦਸ ਕੁ ਹੋਰ ਸ਼ਰਧਾਲੂ ਤੇ ਪ੍ਰੇਮੀ ਸਿੰਘ ਮੌਜੂਦ ਸਨ । ਇਹਨਾਂ ਵਿੱਚ ਸ . ਹਰਚਰਨ ਸਿੰਘ ਹੁਡਿਆਰਾ , ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅਤੇ ਉਸ ਦੀ ਭੈਣ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ । ਇਹ ਬੀਬੀ ਪਰਮਜੀਤ ਕੌਰ ਪੰਜ ਜੂਨ ਦੀ ਰਾਤ ਨੂੰ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਸ਼ਹੀਦ ਹੋ ਗਈ ਸੀ । ਉਸ ਨਾਲ ਇੱਕ ਬੀਬੀ ਹੋਰ ਸੀ ਜਿਸਨੂੰ ਜ਼ਖ਼ਮੀ ਹਾਲਤ ਵਿੱਚ 6 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ , ਜੋ ਹਾਲਾਂ ਤੱਕ ਜੇਲ੍ਹ ਵਿੱਚ ਬੰਦ ਦੱਸੀਦੀ ਹੈ ।
ਪੰਜ ਜੂਨ ਨੂੰ ਅਸੀਂ ਸਾਢੇ ਗਿਆਰਾਂ ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਰਹੇ । ਸਾਢੇ ਗਿਆਰਾਂ ਵਜੇ ਅਸੀਂ ਕੋਈ ਪੰਜ ਸਿੰਘ – ਮੈਂ , ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਅਤੇ ਕੋਈ ਤਿੰਨ ਕੁ ਸੇਵਾਦਰ ਪਿੱਤਲ ਦੇ ਜੰਗਲਿਆਂ ਵਿਚੋਂ ਦੀ ਲੰਮੇ ਪੈ ਪੈ ਕੇ ਦਰਸ਼ਨੀ ਡਿਉਢੀ ਤੱਕ ਅੱਪੜੇ , ਅੱਗੋਂ ਨੱਠ ਕੇ ਬਰਾਂਡੇ ਦੀ ਓਟ ਲਈ । ਇਉਂ ਲੁਕਦੇ – ਛਿਪਦੇ ਆਪਣੇ ਟਿਕਾਣਿਆਂ ‘ ਤੇ ਅੱਪੜ ਗਏ । ਉਸ ਸਮੇਂ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਦੋ ਕੁ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ । ਮੇਰੀ ਰਿਹਾਇਸ਼ ਵੀ ਉੱਤੇ ਸੁਰੱਖਿਅਤ ਨਹੀਂ ਸੀ । ਇਸ ਲਈ ਦੁਪਹਿਰ ਦੇ ਕੋਈ ਸਾਢੇ ਬਾਰਾਂ ਵਜੇ ਮੈਂ ਆਪਣੇ ਪਰਿਵਾਰ ਸਮੇਤ ਹੇਠਾਂ ਗਿੱਲੇ ਕਪੜਿਆਂ ਦੇ ਸਟੋਰ ਵਾਲੇ ਕਮਰੇ ਵਿੱਚ ਆ ਗਿਆ । ਇਸ ਸਟੋਰ ਦੇ ਕਮਰੇ ਵਿੱਚ ਪਹਿਲਾਂ ਹੀ ਸਿੰਘਾਂ ਦੀ ਕਾਫ਼ੀ ਭੀੜ ਸੀ , ਜਿਸ ਕਰਕੇ ਇੱਥੇ ਦਮ ਘੁੱਟਦਾ ਸੀ । ਇਸ ਤੋਂ ਅਸੀਂ ਉੱਪਰ ਆਪਣੇ ਮਕਾਨ ਵਿੱਚ ਜਾਣਾ ਹੀ ਠੀਕ ਸਮਝਿਆ । ਕੋਈ ਸਵਾ ਕੁ ਘੰਟੇ ਬਾਅਦ ਹੀ ਅਸੀਂ ਫੇਰ ਉੱਪਰ ਚਲੇ ਆਏ ।
ਗੁਰੂ ਰਾਮਦਾਸ ਸਰਾਂ ਵਾਲੀ ਪਾਣੀ ਦੀ ਵੱਡੀ ਟੈਂਕੀ ਉਸ ਦਿਨ ਕੋਈ ਡੇਢ ਵਜੇ ਤੋੜੀ ਗਈ । ਹਾਲਾਂ ਅਸੀਂ ਹੇਠਾਂ ਸਟੋਰ ਦੇ ਕਮਰੇ ਵਿੱਚ ਹੀ ਬੈਠੇ ਸਾਂ । ਟੈਂਕੀ ਦਾ ਪਾਣੀ ਵਗਦਾ ਸਾਨੂੰ ਦਿਖਾਈ ਦਿੰਦਾ ਸੀ । ਟੈਂਕੀ ਉਪਰ ਲਗਾਤਾਰ ਕੋਈ ਦੋ ਸੌ ਗੋਲੇ ਮਾਰੇ ਗਏ । ਸ਼ਾਮ ਦੇ ਕੋਈ ਅੱਠ ਕੁ ਵਜੇ ਫੌਜ ਨੇ ਪਾਪੜਾਂ ਵਾਲੇ ਬਜ਼ਾਰ ਵਲੋਂ ਤੰਗ ਗਲੀਆਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਘੇਰਾ ਪਾਉਣ ਦਾ ਯਤਨ ਕੀਤਾ । ਫੌਜੀਆਂ ਨੂੰ ਮਿਲ ਰਹੇ ਆਰਡਰਾਂ ਦੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਸੀ । ਪਰ , ਸਾਡੇ ਪਾਸੇ ਦੀ ਗੁੱਠ ਵੱਲੋਂ ਸਿੰਘਾਂ ਨੇ ਪਿਛਲੀ ਗਲੀ ਵਿੱਚ ਦਾਖਲ ਹੋਏ ਫੌਜੀਆਂ ਉੱਪਰ ਅਚਾਨਕ ਕੁੱਝ ਸੁੱਟਿਆ ਅਤੇ ਫੌਜੀਆਂ ਦੀ ‘ ਮਾਰ ਦੀਏ , ਮਾਰੀ ਦੀਏ ” ਕਹਿੰਦਿਆਂ ਦੀ ਆਵਾਜ਼ ਸਾਨੂੰ ਸੁਣਾਈ ਦਿੱਤੀ । ਸ਼ਾਇਦ ਉਥੇ ਸਾਰੇ ਫੌਜੀ ਹੀ ਮਾਰੇ ਗਏ । ਇਸ ਤੋਂ ਕੋਈ ਪੰਜ ਮਿੰਟ ਬਾਅਦ ਫੌਜੀਆਂ ਨੇ ਸਾਡੇ ਮਕਾਨ ਦੇ ਪਿੱਛੇ ਲੱਗਦੀ ਗਲੀ ਵਿੱਚ ਇੱਕ ਫੌਜੀ ਜੀਪ ਲਿਆ ਕੇ ਖੜੀ ਕਰਨ ਦਾ ਯਤਨ ਕੀਤਾ । ਇਸ ਜੀਪ ਉੱਪਰ ਇੱਕ ਤੋਪ ਬੀੜੀ ਹੋਈ ਸੀ ਅਤੇ ਉਸ ਵਿੱਚ ਫੌਜੀ ਜਵਾਨ ਸਵਾਰ ਸਨ । ਪਰ ਉੱਪਰ ਕਿਸੇ ਟਿਕਾਣੇ ਬੈਠੇ ਸਿੰਘਾਂ ਨੇ ਇਨ੍ਹਾਂ ਦੇ ਅੱਗੇ ਵੱਧਣ ਤੇ ਰੋਕ ਪਾ ਦਿੱਤੀ । ਅਸੀਂ ਸੁਣਿਆ ਸੀ ਕਿ ਇਸ ਟਿਕਾਣੇ ਉੱਤੇ ਕੋਈ 12-13 ਸਿੰਘ ਸਨ ਜਿਨ੍ਹਾਂ ਆਖ਼ਰੀ ਦਮ ਤਕ , ਬਹਾਦਰੀ ਦੇ ਜੌਹਰ ਦਿਖਾਏ ।
ਰਾਤ ਨੂੰ ਕੋਈ ਪੌਣੇ ਦਸ ਵਜੇ ਇੱਕ ਛੋਟਾ ਟੈਂਕ ਪ੍ਰੀਕਰਮਾ ਵਿੱਚ ਦਾਖਲ ਹੋਇਆ । ਇਸ ਟੈਂਕ ਦਾ ਗੋਲਾ ਸਾਡੇ ਗੁੱਠ ਵਾਲੇ ਕਮਰੇ ਵਿੱਚ ਆ ਕੇ ਲੱਗਾ । ਇਸ ਗੋਲੇ ਨਾਲ ਉਪਰੋਕਤ ਸਿੰਘਾਂ ਵਿੱਚੋਂ ਇੱਕ ਸਿੰਘ ਜ਼ਖ਼ਮੀ ਵੀ ਹੋ ਗਿਆ ਸੀ , ਜਿਸ ਨੂੰ ਉਸਦੇ ਸਾਥੀ ਹੇਠਾਂ ਛੱਡ ਗਏ ਸਨ । ਅਸੀਂ ਇਸ ਟੈਂਕ ਨੂੰ ਨਕਾਰਾ ਹੁੰਦਿਆਂ ਦੇਖਿਆ । ਅਗਲੇ ਦਿਨ ਇਹ ਟੈਂਕ ਬਾਬਾ ਸਵਾਇਆ ਸਿੰਘ ਦੀ ਛਬੀਲ ਪਾਸ ਗੁੱਠ ਵਿੱਚ ਉਸੇ ਹਾਲਤ ਵਿੱਚ ਖੜਾ ਸੀ । ਅਜਾਇਬ ਘਰ ਵਲੋਂ ਰਾਤ ਦੇ ਕੋਈ ਬਾਰਾਂ ਵਜੇ ਤੱਕ ਫੌਜ ਦੇ ਅੱਗੇ ਵੱਧਣ ’ ਤੇ ਰੁਕਾਵਟ ਪਾਈ ਜਾਂਦੀ ਰਹੀ । ਉਸ ਤੋਂ ਬਾਦ ਇਹ ਪਾਸਾ ਫੌਜ ਨੇ ਕਬਜ਼ੇ ‘ ਚ ਕਰ ਲਿਆ । ਰਾਤ ਨੂੰ ਕੋਈ ਸਾਢੇ ਕੁ ਦਸ ਵਜੇ ਕੁੱਝ ਟੈਂਕ ਲੰਗਰ ਵਾਲੇ ਰਸਤੇ ਪ੍ਰੀਕਰਮਾ ਵਿੱਚ ਦਾਖ਼ਲ ਹੋ ਗਏ ਸਨ । ਇਹਨਾਂ ਵਿੱਚੋਂ ਇੱਕ ਟੈਂਕ ਨੇ ਲਾਈਟ ਦਾ ਗੋਲਾ ਮਾਰਿਆ ਸੀ । ਅਗਲੇ ਦਿਨ ਇੱਕ ਟੈਂਕ ਬਾਬਾ ਦੀਪ ਸਿੰਘ ਵਾਲੀ ਛਬੀਲ ਪਾਸ , ਦੋ ਟੈਂਕ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਥਾਨ ਲੰਘ ਕੇ ਅੱਗੇ ਅਤੇ ਇੱਕ ਛੋਟਾ ਟੈਂਕ ਜੋ ਪਹਿਲਾਂ ਦਾਖਲ ਹੋਇਆ ਸੀ , ਉਹ ਬਾਬਾ ਸਵਾਇਆ ਸਿੰਘ ਦੀ ਛਬੀਲ ਕੋਲ ਖੜ੍ਹਾ ਸੀ । ਪਹਿਲਾਂ ਜ਼ਹਿਰੀਲੀ ਗੈਸ ਇੱਕ ਗੋਲਾ ਅਕਾਲ ਤਖ਼ਤ ਸਾਹਿਬ ਤੇ ਸੁੱਟਿਆ ਗਿਆ , ਜਿਸ ਦਾ ਅਸਰ ਸਾਡੇ ਕਮਰਿਆਂ ਤੱਕ ਵੀ ਹੋਇਆ । ਫਿਰ ਇਹਨਾਂ ਟੈਂਕਾਂ ਨੇ ਸਾਰੀ ਰਾਤ ਗੋਲਾਬਾਰੀ ਕੀਤੀ । ਇੱਕ – ਇੱਕ ਕਮਰੇ ਵਿੱਚ ਗੋਲੇ ਮਾਰੇ ਗਏ ।
