ਹਾਲ ਬਜਾਰ ਕਿੰਨੀ ਅੰਦਰ ਇੱਕ ਭੀੜੀ ਜਿਹੀ ਗਲੀ ਦੀ ਨੁੱਕਰ ਤੇ ਅੱਪੜ ਇੱਕ ਮੁੰਡੇ ਨੂੰ ਹਰਬੰਸ ਸਿੰਘ ਦਰਜੀ ਦਾ ਪਤਾ ਪੁੱਛਿਆ..ਉਸਨੇ ਚੁਬਾਰੇ ਵੱਲ ਇਸ਼ਾਰਾ ਕਰ ਦਿੱਤਾ..!
ਨਿੱਕੀ ਇੱਟ ਦੇ ਬਣੇ ਪੂਰਾਣੇ ਜਿਹੇ ਮਕਾਨ ਦੀਆਂ ਪੰਝੀ ਤੀਹ ਪੌੜੀਆਂ ਚੜ ਉੱਪਰ ਪਹੁੰਚਿਆ ਤਾਂ ਸਾਹੋ-ਸਾਹੀ ਹੋ ਗਏ ਦਾ ਕਿੰਨਾ ਸਾਰਾ ਮੁੜਕਾ ਚੋ ਗਿਆ..ਸੋਚਣ ਲੱਗਾ ਹੁਣ ਹੇਠਾਂ ਉੱਤਰਦਿਆਂ ਪਤਾ ਨੀ ਕੀ ਬਣੂ ਮੇਰਾ?
ਅੱਗੇ ਵੇਖਿਆ ਗਿਆਰਾਂ ਕੂ ਸਾਲਾਂ ਦਾ ਮੁੰਡਾ ਮਸ਼ੀਨ ਚਲਾ ਰਿਹਾ ਸੀ..ਪੁੱਛਿਆ ਤਾਂ ਆਖਣ ਲੱਗਾ “ਭਾਪਾ ਜੀ ਘੜੀ ਕੂ ਹੋਏ ਬਾਹਰ ਨੂੰ ਗਏ ਨੇ”
ਆਖਿਆ “ਕੋਟ ਸਵਾਉਣਾ ਏ..ਕੋਈ ਡਿਜ਼ਾਈਨ ਹੈ ਤੇ ਵਿਖਾ”..ਉਸਨੇ ਕਿੰਨੇ ਸਾਰੇ ਸਿਲ੍ਹੇ ਹੋਏ ਕੋਟਾਂ ਦੇ ਸੈਂਪਲ ਸਾਮਣੇ ਰੱਖ ਦਿੱਤੇ..
ਰੇਟ ਪੁੱਛੇ ਤਾਂ ਆਖਣ ਲੱਗਾ..”ਸਧਾਰਨ ਕੋਟ ਦੇ ਦੋ ਸੌ ਅਤੇ ਡਿਜ਼ਾਈਨਰ ਦੇ ਪੰਜ ਸੌ..!
ਸਾਰੇ ਡਿਜ਼ਾਈਨ ਵੇਖੇ..ਮਨ ਅਸ਼ ਅਸ਼ ਕਰ ਉਠਿਆ..ਏਨੀ ਵਧੀਆ ਸਿਲਾਈ ਅਤੇ ਸਲੀਕੇ ਦੀਆਂ ਕਰੀਜਾਂ..ਉੱਤੋਂ ਬਣਾ ਸਵਾਰ ਕੇ ਰੱਖੀਆਂ ਹੋਈਆਂ ਕਿੰਨੀਆਂ ਸਾਰੀਆਂ ਵੰਨਗੀਆਂ..ਮੇਨ ਬਜਾਰ ਦੇ ਸ਼ੋ ਰੂਮ ਵਾਲਿਆਂ ਦੇ ਦਰਜੀ ਦੇ ਰੇਟ ਅੱਖਾਂ ਅੱਗੇ ਘੁੰਮ ਗਏ..ਸੋਚਣ ਲੱਗਾ ਕੇ ਉਹ ਹੋਣ ਤਾਂ ਇਸ ਤਰਾਂ ਦੇ ਇੱਕ ਸੂਟ ਦੇ ਪੱਕਾ “ਦੋ ਹਜਾਰ” ਤੋਂ ਘੱਟ ਨਾ ਲੈਣ..!
ਫੇਰ ਹਰਬੰਸ ਸਿੰਘ ਨੂੰ ਉਡੀਕਦਾ ਹੋਇਆ ਮੁੰਡੇ ਨਾਲ ਗੱਲੀ ਲੱਗ ਗਿਆ..
ਸਤਵੀਂ ਵਿਚ ਪੜ੍ਹਦਾ ਸੀ ਤੇ ਸਕੂਲ ਮਗਰੋਂ ਕੁਝ ਘੰਟੇ ਭਾਪਾ ਜੀ ਨਾਲ ਬੈਠਿਆ ਕਰਦਾ ਸੀ..!
ਫੇਰ ਅਚਾਨਕ ਬਿੜਕ ਜਿਹੀ ਹੋਈ..ਹਰਬੰਸ ਸਿੰਘ ਉੱਪਰ ਪਹੁੰਚ ਗਿਆ..
ਕੀ ਦੇਖਿਆ ਇੱਕ ਲੱਤ ਹੈ ਨਹੀਂ ਸੀ..ਪੌੜੀਆਂ ਚੜ ਆਏ ਨੇ ਲੱਕੜ ਦੀਆਂ ਦੋਵੇਂ “ਵਿਸਾਖੀਆਂ” ਪਾਸੇ ਰੱਖ ਦਿੱਤੀਆਂ!
