ਜਲੰਧਰ- ਪੰਜਾਬ ਦਾ ਨੌਜਵਾਨ ਇਸ ਵੇਲੇ ਕਿਸੇ ਵੀ ਤਰੀਕੇ ਭਾਰਤ ਛੱਡਣ ਲਈ ਤਿਆਰ ਹੈ। ਚਾਹੇ ਉਹ ਰਸਤਾ ਕੋਈ ਵੀ ਹੋਵੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਲੰਧਰ ਵਿਚ ਹੋਏ 6ਵੇਂ ਸਪਾਰਕ ਕੈਰੀਅਰ ਗਾਈਡੇਂਸ ਮੇਲੇ ਵਿਚ, ਜਿਥੇ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਪੰਜਾਬ ਦੇ ਹਾਲਾਤਾਂ ਦਾ ਹਵਾਲਾ ਦਿੰਦਿਆਂ ਦੇਸ਼ ਛੱਡਣਾ ਚਾਹੁੰਦੀ ਹੈ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਨੂੰ ਜਲੰਧਰ ਵਿਚ ਹੋਏ ਇਸ ਰੁਜ਼ਗਾਰ ਮੇਲੇ ਵਿਚ 7 ਸਟਾਲ ਲਾਏ ਗਏ ਸਨ। ਇਸ ਦੌਰਾਨ ਵਿਦਿਆਰਥੀ ਵਿਦੇਸ਼ ਵਿਚ ਆਪਣੇ ਸੁਨਹਿਰੇ ਭਵਿੱਖ ਦੀ ਉਮੀਦ ਲਈ ਆਪਣੇ ਨਾਂ ਰਜਿਸਟਰ ਕਰਵਾ ਰਹੇ ਸਨ। ਇਸ ਦੌਰਾਨ ਆਈਲੈਟਸ ਸੈਂਟਰ ਸਟਾਲ ਤੋਂ ਲੰਘ ਰਹੇ ਵਿਦਿਆਰਥੀਆਂ ਨੇ ਇਹ ਕਹਿੰਦਿਆਂ ਬਿਹਤਰ ਭਵਿੱਖ ਦੀ ਆਸ ਜਤਾਈ ਕਿ ਉਹਨਾਂ ਦੇ ਕਈ ਪੜ੍ਹੇ-ਲਿਖੇ ਰਿਸ਼ਤੇਦਾਰ ਇਥੇ ਬੇਰੁਜ਼ਗਾਰ ਘੁੰਮ ਰਹੇ ਹਨ। ਫੈਸਟੀਵਲ ਦੌਰਾਨ ਵਿਦਿਆਰਥੀਆਂ ਨੂੰ ਆਈਲੈਟਸ ਦੇ ਲੱਗੇ ਸਟਾਲਾਂ ਵਲੋਂ ਇਕ ਫਾਰਮ ਭਰਨ ਲਈ ਦਿੱਤਾ ਗਿਆ।
ਇਸ ਦੌਰਾਨ ਅਦਰਸ਼ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਵਲੋਂ ਭਰੇ ਗਏ ਫਾਰਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫਾਰਮ ਵਿਚ ਆਈਲੈਟਸ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਸ ਵਿਦਿਆਰਥਣ ਨੇ ਸੂਬੇ ਦੀ ਕਾਲੀ...
ਸੱਚਾਈ ਸਾਹਮਣੇ ਰੱਖ ਦਿੱਤੀ। ਉਸ ਦੇ ਜਵਾਬ ਨੇ ਇਹ ਸਾਬਿਤ ਕਰ ਦਿੱਤਾ ਕਿ ਆਖਿਰ ਕਿਉਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣਾ ਚਾਹੁੰਦੀ ਹੈ।
ਵਿਦਿਆਰਥਣ ਨੇ ਆਈਲੈਟਸ ਸੈਂਟਰ ਦੀ ਆਨਸਰ ਸ਼ੀਟ ਤੇ ਆਪਣਾ ਮੋਬਾਇਲ ਨੰਬਰ ਲਿਖਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਥੇ ਹੁਣ ਕੁਝ ਬਚਿਆ ਹੈ ਤੇ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਹਨ। ਇਸ ਲਈ ਮੇਰੇ ਕੋਲ ਇਥੇ ਰਹਿਣ ਦਾ ਕੋਈ ਇਕ ਵੀ ਕਾਰਨ ਨਹੀਂ ਹੈ ਤੇ ਇਸੇ ਕਾਰਨ ਮੈਂ ਖੁਦ ਨੂੰ ਆਪਣੀ 12ਵੀਂ ਕਲਾਸ ਤੋਂ ਬਾਅਦ ਵਿਦੇਸ਼ ਜਾਣ ਲਈ ਤਿਆਰ ਕਰ ਲਿਆ ਹੈ।
ਵਿਦਿਆਰਥਣ ਨੇ ਅੱਗੇ ਲਿਖਿਆ ਕਿ ਸਾਡੇ ਕੋਲ ਵਿਦੇਸ਼ ਜਾਣ ਦਾ ਕਾਰਨ ਹੈ। ਮੇਰੀ ਇਕ ਦੋਸਤ ਦੇ ਪਿਤਾ ਨੇ ਬੀ-ਕਾਮ ਦੀ ਪੜਾਈ ਕੀਤੀ ਹੈ ਤੇ ਉਹ ਆਪਣੇ ਗੁਜ਼ਰ-ਬਸਰ ਲਈ ਆਟੋ ਰਿਕਸ਼ਾ ਚਲਾ ਰਹੇ ਹਨ। ਅਜਿਹੀਆਂ ਹੋਰ ਕਈ ਉਦਾਹਰਣਾਂ ਹਨ, ਜਿਸ ਕਾਰਨ ਅਸੀਂ ਆਪਣਾ ਭਵਿੱਖ ਵਿਦੇਸ਼ ਵਿਚ ਸੋਚਣ ਤੇ ਮਜਬੂਰ ਹਾਂ।
Access our app on your mobile device for a better experience!