ਚੋਰ ਅੱਖੀਏ- (ਕਹਾਣੀ)
ਗੁਰਮਲਕੀਅਤ ਸਿੰਘ ਕਾਹਲੋਂ
ਦਿਵਾਲੀ ‘ਚ ਥੋੜੇ ਦਿਨ ਬਾਕੀ ਸਨ। ਕਿਸੇ ਨੇ ਬਾਹਰਲੇ ਦਰਵਾਜੇ ਤੋਂ ਘੰਟੀ ਦਾ ਸਵਿੱਚ ਨੱਪਿਆ। ਖਿੜਕੀ ਚੋਂ ਵੇਖਿਆ, ਰੱਦੀ ਵਾਲਾ ਸੀ। ਉਥੋਂ ਹੀ ਅਵਾਜ ਦਿਤੀ, “ਭਾਈ ਦੋ ਘੰਟੇ ਬਾਦ ਆ ਜਾਈਂ ਉਦੋਂ ਤਕ ਇਕੱਠੀ ਕਰ ਲਵਾਂਗਾ ਤੇ ਨਾਲ ਕਿਸੇ ਕਬਾੜ ਵਾਲੇ ਨੂੰ ਵੀ ਲੈ ਆਈਂ।“ ਦਫਤਰੋਂ ਉਸ ਦਿਨ ਛੁੱਟੀ ਸੀ। ਪਤਨੀ ਨੇ ਰੱਦੀ ਵਾਲੀ ਗਲ ਸੁਣ ਲਈ ਸੀ। ਗੈਸ ਉਤੇ ਉਬਲਦੀ ਚਾਹ ਛੱਡਕੇ, ਆਕੇ ਹੁੱਕਮ ਚਾੜਿਆ,
“ਜੇ ਰੱਦੀ ਤੇ ਹੋਰ ਸਫਾਈ ਕਰਨੀ ਹੈ ਤਾਂ ਨਹਾਉਣ ਤੋਂ ਪਹਿਲਾਂ ਕਰ ਲਓ।“ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਮੈਂ ਕੀਤੇ ਜਾਣ ਵਾਲੇ ਸਫਾਈ ਦੇ ਕੰਮ ਉਲੀਕਦਾ ਰਿਹਾ। ਇੰਨੇ ਨੂੰ ਹਾਕਰ ਵਲੋਂ ਗੇਟ ਦੇ ਉਪਰੋਂ ਵਗਾਹ ਮਾਰੇ ਅਖਬਾਰਾਂ ਦੇ ਬੰਡਲ ਦਾ ਖੜਕਾ ਸੁਣਿਆ। ਪਤਨੀ ਅਖਬਾਰਾਂ ਚੁੱਕ ਲਿਆਈ ਤੇ ਆਪਣੇ ਕਬਜੇ ਵਿਚ ਕਰ ਲਈਆਂ। ਉਸਨੂੰ ਲਗਦਾ ਸੀ ਕਿ ਜੇ ਮੈਂ ਅਖਬਾਰਾਂ ਲੈਕੇ ਬਹਿ ਗਿਆ ਤਾਂ ਸਫਾਈ ਵਾਲੀ ਗਲ ਫਿਰ ਭਲਕ ਤੇ ਪੈ ਜਾਊ।
ਅਜੇ ਚਾਹ ਮੁਕਾ ਕੇ ਕੱਪ ਮੇਜ ਤੇ ਰਖਿਆ ਈ ਸੀ ਕਿ ਅੱਖਾਂ ਮਲਦੇ ਮਲਦੇ ਆਏ ਪੋਤੇ ਨੇ ਜੱਫੀ ਪਾ ਲਈ। ਮੈਂ ਸਮਝਿਆ ਕਿ ਸ਼ਾਇਦ ਉਹ ਆਪਣੀ ਦਿਵਾਲੀ ਤੇ ਲੈਕੇ ਦੇਣ ਵਾਲੀ ਗੇਮ ਯਾਦ ਕਰਵਾਏਗਾ। ਮਿੰਟ ਕੁ ਲਾਡ ਦੁਲਾਰ ਕਰਵਾ ਕੇ ਉਸਨੇ ਜੋ ਕਿਹਾ, ਮੇਰੇ ਲਈ ਮਾਣ ਵਾਲੀ ਗਲ ਸੀ।