ਮੈਂ ਮਨ ਹੀ ਮਨ ਸੋਚਣ ਲੱਗਾ ਕੇ ਹਮਾਤੜ ਦਿਨ ਵਿਚ ਘੱਟੋ ਘਟ ਪੰਜ ਸੱਤ ਵਾਰ ਤੇ ਜਰੂਰ ਉੱਤਰਦਾ ਚੜਦਾ ਹੋਣਾ..!
ਮੁੜ ਹੋਰ ਵੀ ਕਿੰਨੀਆਂ ਗੱਲਾਂ ਦਾ ਪਤਾ ਲੱਗਾ..ਫੌਜ ਚੋ ਰਿਟਾਇਰਡ ਸੀ..ਬਾਡਰ ਤੇ ਤਾਇਨਾਤੀ ਦੌਰਾਨ ਰਾਹ ਵਿਚ ਦੱਬੇ ਬੰਬ ਤੇ ਪੈਰ ਰੱਖ ਹੋਇਆ..ਇੱਕ ਪੈਰ ਉੱਡ ਗਿਆ!
ਦੁਕਾਨ ਅਤੇ ਦੋਹਾਂ ਦੇ ਹਾਲਾਤ ਵੇਖ ਤਰਸ ਜਿਹਾ ਆਇਆ..ਅਤੇ ਮੇਰੀਆਂ ਅੱਖਾਂ ਵਿਚੋਂ ਹਮਦਰਦੀ ਦੇ ਸੋਮੇ ਜਿਹੇ ਫੁੱਟਣ ਲੱਗੇ!
ਅਖੀਰ ਨੂੰ ਦੋ ਡਿਜ਼ਾਈਨਰ ਸੂਟਾਂ ਦਾ ਆਡਰ ਦੇ ਕੇ ਤੁਰਨ ਲੱਗਾ ਤਾਂ ਆਖ ਦਿੱਤਾ..”ਹਰਬੰਸ ਸਿੰਘ ਜੀ ਆਹ ਲਵੋ ਹਜਾਰ ਰੁਪਈਏ ਰੱਖ ਲਵੋ..ਪੰਜ ਸੌ ਫੇਰ ਜਦੋਂ ਲੈਣ ਆਵਾਂਗਾ..ਮੈਨੂੰ ਸਾਰੇ ਡਿਜ਼ਾਈਨ ਅਤੇ ਤੁਹਾਡਾ ਸੁਬਾਹ ਬੜੇ ਹੀ ਜਿਆਦਾ ਪਸੰਦ ਆਏ ਨੇ”
ਅੱਗੋਂ ਆਖਣ ਲੱਗਾ “ਇੰਝ ਨਹੀਂ ਹੋਣਾ ਸਾਬ ਜੀ..ਗੁਰੂ ਰਾਮਦਾਸ ਦੀ ਨਗਰੀ ਦਾ ਦਰਜੀ ਹਾਂ ਵਪਾਰੀ ਨਹੀਂ ਕੇ ਲੱਗੀ ਲਾ ਲਵਾਂ..ਦੋ ਸੂਟਾਂ ਦੇ ਸਿਰਫ “ਹਜਾਰ” ਰੁਪਈਏ ਹੀ ਬਣਦੇ ਨੇ ਤੇ ਹਜਾਰ ਹੀ ਲਵਾਂਗਾ..ਰਹੀ ਗੱਲ ਤਰਸ ਅਤੇ ਹਮਦਰਦੀ ਦੀ..ਇਹ ਦੋਵੇਂ ਚੀਜਾਂ ਇਸ ਫੌਜੀ ਦੇ ਆਤਮ ਸਨਮਾਨ ਤੋਂ ਬਹੁਤ ਛੋਟੀਆਂ ਨੇ..ਵਿਸਾਖੀਆਂ ਮੇਰੇ ਪੈਰਾਂ ਨੂੰ ਚਾਹੀਦੀਆਂ ਮੇਰੇ ਦਿਮਾਗ ਨੂੰ ਨਹੀਂ..”
ਮੈਂ ਇਹ ਸਪਸ਼ਟ ਜਿਹਾ ਜੁਆਬ ਸੁਣ ਚੁੱਪ-ਚਾਪ ਹੇਠਾਂ ਉੱਤਰ ਆਇਆ..
ਹੈਰਾਨਗੀ ਇਸ ਗੱਲ ਦੀ ਹੋਈ ਕੇ ਇਸ ਵਾਰ ਪੌੜੀਆਂ ਉੱਤਰਦਿਆਂ ਨਾ ਤੇ ਕੋਈ ਸਾਹ ਹੀ ਚੜਿਆ ਤੇ ਨਾ ਹੀ ਮੱਥੇ ਤੋਂ ਮੁੜਕੇ ਦੀ ਕੋਈ ਸਿੱਪ ਹੀ ਪੂੰਝਣੀ ਪਈ..!
ਨੋਟ: ਫੋਟੋ ਹਰਬੰਸ ਸਿੰਘ ਦੀ ਨਹੀਂ ਏ..ਵਿਸ਼ਾ ਸਾਰਥਿਕ ਬਣਾਉਣ ਲਈ ਗੂਗਲ ਤੋਂ ਲਈ ਏ
ਹਰਪ੍ਰੀਤ ਸਿੰਘ ਜਵੰਦਾ
Anmol. Moti
ਮੇਰਾ ਵੱਟਸਐਪ ਨੰਬਰ 9878240261
Yaari