ਵੈਂਟੀਲੇਟਰ ਦਾ ਨਾਂ ਤੁਸੀਂ ਸਭ ਨੇ ਖਬਰਾਂ ਚ ਜ਼ਰੂਰ ਸੁਣਿਆ ਹੋਵੇਗਾ। ਕਰੋਨਾ ਇਨਫੈਕਸ਼ਨ ਤੋਂ ਬਚਾਉ ਲਈ ਅਨੇਕਾਂ ਤਰੀਕੇ, ਪ੍ਰਹੇਜ਼, ਦਵਾਈਆਂ ਆਦਿ ਬਾਰੇ ਵੀ ਤੁਸੀਂ ਬਹੁਤ ਕੁੱਝ ਸੁਣਿਆ ਹੋਵੇਗਾ। ਇਹ ਸਾਰੇ ਹੀ ਇਨਫੈਕਸ਼ਨ ਨੂੰ ਵਿਗੜਨ ਤੋਂ ਬਚਾਅ ਕਰਦੇ ਹਨ। ਲੇਕਿਨ ਜਦ ਕਰੋਨਾ ਇਨਫੈਕਟਿਡ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ ਤਾਂ ਉਸਨੂੰ ਬਚਾਉਣ ਚ ਵੈਂਟੀਲੇਟਰ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ।
ਕਰੋਨਾ ਇਨਫੈਕਟਿਡ ਮਰੀਜ਼ ਦੀ ਜਾਨ ਨੂੰ ਖਤਰਾ ਨਿਮੋਨੀਆ ਬਣਨ ਤੇ ਹੁੰਦਾ ਹੈ। ਤਦ ਉਹਦੇ ਫੇਫੜੇ ਆਕਸੀਜਨ ਲੈਣੋਂ ਤੇ ਕਾਰਬਨ ਡਾਈ ਆਕਸਾਈਡ ਆਦਿ ਖਤਰਨਾਕ ਗੈਸਾਂ ਛੱਡਣੋਂ ਅਸਮਰੱਥ ਹੋ ਜਾਂਦੇ ਹਨ। ਤਦ ਇਹ ਕੰਮ ਵੈਂਟੀਲੇਟਰ ਸੰਭਾਲ ਲੈਂਦਾ ਹੈ। ਉਂਜ ਵੈਂਟੀਲੇਟਰ ਕਿਸੇ ਵੀ ਬੀਮਾਰੀ ਦਾ ਇਲਾਜ ਨਹੀਂ ਕਰਦਾ, ਪ੍ਰੰਤੂ ਕਿਸੇ ਵੀ ਬੀਮਾਰੀ ਨਾਲ ਲੜਨ ਵੇਲੇ ਸਰੀਰ ਦੀ ਜ਼ਿਆਦਾ ਹੀ ਵਿਗੜੀ ਹਾਲਤ ਚ ਉਸਦੀ ਆਕਸੀਜਨ ਦੀ ਲੋੜ ਵਧ ਜਾਂਦੀ ਹੈ।
ਜੇ ਫੇਫੜੇ ਕੰਮ ਛੱਡ ਜਾਣ ਤਾਂ ਵਿਅਕਤੀ ਦੇ ਸਭ ਸੈੱਲ ਸਹੀ ਤਰ੍ਹਾਂ ਕੰਮ ਕਰਨੋਂ ਹਟ ਜਾਂਦੇ ਹਨ। ਅਤੇ ਵਿਅਕਤੀ ਕੁੱਝ ਹੀ ਸਮੇਂ ਚ ਮਰ ਜਾਂਦਾ ਹੈ। ਜਦ ਫੇਫੜੇ ਕੰਮ ਘੱਟ ਕਰਦੇ ਹਨ ਤਾਂ ਇਸ ਸਥਿਤੀ ਨੂੰ Hypoxia ਕਿਹਾ ਜਾਂਦਾ ਹੈ। ਵਿਅਕਤੀ ਨੂੰ ਜ਼ਿੰਦਾ ਰੱਖਣ ਚ ਸਭ ਤੋਂ ਵੱਧ ਆਕਸੀਜਨ ਦੀ ਲੋੜ ਦਿਮਾਗ਼ ਨੂੰ ਹੁੰਦੀ ਹੈ। ਜੇ ਸਿਰਫ ਚਾਰ ਮਿੰਟ ਵਾਸਤੇ ਦਿਮਾਗ਼ ਨੂੰ ਆਕਸੀਜਨ ਨਾਂ ਮਿਲੇ ਤਾਂ ਬਰੇਨ ਸੈੱਲਜ਼ ਵੱਡੀ ਮਾਤਰਾ ਵਿੱਚ ਮਰ ਜਾਂਦੇ ਹਨ। ਨਤੀਜੇ ਵਜੋਂ ਦਿਮਾਗ਼ ਪੱਕੇ ਤੌਰ ਤੇ ਫੇਲ ਹੋ ਜਾਂਦਾ ਹੈ। ਜੋ ਕਦੇ ਠੀਕ ਨਹੀਂ ਹੋ ਸਕਦਾ।
ਕਰੋਨਾ ਇਨਫੈਕਟਿਡ ਮਰੀਜ਼ ਨੂੰ ਘੱਟੋ-ਘੱਟ 15 ਤੋਂ 25 ਦਿਨ ਤੱਕ ਵੈਂਟੀਲੇਟਰ ਤੇ ਰੱਖਣਾ ਪੈਂਦਾ ਹੈ। ਭਾਰਤ ਵਿੱਚ ਇਸ ਵਕਤ ਸਿਰਫ 40000 ਦੇ ਕਰੀਬ ਵੈਂਟੀਲੇਟਰ ਹਨ। ਇਹਨਾਂ ਚੋਂ ਵੀ ਬਹੁਤੇ ਵੈਂਟੀਲੇਟਰ ਪਹਿਲਾਂ ਹੀ ਅੈਮਰਜੈਂਸੀ ਚ ਪਏ ਮਰੀਜ਼ਾਂ ਤੇ ਲੱਗੇ ਹੋਏ ਹਨ। ਯਾਨਿ ਕਿ ਭਾਰਤ ਵਿੱਚ ਕਰੋਨਾ ਕਾਰਨ ਹਾਲਾਤ ਵਿਗੜਨ ਤੇ ਮਰੀਜ਼ਾਂ ਨੂੰ ਵੈਂਟੀਲੇਟਰ ਨਹੀਂ ਦਿੱਤੇ ਜਾ ਸਕਦੇ। ਇਸੇ ਤਰ੍ਹਾਂ ਪੰਜਾਬ ਵਿੱਚ ਸਿਰਫ 500 ਵੈਂਟੀਲੇਟਰ ਹਨ। ਪੰਜਾਬ ਵਿੱਚ ਜ਼ਿਲਾ ਲੈਵਲ ਤੇ 19 ਹਸਪਤਾਲ ਹਨ ਜੋ ਕਿ 50 ਤੋਂ 400 ਬੈੱਡ ਵਾਲੇ ਹਨ। ਸੈਕੰਡਰੀ ਲੈਵਲ ਦੇ 164 ਹਸਪਤਾਲ ਹਨ।
ਜੇ ਹੁਣ ਭਾਰਤ ਵਿੱਚ ਵੈਂਟੀਲੇਟਰ ਬਣਾਉਣੇ ਸ਼ੁਰੂ ਕੀਤੇ ਜਾਣ ਤਾਂ ਸਾਲ ਭਰ ਚ ਸਿਰਫ ਚਾਰ ਲੱਖ ਵੈਂਟੀਲੇਟਰ ਹੀ ਬਣਨਗੇ। ਜਦ ਕਿ ਜੇ ਭਾਰਤ ਵਿੱਚ ਲੌਕ ਡਾਊਨ ਪੂਰੀ ਤਰ੍ਹਾਂ ਸਫਲ ਨਾ ਹੋਇਆ ਅਤੇ ਇੱਥੇ ਮਹਾਂਮਾਰੀ ਫੈਲ ਗਈ ਤਾਂ ਭਾਰਤ ਵਿੱਚ 80 ਲੱਖ ਵੈਂਟੀਲੇਟਰਾਂ...
ਦੀ ਲੋੜ ਪੈ ਸਕਦੀ ਹੈ। ਭਾਰਤ ਵਿੱਚ ਹਸਪਤਾਲ ਵੀ ਬਹੁਤ ਘੱਟ ਹਨ। ਭਾਰਤ ਵਿੱਚ ਕੁੱਲ ਸਰਕਾਰੀ ਹਸਪਤਾਲਾਂ ਵਿੱਚ ਸਿਰਫ 7,13,986 ਬੈੱਡ ਹਨ।
ਜੇ ਭਾਰਤ ਦੇ 60 ਸਾਲ ਤੋਂ ਉੱਪਰ ਦੇ ਅੱਧੇ ਬਜ਼ੁਰਗ ਵੀ ਬੀਮਾਰ ਹੋ ਗੲੇ ਤਾਂ 1000 ਮਰੀਜ਼ਾਂ ਚੋਂ ਸਿਰਫ 11 ਮਰੀਜ਼ਾਂ ਨੂੰ ਹੀ ਬੈੱਡ ਮਿਲੇਗਾ। ਇਸੇ ਤਰ੍ਹਾਂ ਜੇ ਕਰੋਨਾ ਇਨਫੈਕਸ਼ਨ ਜ਼ਿਆਦਾ ਹੀ ਫੈਲਦੀ ਹੈ ਤਾਂ ਇੱਥੇ ਹਸਪਤਾਲਾਂ, ਬੈੱਡਾਂ, ਐਮਰਜੈਂਸੀ ਵਾਰਡਾਂ, ਡਾਕਟਰਾਂ, ਨਰਸਾਂ ਤੇ ਵੈਂਟੀਲੇਟਰਾਂ ਦੀ ਘਾਟ ਕਾਰਨ ਵੀ ਬਹੁਤੇ ਮਰੀਜ਼ ਬਹੁਤ ਤੜਪ ਤੜਪ ਕੇ ਮਰ ਜਾਣਗੇ।
ਇਸਲਈ ਕਰੋਨਾ ਇਨਫੈਕਸ਼ਨ ਨੂੰ ਮਹਾਂਮਾਰੀ ਬਣਨ ਤੋਂ ਰੋਕਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ, ਪ੍ਰਹੇਜ਼ ਆਦਿ ਸਿੱਖਣੇ ਚਾਹੀਦੇ ਹਨ। ਲੋਕਾਂ ਨੂੰ ਭਾਰਤ ਦੀਆਂ ਸਿਹਤ ਸਹੂਲਤਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਕਰੋਨਾ ਇਨਫੈਕਸ਼ਨ ਨੂੰ ਖਤਮ ਕਰਨਾ ਇੱਕ ਖਤਰਨਾਕ ਜੰਗ ਤੋਂ ਘੱਟ ਨਹੀਂ ਹੈ।
