ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ..
ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ
ਆਖਣ ਲੱਗਾ ਕਿ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ ਲਿਆ..ਹਾਲਾਤ ਦੱਸੇ ਪਰ ਉਹ ਅੱਗੋਂ ਲਾਹ-ਪਾਹ ਬਹੁਤ ਕਰਦਾ ਏ..ਸਹਿਣ ਨਹੀਂ ਹੁੰਦਾ..ਫੇਰ ਗੱਚ ਭਰ ਆਇਆ ਕਹਿੰਦਾ ਇੱਕ ਦਿਨ ਮਰਨ ਲਈ ਕੋਲੋਂ ਲੰਘਦੀ ਲਾਈਨ ਤੇ ਵੀ ਕਿੰਨਾ ਚਿਰ ਬੈਠ ਆਇਆ ਸੀ..।
ਪੁੱਛਿਆ ਕਰਜਾ ਹੈ ਕਿੰਨਾ ? ਆਖਣ ਲੱਗਾ ਸੱਤਰ ਹਜਾਰ।
ਉਸਨੂੰ ਪੱਕੀ ਕੀਤੀ ਕਿ ਖ਼ੁਦਕੁਸ਼ੀ ਪਾਪ ਏ..ਇਸ ਬਾਰੇ ਸੋਚੀ ਵੀ ਨਾ..ਅਗਲੇ ਹਫਤੇ ਆ ਰਿਹਾ ਹਾਂ..ਓਦੋਂ ਤੱਕ ਉਡੀਕ ਲੈ।
ਚੋਹਾਂ ਪੰਜਾਂ ਦਿਨਾਂ ਬਾਅਦ ਸਮਾਨ ਪੈਕ ਕਰ ਰਿਹਾ ਸਾਂ ਕਿ ਦੋਸਤ ਦਾ ਫੋਨ ਆ ਗਿਆ..
ਆਖਣ ਲੱਗਾ ਕਿ ਇੱਕ ਅਟੈਚੀ ਵੀ ਲੈਂਦਾ ਜਾਵੀਂ..ਅੰਦਰ ਨਾਲਦੀ ਦੇ ਨਵੇਂ ਨਕੋਰ ਸੂਟ ਤੇ ਹੋਰ ਨਿੱਕ-ਸੁੱਕ ਹੀ ਹੋਵੇਗਾ..ਕਿਸੇ ਲੋੜਵੰਦ ਨੂੰ ਦੇ ਦੇਵੀਂ..ਉਸਦਾ (ਘਰਵਾਲੀ) ਸਮਾਨ ਅੱਖਾਂ ਸਾਹਮਣੇ ਹੁੰਦਾ ਤੇ ਮਨ ਬੜਾ ਹੀ ਦੁਖੀ ਹੋ ਜਾਂਦਾ ਏ..
ਜਿਕਰ ਯੋਗ ਏ ਕੇ ਉਸਦੀ ਨਾਲਦੀ ਅਜੇ ਕੁਝ ਮਹੀਨੇ ਪਹਿਲਾ ਹੀ ਐਕਸੀਡੈਂਟ ਵਿਚ ਤੁਰ ਗਈ ਸੀ..
ਉਹ ਅਟੈਚੀ ਛੱਡ ਕੇ ਗਿਆ ਤਾਂ ਥੋੜਾ...
ਭਾਰਾ ਜਿਹਾ ਲੱਗਾ..ਸੋਚਿਆ ਖੋਹਲ ਕੇ ਕੁਝ ਸਮਾਨ ਆਪਣੇ ਵਾਲੇ ਵਿਚ ਰੱਖ ਲੈਂਦਾ ਹਾਂ..!
ਪਾਸੇ ਲੱਗੀ ਜੇਬ ਫਰੋਲੀ ਤਾਂ ਲਫਾਫੇ ਵਿਚ ਬੰਦ ਕੀਤੇ ਸੌ-ਸੌ ਡਾਲਰ ਦੇ ਦਸ ਨੋਟ ਨਿੱਕਲੇ..
ਓਸੇ ਵੇਲੇ ਫੋਨ ਲਾਇਆ..ਅੱਗੋਂ ਆਖਣ ਲੱਗਾ ਭਰਾਵਾਂ ਮੈਨੂੰ ਤੇ ਕੋਈ ਪਤਾ ਨਹੀਂ..ਤੁਰ ਜਾਣ ਵਾਲੀ ਹੀ ਜਾਣੇ ਕਾਹਦੇ ਲਈ ਰੱਖੇ ਸਨ ਉਸਨੇ..ਤੂੰ ਏਦਾਂ ਕਰੀਂ ਪੰਜਾਬ ਕਿਸੇ ਲੋੜਵੰਦ ਨੂੰ ਦੇ ਦੇਵੀਂ ਤੇ ਨਾਲ ਇਹ ਕਹਾਣੀ ਜਰੂਰ ਦੱਸੀ..ਅਗਲਾ ਦੁਵਾਵਾਂ ਦੇਵੇਗਾ ਤਾਂ ਕਰਮਾਂ ਵਾਲੀ ਦੀ ਰੂਹ ਨੂੰ ਸਕੂਨ ਮਿਲੂ..!
ਇਸ ਵਾਰ ਮੇਰਾ ਗੱਚ ਭਰ ਆਇਆ ਕਿਓੰਕਿ ਉਸ ਦਿਨ ਦੇ ਰੇਟ ਮੁਤਾਬਿਕ ਇਹ 1000 ਡਾਲਰ ਓਧਰ ਦੇ ਪੂਰੇ ਸੱਤਰ ਹਜਾਰ ਬਣਦੇ ਸਨ..
ਕਿਸਦੀ ਲੋੜ ਕਿਹੜੇ ਵੇਲੇ ਕੌਣ ਪੂਰੀ ਕਰ ਦੇਵੇ..ਇਸ ਕਿਸਮ ਦੇ ਹਿਸਾਬ ਕਿਤਾਬ ਰੱਖਣੇ ਸ਼ਾਇਦ ਅਜੇ ਬੰਦੇ ਦੇ ਵੱਸ ਨਹੀਂ ਹੋਏ।
ਕਾਸ਼ ਰੱਬ ਕਰੇ ਕੁਝ ਏਦਾਂ ਦਾ ਹੋ ਜਾਵੇ ਕੇ ਕਿਸੇ ਦੇ ਸੁਫ਼ਨੇ ਟੁੱਟਣ ਤੋਂ ਪਹਿਲਾਂ ਰੁਕਾਵਟ ਬਣ ਰਹੀਆਂ ਸ਼ੀਸ਼ੇ ਦੀਆਂ ਸਾਰੀਆਂ ਕੰਧਾਂ ਢਹਿ-ਢੇਰੀ ਹੋ ਜਾਵਨ।
True Story
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!