ਮੋਗਾ – ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਮਨੀਲਾ ਗਏ ਮੋਗਾ ਦੇ ਅਮਰਜੀਤ ਨੂੰ ਟਰੈਵਲ ਏਜੰਟ ਵੱਲੋਂ ਠੱਗੀ ਦਾ ਇੰਨਾ ਖ਼ਮਿਆਜ਼ਾ ਭੁਗਤਣਾ ਪਿਆ ਕਿ ਪੀੜਤ ਪਿਛਲੇ ਦੋ ਸਾਲਾਂ ਤੋਂ ਮਨੀਲਾ ਦੀ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧੀ ਜਦੋਂ ਪੀੜਤ ਦੀ ਪਤਨੀ ਵੱਲੋਂ ਮੋਗਾ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਲੰਬੀ ਜਾਂਚ ਤੋਂ ਬਾਅਦ ਮੋਗਾ ਪੁਲਸ ਨੇ ਧੋਖਾਦੇਹੀ ਦੇ ਦੋਸ਼ ‘ਚ ਦੋਸ਼ੀ ਦੋ ਸਕੇ ਭਰਾਵਾਂ ਜੋ ਟਰੈਵਲ ਏਜੰਟ ਸਨ , ਖਿਲਾਫ ਆਈ.ਪੀ.ਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਕਰ ਰਹੇ ਥਾਣਾ ਕੋਟ ਈਸੇ ਖਾਂ ਦੇ ਏਐਸਆਈ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪ੍ਰੀਤ ਕੌਰ ਵਾਸੀ ਪਿੰਡ ਖੋਸਾ ਕੋਟਲਾ (ਮੋਗਾ) ਨੇ 22 ਸਤੰਬਰ 2021 ਨੂੰ ਐਸਐਸਪੀ ਮੋਗਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦੇ ਪਿੰਡ ਦੇ ਹੀ ਇੰਦਰਜੀਤ ਸਿੰਘ ਦਾ ਭਰਾ ਬਲਜੀਤ ਸਿੰਘ। ਮਨੀਲਾ ਵਿੱਚ ਰਹਿੰਦਾ ਸੀ.. ਇੰਦਰਜੀਤ ਸਿੰਘ ਲੋਕਾਂ ਨੂੰ ਮਨੀਲਾ ਭੇਜਣ ਲਈ ਟਰੈਵਲ ਏਜੰਟ ਦਾ ਕੰਮ ਕਰਦਾ ਸੀ।
ਮੁਲਜ਼ਮ ਇੰਦਰਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਪਤੀ ਅਮਰਜੀਤ ਸਿੰਘ ਨੂੰ 13 ਜੂਨ 2019 ਨੂੰ 3 ਲੱਖ ਰੁਪਏ ਲੈ ਕੇ ਮਨੀਲਾ ਭੇਜ ਦਿੱਤਾ। ਮੁਲਜ਼ਮਾਂ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਸਿੰਘ ਵਰਕ ਪਰਮਿਟ ’ਤੇ ਮਨੀਲਾ ਜਾ ਰਿਹਾ ਸੀ, ਜਦੋਂਕਿ ਧੋਖੇ ਨਾਲ ਮੁਲਜ਼ਮਾਂ ਨੇ ਉਸ ਨੂੰ ਟੂਰਿਸਟ ਵੀਜ਼ਾ ਦਿਵਾ ਕੇ ਮਨੀਲਾ ਭੇਜ ਦਿੱਤਾ ਸੀ। ਇੰਦਰਜੀਤ ਸਿੰਘ...
ਦੇ ਭਰਾ ਬਲਜੀਤ ਸਿੰਘ ਜੋ ਕਿ ਪਹਿਲਾਂ ਹੀ ਮਨੀਲਾ ਵਿੱਚ ਰਹਿ ਰਹੇ ਸਨ, ਨੇ ਸ਼ਿਕਾਇਤਕਰਤਾ ਦੇ ਪਤੀ ਅਮਰਜੀਤ ਸਿੰਘ ਨੂੰ ਮਨੀਲਾ ਵਿੱਚ ਇੱਕ ਕੰਪਨੀ ਵਿੱਚ ਛੇ ਮਹੀਨੇ ਤੱਕ ਕੰਮ ਕਰਵਾਇਆ ਅਤੇ ਜਦੋਂ ਅਮਰਜੀਤ ਸਿੰਘ ਨੇ ਪੈਸੇ ਘਰ ਭੇਜਣ ਲਈ ਛੇ ਮਹੀਨੇ ਦੀ ਤਨਖਾਹ ਮੰਗੀ ਤਾਂ ਬਲਜੀਤ ਸਿੰਘ ਨੇ ਖੁਦ ਅਮਰਜੀਤ ਸਿੰਘ ਨੂੰ ਮਨੀਲਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਕਰਕੇ ਪੁਲਿਸ ਨੂੰ ਫੜਾ ਦਿੱਤਾ।
ਇਸ ਤੋਂ ਬਾਅਦ ਬਲਜੀਤ ਸਿੰਘ ਖੁਦ ਭਾਰਤ ਆ ਗਿਆ। ਅਮਰਜੀਤ ਸਿੰਘ ਦੇ ਪਰਿਵਾਰ ਨੇ ਮੁਲਜ਼ਮ ਇੰਦਰਜੀਤ ਸਿੰਘ ਅਤੇ ਉਸ ਦੇ ਭਰਾ ਬਲਜੀਤ ਸਿੰਘ ਨੂੰ ਵਾਰ-ਵਾਰ ਅਪੀਲ ਕੀਤੀ ਕਿ ਉਹ ਅਮਰਜੀਤ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾ ਕੇ ਮਨੀਲਾ ਤੋਂ ਭਾਰਤ ਲਿਆਉਣ ਵਿੱਚ ਮਦਦ ਕਰਨ, ਪਰ ਮੁਲਜ਼ਮਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਜਿਸ ਕਾਰਨ ਪੀੜਤ ਪਰਿਵਾਰ ਨੇ ਮਜ਼ਬੂਰੀ ਵਿੱਚ ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ। ਕਰੀਬ ਛੇ ਮਹੀਨੇ ਤੱਕ ਚੱਲੀ ਪੁਲਿਸ ਜਾਂਚ ਵਿੱਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਥਾਣਾ ਕੋਟ ਈਸੇ ਖਾਂ ਵਿੱਚ ਦੋਵਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
Access our app on your mobile device for a better experience!