ਧੀਰਜ, ਸਿਆਣਪ, ਵਿਉਂਤ ਤੇ ਹੌਸਲੇ ਨਾਲ ਹੀ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਇਸ ਲਈ ਵੱਧ ਤੋਂ ਵੱਧ ਸਰਕਾਰੀ ਹੁਕਮਾਂ ਦਾ ਪਾਲਣ ਕਰੋ। ਭਾਰਤ ਦੀ ਕੇਂਦਰੀ ਸਰਕਾਰ ਅਤੇ ਸੂਬਿਆਂ ਦੀਆਂ ਸਭ ਸਰਕਾਰਾਂ ਬਹੁਤ ਹੀ ਵਧੀਆ ਤਰਾਂ ਕਰੋਨਾ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਉਣ ਲਈ ਯਤਨ ਕਰ ਰਹੀਆਂ ਹਨ। ਵੈਸੇ ਤਾਂ ਸਭ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਨੇ ਹੁਣ ਤੱਕ ਬਹੁਤ ਵਧੀਆ ਡਿਉਟੀ ਨਿਭਾਈ ਹੈ ਪ੍ਰੰਤੂ ਸਭ ਤੋਂ ਵਧੀਆ ਡਿਉਟੀ ਪੁਲੀਸ ਨੇ ਨਿਭਾਈ ਹੈ। ਲੇਕਿਨ ਜਿੰਨੀ ਸਰਕਾਰ ਗੰਭੀਰ ਹੈ ਓਨੇ ਬਹੁਤ ਭਾਰਤੀ ਅਜੇ ਗੰਭੀਰ ਨਹੀਂ ਹਨ। ਸਰਕਾਰ ਨੇ ਆਉਣ ਵਾਲੇ ਖਤਰਨਾਕ ਸਮੇਂ ਨੂੰ ਭਾਂਪ ਲਿਆ ਹੈ। ਪ੍ਰੰਤੂ ਲੋਕਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਕਿ ਭਾਰਤ ਦੂਜੀ ਤੋਂ ਤੀਜੀ ਖਤਰਨਾਕ ਸਟੇਜ ਵੱਲ ਵਧ ਰਿਹਾ ਹੈ।
ਭਾਰਤ ਨੂੰ ਸਟੇਜ ਤਿੰਨ ਚ ਪਹੁੰਚਣ ਤੋਂ ਬਚਾਉਣ ਲਈ ਭਾਰਤ ਚ ਲਗਾਤਾਰ ਲੌਕ ਡਾਊਨ ਰਹਿਣਾ ਚਾਹੀਦਾ ਹੈ। ਲੇਕਿਨ ਗਰੀਬਾਂ, ਮਜ਼ਦੂਰਾਂ ਸਮੇਤ ਸਭ ਲੋੜਵੰਦਾਂ ਨੂੰ ਘਰਾਂ ਵਿੱਚ ਹੀ ਖਾਣਾ, ਪੀਣਾ ਤੇ ਦਵਾਈਆਂ ਦਾ ਵਧੀਆ ਪ੍ਰਬੰਧ ਦੇਣਾ ਪਵੇਗਾ। ਹਸਪਤਾਲਾਂ ਦੀ ਗਿਣਤੀ ਅਤੇ ਹਾਲਤ ਸੁਧਾਰਨੀ ਪਵੇਗੀ। ਸਕੂਲ, ਕਾਲਜ ਇੱਕ ਸਾਲ ਲਈ ਬੰਦ ਰੱਖਣੇ ਪੈ ਸਕਦੇ ਹਨ। ਕਰਫਿਊ ਜਾਂ ਲੌਕ ਡਾਊਨ ਛੇ ਮਹੀਨੇ ਤੱਕ ਵੀ ਲਾਉਣਾ ਪੈ ਸਕਦਾ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ 9463038229
Access our app on your mobile device for a better experience!