More Punjabi Kahaniya  Posts
ਅਫਸਾਨੇ ਇਸ਼ਕ ਦੇ (ਪਰਵੀਨ ਰੱਖੜਾ)


ਇਹ ਜਾਤ ਆਸ਼ਕਾਂ ਦੀ ਬੜੀ ਅਜੀਬ ਹੁੰਦੀ ਹੈ
ਸਭ ਕੁਝ ਲੁੱਟਾ ਦਿੰਦੇ ਨੇ ਹੱਸਦੇ-ਹੱਸਦੇ
ਲੇਖਕ – ਪਰਵੀਨ ਰੱਖੜਾ

ਜੇਹਨ ਚੋਂ ਤਾਂ ਨਿਕਲ ਗਈ
ਇਹ ਦਿਲ ਚੋਂ ਕਿਵੇਂ ਕੱਡਾਂ ਮੈਂ
ਪੱਲੇ ਜਾਕੇ ਰੱਬ ਮੂਹਰੇ
ਮੌਤ ਲਈ ਕਿਉਂ ਅੱਡਾਂ ਮੈਂ
ਮੇਰੇ ਮਾਪੇ ਰਹਿੰਦੇ ਪਰੇਸ਼ਾਨ
ਪੁੱਤ ਕਿਉਂ ਸਾਡਾ ਹੱਸਦਾ ਨੀ
ਗੱਲ ਕੀ ਹੈ ਦਿਲ ਅੰਦਰ
ਕਿਉਂ ਸਾਨੂੰ ਕਦੀ ਦੱਸਦਾ ਨੀ
ਕਿ ਦੱਸਾਂ ਦੱਸੋ ਮੈਂ ਹੁਣ
ਮੇਰੇ ਅੰਦਰ ਹੋਇਆ ਸਭ ਚੂਰਾ ਹੈ
ਮੈਂ ਤਾਂ ਪੂਰਾ ਹੋ ਗਿਆ
ਬਸ ਮੇਰਾ ਪਿਆਰ ਅਧੂਰਾ ਹੈ

“ਜੀ…ਤੁਸੀ ਕੱਲੇ ਬੈਠ ਕੇ ਛੱਤ ਦੇ ਉੱਤੇ ਕਿ ਕਰ ਰਹੇ ਹੋ, ਕਿੱਥੇ ਗੁੰਮ ਹੋ ਜਾਂਦੇ ਹੋ। ਮੈਂ ਥੋਨੂੰ ਕਦੋਂ ਦੀ ਥੱਲੇ ਲੱਭ ਰਹੀ ਆਂ”
(ਛੱਤ ਦੀ ਆਖਰੀ ਪੌੜੀ ਤੇ ਖੜੀ ਜ਼ਰੀਨਾ ਨੇ ਮੈਨੂੰ ਪਿੱਛੋਂ ਹਾਕ ਮਾਰ ਕੇ ਕਿਹਾ)
ਮੈਂ :- ਨਹੀਂ ਕੁਝ ਨੀ…ਤੂੰ ਚੱਲ ਥੱਲੇ…ਮੈਂ ਆਇਆ
(ਮੈਂ ਦੱਬੀ ਜਿਹੀ ਆਵਾਜ਼ ਵਿਚ ਕਿਹਾ)
ਜ਼ਰੀਨਾ :- ਕਿ ਹੋਇਆ ਜੀ… ਤੁਸੀ ਠੀਕ ਤਾਂ ਹੋ ਨਾ…!
ਮੈਂ :- ਹਾਂ…ਹਾਂ… ਮੈਨੂੰ ਕੀ ਹੋਣਾ…ਕਿਹਾ ਨਾ ਤੂੰ ਚੱਲ ਮੈਂ ਆਇਆ…
ਮੇਰੇ ਏਨਾ ਕਹਿੰਦੇ ਜ਼ਰੀਨਾ ਥੱਲੇ ਜਾ ਕੇ ਆਪਣੇ ਕੰਮਾਂ ਵਿਚ ਰੁੱਝ ਗਈ।
ਜ਼ਰੀਨਾ ਤੇ ਮੇਰੇ ਵਿਆਹ ਨੂੰ ਲੱਗਭਗ 1 ਸਾਲ ਵਾਂਗੂੰ ਹੋ ਗਿਆ ਸੀ। ਉਹ ਸੋਹਣੀ ਵੀ ਸੀ, ਸਾਊ ਵੀ, ਪਰ ਮੈਂ ਉਸਨੂੰ ਕਦੇ ਵੀ ਅਪਣਾ ਨਾ ਪਾਇਆ, ਉਹ ਹਮੇਸ਼ਾ ਮੇਰੇ ਖਾਣ ਪੀਣ ਦਾ ਧਿਆਨ ਰੱਖਦੀ ਸੀ, ਹਮੇਸ਼ਾ ਮੇਰੀ ਪਰਵਾਹ ਕਰਦੀ ਰਹਿੰਦੀ ਸੀ, ਮੈਂ ਵੀ ਉਸਦੀ ਪਰਵਾਹ ਕਰਦਾ ਸੀ ਪਰ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਮੈਂ ਹਾਲੇ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਸੀ ਪਰ ਮੇਰੇ ਘਰ ਦੀਆਂ ਨੇ ਸੌਹਾਂ ਸੁਹਾਂ ਖਵਾ ਕੇ ਮੇਰਾ ਵਿਆਹ ਕਰ ਦਿਤਾ ਸੀ ਕਿਉਂਕਿ ਮੈਂ ਚੁੱਪ ਚਪੀਤੇ ਬਹੁਤ ਰਹਿਣ ਲੱਗ ਗਿਆ ਸੀ। ਮੇਰੇ ਘਰ ਦੀਆਂ ਨੂੰ ਮੇਰੀ ਬੜੀ ਚਿੰਤਾ ਰਹਿੰਦੀ ਸੀ। ਮੈਂ ਜ਼ਰੀਨਾ ਨਾਲ ਇਸ ਕਰਕੇ ਰਹਿੰਦਾ ਸੀ, ਕਿਉਂਕਿ ਉਹ ਵੀ ਕਿਸੇ ਦੀ ਧੀ-ਭੈਣ ਹੈ। ਮੈਂ ਉਸ ਨਾਲ ਕੁਝ ਵੀ ਮਾੜਾ ਜਾਂ ਗਲਤ ਨਹੀਂ ਕਰਨਾ ਚਾਹੁੰਦਾ ਸੀ। ਮੈਂ ਕਦੀ ਵੀ ਉਸਨੂੰ ਕੁਝ ਗਲਤ ਮਹਿਸੂਸ ਹੋਣ ਨਹੀਂ ਸੀ ਦਿੱਤਾ।

ਅੱਜ ਤੋਂ 3 ਕੁ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ। ਮੈਂ ਤੇ ਮੇਰਾ ਦੋਸਤ ਗੁਰਦੀਪ ਪਟਿਆਲੇ ਬੱਸ ਅੱਡੇ ਤੋਂ ਆਪਣੇ ਕਾਲਜ ਜਾਣ ਲਈ ਬੱਸ ਵਿੱਚ ਬੈਠੇ ਸੀ। ਬੱਸ ਹਾਲੇ ਰੁਕੀ ਹੋਈ ਸੀ, ਕਿਉਂਕਿ ਸਭ ਬੱਸਾਂ ਸਮੇਂ ਦੇ ਹਿਸਾਬ ਨਾਲ ਚੱਲਦੀਆਂ ਸਨ। ਬੱਸ ਵਿਚ ਸਾਰੀਆਂ ਸਵਾਰੀਆਂ ਸੀਟਾਂ ਉੱਤੇ ਬੈਠੀਆਂ ਸਨ। ਲੱਗਭਗ ਕੋਈ ਸੀਟ ਖ਼ਾਲੀ ਨਹੀਂ ਸੀ। ਮੈਂ ਤੇ ਗੁਰਦੀਪ 2 ਸਵਾਰੀਆਂ ਵਾਲੀ ਸੀਟ ਤੇ ਬੈਠੇ ਸੀ। ਬੱਸ ਹਾਲੇ ਤੱਕ ਚੱਲੀ ਨਹੀਂ ਸੀ, ਗੁਰਦੀਪ ਨੇ ਮੈਨੂੰ ਕਿਹਾ…
