ਗੱਲ 1930 ਦੀ ਹੈ ਉਦੋਂ ਪਿੰਡ ਪੰਡੋਰੀ ਖਾਸ ਦੇ ਸਾਰੇ ਮੱਲ੍ਹੀ ਪਰਿਵਾਰ ਭਾਂਡੇ ਬਣਾਉਣ ਦਾ ਕੰਮ, ਭੱਠਿਆਂ ਦਾ ਕੰਮ ਤੇ ਜਾਂ ਖੱਚਰਾਂ ਰਾਹੀਂ ਪਹਾੜੀ ਇਲਾਕਿਆਂ ਚੋਂ ਭਾਰ ਢੋਣ ਦਾ ਕੰਮ ਕਰਿਆ ਕਰਦੇ ਸਨ । ਇਨ੍ਹਾਂ ਵਿੱਚ ਮਿਲਖੀ ਰਾਮ ਮੱਲੀ ਵੀ ਇਹੀ ਕੰਮ ਕਰਿਆ ਕਰਦਾ ਸੀ। ਗ਼ਰੀਬੀ ਰੱਜ ਕੇ ਸੀ । ਕਮਾਈ ਦਾ ਕੋਈ ਬਹੁਤਾ ਵੱਡਾ ਸਾਧਨ ਨਹੀਂ ਸੀ। ਫਿਰ ਇਕ ਆਸ ਦੀ ਕਿਰਨ ਜਾਗੀ। ਇੱਕ ਰਿਸ਼ਤੇਦਾਰ ਨੇ ਮਨੀਲੇ ਜਾਣ ਲਈ ਕਿਹਾ । ਪਰ ਓਦੋਂ ਪਿੰਡੋਂ ਕੋਈ ਵਿਦੇਸ਼ ਵਿੱਚ ਨਹੀਂ ਗਿਆ ਸੀ ਪਰ ਮਿਲਖੀ ਰਾਮ ਮੱਲੀ ਨੇ ਹਿੰਮਤ ਕੀਤੀ ਤੇ ਰੱਬ ਦਾ ਨਾਂਅ ਲੈ ਕੇ ਸਮੁੰਦਰੀ ਬੇੜੇ ਜਾ ਚੜ੍ਹਿਆ ਤੇ ਮਨੀਲੇ ਲਈ ਰਵਾਨਾ ਹੋਇਆ । ਕਈ ਦਿਨ ਲੱਗ ਗਏ ਮਨੀਲੇ ਪਹੁੰਚਣ ਨੂੰ । ਇਹ ਗੱਲ ਲਗਭਗ 1938 ਦੀ ਹੈ । ਮਿਲਖੀ ਰਾਮ ਮੱਲ੍ਹੀ ਪਿੰਡ ਦਾ ਪਹਿਲਾ ਬੰਦਾ ਸੀ ਜੋ ਪੰਡੋਰੀ ਖਾਸ ਤੋਂ ਮਨੀਲੇ ਪਹੁੰਚਾ । ਵਲੈਤ ਜਾਂ ਹੋਰ ਮੁਲਕਾਂ ਨੂੰ ਲੋਕ 1947 ਤੋਂ ਬਾਅਦ ਹੀ ਜਾਣ ਲੱਗੇ ਸਨ । ਇਸ ਲਈ ਪਿੰਡ ਪੰਡੋਰੀ ਖਾਸ ਤੋਂ ਵਿਦੇਸ਼ ਜਾਣ ਵਾਲਾ ਪਹਿਲਾ ਵਿਅਕਤੀ ਮਿਲਖੀ ਰਾਮ ਮੱਲ੍ਹੀ ਸੀ। ਇਹ ਆਪਣੇ ਪਿੰਡ ਪੰਡੋਰੀ ਖਾਸ ਤੋਂ ਕੋਈ ਬੰਦਾ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਗਿਆ ਸੀ। ਮਨੀਲੇ ਜਾ ਕੇ ਉੱਥੇ ਪਹਿਲਾਂ ਇੱਕ ਗੁਰੂ ਘਰ ਇਕੱਠੇ ਹੋਏ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਲੱਭਿਆ। ਦਿਨ ਰਾਤ ਮਿਹਨਤ ਕਰਨ ਲੱਗ ਗਏ ਤੇ ਪੰਜ-ਛੇ ਸਾਲ ਪਿੰਡ ਕੋਈ ਚਿੱਠੀ ਪੱਤਰ ਵੀ ਨਾ ਪਹੁੰਚਾ।
ਇਧਰ 1947 ਵਿੱਚ ਦੇਸ਼ ਆਜ਼ਾਦ ਹੋਇਆ ਤੇ ਨਾਲ ਹੀ ਹਿੰਦੂ ਮੁਸਲਿਮ ਕਤਲੇਆਮ ਵੀ ਸ਼ੁਰੂ ਹੋੲਿਅਾ । ਇਨ੍ਹਾਂ ਸਮਿਆਂ ਵਿਚ ਹੀ ਮਨੀਲਾ ਵਿੱਚ ਵੀ ਬੜਾ ਅਰਾਜਕਤਾ ਵਾਲਾ ਮਾਹੌਲ ਸੀ । ਸੈਕਿੰਡ ਵਰਲਡ ਵਾਰ ਚੱਲ ਰਹੀ ਸੀ । 1946 ਦੇ ਆਸ ਪਾਸ ਚਾਰੇ ਪਾਸੇ ਖ਼ੂਨ ਖ਼ਰਾਬਾ ਹੋ ਰਿਹਾ ਸੀ। ਦੱਸਦੇ ਹਨ ਕਿ ਮਿਲਖੀ ਰਾਮ ਮੱਲ੍ਹੀ ਹੁਰਾਂ ਨੇ ਜੋ 7- 8 ਸਾਲਾਂ ਪੈਸੇ ਕਮਾਏ ਸਨ ਉਹ ਉਨ੍ਹਾਂ ਦੇ ਕੋਲ ਹੀ ਸਨ ਜੋ ਕੇ ਸਰ੍ਹਾਣਿਆਂ ਵਿਚ ਰੱਖੇ ਹੋਏ ਸਨ ਕਿਉਂਕਿ ਉਦੋਂ ਪੈਸੇ ਇੰਡੀਆ ਭੇਜਣ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਸੀ ਹੁੰਦਾ । ਵਿਦੇਸ਼ ਗਏ ਲੋਕਾਂ ਨੇ ਜਦੋਂ ਸਫ਼ਰ ਲਾ ਕੇ ਵਾਪਿਸ ਆਉਣਾ ਤਾਂ ਲੋਕ ਪੈਸੇ ਆਪਣੇ ਨਾਲ ਹੀ ਲੈ ਕੇ ਆਉਂਦੇ ਸਨ। ਮਨੀਲਾ (ਫਿਲਪਾੲੀਨਜ) ਦਾ ਮਾਹੌਲ ਵੀ ਬਹੁਤ ਖ਼ਰਾਬ ਹੋ ਚੁੱਕਾ ਸੀ। ਚਾਰੇ ਪਾਸੇ ਦੰਗੇ ਫ਼ਸਾਦ ਤੇ ਕਤਲੇਆਮ ਹੋ ਰਿਹਾ ਸੀ। ਲੁੱਟਾਂ ਖੋਹਾਂ ਹੋ ਰਹੀਆਂ ਸਨ ਤੇ ਪੈਸੇ ਲੁੱਟਣ ਵਾਲਿਆਂ ਵੱਲੋਂ ਪੈਸੇ ਲੁੱਟ ਕੇ ਲੋਕਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਸੀ । ਇਸ ਲਈ ਮਿਲਖੀ ਰਾਮ ਹੁਰਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਹੱਥੀਂ ਕਮਾਏ ਹੋਏ ਪੈਸੇ ਆਪ ਸਾੜਨੇ ਪਏ । ਜਦੋਂ ਉਨ੍ਹਾਂ ਆਪਣੀ ਕੀਤੀ ਹੋਈ ਕਮਾਈ ਨੂੰ ਆਪਣੇ ਹੱਥੀਂ ਅੱਗ ਲਾਈ ਤਾਂ ਭੁੱਬਾਂ ਮਾਰ ਕੇ ਰੋਣ ਲੱਗੇ ਕਿਉਂਕਿ ਇਨ੍ਹਾਂ ਨੂੰ ਪਿੱਛੇ ਆਪਣੇ ਗ਼ਰੀਬੀ ਨਾਲ ਘੁਲਦੇ ਪਰਿਵਾਰ ਨਜ਼ਰ ਆ ਰਹੇ ਸਨ ਜੋ ਇਨ੍ਹਾਂ ਦੀ ਸਫ਼ਰ ਲਾ ਕੇ ਵਾਪਸ ਘਰਾਂ ਨੂੰ ਆਉਣ ਦੀ ਆਸ ਲਾਈ ਬੈਠੇ ਸਨ ।
ਫਿਰ ਕੁਝ ਸਮੇਂ ਬਾਅਦ ਫਿਲਪਾਈਨਜ਼ ਦਾ ਮਾਹੌਲ ਠੀਕ ਹੋਇਆ। ਇਨ੍ਹਾਂ ਹੌਸਲਾ ਨਾ ਹਾਰਿਆ ਤੇ ਮੁੜ ਕਮਾਈ ਕਰਨ ਲਈ ਡਟ ਗਏ । ਬਹੁਤ ਕਮਾਈ ਕੀਤੀ ਤੇ ਪਹਿਲੀ ਵਾਰ 14 ਵਰ੍ਹਿਆਂ ਬਾਅਦ ਵਾਪਸ ਇੰਡੀਆ ਆਪਣੇ ਪਿੰਡ ਪਰਤੇ ।
ਪਿੰਡ ਕੁਝ ਮਹੀਨੇ ਰਹੇ ਤੇ ਫਿਰ ਵਾਪਸ ਜਾ ਕੇ ਪਿੰਡ ਤੋਂ ਚੰਨਣ ਰਾਮ...
ਮੱਲੀ ਨੂੰ ਵੀ ਮਨੀਲੇ ਬੁਲਾਇਆ ।ਫਿਰ ਉਸ ਤੋਂ ਬਾਅਦ ਮਾਸਟਰ ਸੋਹਣ ਲਾਲ ਤੇ ਫਿਰ ਗੁਰਦਾਸ ਰਾਮ ਮੱਲ੍ਹੀ, ਅਜੀਤ ਰਾਮ ਮੱਲ੍ਹੀ, ਅੱਛਰ ਸਿੰਘ, ਕੁਲਭੂਸ਼ਨ ਮੱਲ੍ਹੀ ਤੇ ਹੋਰ ਵੀ ਅਨੇਕਾਂ ਲੋਕ ਮਨੀਲੇ ਵੱਲ ਵਹੀਰਾਂ ਘੱਤ ਕੇ ਜਾਣ ਲੱਗੇ। ਪਿੰਡ ਪੰਡੋਰੀ ਖਾਸ ਤੋਂ ਮੱਲ੍ਹੀ ਪਰਿਵਾਰਾਂ ਦੇ ਸੈਂਕੜੇ ਲੋਕ ਮਨੀਲੇ ਨੂੰ ਗਏ ਤੇ ਸਾਰਿਆਂ ਬੜੀ ਕਮਾਈ ਕੀਤੀ।
ਮਨੀਲਾ ਵਿੱਚ ਜ਼ਿਆਦਾਤਰ ਫਾਇਨਾਂਸ ਦਾ ਹੀ ਕੰਮ ਹੈ। ਆਪਣੇ ਲੋਕ ਉੱਥੇ ਜਾ ਕੇ ਫਾਇਨਾਂਸ ਦਾ ਕੰਮ ਕਰਦੇ ਹਨ ਜੋ ਕਿ ਖਤਰਨਾਕ ਕੰਮ ਵੀ ਹੈ । ਇਹ ਪੈਸਿਆਂ ਦਾ ਕੰਮ ਕਰਦੇ ਸਮੇਂ ਲੁਟੇਰੇ ਬਹੁਤ ਵਾਰ ਜਾਨੀ ਨੁਕਸਾਨ ਵੀ ਕਰ ਦਿੰਦੇ ਹਨ । ਆਪਣੇ ਪਿੰਡ ਪੰਡੋਰੀ ਦੇ ਦੋ ਵਿਅਕਤੀਆਂ ਦਾ ਇਸੇ ਤਰ੍ਹਾਂ ਮਨੀਲੇ ਵਿਚ ਕਤਲ ਹੋਇਆ ਹੈ । ਜਿਨ੍ਹਾਂ ਵਿਚ ਇਕ ਤਾਂ ਮਿਲਖੀ ਰਾਮ ਦਾ ਲੜਕਾ ਕੇਵਲ ਕਿਸ਼ਨ ਮੱਲ੍ਹੀ ਤੇ ਦੂਜਾ ਗੁਲਜ਼ਾਰ ਮੁਹੰਮਦ ਦਾ ਲੜਕਾ ਕਰਮਵੀਰ (ਕਾਲੂ ) ਵੀ ਲੁਟੇਰਿਆਂ ਨੇ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ ਸੀ😢
ਇਕ ਬੜੀ ਹੀ ਦਿਲਚਸਪ ਗੱਲ ਹੈ ਕਿ ਮਨੀਲਾ ਜਿੰਨਾ ਮੱਲ੍ਹੀਆਂ ਨੂੰ ਰਾਸ ਆਇਆ ਉਨ੍ਹਾਂ ਕਿਸੇ ਹੋਰ ਬਰਾਦਰੀ ਨੂੰ ਨਹੀਂ ਆਇਆ। ਜੇਕਰ ਕਿਸੇ ਜ਼ਿਮੀਂਦਾਰ ਜਾਂ ਹੋਰ ਬਰਾਦਰੀ ਦੇ ਵਿਅਕਤੀ ਨੇ ਮਨੀਲੇ ਜਾ ਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕਾਰੋਬਾਰ ਨਹੀਂ ਚੱਲ ਸਕਿਆ ਜਾਂ ਕੋਈ ਹੋਰ ਵਿਘਨ ਪੈ ਜਾਂਦਾ ਰਿਹਾ ਹੈ। ਇਸ ਲਈ ਮਨੀਲਾ ਕੁਦਰਤੀ ਤੌਰ ਤੇ ਆਪਣੇ ਪਿੰਡੋਂ ਮੱਲੀਆਂ ਦੇ ਹੀ ਰਾਸ ਆਇਆ ਹੈ ।
ਪਿੰਡ ਪੰਡੋਰੀ ਖਾਸ ਵਿਚ ਮੱਲ੍ਹੀਆਂ ਦੇ ਕਰੀਬ ਸੱਤਰ ਘਰ ਹਨ ਜਿਨ੍ਹਾਂ ਵਿੱਚੋਂ ਬਹੁਤੇ ਮਨੀਲੇ ਜਾਂ ਹੋਰ ਵੱਡੇ ਮੁਲਕਾਂ ਵਿੱਚ ਜਾ ਵਸੇ ਹਨ ਹੁਣ ਪਿੰਡ ਵਿਚ ਮੱਲ੍ਹੀ ਪਰਿਵਾਰਾਂ ਦੇ ਕਰੀਬ 100 ਵਿਅਕਤੀ ਪਿੰਡ ਵਿੱਚ ਰਹਿ ਰਹੇ ਹਨ। ਇਕ ਅਨੁਮਾਨ ਅਨੁਸਾਰ ਪਿੰਡ ਪੰਡੋਰੀ ਖਾਸ ਦੇ ਲਗਪਗ 200 ਵਿਅਕਤੀ ਅੱਜ ਵੀ ਮਨੀਲੇ ਵਿੱਚ ਰਹਿ ਰਹੇ ਹਨ । ਇਨ੍ਹਾਂ ਵਿਚ ਚੰਨਣ ਰਾਮ ਮੱਲੀ ਦਾ ਪਰਿਵਾਰ , ਗੁਰਦਾਸ ਰਾਮ ਮੱਲੀ ਦਾ ਪਰਿਵਾਰ , ਜੀਤ ਰਾਮ ਮੱਲੀ ਦਾ ਪਰਿਵਾਰ ਅਵਤਾਰ ਚੰਦ ਮੱਲੀ ਦਾ ਪਰਿਵਾਰ, ਬਿੰਦਰ ਮੱਲੀ ਦਾ ਪਰਿਵਾਰ ,ਜਸਵਿੰਦਰ ਮੱਲ੍ਹੀ ਦਾ ਪਰਿਵਾਰ , ਸਰਬਣ ਮੱਲੀ ਦਾ ਪਰਿਵਾਰ ਸਤੀਸ਼ ਮੱਲ੍ਹੀ, ਤੀਰਥ ਮੱਲ੍ਹੀ, ਜਗਦੀਸ਼ ਮੱਲ੍ਹੀ, ਮਨੋਜ ਸੋਹਲ , ਕੁਲਭੂਸ਼ਨ ਮੱਲੀ, ਅਜੇ ਕੁਮਾਰ ਮੱਲੀ, ਜਸਪਾਲ ਮੱਲ੍ਹੀ, ਅਮਰਜੀਤ ਮੱਲੀ ਦਾ ਪਰਿਵਾਰ, ਨਰਵੀਰ ਮੱਲ੍ਹੀ, ਰਣਜੀਤ ਮੱਲੀ, ਗੋਪੀ ਮੱਲ੍ਹੀ ,ਰਾਜਾ ਮੱਲ੍ਹੀ ਆਦਿ ਦੇ ਨਾਮ ਵਰਨਣਯੋਗ ਹਨ।
ਪਿੰਡ ਪੰਡੋਰੀ ਖਾਸ ਵਿਚ ਮੱਲੀਆਂ ਦਾ ਬਹੁਤ ਸਤਿਕਾਰ ਮਾਣ ਹੈ । ਮੱਲੀਆਂ ਦੇ ਪਰਿਵਾਰ ਚੋਂ ਹੀ ਗੁਰਮੇਲ ਮੱਲ੍ਹੀ ਦੀ ਧਰਮ ਪਤਨੀ ਸਰਬਜੀਤ ਕੌਰ ਮੱਲ੍ਹੀ 1998 ਵਿੱਚ ਪਿੰਡ ਦੀ ਸਰਪੰਚ ਚੁਣੀ ਗਈ । ਪਿੰਡ ਵਿਚ ਇਕ ਮੱਲੀਆਂ ਦਾ ਥੜ੍ਹਾ ਵੱਜਦਾ ਹੈ ।ਪਰਮਾਤਮਾ ਪਿੰਡ ਵੱਸਦੇ ਅਤੇ ਵਿਦੇਸ਼ਾਂ ਚ ਵੱਸਦੇ ਸਮੂਹ ਮੱਲ੍ਹੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ।
-ਪਲਵਿੰਦਰ ਸਿੰਘ ਪੰਡੋਰੀ
Mob 9878751913
Access our app on your mobile device for a better experience!