“ਦਾਦਾ ਜੀ ਮੈਂ ਵੀ ਸਫਾਈ ਕਰਾਊਂਗਾ ਤੁਹਾਡੇ ਨਾਲ।“ ਪੋਤੇ ਦੀ ਗਲ ਸੁਣਕੇ ਉਸਦੀ ਦਾਦੀ ਨੇ ਮਾਣ ਵਜੋਂ ਨੂੰਹ ਨੂੰ ਜੱਫੀ ਵਿਚ ਘੁੱਟ ਲਿਆ। ਪੋਤਰੇ ਦੀ ਗਲ ਕਿਸੇ ਮਾਣ ਨਾਲੋਂ ਘੱਟ ਵੀ ਨਹੀਂ ਸੀ।
ਅਸੀਂ ਦਾਦਾ ਪੋਤਾ ਸਫਾਈ ਵਿਚ ਰੁੱਝ ਗਏ। ਪਤਨੀ ਨੂੰ ਮੈਂ ਪਹਿਲਾਂ ਈ ਕਹਿ ਦਿਤਾ ਸੀ ਕਿ ਉਹ ਸਫਾਈ ਮੁੱਕਣ ਤਕ ਕੋਈ ਟੋਕਾ ਟਾਕੀ ਨਾ ਕਰੇ। ਕਿਸ ਕਿਸ ਚੀਜ ਨਾਲ ਕੀ ਸਲੂਕ ਕਰਨਾ ਉਸ ਬਾਰੇ ਸੋਚਕੇ ਈ ਅਸੀਂ ਮੈਦਾਨ ਵਿਚ ਕੁੱਦੇ ਸੀ। ਗੈਸ ਵਾਲੇ ਤਿੰਨੇ ਸਲੰਡਰ ਤਰਤੀਬ ਵਿਚ ਟਿਕਾ ਦਿਤੇ। ਗੱਤੇ ਦੇ ਖਾਲੀ ਡੱਬੇ, ਕੋਕ ਵਾਲੀਆਂ ਖਾਲੀ ਬੋਤਲਾਂ ਤੇ ਅਖਬਾਰਾਂ ਦੇ ਢੇਰ ਬਾਹਰਲੇ ਗੇਟ ਕੋਲ ਕਿਥੇ ਲਾਉਣੇ ਨੇ, ਮੈਂ ਪੋਤੇ ਨੂੰ ਸਮਝਾ ਦਿਤਾ। ਸੋਚਿਆ ਕਿ ਕਬਾੜ ਤੇ ਰੱਦੀ ਵਾਲੇ ਆਉਣਗੇ ਤਾਂ ਬਾਹਰੋਂ ਬਾਹਰ ਨਿਪਟਾ ਲਵਾਂਗੇ। ਉੱਦੜ ਦੁੱਗੜ ਪਈਆਂ ਅਖਬਾਰਾਂ ਦੇ ਬੰਡਲ ਬਣਾਉਂਦਿਆਂ ਮੇਰਾ ਧਿਆਨ ਇਕ ਅਖਬਾਰ ਦੀ ਉਘਾੜਕੇ ਛਾਪੀ ਗਈ ਖਬਰ ਉਤੇ ਪਈ। ਸਿਰਲੇਖ ਸੀ, “ਨਰਮਾ ਚੁਗਾਵੀ ਨਾਲ ਜਬਰਦਸਤੀ ਵਾਲਾ ਅਫਸਰ ਜੇਲ ‘ਚ ਵੇਖੇਗਾ ਪੰਜ ਦਿਵਾਲੀਆਂ।“ ਸਫਾਈ ਵਲੋਂ ਵਿਹਲੇ ਹੋਕੇ ਪੜਨ ਲਈ ਮੈਂ ਉਹ ਅਖਬਾਰ ਉਸ ਦਿਨ ਆਈਆਂ ਅਖਬਾਰਾਂ ਦੇ ਨਾਲ ਅੰਦਰ ਰਖ ਆਇਆ ਤੇ ਸਫਾਈ ਵਿਚ ਰੁੱਝ ਗਿਆ। ਘਰ ਦੀ ਉਸ ਨੁੱਕਰੇ ਪਿਆ ਸਾਰਾ ਕੁਝ ਸਾਫ ਕਰਕੇ ਤੇ ਲਗੇ ਜਾਲੇ ਲਾਹੇ ਅਤੇ ਪੋਚਾ ਲਾਕੇ ਉਹ ਥਾਂ ਚਮਕਣ ਲਾ ਦਿਤੀ। ਉਦੋਂ ਤਕ ਰੱਦੀ ਤੇ ਕਬਾੜ ਵਾਲੇ ਨਾਲ ਨਜਿੱਠ ਕੇ ਪੋਤੇ ਦੀ ਦਾਦੀ ਵਿਹਲੀ ਹੋ ਗਈ ਸੀ। ਕੀਤੀ ਸਫਾਈ ਵਿਖਾ ਕੇ ਅਸੀਂ ਉਸਦਾ ਮਨ ਖੁਸ਼ ਕਰ ਦਿਤਾ ਸੀ। ਦਾਦੀ ਨੇ ਰੱਦੀ ਵਾਲੇ ਸਾਰੇ ਪੈਸੇ ਪੋਤੇ ਦੇ ਹੱਥ ਫੜਾਉਂਦਿਆਂ ਕਿਹਾ, ਲੈ ਆਹ ਤੇਰੀ ਦਿਵਾਲੀ ਦੇ ਪਟਾਕਿਆਂ ਜੋਗੇ ਬਣ ਗਏ ਨੇ। ਪੋਤੇ ਨੂੰ ਉਤਸ਼ਾਹਤ ਕਰਨ ਦੀ ਉਸਦੀ ਗਲ ਮੈਨੂੰ ਵੀ ਚੰਗੀ ਲਗੀ। ਨਹਾਉਣ ਤੋਂ ਬਾਦ ਨਾਸ਼ਤਾ ਕਰਕੇ ਮੈਂ ਅਖਬਾਰਾਂ ਫੜ ਲਈਆਂ ਤੇ ਪੋਤਾ ਆਪਣੀ ਖੇਡੇ ਲਗ ਗਿਆ।
ਤਾਜੀਆਂ ਤੋਂ ਪਹਿਲਾਂ ਮੈਂ ਉਹੀ ਪੁਰਾਣੀ ਅਖਬਾਰ ਫੜੀ। ਖਬਰ ਵਿਚ ਲਿਖੇ ਮਾਲਵੇ ਦੇ ਉਸ ਪਿੰਡ ਦਾ ਨਾਂਅ ਪੜਕੇ ਉਡਣੇ ਸਿੱਖ ਦੇ ਜਿੰਦਗੀ ਤੇ ਬਣੀ ਫਿਲਮ ਮੇਰੇ ਚੇਤਿਆਂ ਵਿਚ ਘੁੰਮ ਗਈ। ਕੋਈ ਗਲ ਯਾਦ ਰਖਣ ਲਈ ਉਸਨੂੰ ਕਿਸੇ ਹੋਰ ਗਲ ਨਾਲ ਜੋੜ ਲੈਣਾ ਮੇਰੀ ਆਦਤ ਵੀ ਹੈ। ਚੇਤੇ ਕਰਨਾ ਸੌਖਾ ਹੋ ਜਾਂਦਾ। ਪਿੰਡ ਦੇ ਨਾਂਅ ਤੋਂ ਮੈਨੂੰ ਉਸੇ ਪਿੰਡ ਦਾ ਇਕ ਸੱਜਣ ਯਾਦ ਆ ਗਿਆ। ਮੈਨੂੰ ਲਗਣ ਲਗਾ ਕਿ ਖਬਰ ਵਾਲਾ ਅਫਸਰ ਉਹੀ ਹੋਊ ਜਿਸ ਬਾਰੇ ਉਸ ਬਾਊ ਜੀ ਨੇ ਇਕ ਵਾਰ ਉਦਾਹਰਣ ਵਜੋਂ ਗਲ ਸੁਣਾਈ ਸੀ। ਰੇਲ ਸਫਰ ਕਰਦਿਆਂ ਨਾਲ ਬੈਠੇ ਬਾਊ ਜੀ ਨੇ ਕਹਾਵਤ, “ਵਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ,” ਦੇ ਵਿਸਥਾਰ ਨੂੰ ਉਸ ਖਾਨਦਾਨ ਦੀਆਂ ਹਰਕਤਾਂ ਨਾਲ ਜੋੜ ਲਿਆ ਸੀ। ਮੇਰੇ ਮਨ ਵਿਚ ਤਸੱਲੀ ਕਰਨ ਦੀ ਖਾਹਸ਼ ਜਾਗ ਆਈ।ਕਈ ਸਾਲ ਪਹਿਲਾਂ ਮਿਲੇ ਉਹ ਬਾਊ ਜੀ ਅੱਖਾਂ ਮੂਹਰੇ ਆਣ ਖੜੋਏ। ਮੈਂ ਆਪਣੀ ਪੁਰਾਣੀ ਡਾਇਰੀ ਫਰੋਲੀ, ਬਾਊ ਜੀ ਦਾ ਨੰਬਰ ਲਭਕੇ ਡਾਇਲ ਕਰ ਲਿਆ। ਉਦੋਂ ਮੋਬਾਇਲਾਂ ਵਾਲੇ ਝੰਜਟਾਂ ਨੂੰ ਬਹੁਤੇ ਸਾਲ ਨਹੀਂ ਸੀ ਹੋਏ, ਤੇ ਕਾਲ ਸੁਣਨ ਦੇ ਵੀ ਪੈਸੇ ਲਗਦੇ ਹੁੰਦੇ ਸੀ। ਹੁਣ ਵਾਂਗ ਹਰ ਕਿਸੇ ਦੇ ਪਹੁੰਚ ਵਾਲਾ ਨਹੀਂ ਸੀ ਬਣਿਆ ਹਵਾ ਦੀਆਂ ਤਰੰਗਾਂ ਰਾਹੀਂ ਗਲ ਕਰਾਉਣ ਵਾਲਾ ਖਿਡੌਣਾ। ਉਂਜ ਸੁਣਿਆ ਜਾਣ ਲਗ ਪਿਆ ਸੀ ਕਿ ਅਗਲੇ ਸਾਲਾਂ ਵਿਚ ਇਹ ਖਿਡੌਣਾ ਕਈ ਰੂਪ ਵਟਾਕੇ ਖਲਕਤ ਉਤੇ ਕਾਬੂ ਪਾ ਲਏਗਾ।
ਪੰਜ ਸੱਤ ਵਾਰ ਡਾਇਲ ਕਰਨ ਤੇ ਉਸਦੇ ਘਰ ਵਜਦੀ ਘੰਟੀ ਦੀ ਅਵਾਜ ਮੈਨੂੰ ਸੁਣਨ ਲਗ ਪਈ। ਉਸਦੀ ਪਤਨੀ ਨੇ ਫੋਨ ਚੁਕਿਆ ਤੇ ਦਸਿਆ ਕਿ ਉਹ ਖੇਤਾਂ ਨੂੰ ਗਏ ਨੇ ਤੇ ਰੋਟੀ ਵੇਲੇ (ਦੁਪਹਿਰੇ) ਘਰ ਮੁੜਨਗੇ। ਮੇਰੇ ਲਈ ਉਡੀਕ ਭਾਰੀ ਹੋਣ ਲਗੀ। ਮੇਰੀ ਉੱਤਸੁਕਤਾ ਤਾਜੀਆਂ ਖਬਰਾਂ ਵਲੋ ਹਟਕੇ ਉਸ ਬੇਹੀ ਖਬਰ ਵਾਲੇ ਅਫਸਰ ਬਾਰੇ ਜਾਨਣ ਦੀ ਜਾਗੀ ਹੋਈ ਸੀ। ਬੜੇ ਔਖੇ ਕਢੇ ਤਿੰਨ ਘੰਟਿਆਂ ਬਾਦ ਮੈਂ ਫਿਰ ਡਾਇਲ ਕਰਨ ਲਗ ਪਿਆ। ਏਰੀਆ ਕੋਡ ਮਿਲਾਂਉਦੇ ਈ ਰੂਟ ਬਿਜੀ ਹੈ, ਸੁਣ ਸੁਣਕੇ ਮੇਰੇ ਕੰਨ ਦੁਖਣ ਲੱਗ ਪਏ। ਵੀਹ ਕੁ ਵਾਰ ਟਰਾਈ ਕਰਕੇ ਮੈਂ ਰਸੀਵਰ ਜੋਰ ਨਾਲ ਰੱਖਦੇ ਹੋਏ ਧਿਆਨ ਹੋਰ ਪਾਸੇ ਲਾਉਣ ਦੇ ਯਤਨ ਕਰਨ ਲੱਗਾ। ਕੰਧ ਤੇ ਲਗੀ ਦਾਦੀ ਦੀ ਫੋਟੋ ਤੋਂ ਯਾਦ ਆਇਆ। ਦਾਦੀ ਜੀ ਕਹਿੰਦੇ ਹੁੰਦੇ ਸੀ ਜਨਾਨੀਆਂ ਵਾਲੇ ਘਰ ਕਿਸੇ ਚੋਰ ਅੱਖੀਏ ਨੂੰ ਵਾੜਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਨਹੀਂ ਤਾਂ ਬਾਦ ਵਿਚ ਪਛਤਾਉਣਾ ਪੈਂਦਾ। ਚੋਰ ਅੱਖੀਏ ਸ਼ਬਦ ਮੈਂ ਦਾਦੀ ਤੋਂ ਬਾਦ ਉਸ ਮਾਲਵੇ ਵਾਲੇ ਬਾਊ ਜੀ ਦੇ ਮੂੰਹੋਂ ਦੂਜੀ ਵਾਰ ਸੁਣਿਆ ਸੀ। ਬਾਊ ਜੀ ਨਾਲ ਖਬਰ ਵਾਲੀ ਗਲ ਕਰਨ ਦੀ ਮੈਨੂੰ ਕਾਹਲੀ ਪੈ ਰਹੀ ਸੀ।
