ਗੁਰਮਲਕੀਅਤ ਸਿੰਘ ਕਾਹਲੋਂ
ਪਿਛਲੇ ਸਾਲ ਸਾਡੇ ਕਾਲਜ ਵਾਲਿਆਂ ਅਲੂਮਨੀ ਮੀਟ ਕਰਵਾ ਕੇ ਉਹ ਦੋਸਤ ਮਿਲਵਾ ਦਿਤੇ, ਜੋ ਚੇਤਿਆਂ ਵਿਚ ਤਾਂ ਸਨ, ਪਰ ਗਲਬਾਤ ਵਾਲੇ ਸੰਪਰਕ ਨਹੀਂ ਸਨ। ਕਾਲਜ ਮਿਲਣੀ ਮੌਕੇ 22 ਸਾਲ ਪੁਰਾਣਾ ਸਾਰਾ ਕੁਝ ਕਲ ਵਾਂਗ ਲਗਣ ਲਗਾ। ਯਾਦਾਂ ਚੇਤਿਆਂ ਚੋਂ ਉਕਰ ਆਈਆਂ। ਫੋਨ ਨੰਬਰਾਂ ਦਾ ਅਦਾਨ-ਪਰਦਾਨ ਹੋ ਗਿਆ। ਲੰਮੀਆਂ ਗਲਾਂ ਹੋਣ ਲਗ ਪਈਆਂ। ਅਸੀਂ ਗਰੁੱਪ ਕਾਲ ਬਣਾ ਲੈਂਦੇ ਤੇ ਹਾਸਾ ਠੱਠਾ ਚਲਦਾ ਰਹਿੰਦਾ। ਡਾ. ਦਲੀਪ ਚੰਦ ਨੇ ਕਿਤੇ ਟੂਰ ਤੇ ਜਾਣ ਦੀ ਸਲਾਹ ਦਿਤੀ। ਸਾਰਿਆਂ ਨੂੰ ਤਜਵੀਜ ਪਸੰਦ ਆਈ ਤੇ ਮੋਹਰ ਲਗ ਗਈ। ਪ੍ਰੋਗਰਾਮ ਉਲੀਕਿਆ ਜਾਣ ਲਗ ਪਿਆ। ਸਾਰੇ ਚੰਗੀਆਂ ਪੋਸਟਾਂ ਤੇ ਹਾਂ। ਵਿਭਾਗਾਂ ਦੇ ਵੱਡੇ ਅਫਸਰਾਂ ਲਈ ਛੁੱਟੀ ਮਨਜੂਰ ਕਰਵਾਉਂਣੀ ਸੁਖਾਲੀ ਨਹੀਂ ਹੁੰਦੀ। ਯਤਨ ਸ਼ੁਰੂ ਹੋ ਗਏ। ਦੋ ਕੁ ਮਹੀਨੇ ਬਾਦ ਸਾਡਾ 15 ਦਿਨਾਂ ਟੂਰ ਪ੍ਰੋਗਰਾਮ ਬਣ ਗਿਆ। ਵਿਉਂਤਬੰਦੀ ਤਾਂ 14 ਜਣਿਆਂ ਸ਼ੁਰੂ ਕੀਤੀ, ਪਰ ਚਲਣ ਤਕ 8 ਹੀ ਤਿਆਰੀ ਫੜ ਸਕੇ। ਬਾਕੀ ਮਜਬੂਰੀਆਂ ਮੂਹਰੇ ਬੇਵੱਸ ਹੋ ਗਏ।ਕਿੱਥੇ ਕਿੱਥੇ ਜਾਣਾ, ਕੀ ਵੇਖਣਾ ਤੇ ਕਿੰਨੀ ਦੇਰ ਰੁਕਣਾ, ਅਸੀਂ ਜਾਣਕਾਰੀ ਸਾਂਝੀ ਤੇ ਵਿਚਾਰ ਕਰ ਲੈਂਦੇ। ਹਰ ਹਫਤੇ ਅਸੀਂ ਜੂਮ ਮੀਟਿੰਗ ਕਰਦੇ ਤੇ ਉਦੋਂ ਤਕ ਦੇ ਬਣੇ ਪ੍ਰੋਗਰਾਮ ਨੂੰ ਪੱਕਾ ਕਰ ਲਿਆ ਜਾਂਦਾ। ਸਵਾਰੀ ਵਜੋਂ ਇਕ ਟੈਕਸੀ ਅੱਡੇ ਤੋਂ ਨਵਾਂ ਟੈਂਪੂ ਟਰੈਵਲਰ ਰੋਜਾਨਾ ਰੇਟ ਅਤੇ ਡੀਜ਼ਲ ਭਰਾਉਣਾ ਤੈਅ ਕਰਕੇ ਬੁੱਕ ਕਰ ਲਿਆ। ਸਾਡਾ ਮੰਨਣਾ ਸੀ ਕਿ ਸਫਰ ਦਾ ਅਨੰਦ ਖੁੱਲੇ-ਡੁੱਲੇ ਬੈਠਕੇ ਵਧੇਰੇ ਆਉਂਦਾ। ਅਕਤੂਬਰ ਦੀ ਸ਼ੁਰੂਆਤ ‘ਚ ਮੌਸਮੀ ਖਤਰੇ ਦੀ ਚਿੰਤਾ ਮੁੱਕਦੀ ਤਾਂ ਨਹੀਂ, ਘੱਟ ਜਰੂਰ ਜਾਂਦੀ ਹੈ।ਸ਼ਨੀਵਾਰ ਸਵੇਰੇ ਅਸੀਂ ਚਾਲੇ ਪਾਏ ਤੇ ਚੰਡੀਗੜ ਹੁੰਦੇ ਹੋਏ ਰਾਤ ਪਾਉਂਟਾ ਸਾਹਿਬ ਕੱਟੀ। ਯਮੁਨਾ ਦੇ ਕੰਢੇ ਬਣੇ ਗੁਰਦੁਆਰਾ ਸਾਹਿਬ ਵਿਚ ਸਾਰਿਆਂ ਦੀ ਰਿਹਾਇਸ਼ ਦਾ ਵਧੀਆ ਪ੍ਰਬੰਧ ਹੋ ਗਿਆ। ਰੁਹਾਨੀ ਮਹੌਲ ਅਤੇ ਰਮਣੀਕ ਦ੍ਰਿਸ਼ਾਂ ਨਾਲ ਆਲਾ ਦੁਆਲਾ ਮਹਿਕਿਆ ਪਿਆ ਸੀ। ਚਾਨਣੀ ਰਾਤ ਨੂੰ ਯਮੁਨਾ ਕਿਨਾਰੇ ਬੈਠਿਆਂ, ਵਹਿੰਦਾ ਪਾਣੀ ਕਲੋਲਾਂ ਕਰਦਿਆਂ ਆਪਣੀ ਰਮਜ਼ ਸਮਝਾਉਂਦਾ ਲਗੇ। ਅਗਲੇ ਦਿਨ ਜਗਾਧਰੀ, ਸਹਾਰਨਪੁਰ ਹੁੰਦੇ ਹੋਏ, ਰਸਤੇ ਦੀਆਂ ਖਾਸ ਥਾਵਾਂ ਤੇ ਥੋੜਾ ਥੋੜਾ ਰੁਕਦੇ, ਦੇਰ ਸ਼ਾਮ ਦਿੱਲੀ ਤੇ ਆਗਰਾ ਦੇ ਵਿਚਕਾਰ ਰਮਣੀਕ ਜਿਹੀ ਥਾਂ ਤੇ ਬਣੇ ਹੋਟਲ ਵਿਚ ਰੁਕੇ। ਤੀਜੇ ਦਿਨ ਤਾਜ ਮਹਿਲ ਵੇਖਕੇ ਰਾਤ ਗਵਾਲੀਅਰ ਪਹੁੰਚੇ। ਨਾਗਪੁਰ ਤੇ ਨਾਂਦੇੜ ਰਸਤੇ ਕਈ ਸ਼ਹਿਰ ਤੇ ਖਾਸ ਥਾਵਾਂ ਘੁੰਮਦੇ ਘੁੰਮਾਂਉਦੇ ਗੋਆ ਪਹੁੰਚੇ। ਫਿਲਮੀ ਚਕਾਚੌਂਦ ਵਾਲਾ ਮੁੰਬਈ ਸ਼ਹਿਰ ਸਾਡੇ ਵਾਪਸੀ ਰੂਟ ਤੇ ਸੀ। ਗੋਆ ‘ਚ ਅਸੀਂ ਨੋਟ ਕੀਤਾ ਕਿ ਸੁਣਨ ਤੇ ਵੇਖਣ ਵਿਚ ਬੜਾ ਫਰਕ ਹੁੰਦਾ। ਸਮੁੰਦਰੀ ਤੱਟ ਦੇ ਨਜਾਰਿਆਂ ਦਾ ਅਨੰਦ ਪੜੇ ਸਫਰਨਾਮਿਆਂ ਤੋਂ ਜਿਆਦਾ ਮਾਣਿਆਂ। ਉਥੇ ਸਾਨੂੰ ਇੰਜ ਦਾ ਅਸਭਿਅਕ ਕੁਝ ਨਾ ਲਗਾ, ਜਿੰਵੇ ਪ੍ਰਚਾਰ ਕੀਤਾ ਜਾਂਦਾ। ਹਾਂ, ਹੋ ਸਕਦਾ,ਆਪਣੀ ਸੋਚ ਨਾਲ ਜੋੜਕੇ ਵੇਖਦਿਆਂ ਹਰੇਕ ਨੂੰ ਵੱਖਰਾ ਲਗਦਾ ਹੋਵੇ। ਤੀਜੇ ਦਿਨ ਉਥੋਂ ਵਾਪਸੀ ਸੀ।ਦੋ ਦਿਨਾਂ ‘ਚ ਮੁੰਬਈ ਦੀ ਖੂਬਸੂਰਤੀ ਅਤੇ ਸਿਸਟਮ ਬਦਇੰਤਜਾਮੀ ਵੇਖੀ ਗਈ। ਉਥੋਂ ਦੀਆਂ ਚੰਗੀਆਂ ਤੇ ਮਾੜੀਆਂ ਯਾਦਾਂ ਝੋਲੀ ਪਾ ਅਸੀਂ ਘਰ ਦੀ ਦੂਰੀ ਘਟਾਉਣ ਲਗ ਪਏ। ਮੁੰਬਈ ਤੋਂ ਚਲਣ ਵੇਲੇ ਨਕਸ਼ਾ ਵੇਖਦਿਆਂ ਗੁਜਰਾਤ ਬਾਰਡਰ ਦਾ ਚੇਤਾ ਆਉਂਦੇ ਈ ਮੇਰੇ ਜਿਹਨ ਵਿਚ ਮੰਗੇ ਦੀ ਸ਼ਕਲ ਉੱਭਰ ਆਈ। ਲਗਾ ਜਿੰਵੇ ਉਹ ਸਾਹਮਣੇ ਆਣ ਖੜੋ ਗਿਆ ਹੋਏ। ਮਾਸੀ ਤੋਂ ਉਸਦੇ ਬਾਰੇ ਸੁਣੀਆਂ ਗਲਾਂ ਕਾਰਣ ਮੇਰੇ ਮਨ ‘ਚ ਉਸਨੂੰ ਮਿਲਣ ਦੀ ਉਤਸੁਕਤਾ ਸੀ। ਉਹ ਗਲ ਦੋਸਤਾਂ ਨਾਲ ਸਾਂਝੀ ਕੀਤੀ। ਸਾਰਿਆਂ ਨੇ ਉਸ ਬਾਰੇ ਖੁੱਲਕੇ ਦਸਣ ਲਈ ਕਿਹਾ। ਸਾਡੀ ਗੱਡੀ ਦਾ ਡਰਾਈਵਰ ਟਾਇਰ ਚੈਕ ਕਰਾਉਣ ਗਿਆ ਸੀ। ਇਸ ਕਰਕੇ ਗਲ ਕਰਨ ਦਾ ਖੁੱਲਾ ਟਾਈਮ ਸੀ। ਮੈਂ 30 ਸਾਲ ਪਿੱਛਿਓਂ ਗਲ ਤੋਰੀ।‘ਇਹ ਮੰਗਾ ਮੇਰੀ ਮਾਸੀ ਦੇ ਜੇਠ ਦਾ ਮੁੰਡਾ ਹੈ। ਨਿੱਕੇ ਹੁੰਦਿਆਂ ਇਹ ਆਪਣੇ ਚਾਚੇ ਦੇ ਮੁੰਡੇ ਨਾਲ ਸਾਡੇ ਕੋਲ ਆ ਜਾਂਦਾ ਤੇ ਕਈ ਦਿਨ ਵਾਪਸ ਮੁੜਨ ਦਾ ਨਾਂ ਨਹੀਂ ਸੀ ਲੈਂਦਾ। ਮੇਰਾ ਹਾਣੀ ਅਤੇ ਹਾਈ ਸਕੂਲ ਵਿਚ ਜਮਾਤੀ ਵੀ ਸੀ। ਇਸੇ ਕਰਕੇ ਇਸਦਾ ਮੇਰੇ ਨਾਲ ਮੋਹ ਜਿਹਾ ਹੋ ਗਿਆ। ਅਸੀਂ ਪੱਕੇ ਆੜੀ ਬਣ ਗਏ। ਪੜਨ ਵਿਚ ਇਹ ਬਿਲਕੁਲ ਰੁਚੀ ਨਈ ਸੀ ਲੈਂਦਾ। ਸਰੀਰੋਂ ਤਕੜਾ ਸੀ। ਪੰਗੇ ਲੈਣੇ ਤੇ ਕੁੱਟਣਾ ਇਸਦਾ ਸ਼ੌਕ ਸੀ। ਇਸਤੋਂ ਦੁੱਖੀ ਜਮਾਤੀਆਂ ਨੇ ਇਸਦਾ ਨਾਂਅ ਮੋਟੀ ਮੱਤ ਪਾ ਦਿਤਾ। ਉਂਜ ਇਸਦੇ ਪਿਓ ਦਾ ਇਲਾਕੇ ਵਿਚ ਰੋਅਬ ਦਾਬ ਚਲਦਾ ਸੀ। ਉਹ ਮਾਸਟਰਾਂ ਦਾ ਤਰਲਾ ਮਾਰਕੇ ਇਸਨੂੰ ਪਾਸ ਕਰਾ ਲੈਂਦਾ। ਦਸਵੀਂ ਦੇ ਬੋਰਡ ਪੇਪਰ ਕਿਸੇ ਹੋਰ ਸਕੂਲ ਵਿਚ ਸੀ। ਉਥੇ ਦਾ ਸੈਂਟਰ ਸੁਪਰਡੈਂਟ ਢਾਡਾ ਜਿਹਾ ਤੇ ਮੈਂ ਨਾ ਮਾਨੂੰ ਵਾਲਾ ਲਗ ਗਿਆ। ਮੰਗੇ ਸਮੇਤ ਸਾਰੇ ਨਕਲਚੀ ਫੇਲ ਹੋ ਗਏ। ਇਹ ਤਾਂ ਪਹਿਲਾਂ ਈ ਪੜਨ ਦਾ ਖਹਿੜਾ ਛਡਣਾ ਚਾਹੁੰਦਾ ਸੀ। ਨਾ ਇਸਨੇ ਫਿਰ ਦਾਖਲੇ ਬਾਰੇ ਕਿਹਾ ਤੇ ਨਾਂ ਇਸਦੇ ਬਾਪੂ ਨੇ ਜੋਰ ਦਿਤਾ। ਦੋ ਕੁ ਮਹੀਨੇ ਬਾਦ ਬਾਪੂ ਨਾਲ ਖੇਤ ਜਾਣ ਤੋਂ ਜਵਾਬ ਦੇਣ ਲਗ ਪਿਆ। ਬਾਪੂ ਗਲੀਂ ਬਾਤੀਂ ਤਾਂ ਬਥੇਰੀ ਬੇਇਜਤੀ ਕਰਦਾ, ਪਰ ਹੱਥ ਚੁੱਕਣ ਤੋਂ ਸਿਆਣਪ ਕਰ ਜਾਂਦਾ। ਸੋਚਦਾ ਹੋਊ, ਮੂਰਖ ਨੇ ਅਗੋਂ ਹੱਥ ਚੁੱਕ ਲਿਆ ਤਾਂ ਪਿੰਡ ਵਿਚ ਕੀ ਮੂੰਹ ਵਿਖਾਂਊਂ ?ਸਾਲ ਡੇਢ ਸਾਲ ਲੰਘਿਆ ਹੋਊ, ਮੰਗਾ ਬਿਨਾਂ ਦਸੇ ਘਰੋਂ ਭੱਜ ਗਿਆ। ਸਾਲ ਕੁ ਤਾਂ ਪਤਾ ਨਾ ਲਗਾ ਕਿੱਥੇ ਹੈ। ਬਾਦ ਵਿਚ ਇਸਦੀ ਚਿੱਠੀ ਆਉਣ ਲਗ ਪਈ। ਪਰ ਇਹ ਆਪਣਾ ਅਤਾ-ਪਤਾ ਨਾ ਲਿਖਦਾ। ਇਸਦੇ ਮਾਪੇ ਹਰ ਚਿੱਠੀ ਦੀਆਂ ਉਤੇ ਲੱਗੀਆਂ ਡਾਕਖਾਨੇ ਵਾਲੀਆਂ ਮੋਹਰਾਂ ਪੜ੍ਹ ਕੇ ਥਾਂ-ਟਿਕਾਣੇ ਦਾ ਪਤਾ ਲਾਉਣ ਦਾ ਯਤਨ ਕਰਦੇ, ਪਰ ਉਹਨਾਂ ਚੋਂ ਕਈ ਫਿੱਕੀਆਂ ਹੋਣ ਕਰਕੇ ਪੜੀਆਂ ਨਾ ਜਾਂਦੀਆਂ। ਕੋਈ ਪੜ੍ਹੀ ਜਾਂਦੀ ਤਾਂ ਕਦੇ ਕੋਈ ਮਹਾਂਰਾਸ਼ਟਰ ਅਤੇ ਕਦੇ ਗੁਜਰਾਤ ਦੇ ਸ਼ਹਿਰਾਂ ਦੀ ਹੁੰਦੀ। ਇੰਜ 8-10 ਸਾਲ ਲੰਘ ਗਏ। ਭਿਣਕ ਪੈਣ ਲਗ ਪਈ ਕਿ ਉਹ ਦੋਹਾਂ ਸਟੇਟਾਂ ਦੇ ਆਰ-ਪਾਰ ਕਿਸੇ ਪਿੰਡ ਵਿਚ ਹੈ। ਪਹਿਲਾਂ ਇਹ ਗਲ ਨਿਕਲੀ ਕਿ ਉਹ ਕਿਸੇ ਬਾਬੇ ਦੇ ਡੇਰੇ ਰਹਿੰਦਾ। ਫਿਰ ਇਸਦਾ ਬਾਪੂ ਕਹਿਣ ਲਗ ਪਿਆ ਕਿ ਉਹ ਛੋਟਾ ਬਾਬਾ ਬਣ ਗਿਆ। ਕੁਝ ਸਾਲ ਹੋਰ ਲੰਘੇ ਤਾਂ ਪਤਾ ਲਗਾ ਕਿ ਉਹ ਤਾਂ ਆਪਣਾ ਡੇਰਾ ਬਣਾਈ ਬੈਠਾ।