ਚਾਰ ਜੂਨ ਦੀ ਸ਼ਾਮ ਤੋਂ ਬਾਅਦ ਅਸੀਂ ਆਪਣਾ ਲੰਗਰ ਤਿਆਰ ਨਹੀਂ ਕਰ ਸਕੇ , ਨਾ ਹੀ ਪੰਜ ਦੀ ਰਾਤ ਨੂੰ ਸੌਂ ਸਕੇ ਸਾਂ । ਸਾਡੇ ਅੰਦਰ ਵੀ ਗੋਲੀਆਂ ਆ ਰਹੀਆਂ ਸਨ । ਛੇ ਜੂਨ ਦੀ ਸਵੇਰ ਨੂੰ ਕੋਈ ਪੌਣੇ ਨੌਂ ਵਜੇ ਤੋਂ ਸਵਾ ਨੌਂ ਵਜੇ ਦੇ ਵਿਚਕਾਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਘਮਸਾਨ ਦਾ ਯੁੱਧ ਹੋਇਆ । ਇਸ ਤੋਂ ਬਾਅਦ ਫੌਜ ਹੋਰ ਸਾਰੇ ਪਾਸਿਆਂ ਤੇ ਤਾਂ ਕਾਬਜ਼ ਹੋ ਗਈ ਸੀ ਪਰ ਅਕਾਲ ਤਖ਼ਤ ਸਾਹਿਬ ਦੇ ਆਸੇ ਪਾਸੇ ਤੋਂ , ਸਾਡੀ ਵਾਲੀ ਗੁੱਠ ਉੱਪਰ ਅਤੇ ਬੰਗਿਆਂ ‘ ਤੇ ਹਾਲਾਂ ਫੌਜ ਕਾਬਜ਼ ਨਹੀਂ ਸੀ ਹੋ ਸਕੀ । ਕੋਈ ਦੋ ਵਜੇ ਤੱਕ ਗੋਲੀ ਚਲਦੀ ਰਹੀ ਅਤੇ ਫਿਰ ਕੁੱਝ ਘੱਟ ਗਈ । ਜਿਵੇਂ ਕਿ ਪਿੱਛੇ ਦੱਸਿਆ ਸੀ , ਛੇ ਜੂਨ ਸ਼ਾਮ ਦੇ ਚਾਰ ਵੱਜ ਕੇ ਪੰਜ ਮਿੰਟ ‘ ਤੇ ਫੌਜੀਆਂ ਵੱਲੋਂ ਮੈਗਾਫੋਨ ` ਤੇ ਕੰਪਲੈਕਸ ਵਿੱਚ ਮੌਜੂਦ ਸਾਰਿਆਂ ਨੂੰ ਅੱਧੇ ਘੰਟੇ ਵਿੱਚ ਬਾਹਰ ਆਉਣ ਲਈ ਅਨਾਊਂਸਮੈਂਟ ਕੀਤੀ ਗਈ ਸੀ । ਪਹਿਲਾਂ ਤਾਂ ਅਸੀਂ ਜੱਕੋ ਤੱਕਿਆ ਵਿੱਚ ਸਾਂ ਪਰ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਆਏ ਭਾਈ ਗੁਰਦੀਪ ਸਿੰਘ ਜੀ ਅਰਦਾਸੀਏ ਅਤੇ ਹੋਰ ਸੇਵਾਦਾਰਾਂ ਨੂੰ ਦੇਖਿਆ ਤਾਂ ਅਸੀਂ ਝੱਟ – ਪੱਟ ਹੇਠਾਂ ਉਤਰ ਆਏ । ਕਾਹਲੀ ਵਿੱਚ ਅਸੀਂ ਕੇਵਲ ਬਾਹਰਲੇ ਗੇਟ ਨੂੰ ਹੀ ਤਾਲੇ ਮਾਰੇ ਸਨ । ਕੁੱਝ ਕੁ ਜ਼ਰੂਰੀ ਸਮਾਨ ਤੇ ਨਕਦੀ ਅਸੀਂ ਥੈਲੇ ਵਿੱਚ ਪਾਇਆ ਸੀ । ਪੰਜ ਕੁ ਸੌ ਰੁਪੈ ਨਕਦ , ਦੋ ਘੜੀਆਂ ਅਤੇ ਕੁਝ ਹੋਰ ਸੋਨੇ ਦਾ ਕੀਮਤੀ ਸਮਾਨ ਸੀ । ਥੈਲਾ ਸਾਡੇ ਪਾਸੋਂ ਫੌਜੀਆਂ ਨੇ ਖੋਹ ਲਿਆ । ਕਿਉਂਕਿ ਮੇਰੇ ਹੱਥ ਤਾਂ ਉਹਨਾਂ ਪੌੜੀਆਂ ਉਤਰਦਿਆਂ ਹੀ ਉਪਰ ਕਰਵਾ ਦਿੱਤੇ ਸਨ । ਫਿਰ ਦੱਖਣਵਾਲੀ ਡਿਉਢੀ ਪਾਸ ਜਾ ਕੇ ਸਿਰ ਦੀ ਛੋਟੀ ਦਸਤਾਰ ਨਾਲ ਮੇਰੇ ਹੱਥ ਪਿਛੇ ਬੰਨ੍ਹ ਦਿੱਤੇ।ਉਥੇ ਕੋਈ ਦੋ ਕੁ ਸੌ ਸਿੰਘ ਬੀਬੀਆਂ ਅਤੇ ਬੱਚੇ ਇਕੱਠੇ ਕੀਤੇ ਸਨ ।
ਗ੍ਰਿਫ਼ਤਾਰੀ ਦੇਣ ਸਮੇਂ ਹੇਠਾਂ ਛਬੀਲ ਦੇ ਕੋਲ ਇੱਕ ਵੀਹ ਕੁ ਦਿਨਾਂ ਦੇ ਬੱਚੇ ਦੀ ਲਾਸ਼ ਪਈ ਹੋਈ ਸੀ , ਲਾਸ਼ਾ ਸਾਹਮਣੇ ਪ੍ਰੀਕਰਮਾਂ ਵਿੱਚ ਪਈਆਂ ਸਨ , ਕਈ ਲਾਸ਼ਾਂ ਕਮਰਿਆਂ ਵਿੱਚ ਦਿਸਦੀਆਂ ਸਨ ਅਤੇ ਕੋਈ ਪੰਜ ਛੇ ਲਾਸ਼ਾਂ ਬਰਾਂਡੇ ਵਿੱਚ ਪਈਆਂ ਦਿਸ ਰਹੀਆਂ ਸਨ । ਦੱਖਣੀ ਡਿਉਢੀ ‘ ਤੇ ਇਕੱਠੇ ਕੀਤੇ ਇਹਨਾਂ ਸਿੰਘਾਂ ਸਿੰਘਣੀਆਂ ਨੂੰ ਕੋਈ ਚਾਲੀ ਚਾਲੀ ਦੀ ਗਿਣਤੀ ਨਾਲ ਫੌਜ ਦੀਆਂ ਅੱਡ – ਅੱਡ ਯੂਨਿਟਾਂ ਦੇ ਹਵਾਲੇ ਕੀਤਾ ਗਿਆ । ਮੇਰੇ ਪਰਿਵਾਰ ਦੇ ਜੀਅ ਵੀ ਮੇਰੇ ਨਾਲ ਹੀ ਸਨ । ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉਢੀ ਨੂੰ ਅੱਗ ਲੱਗੀ ਹੋਈ ਸੀ ਅਤੇ ਦੋਵੇਂ ਬਿਲਡਿੰਗਾਂ ਸੜ ਰਹੀਆਂ ਸਨ । ਸਾਨੂੰ ਚਾਲੀ ਦੇ ਕਰੀਬ ਬੰਦੀਆਂ ਨੂੰ ਦੁਖਭੰਜਨੀ ਬੇਰੀ ਵਾਲੇ ਘੰਟਾ ਘਰ ਵਾਲੀ ਡਿਉਢੀ ਤੋਂ ਬਾਹਰ ਲਿਆ ਕੇ ਗੋਲੀਆਂ ਨਾਲ ਦੀਵਾਰਾਂ ਦੇ ਕਿਰੇ ਮਲਬੇ ਦੇ ਉੱਪਰ ਬਿਠਾ ਦਿੱਤਾ । ਬੀਬੀਆਂ ਤੇ ਬੱਚਿਆਂ ਨੂੰ ਮਰਦਾਂ ਨਾਲੋਂ ਵੱਖ ਕਰ ਦਿੱਤਾ । ਸ੍ਰੀ ਹਰਿਮੰਦਰ ਸਾਹਿਬ ਅੰਦਰ ਪਿਛਲੇ ਦੋ ਦਿਨਾ ਤੋਂ ਘਿਰੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ , ਭਾਈ ਬਲਵੰਤ ਸਿੰਘ ( ਦੋਵੇਂ ਸੂਰਮੇ ਸਿੰਘ ) , ਸਮੇਤ ਭਾਈ ਅਵਤਾਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਦੇ , 6 ਜੂਨ ਨੂੰ ਸਵੇਰ ਦੀ ਵੱਡੀ ਝੜਪ ਤੋਂ ਬਾਅਦ , ਫ਼ਾਇਰਿੰਗ ਘੱਟ ਹੋਣ ‘ ਤੇ ਜਦ ਦਰਸ਼ਨੀ ਡਿਉਢੀ ਤੋਂ ਬਾਹਰ ਨਿਕਲੇ ਸਨ ਤਾਂ ਭਾਈ ਗੁਰਚਰਨ ਸਿੰਘ ਤੋਂ ਬਿਨਾਂ ਪਹਿਲਾਂ ਤਿੰਨੋਂ ਹੀ ਲਾਚੀ ਬੇਰੀ ਪਾਸ ਫੌਜੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ । ਭਾਈ ਗੁਰਚਰਨ ਸਿੰਘ ਨੂੰ ਗੋਲੀ ਨਾ ਲੱਗੀ , ਉਹ ਲਾਸ਼ਾਂ ਵਿਚ ਲੰਮਾ ਪੈ ਕੇ ਬਚ ਗਿਆ । ਬਾਅਦ ਵਿੱਚ ਉਸ ਨੂੰ ਦੂਜੇ ਜ਼ਖ਼ਮੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ।
ਇਉਂ ਜਦ ਅਸੀਂ ਦੱਖਣੀ ਡਿਉਢੀ ਤੋਂ ਘੰਟਾ ਘਰ ਗੇਟ ਵੱਲ ਨੂੰ ਚਲੇ ਤਾਂ ਕੋਈ ਛੇ ਸੱਤ ਲਾਸ਼ਾਂ ਦੁੱਖ – ਭੰਜਨੀ ਬੇਰੀ ਕੋਲ ਪਈਆਂ ਸਨ । ਬ੍ਰਹਮ ਬੂਟੇ ਵਾਲੀ ਛਬੀਲ ਦੇ ਨਾਲ ਦਾ ਕਮਰਾ ਦਗ – ਦਗ ਸੜ ਰਿਹਾ ਸੀ । ਇਸ ਨੂੰ ਟੈਂਕ ਦੇ ਗੋਲੇ ਨਾਲ ਅੱਗ ਲੱਗੀ ਸੀ । ਇਸ ਤੋਂ ਅੱਗੇ ਜ਼ਨਾਨਾ ਤੇ ਮਰਦਾਨਾ ਦੋਵੇਂ ਇਸ਼ਨਾਨ – ਘਰ ਲਾਸ਼ਾਂ ਨਾਲ ਭਰੇ ਪਏ ਸਨ । ਤਿੰਨ ਚਾਰ ਲਾਸ਼ਾਂ ਘੰਟਾ ਘਰ ਵਾਲੇ ਗੇਟ ਵਿੱਚ ਪਈਆਂ ਸਨ । ਸਾਰੀ ਪ੍ਰੀਕਰਮਾ ਕਾਰਤੂਸਾਂ ਦੇ ਖਾਲੀ ਖੋਲਾਂ ਨਾਲ ਭਰੀ ਹੋਈ ਸੀ । ਸਾਨੂੰ ਬਾਹਰ ਲਿਆਉਣ ਸਮੇਂ ਸਾਡੇ ` ਤੇ ਇਹ ਪਾਬੰਦੀ ਲਾਈ ਗਈ ਸੀ ਕਿ ਅਸੀਂ ਏਧਰ ਉੱਧਰ ਨਹੀਂ ਦੇਖਣਾ । ਜਿੰਨ੍ਹਾਂ ਫੌਜੀਆਂ ਦੇ ਹਵਾਲੇ ਸਾਨੂੰ ਕੀਤਾ ਗਿਆ , ਉਹ ਮਦਰਾਸੀ ਤੇ ਬਿਹਾਰੀ ਜਾਪਦੇ ਸਨ । ਜੋ ਕੋਈ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)