ਘੰਟੇ ਕੁ ਬਾਦ ਮੈਂ ਫਿਰ ਰਸੀਵਰ ਚੁੱਕਿਆ ਤੇ ਲਗਿਆ ਡਾਇਲ ਕਰਨ। ਉਦੋਂ ਤਕ ਤਾਂ ਨੰਬਰ ਯਾਦ ਨਹੀਂ ਸੀ ਕਰਨਾ ਪੈ ਰਿਹਾ। ਪੋਟਿਆਂ ਨੂੰ ਰਟ ਗਿਆ ਹੋਇਆ ਸੀ। ਅਗਿਓਂ ਆਈ ਅਵਾਜ਼ “ਬਾਈ ਜੀ ਕੌਣ ?” ਮੈਂ ਆਪਣਾਂ ਨਾਂਅ ਦਸਿਆ ਜੋ ਉਨ੍ਹਾਂ ਨੂੰ ਭੁੱਲ ਗਿਆ ਹੋਇਆ ਸੀ। ਰੇਲ ਗੱਡੀ ਵਾਲੀ ਆਪਣੀ ਮਿਲਣੀ ਯਾਦ ਕਰਾਈ ਤੇ ਦਸਿਆ ਕਿ ਕਿਸੇ ਬਾਰੇ ਇੰਜ ਦੀ ਗਲ ਹੋਈ ਸੀ।
“ਉਹ ਬੰਦਾ ਤਾਂ ਭਾਈ ਸਾਹਿਬ ਹੁਣ ਉਸ ਥਾਂ ਬੈਠਾ, ਜਿਥੇ ਉਸਨੂੰ ਕਈ ਸਾਲ ਪਹਿਲਾਂ ਹੋਣਾ ਚਾਹੀਦਾ ਸੀ।“ ਬਾਊ ਜੀ ਨੇ ਸਹਿਜ ਸੁਭਾਅ ਅੰਦਾਜ ਵਿਚ ਜਵਾਬ ਦਿਤਾ। ਮੈਨੂੰ ਵਿਸ਼ਵਾਸ਼ ਜਿਹਾ ਹੋ ਗਿਆ ਕਿ ਖਬਰ ਉਸੇ ਅਫਸਰ ਨਾਲ ਸਬੰਧਤ ਹੈ, ਜਿਸਨੂੰ ਬਾਊ ਜੀ ਚੋਰ ਅੱਖੀਆ ਕਹਿੰਦੇ ਸੀ। ਮੈਂ ਦਸਿਆ ਕਿ ਉਹ ਖਬਰ ਮੇਰੀ ਨਜਰੇ ਅੱਜ ਹੀ ਚੜੀ ਹੈ, ਇਸੇ ਕਰਕੇ ਫੋਨ ਕੀਤਾ ਤਾਂ ਕਿ ਉਸ ਦੀਆਂ ਭੁੱਲ ਗਈਆਂ ਹੋਰ ਕਰਤੂਤਾਂ ਤੇ ਜੇਲ ਵਾਲੀ ਗਲ ਜਾਣ ਲਵਾਂ।
“ਹਾਂ ਜੀ ਜੋ ਪੁੱਛਣਾ ਪੁੱਛੀ ਜਾਓ, ਜੋ ਮੈਨੂੰ ਪਤਾ ਹੈ, ਦਸੀ ਜਾਂਵਾਂਗਾ, ਜੇ ਇੰਨਾਂ ਦੇ ਖਾਨਦਾਨ ਦਾ ਮੁੱਢ ਫੜਨਾ ਤਾਂ ਵੀ ਮੇਰੇ ਕੋਲ ਹੁਣ ਟਾਈਮ ਹੈਗਾ।“ ਬਾਊ ਜੀ ਦੇ ਉੱਤਰ ਨੇ ਇਸ ਗਲੋਂ ਮੇਰੀ ਤਸੱਲੀ ਕਰਵਾ ਦਿੱਤੀ ਕਿ ਨਾ ਤਾਂ ਉਨ੍ਹਾਂ ਦਾ ਟਾਈਮ ਖਰਾਬ ਕਰ ਰਿਹਾਂ ਤੇ ਨਾ ਹੀ ਦੱਸਣ ਲਈ ਮਜਬੂਰ ਕਰ ਰਿਹਾਂ।
“ਬਹੁਤ ਬਹੁਤ ਧੰਨਵਾਦ ਬਾਊ ਜੀ, ਤੁਸੀਂ ਮੇਰਾ ਭਾਵ ਸਮਝ ਲਿਆ, ਅਸਲ ਵਿਚ ਇਹ ਖਬਰ ਅੱਜ ਪੁਰਾਣੀ ਅਖਬਾਰ ਵਿਚੋਂ ਮੇਰੀ ਨਜਰੀਂ ਪੈ ਗਈ। ਸੋਚਿਆ ਬਾਊ ਜੀ ਤੋਂ ਅਸਲ ਗਲ ਪਤਾ ਲੱਗੂ, ਅਖਬਾਰਾਂ ਵਿਚ ਤਾਂ ਗੱਲ ਨੂੰ ਘੁੰਮਾ ਫਿਰਾ ਕੇ ਲਿਖਿਆ ਹੁੰਦਾ? ਅੱਜ ਫਿਰ ਦੱਸ ਈ ਦਿਓ ਚੋਰ ਅੱਖੀਆਂ ਬਾਰੇ, ਮੇਰੇ ਪਾਠਕਾਂ ਨੂੰ ਵੀ ਪਤਾ ਲਗਜੇ ਕਿ ਕਿੰਜ ਕਿੰਜ ਦੇ ਲੋਕ ਵਸਦੇ ਨੇ ਸਾਡੇ ਇਰਦ ਗਿਰਦ।“ ਬਾਊ ਜੀ ਨੂੰ ਸਹਿਜ ਅਹਿਸਾਸ ਕਰਾਉਣ ਲਈ ਮੈਂ ਆਪਣੇ ਸਵਾਲ ਦਾ ਵਿਸਥਾਰ ਜੋੜ ਦਿੱਤਾ ।
“ਸੁਹਾਗਵੰਤੀ ਜਰਾ ਪਾਣੀ ਦਾ ਗਿਲਾਸ ਭਰਕੇ ਰੱਖ ਦੇਣਾ ਮੇਰੇ ਕੋਲ।“
ਉਨ੍ਹਾਂ ਆਪਣੀ ਪਤਨੀ ਨੂੰ ਕਿਹਾ। ਮੈਂ ਸਮਝ ਗਿਆ ਕਿ ਬਾਊ ਜੀ ਅਫਸਰ ਦੀ ਖਾਨਦਾਨੀ ਦੇ ਸਾਰੇ ਵਰਕੇ ਫਰੋਲ ਦੇਣ ਦੇ ਮੂਡ ਵਿਚ ਨੇ ਤਾਂ ਹੀ ਉਨ੍ਹਾਂ ਲੰਮੀ ਗਲਬਾਤ ਦੌਰਾਨ ਗਲੇ ਦੀ ਰਵਾਨਗੀ ਬਣਾਏ ਰਖਣ ਲਈ ਪਾਣੀ ਕੋਲ ਰਖਵਾ ਲਿਆ। ਇਧਰ ਮੈਂ ਵੀ ਆਪਣੀ ਪਤਨੀ ਨੂੰ ਕਹਿ ਦਿਤਾ ਕਿ ਕਿਸੇ ਨਾਲ ਜਰੂਰੀ ਗਲ ਕਰਨੀ ਐ। ਜਦ ਤਕ ਫੋਨ ਮੇਰੇ ਕੰਨ ਤੇ ਲੱਗਾ ਹੋਵੇ, ਚੁੱਪ ਰਹਿਣ ਦੀ ਕੋਸ਼ਿਸ਼ ਕਰਿਓ।
“ਲਓ ਬਾਈ ਜੀ, ਸੁਣੋ । ਇੰਨਾਂ ਦਾ ਦਾਦਾ ਦੋ ਭਰਾ ਸੀ। ਦਾਦਾ ਵਿਆਹਿਆ ਗਿਆ, ਪਰ ਛੋਟਾ ਛੜਾ ਰਹਿ ਗਿਆ। ਦਸੀਦਾ ਸੀ ਕਿ ਛੋਟਾ ਭਲਾ ਲੋਕ ਸੀ। ਉਦੋਂ ਅਜੇ ਪਾਕਿਸਤਾਨ ਨਈ ਸੀ ਬਣਿਆ। ਮੇਰੀ ਸੰਭਾਲ ਤੋਂ ਪਹਿਲਾਂ ਦੀਆਂ ਗਲਾਂ ਨੇ। ਦਸਦੇ ਸੀ ਕਿ ਸਾਡੇ ਪਿੰਡ ‘ਚ ਕਿਸੇ ਦੇ ਘਰ ਵਿਆਹ ਮੌਕੇ ਰਾਤ ਨੂੰ ਇੰਨਾਂ ਦਾ ਦਾਦਾ ਗਿੱਧੇ ‘ਚ ਜਨਾਨੀਆਂ ਦੇ ਨਾਲ ਨੱਚਣ ਲੱਗ ਪਿਆ। ਨਾਲ ਦੇ ਪਿੰਡ ਦੇ ਲੰਬੜਾਂ ਦੀ ਨੂੰਹ ਵੀ ਸੀ ਉਸੇ ਗਿੱਧੇ ਵਿਚ। ਬਾਂਹ ਉੱਚੀ ਕਰਕੇ ਬੋਲੀ ਪਾਉਂਦੀ ਨੂੰ ਅਫਸਰ ਦੇ ਦਾਦੇ ਨੇ ਕਲਾਵੇ ‘ਚ ਭਰ ਲਿਆ। ਉਸਦੀ ਸੱਸ ਉਥੇ ਈ ਸੀ। ਉਸਨੇ ਨੂੰਹ ਨੂੰ ਪਾਸੇ ਕਰਕੇ ਪਤਾ ਨਈਂ ਕੰਨ ‘ਚ ਕੀ ਫੂਕ ਮਾਰੀ। ਨੂੰਹ ਇੰਨਾਂ ਦੇ ਦਾਦੇ ਨੂੰ ਇਸ਼ਾਰਾ ਕਰਕੇ ਪਿੰਡੋਂ ਬਾਹਰ ਲੈ ਗਈ। ਥੋੜਾ ਪਿੱਛੇ ਪਿੱਛੇ ਸੱਸ ਚਲੇ ਗਈ। ਕਾਲੀ ਹਨੇਰੀ ਰਾਤ ਸੀ। ਸੱਸ ਭਰਿਆ ਹੋਇਆ ਰਿਵਾਲਵਰ ਕੋਲ ਰੱਖਦੀ ਹੁੰਦੀ ਸੀ। ਪਿੰਡ ਵਾਲਿਆਂ ਚਾਰ ਗੋਲੀਆਂ ਦਾ ਖੜਕਾ ਤਾਂ ਸੁਣਿਆ, ਪਰ ਵਿਆਹ ਵਾਲੇ ਘਰ ਆਤਸ਼ਬਾਜੀ ਸਮਝ ਕੇ ਗਲ ਆਈ ਗਈ ਹੋ ਗਈ। ਸੱਪ ਦੀ ਸਿਰੀ ਫੇਹਕੇ ਸੱਸ ਨੂੰਹ ਫਿਰ ਗਿੱਧੇ ‘ਚ ਆਣ ਵੜੀਆਂ। ਸਵੇਰੇ ਲੋਕ ਬਾਹਰ ਗਏ ਤਾਂ ਪਤਾ ਲਗਾ ਕਿ ਇੰਨਾਂ ਦਾ ਦਾਦਾ …..। ਪੁਲੀਸ ਆਈ ਤਾਂ ਦਰੋਗੇ ਨੇ ਲੰਬੜਾਂ ਦੇ ਘਰ ਬੈਠਿਆਂ ਉਨ੍ਹਾਂ ਦੀ ਅੱਖ ਚੋਂ ਕਾਤਲ ਪਛਾਣ ਲਿਆ ਸੀ, ਪਰ ਗੋਰੇ ਡਿਪਟੀ ਦੇ ਇਸ਼ਾਰੇ ਤੇ ਉਸਨੇ ਕੌਣ ਮਾਰ ਗਿਆ, ਦੀ ਜਾਂਚ ਵਾਲੀ ਫਾਈਲ ਖੂਹ ਖਾਤੇ ਪਾਕੇ ਬੰਦ ਕਰਵਾਤੀ। ਅਸਲ ਵਿਚ ਗੋਰੇ ਨੂੰ ਲੰਬੜ ਵਰਗਿਆਂ ਦੀ ਲੋੜ ਪਈ ਰਹਿੰਦੀ ਸੀ।
ਦਾਦੇ ਦੇ ਭੋਗ ਮੌਕੇ ਆਏ ਦਾਦੀ ਦੇ ਪੇਕਿਆਂ ਪਿੰਡ ਵਾਲਿਆਂ ਦੇ ਕਹਿਣ ਤੇ ਆਪਣੀ ਧੀ ਦੀ ਚਾਦਰ ਛੜੇ ਦਿਉਰ ਨਾਲ ਪਵਾ ਦਿਤੀ। ਉਦੋਂ ਇੰਜ ਦੇ ਰਿਵਾਜ ਹੁੰਦੇ ਸੀ। ਦਸਦੇ ਸੀ ਕਿ ਇੰਨਾਂ ਦੀ ਦਾਦੀ ਨੂੰ ਕਤਲ ਤੋਂ ਅਗਲੇ ਦਿਨ ਈ ਪਤਾ ਲਗ ਗਿਆ ਸੀ ਕਿ ਉਸਦਾ ਘਰ ਵਾਲਾ ਕਿਸ ਹੱਥੋਂ ਤੇ ਕਿਉਂ ਮਾਰਿਆ ਗਿਆ। ਜਨਾਨੀਆਂ ਵਿਚ ਬੈਠੀ ਬੈਠੀ ਸਹਿਬਨ ਬੋਲ ਦੇਂਦੀ ਹੁੰਦੀ ਸੀ। “ਮੈਂਨੂੰ ਤਾਂ ਪਹਿਲਾਂ ਈ ਪਤਾ ਸੀ ਉਸਦੇ ਚਾਲਿਆਂ ਦਾ। ਬਥੇਰਾ ਰੋਕਦੀ ਸੀ, ਪਰ ….।“