ਮੇਰੀ ਗਲ ਸੁਣਕੇ ਸਾਰੇ ਦੋਸਤਾਂ ਦੇ ਮਨਾਂ ‘ਚ ਮੰਗੇ ਨੂੰ ਮਿਲਣ ਦੀ ਦਿਲਚਸਪੀ ਜਾਗ ਪਈ। ਉਸ ਦਿਨ ਮੰਗੇ ਦੇ ਡੇਰੇ ਰਾਤ ਰੁਕਣ ਦੇ ਪ੍ਰੋਗਰਾਮ ਉਤੇ ਮੋਹਰ ਲਗ ਗਈ। ਤਦ ਤਕ ਗੱਡੀ ਵਾਲਾ ਆ ਗਿਆ। ਅਸੀਂ ਇਕ-ਸਾਰਤਾ ਵਾਲੇ ਵਿਹਾਰ ਦਾ ਪਾਠ ਪੜਕੇ ਚਲੇ ਸੀ। ਉਸੇ ਤਹਿਤ ਹਰ ਰੋਜ ਨਵਾਂ ਸੀਟ ਪਲੈਨ ਹੁੰਦਾ। ਹਰ ਸੀਟ ਤੇ ਰੋਜ ਨਵਾਂ ਯਾਤਰੀ ਬੈਠਦਾ। ਕਿਸੇ ਨੂੰ ਚੰਗੀ ਮਾੜੀ ਸੀਟ ਬਾਰੇ ਸ਼ਿਕਾਇਤ ਨਾ ਹੋਵੇ, ਇਹ ਸੋਚਕੇ ਅਸੀਂ ਸੀਟ ਪਲੈਨ ਉਲੀਕਿਆ ਸੀ। ਉਸ ਦਿਨ ਮੇਰੀ ਵਾਰੀ ਮੂਹਰਲੀ ਸੀਟ ਉਤੇ ਸੀ। ਮੂਹਰੇ ਬੈਠਣ ਦਾ ਨਜਾਰਾ ਵੱਖਰਾ ਈ ਹੁੰਦਾ। ਗੱਡੀ ਚਲ ਪਈ ਤਾਂ ਸਾਰਿਆਂ ਤੋਂ ਹਾਂ ਕਰਵਾਕੇ ਮੈਂ ਮੰਗੇ ਨਾਲ ਸੰਪਰਕ ਲਈ ਮਾਸੀ ਦੇ ਮੁੰਡੇ ਨੂੰ ਫੋਨ ਲਾਇਆ। ਉਸ ਕੋਲ ਨੰਬਰ ਹੈ ਨਈ ਸੀ। ਉਹ ਚਲਦਾ ਫੋਨ ਲੈਕੇ ਆਪਣੇ ਤਾਏ ਦੇ ਘਰ ਪਹੁੰਚ ਗਿਆ। ਦੋਹਾਂ ਦੇ ਘਰ ਨਾਲ ਨਾਲ ਈ ਨੇ। ਉਸਨੇ ਮੇਰੇ ਬਾਰੇ ਦਸਕੇ ਚਲਦਾ ਫੋਨ ਮੰਗੇ ਦੇ ਨਿੱਕੇ ਭਰਾ ਦੇ ਕੰਨ ਨੂੰ ਲਾ ਦਿਤਾ। ਉਸਨੇ ਹਾਲ ਚਾਲ ਪੁੱਛਕੇ ਮੈਨੂੰ ਨੰਬਰ ਦੇਦਿਆਂ ਤਕੀਦ ਕੀਤੀ ਕਿ ਇਹ ਨੰਬਰ ਕਿਸੇ ਨੂੰ ਨਹੀਂ ਦਸਣਾ, ਚਾਹੇ ਕਿੰਨਾ ਖਾਸ ਹੋਵੇ। ਭੋਲੇ ਦੀ ਅਗਲੀ ਗਲ ਸੁਣਕੇ ਮੇਰੀਆਂ ਅੱਖਾਂ ਅੱਡੀਆਂ ਗਈਆਂ। ਕਹਿੰਦਾ“ਵੀਰ, ਉਥੇ ਉਸਦਾ ਨਾਂਅ ਸੰਤ ਸ਼ਾਮ ਮੁਰਾਰੀ ਹੈ। ਐਵੇਂ ਤੁਸੀਂ ਮੰਗਲ ਸਿੰਘ ਜਾਂ ਮੰਗਾ ਨਾ ਪੁੱਛਦੇ ਫਿਰਿਓ ? ਵੀਰ, ਉਂਜ ਉਹ ਤੁਹਾਨੂੰ ਯਾਦ ਬਹੁਤ ਕਰਦਾ ਹੁੰਦਾ।“ਭੋਲੇ ਨੇ ਇਹ ਦਸਕੇ ਮੇਰੇ ਮਨ ‘ਚ ਉਭਰਿਆ ਉਹ ਸਵਾਲ ਹੱਲ ਕਰ ਦਿਤਾ ਕਿ ਮੰਗਾ ਪਛਾਣੇਗਾ ਵੀ ਕਿ ਨਹੀਂ। ਪਹਿਲਾਂ ਸੋਚ ਰਿਹਾ ਸੀ, ਕਿਤੇ ਮਿਲਣ ਤੋਂ ਨਾਂਹ ਕਰਕੇ ਦੋਸਤਾਂ ਵਿਚ ਮੈਨੂੰ ਸ਼ਰਮਸਾਰ ਨਾ ਕਰ ਦੇਵੇ। ਉਸਦੇ ਯਾਦ ਕਰਨ ਵਾਲੀ ਗਲ ਨੇ ਮੇਰੀ ਖੁਸ਼ੀ ਦੇ ਨਾਲ ਹੈਰਾਨੀ ਵੀ ਵਧਾਈ। ਮੈਂ ਬੰਦ ਹੋਏ ਫੋਨ ਨੂੰ ਕੰਨ ਤੋਂ ਹਟਾਉਣਾ ਭੁੱਲ ਗਿਆ। ਬੁੱਲ ਸੀਤੇ ਗਏ। ਦੋਸਤਾਂ ਨੂੰ ਲਗਾ, “ਮੈਨੂੰ ਅਗੋਂ ਨਾਂਹ ਹੋ ਗਈ ਐ?” ਪਰ “ਤੁਹਾਨੂੰ ਯਾਦ ਬਹੁਤ ਕਰਦਾ ਹੁੰਦਾ,” ਵਾਲੀ ਗਲ ਮੇਰੇ ਕੰਨਾਂ ਚ ਠੱਕ ਠੱਕ ਕਰੀ ਜਾਵੇ।ਡੇਢ ਕੁ ਘੰਟੇ ਬਾਦ ਬਹੁਤ ਲੰਮੇ ਪੁੱਲ ਤੋਂ ਪਹਿਲਾਂ ਦਿਲਕੱਸ਼ ਥਾਂ ਉਤੇ ਦੋਸਤਾਂ ਗੱਡੀ ਰੁਕਵਾਈ। ਤਿੰਨ ਪਾਸਿਆਂ ਤੋਂ ਪਾਣੀ ਵਿਚ ਘਿਰਿਆ ਟਾਪੂ ਨੁਮਾਂ ਪਿਕਨਿਕ ਸਥਾਨ। ਫੁੱਲਾਂ ਦੀ ਖੁਸ਼ਬੋਅ ਨਾਲ ਮਹਿਕਦਾ ਤੇ ਫੁਹਾਰਿਆਂ ਨਾਲ ਟਹਿਕਦਾ ਪਾਰਕ ਸੈਲਾਨੀਆਂ ਨਾਲ ਭਰਿਆ ਪਿਆ ਸੀ। ਉਤਰਨ ਤੋਂ ਪਹਿਲਾਂ ਮੈਂ ਮੰਗੇ ਦੇ ਡੇਰੇ ਵਾਲੀ ਸਾਰੀ ਗਲ ਸਮਝਾਕੇ ਕੁਝ ਗਲਤ ਨਾ ਹੋਣ ਦਾ ਵਾਅਦਾ ਸਾਰਿਆਂ ਤੋਂ ਲੈ ਲਿਆ। ਉਸ ਗਲ ਨੇ ਨਿਰਾਸ਼ਾਂ ਦੀ ਥਾਂ ਦੋਸਤਾਂ ਦਾ ਉਤਸ਼ਾਹ ਵਧਾ ਦਿਤਾ। ਸਾਰੇ ਇੰਜ ਮਹਿਸੂਸ ਕਰਨ ਲਗੇ ਜਿੰਵੇ ਕਿਸੇ ਹੋਰ ਦੁਨੀਆ ਵਿਚ ਜਾਣ ਦਾ ਵੀਜਾ ਲਗ ਰਿਹਾ ਹੋਏ। ਮੈਂ ਦਿਤਾ ਗਿਆ ਫੋਨ ਲਾਇਆ। ਉਸਦਾ ਗੜਵਈ ਯਨੀ ਪੀ ਏ ਬੋਲ ਰਿਹਾ ਸੀ। ਮੈਂ ਸੰਤ ਜੀ ਨਾਲ ਗਲ ਕਰਨ ਦੀ ਇੱਛਾ ਪ੍ਰਗਟਾਈ। ਉਸਦਾ ਸਵਾਲ ਸੀ “ਅਪੌਇੰਟਮੈਂਟ ਕਿਤਨੇ ਬਜੇ ਕੀ ਹੈ ?“ ਮੈਂ ਬਹਾਨਾ ਲਾਇਆ ਕਿ ਐਮਰਜੈਂਸੀ ਹੈ। ਸਵਾਲ ਸੀ “ਕਿਆ ਸੰਤ ਜੀ ਆਪਕੋ ਜਾਨਤੇ ਹੈਂ?“ ਮੇਰੇ ਹਾਂ, ਕਹਿਣ ਨਾਲ ਈ ਗਲ ਅਗੇ ਤੁਰਨੀ ਸੀ। ਉਸਨੇ ਵੇਟ ਕਰਨ ਲਈ ਕਿਹਾ। ਪੰਜ ਮਿੰਟ ਬਾਦ ਉਸੇ ਨੰਬਰ ਤੋਂ ਕਾਲ ਆਈ। “ਹਾਂ ਬਈ ਪਿੰਦੀ ਕਿੰਵੇਂ ਐਂ ?” ਬਚਪਨ ਵਾਲਾ ਨਾਂਅ ਕੰਨੀ ਪੈਂਦਿਆਂ ਈ ਮੇਰੇ ਲੂੰ ਕੰਡੇ ਖੜੇ ਹੋਗੇ। ਕਹਿੰਦਾ “ਕੈਸਾ ਲਗਾ ਪਿੰਦੀ ?” ਉਸਦੀ ਦੂਜੀ ਟਕੋਰ ਪਹਿਲੀ ਤੋਂ ਕੁਝ ਘੱਟ ਚੁੱਭੀ। ਮੇਰਾ ਸੰਘ ਸੁੱਕ ਗਿਆ। ਅਵਾਜ ਈ ਨਾ ਨਿਕਲੇ। ਮੇਰਾ ਦਿਮਾਗ ਤਾਂ ਵੱਡੀ ਸਾਰੀ ਸਰਕਾਰੀ ਕੁਰਸੀ ਵਾਲੇ ਸਰਦਾਰ ਪਰਮਿੰਦਰ ਸਿੰਘ ਮਾਹਲ ਅਤੇ ਪਿੰਦੀ ਵਿਚਲੇ ਫਰਕ ਨੇ ਮੇਰਾ ਸਿਰ ਚਕਰਾਉਣ ਲਾਤਾ। ਮੰਗੇ ਨੇ ਸਾਡਾ ਗੱਡੀ ਨੰਬਰ, ਕਿੰਨੇ ਜਣੇ, ਕਿੰਨੇ ਦਿਨ ਰਹਿਣਾ, ਹੁਣ ਕਿਥੇ ਹੋ ਆਦਿ ਪੁੱਛਦਿਆਂ ਮੋਹ ਦੁਬਾਰਾ ਮੋਹ ਜਿਤਾ ਦਿਤਾ। ਪਰ ਨਾਲ ਈ ਉਸਨੇ ਸ਼ਰਤ ਲਾ ਦਿਤੀ ਕਿ ਡੇਰੇ ਆਕੇ ਕਿਸੇ ਨੂੰ ਆਪਣੀ ਪਹਿਚਾਣ ਨਹੀਂ ਦਸਣੀ। ਮੈਂ ਸਮਝ ਗਿਆ ਕਿ ਮੰਗੇ ਦੇ ਭਰਾ ਨੇ ਮੈਨੂੰ ਫੋਨ ਦੇਣ ਤੋਂ ਬਾਦ ਉਸਨੂੰ ਸਾਡੇ ਬਾਰੇ ਦਸ ਦਿਤਾ ਹੋਊ।ਪਾਰਕ ਟਹਿਲਦੇ ਟਹਿਲਦੇ ਅਸੀਂ ਗੱਦੀਆਂ ਵਾਲੇ ਬੈਂਚਾਂ ਤੇ ਜਾ ਬੈਠੇ। ਮੰਗੇ ਨਾਲ ਹੋਈ ਮੇਰੀ ਗਲ ਸੁਣਨ ਲਈ ਸਾਰੇ ਉਤਸੁਕ ਸਨ। ਮੈਂ ਉਹ ਪਹਿਚਾਣ ਵਾਲੀ ਸ਼ਰਤ ਦਸ ਦਿਤੀ। ਇਹ ਵੀ ਕਿਹਾ ਕਿ ਉਥੋਂ ਦੀ ਹਰ ਗਲ ਜਾਂ ਤਾਂ ਉਥੇ ਛੱਡ ਕੇ ਜਾਣੀ ਪਊ ਜਾਂ ਫਿਰ ਆਪਣੀਆਂ ਯਾਦਾਂ ਵਿਚ ਸਮਾ ਕੇ ਜੀਭ ਤੇ ਆਉਣ ਤੋਂ ਰੋਕਣੀ ਪਊ। ਸਾਰਿਆਂ ਜਿੰਮੇਵਾਰੀ ਵਾਲੀ ਹਾਮੀ ਭਰ ਦਿਤੀ। ਪਾਰਕ ਚੋਂ ਜੋ ਵੀ ਕੈਮਰਿਆਂ ‘ਚ ਕੈਦ ਕਰ ਸਕਦੇ ਸੀ, ਕਰਕੇ ਅਸੀਂ ਗੱਡੀ ‘ਚ ਜਾ ਬੈਠੇ। ਟਿਕਾਣਾ ਤੇ ਰਸਤਾ ਮੰਗੇ ਨੇ ਸਮਝਾ ਦਿਤਾ ਸੀ। ਚਾਰ ਘੰਟੇ ਦੇ ਸਫਰ ਬਾਦ “ਮੁਕਤੀ ਦੁਆਰ” ਦੇ ਦਿਸ਼ਾ ਸੰਕੇਤਕ ਬੋਰਡ ਦਿਸਣ ਲਗ ਪਏ। ਪੱਕੀ ਸੜਕ ਦੀ ਚੌੜਾਈ, ਸਫਾਈ ਅਤੇ ਗਿਰਦ ਵਾਲੇ ਰੁੱਖਾਂ ਤੋਂ ਸਾਨੂੰ ਡੇਰੇ ਦੀ ਤਾਕਤ ਦੀ ਸਮਝ ਆਉਣ ਲਗ ਪਈ। ਤਿੰਨ ਕੁ ਵਜੇ ਸਾਡੀ ਗੱਡੀ ਨਰਮਦਾ ‘ਚ ਜਾਕੇ ਮਿਲਦੀ ਸੇਮ ਨਾਲੇ ਵਰਗੀ ਤੇ ਸਾਰਾ ਸਾਲ ਵਗਦੀ ਨਦੀ ਦੇ ਕੰਢੇ, ਹਰੇ ਹਰੇ ਰੁੱਖਾਂ ਵਿਚ ਘਿਰੇ ਤੇ ਸੈਂਕੜੇ ਏਕੜਾਂ ਵਿਚ ਫੈਲੇ ਡੇਰੇ ਦੇ ਗੇਟ ਮੂਹਰੇ ਜਾਕੇ ਰੁਕੀ। ਉਥੋਂ ਆਗਿਆ ਪੱਤਰ ਲੈਕੇ ਅਗੇ ਜਾਣ ਬਾਰੇ ਵੱਡੇ ਵੱਡੇ ਬੋਰਡ 4-5 ਭਾਸ਼ਾਵਾਂ ਵਿਚ ਲਿਖੇ ਹੋਏ ਸੀ।ਮੂਹਰਲੀ ਸੀਟ ਤੇ ਬੈਠਾ ਹੋਣ ਕਰਕੇ ਮੇਰਾ ਈ ਬਾਹਰ ਜਾਣਾ ਬਣਦਾ ਸੀ। ਅਜੇ ਬਾਰੀ ਖੋਲੀ ਈ ਸੀ ਕਿ ਹਲਕੇ ਹਰੇ ਰੰਗੀ ਵਰਦੀ ‘ਚ ਸੱਜੇ ਵਿਅਕਤੀ ਨੇ ਸਲੂਟ ਮਾਰਿਆ ਤੇ ਕੋਡ ਪੁੱਛਿਆ। ਉਹੀ ਕੋਡ ਜੋ ਮੰਗੇ ਨੇ ਫੋਨ ਉਤੇ ਮੈਨੂੰ ਦਸਿਆ ਸੀ। ਵਰਦੀਧਾਰੀ ਇਸ਼ਾਰਾ ਕਰਕੇ ਗੇਟ ਖੁਲਵਾਇਆ ਤੇ ਆਪਣਾ ਬੈਟਰੀ ਵਾਲਾ ਸਕੂਟਰ ਸਾਡੇ ਮੂਹਰੇ ਲਾਕੇ ਪਿੱਛੇ ਆਉਣ ਲਈ ਕਿਹਾ। ਥੋੜਾ ਅਗੇ ਜਾਕੇ ਸਾਨੂੰ ਇਮਾਰਤਾਂ ਦਿਸਣ ਲਗ ਪਈਆਂ। ਨਦੀ ਦੇ ਦੋਹੀਂ ਪਾਸੀਂ ਲੰਮੇ ਚੌੜੇ ਰਕਬੇ ਵਿਚ ਵਸਿਆ ਪਿੰਡ। ਚੁਫੇਰੇ ਪੱਕੀਆਂ ਸੜਕਾਂ, ਬਾਗ ਬਗੀਚੇ ਤੇ ਝੀਲਾਂ। ਮੇਰੇ ਯਾਰਾਂ ਨੇ ਮਹਿਸੂਸ ਕੀਤਾ ਜਿੰਵੇ ਇਕ ਹੋਰ ਟੂਰ ਬਣ ਗਿਆ ਹੋਵੇ। ਐਸਕੌਰਟ ਕਰਨ ਵਾਲੇ ਨੇ ਗੱਡੀ ਪਾਰਕਿੰਗ ‘ਚ ਲਵਾ ਦਿਤੀ। ਉਥੋਂ ਸਾਨੂੰ ਬੈਟਰੀ ਕਾਰਾਂ ਵਿਚ ਬਹਾਕੇ 100 ਮੀਟਰ ਦੂਰੀ ਤੇ ਪੰਜ ਤਾਰਾ ਹੋਟਲ ਵਰਗੀ ਇਮਾਰਤ ਮੂਹਰੇ ਉਤਾਰਿਆ। ਇਮਾਰਤ ਉਤੇ ਅਤਿਥੀ ਗ੍ਰਹਿ ਯਨੀ ਗੈਸਟ ਹਾਊਸ ਦਾ ਬੋਰਡ ਸੀ। ਅੰਦਰ ਸ਼ਹਾਨਾ ਖਾਣ ਪੀਣ ਦੇ ਪ੍ਰਬੰਧ ਸਨ। ਥੋੜੀ ਦੇਰ ਬਾਦ ਇਕੱਲੇ ਇਕੱਲੇ ਨੂੰ ਕਮਰੇ ਦਿਤੇ ਗਏ। ਗੱਡੀ ਚੋਂ ਸਾਡਾ ਸਮਾਨ ਲਿਆ ਕੇ ਸਪੁੱਰਦ ਕਰ ਦਿਤਾ। ਆਪਸ ਵਿਚ ਆਹਮੋ ਸਾਹਮਣੇ ਵਾਂਗ ਗਲਾਂ ਕਰਨ ਲਈ ਟੀਵੀ/ ਵੀਡੀਓ ਕੋਡ ਦੇ ਦਿਤੇ। ਗਲਬਾਤ ਦੌਰਾਨ ਸਾਨੂੰ ਪਤਾ ਲਗਾ ਕਿ ਗੈਸਟ ਹਾਊਸ ਕਦੇ ਕਦਾਈਂ ਖਾਸ ਪ੍ਰਾਹੁਣਿਆਂ ਲਈ ਹੀ ਖੁਲਦਾ ਸੀ। ਇਹ ਸੁਣਕੇ ਸਾਨੂੰ ਆਪਣੇ ਸਵਾਗਤ ਉਤੇ ਮਾਣ ਮਹਿਸੂਸ ਹੋਇਆ।ਘੰਟੇ ਕੁ ਬਾਦ ਸਾਨੂੰ ਪ੍ਰਵਚਨ ਸੁਣਨ ਲਈ ਜਾਣ ਬਾਰੇ ਪੁੱਛਿਆ ਗਿਆ। ਅਸੀਂ ਤਾਂ ਪਹਿਲਾਂ ਈ ਬਾਹਰ ਘੁੰਮਣ ਲਈ ਕਾਹਲੇ ਸੀ। 10 ਮਿੰਟਾਂ ਚ ਤਿਆਰ ਹੋਕੇ ਨਿਕਲ ਗਏ। ਵੱਡੇ ਸਾਰੇ ਹਾਲ ਦੇ ਐਂਟਰੀ ਗੇਟ ਤੇ ਲੋਕ ਚੜਾਵਾ ਰਸੀਦਾਂ ਕਟਵਾ ਰਹੇ ਸੀ। ਪਰ ਮੂਹਰੇ ਚਲਦੇ ਸੇਵਾਦਾਰ ਨੇ ਸਾਨੂੰ ਤੁਰੇ ਆਉਣ ਦਾ ਇਸ਼ਾਰਾ ਕੀਤਾ। ਵੱਡੀ ਸਾਰੀ ਫੁੱਲਾਂ ਲੱਦੀ ਸਟੇਜ ਉਤੇ ਮਾਈਕ ਮੂਹਰੇ ਬੈਠੇ ਸੰਤ ਜੀ ਪ੍ਰਵਚਨ ਕਰ ਰਹੇ ਸੀ। ਸਾਡੇ ਲਈ ਮੂਹਰਲੀ ਕਤਾਰ ਚ ਗੱਦੇਦਾਰ ਮਖਮਲੀ ਕੁਰਸੀਆਂ ਲਗੀਆਂ ਸੀ। ਅਸੀਂ ਨੋਟ ਕੀਤਾ, ਸੰਗਤ ਚੋਂ ਕੁਝ ਦਾ ਧਿਆਨ ਸਾਡੇ ਵਲ ਹੋਇਆ। ਪੰਜ ਦਸਤਾਰਧਾਰੀ ਵੇਖਕੇ ਹੈਰਾਨੀ ਹੋਈ ਹੋ ਸਕਦੀ ਹੈ। ਸੰਤ ਜੀ ਦੇ ਪ੍ਰਵਚਨ ਚਲਦੇ ਰਹੇ। ਸ਼ਰਧਾਲੂਆਂ ਨੂੰ ਰੱਬ ਤੋਂ ਡਰਕੇ ਰਹਿਣ ਤੇ ਨੇਕ ਕਮਾਈ ਦੀਆਂ ਮਿਸਾਲਾਂ ਦਿਤੀਆਂ ਜਾ ਰਹੀਆਂ ਸੀ। ਬੁਰੇ ਕੰਮਾਂ ਤੋਂ ਦੂਰੀ ਬਣਾਉਣ ਨੂੰ ਸੁੱਖਾਂ ਤੇ ਖੁਸ਼ੀਆਂ ਦਾ ਭੇਦ ਕਿਹਾ ਜਾ ਰਿਹਾ ਸੀ। ਸੰਤਾਂ ਨੂੰ ਰੱਬ ਦੇ ਦੂਤ ਹੋਣ ਦੀਆਂ ਉਦਾਹਰਣਾ ਦਿਤੀਆਂ ਗਈਆਂ। ਨਾਲੋ ਨਾਲ ਮੇਰੇ ਮਨ ਵਿਚ ਸਵਾਲ ਪੈਦਾ ਹੋਈ ਜਾਣ। ਮੰਗੇ ਵਿਚ ਐਨਾ ਬਦਲਾਅ ਕਿੰਵੇ ਆ ਗਿਆ। ਹੈਰਾਨੀ ਵਧੀ ਜਾਵੇ। ਡੇਢ ਕੁ ਘੰਟੇ ਬਾਦ ਸਮਾਪਤੀ ਹੋਈ। ਸ਼ਾਮ ਹੋਣ ਲਗੀ ਸੀ। ਸਾਨੂੰ ਕੰਪਲੈਕਸ ਯਨੀ ਡੇਰੇ ਦੀ ਥੋੜੀ ਪੈਦਲ ਸੈਰ ਕਰਾਈ ਗਈ। ਕਿਥੇ ਕੀ ਹੈ, ਕਿਥੇ ਕੌਣ ਰਹਿੰਦਾ, ਦਸਿਆ ਗਿਆ। ਕਰੀਬ ਤਿੰਨ ਸੌ ਪਰਵਾਰਾਂ ਦੀ ਰਿਹਾਇਸ਼ ਸੀ। ਸਾਰੇ ਸੇਵਾਦਾਰ ਬਣਕੇ ਬਿਨ ਤਨਖਾਹ ਫਰਜ਼ ਨਿਭਾ ਰਹੇ ਸਨ। ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਤੇ ਸੰਭਾਲ ਦੀ ਜਿੰਮੇਵਾਰੀ ਡੇਰਾ ਪ੍ਰਬੰਧਕਾਂ ਕੋਲ ਸੀ।ਵਾਪਸ ਗੈਸਟ ਹਾਊਸ ਪਹੁੰਚੇ ਤਾਂ ਸ਼ਾਮ ਦਾ ਹਨੇਰਾ ਗਾੜ੍ਹਾ ਹੋ ਰਿਹਾ ਸੀ। ਸਾਨੂੰ ਦਸਿਆ ਗਿਆ ਕਿ ਪ੍ਰਾਹੁਣਿਆਂ ਦਾ ਥਕੇਵਾਂ ਲਾਹੁਣ ਲਈ ਮਸਾਜ਼ ਦਾ ਪ੍ਰਬੰਧ ਉਨ੍ਹਾਂ ਦੇ ਕਮਰਿਆਂ ਵਿਚ ਕੀਤਾ ਗਿਆ ਹੈ, ਜੋ ਠੀਕ 10 ਮਿੰਟ ਬਾਦ ਸ਼ੁਰੂ ਹੋਕੇ ਅੱਧੇ ਘੰਟੇ ਵਿਚ ਮੁੱਕੇਗਾ। ਮਸਾਜ਼ ਲਈ ਸੱਜੀਆਂ ਸੰਵਰੀਆਂ ਕੁੜੀਆਂ ਪਹੁੰਚ ਗਈਆਂ। ਆਂਢ ਗਵਾਂਢ ਵਾਲੇ ਸੰਪਰਕ ਬੰਦ ਹੋ ਗਏ। ਡੇਰੇ ਵਿਚ ਜੈਮਰ ਲਗਾ ਹੋਣ ਕਾਰਣ ਮੋਬਾਇਲ ਫੋਨ ਨਹੀਂ ਸੀ ਚਲਦੇ। ਮਸਾਜ ਤੋਂ ਬਾਦ ਸੰਪਰਕ ਚਾਲੂ ਹੋਇਆ ਤਾਂ ਸਾਨੂੰ ਇਕ ਦੂਜੇ ਨਾਲ ਅੱਖ ਰਲਾਉਣ ਤੇ ਗਲ ਕਰਨ ਤੋਂ ਝਕਣ ਲਗੇ। ਕੁਝ ਮਿੰਟਾਂ ਬਾਦ ਸਾਨੂੰ ਵੱਡੇ ਹਾਲ ਕਮਰੇ ‘ਚ ਸੱਦ ਲਿਆ। ਅੰਦਰ ਵੜਦੇ ਈ ਕਿਸੇ ਨੇ ਪਿਛੋਂ ਕੱਸਵੀਂ ਜੱਫੀ ਵਿਚ ਘੁੱਟ ਲਿਆ। ਬਾਹਵਾਂ ਚੋਂ ਛੁੱਟਕੇ ਵੇਖਿਆ, ਉਹੀ ਸੰਤ ਜੀ ਯਨੀ ਮੇਰੇ ਵਾਲਾ ਮੰਗਾ। ਪਰ ਚੋਲੇ ਵਿਚ ਨਹੀਂ, ਸਧਾਰਨ ਪਹਿਰਾਵੇ ਵਿਚ। ਮਹਿਫਲ ਸੱਜ ਗਈ। ਮੇਰੇ ਮਨ ਚੋਂ ਮੰਗੇ ਤੋਂ ਸੰਤ ਤਕ ਦੇ ਸਫਰ ਦਾ ਸਵਾਲ ਉਸਨੇ ਮੇਰੇ ਮੱਥੇ ਤੋਂ ਬੁੱਝ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਹੋਰ ਹੋਰ ਗਲਾਂ ਚਲਦੀਆਂ ਰਹੀਆਂ। ਮੈਂ ਸਾਰੇ ਦੋਸਤਾਂ ਦੀ ਪਹਿਚਾਣ ਦਸੀ। ਕੁਝ ਸਾਧਾਰਣ ਗਲਾਂ ਕਰਦਿਆਂ ਤੇ ਸਾਡੇ ਨਾਲ ਖਾਣਾ ਖਾਂਦੇ ਹੋਏ ਉਹ ਮੋਹ ਜਿਤਾਉਂਦਾ ਰਿਹਾ। ਅਗਲਾ ਸਾਰਾ ਦਿਨ ਉਥੇ ਰੁਕਣ ਅਤੇ ਮਹਿਫਲ ਸਜਾਉਣ ਦਾ ਇਸ਼ਾਰਾ ਦੇਕੇ ਸੰਤ ਜੀ ਚਲੇ ਗਏ। ਰਾਤ ਕਾਫੀ ਹੋ ਗਈ ਸੀ ਤੇ ਸਫਰ ਦੀ ਥਕਾਵਟ ਵੀ ਸੀ। ਅਸੀਂ ਆਪਣੇ ਬਿਸਤਰੇ ਮੱਲੇ ਤੇ ਪਤਾ ਈ ਨਾ ਲਗਾ ਕਦੋਂ ਨੀਂਦ ਦੀਆਂ ਬਾਹਵਾਂ ਵਿਚ ਕੱਸੇ ਗਏ।ਸਵੇਰੇ ਕੋਈ ਥੋੜਾ ਪਹਿਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