ਪਾਕਿਸਤਾਨ ਬਣਨ ਤੋਂ ਕੁਝ ਸਾਲ ਪਹਿਲਾਂ 19ਵੇਂ ਸਾਲ ‘ਚ ਇਸ ਅਫਸਰ ਦੇ ਪਿਉ ਦਾ ਵਿਆਹ ਹੋ ਗਿਆ। ਪਿਉ ਤੇ ਛੜੇ ਵਾਲੀ ਰਲਣ ਕਰਕੇ ਜਮੀਨ ਇੰਨਾਂ ਕੋਲ ਚੋਖੀ ਹੋਗੀ ਸੀ। ਜਮੀਨਾਂ ਮੂਹਰੇ ਲੋਕ ਔਗੁਣ ਵਿਸਾਰ ਕੇ ਰਿਸ਼ਤਾ ਕਰ ਦੇਂਦੇ ਸੀ। ਉਂਜ ਵੀ ਉਸ ਜਮਾਨੇ ਵਿਚ ਬਹੁਤੇ ਸਾਕ ਵਿਚੋਲੇ ਈ ਕਰਵਾ ਦਿਆ ਕਰਦੇ ਸੀ। ਮਾਂ ਵਲੋਂ ਰੋਕਣ ਦੇ ਬਾਵਜੂਦ ਪਿਉ ਵਾਲੀਆਂ ਕਰਤੂਤਾਂ ਵਿਆਹ ਤੋਂ ਪਹਿਲਾਂ ਈ ਕਰਨ ਲਗ ਪਿਆ ਸੀ ਇਸਦਾ ਪਿਉ। ਦੋ ਤਿੰਨ ਵਾਰ ਕਾਫੀ ਛਿੱਤਰ ਪ੍ਰੇਡ ਹੋਈ। ਦਸਦੇ ਸੀ ਕਿ ਇਕ ਵਾਰ ਤਾਂ ਕਈ ਦਿਨ ਉਸਦਾ ਮੂੰਹ ਸੁੱਜਾ ਰਿਹਾ ਸੀ। ਇਸ ਅਫਸਰ ਦੀ ਮਾਂ ਉਦੋਂ ਬਹੁਤੀ ਉਮਰ ਦੀ ਤਾਂ ਨਹੀਂ ਸੀ, ਪਰ ਉਸਨੂੰ ਵੀ ਆਪਣੀਸੱਸ ਵਾਂਗ ਸਾਰੀ ਸਮਝ ਸੀ। ਲੜ ਕੇ ਪੇਕੇ ਗਈ ਨੂੰ ਦੋ ਸਾਲ ਬਾਦ ਤਰਲੇ ਕਰਵਾ ਕੇ ਤੋਰਿਆ ਸੀ ਉਸਦੇ ਮਾਪਿਆਂ। ਸੁਣਦੇ ਸੀ ਕਿ ਬੜੇ ਅਣਖੀ ਸੀ ਅਫਸਰ ਦੇ ਨਾਨਕੇ।
ਉਦੋਂ ਤਕ ਮੈਨੂੰ ਪਿੰਡ ਵਿਚ ਵਾਪਰਦੇ ਚੰਦੇ ਮਾੜੇ ਵਿਚ ਰੁੱਚੀ ਲੈਣ ਦੀ ਜਾਗ ਲਗ ਗਈ ਸੀ। ਪਿੰਡ ਵਿਚ ਇੰਨਾਂ ਦੇ ਟੱਬਰ ਦੀ ਅੱਲ ਚੋਰ ਅੱਖੀਏ ਪੈ ਗਈ ਸੀ। ਮੈਂ ਆਪਣੀ ਮਾਂ ਨੂੰ ਚੋਰ ਅੱਖ ਦਾ ਮਤਲਬ ਪੁੱਛ ਲਿਆ। ਕਹਿੰਦੀ ਜਿਹੜਾ ਬੰਦਾ ਬਦਨੀਤ ਨਾਲ ਕਿਸੇ ਦੇ ਘਰ ਜਾਕੇ ਟੀਰੀ ਨਜਰੇ ਔਰਤਾਂ ਵਲ ਵੇਖੇ ਉਸਨੂੰ ਚੋਰ ਅੱਖੀਆ ਆਖਦੇ ਨੇ। ਸ਼ਾਇਦ ਮੇਰੀ ਮਾਂ ਨੂੰ ਗਲ ਚੰਗੀ ਤਰਾਂ ਸਮਝਾਉਣੀ ਨਹੀਂ ਸੀ ਆਈ, ਜਾਂ ਉਦੋਂ ਨਿਆਣਪੁਣੇ ਕਰਕੇ ਮੈਨੂੰ ਸਮਝ ਨਹੀਂ ਸੀ ਲਗੀ। ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