“ਪਰਵੀਨ, ਸੀਟ ਰੋਕ ਕੇ ਰੱਖੀਂ, ਮੈਂ ਬਾਥਰੂਮ ਜਾਕੇ ਆਇਆ…
ਮੈਂ ਕਿਹਾ, “ਠੀਕ ਆ…ਜਾਇਆ…ਮੈਂ ਰੋਕ ਕੇ ਰੱਖੀ ਆ ਸੀਟ”
ਇਹ ਕਹਿਕੇ ਮੈਂ ਗੁਰਦੀਪ ਦੀ ਸੀਟ ਉੱਤੇ ਆਪਣਾ ਬੈਗ ਰੱਖ ਦਿੱਤਾ, ਤਾਂਕਿ ਕੋਈ ਹੋਰ ਉਸ ਸੀਟ ਉੱਤੇ ਨਾ ਬੈਠੇ ਤੇ ਗੁਰਦੀਪ ਬਾਥਰੂਮ ਚੱਲਿਆ ਗਿਆ। ਅਚਾਨਕ ਬੱਸ ਦੀ ਅਗਲੀ ਟਾਕੀ ਵਿਚੋਂ ਇੱਕ ਕੁੜੀ ਚੜੀ। ਰੰਗ ਗੋਰਾ, ਅੱਖਾਂ ਦਾ ਹਲਕਾ ਭੂਰਾ ਰੰਗ, ਸਿਰ ਤੇ ਚੁੰਨੀ ਤੇ ਕਿਤਾਬਾਂ ਨੂੰ ਆਪਣੇ ਸੀਨੇ ਨਾਲ ਲਾਇਆ ਹੋਇਆ ਸੀ। ਉਸ ਵਿੱਚ ਅੰਤਾਂ ਦੀ ਸਾਦਗੀ ਸੀ। ਉਸ ਦੀ ਨਜ਼ਰ ਵਿਚ ਅਜਿਹੀ ਖਿੱਚ ਸੀ, ਜੋ ਮੁਰਦਿਆਂ ਵਿੱਚ ਵੀ ਜਾਨ ਪਾ ਦੇਵੇ । ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ। ਉਸਨੇ ਬੱਸ ਵਿੱਚ ਨਿਗ੍ਹਾ ਮਾਰੀ, ਮੈਂ ਅਚਾਨਕ ਉਸ ਤੋਂ ਆਪਣੀ ਨਿਗ੍ਹਾ ਹਟਾ ਕੇ ਏਧਰ ਉਧਰ ਦੇਖਣ ਲੱਗ ਗਿਆ। ਉਸਦੀ ਨਜ਼ਰ ਮੇਰੇ ਨਾਲ ਵਾਲੀ ਖਾਲੀ ਸੀਟ ਉੱਤੇ ਪਈ ਤੇ ਮੇਰੇ ਕੋਲ ਆਕੇ ਕਹਿੰਦੀ…
“ਕਿ ਇਹ ਸੀਟ ਖਾਲੀ ਹੈ ਜੀ…?”
ਮੈਂ ਸੀਟ ਤੋਂ ਬੈਗ ਚੁੱਕਦੇ ਕਿਹਾ
“ਹਾਂਜੀ… ਹਾਂਜੀ…ਖਾਲੀ ਆ…ਮੈਂ ਤਾਂ ਵੈਸੇ ਹੀ ਬੈਗ ਰੱਖਿਆ ਹੋਇਆ ਸੀ”
ਉਸ ਨੇ ਮੈਨੂੰ ਸ਼ੁਕਰੀਆ ਕਿਹਾ ਤੇ ਮੇਰੇ ਕੋਲ ਆ ਕੇ ਬੈਠ ਗਈ। ਏਨੇ ਨੂੰ ਗੁਰਦੀਪ ਆ ਗਿਆ। ਉਸਨੇ ਮੇਰੇ ਨਾਲ ਉਸ ਕੁੜੀ ਨੂੰ ਬੈਠਾ ਦੇਖ ਕੇ ਬੜੀ ਅਜ਼ੀਬ ਨਜ਼ਰ ਨਾਲ ਮੇਰੇ ਵੱਲ ਦੇਖਿਆ, ਤੇ ਮੈਂ ਅੱਖਾਂ ਨਾਲ ਇਸ਼ਾਰਾ ਕਰ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ… ਗੁਰਦੀਪ ਬੱਸ ਵਿੱਚ ਖੜਾ ਹੋ ਗਿਆ ਤੇ ਆਪਣੇ ਫੋਨ ਵਿਚ ਰੁੱਝ ਗਿਆ।
ਮੈਨੂੰ ਸਮਝ ਨਹੀਂ ਸੀ ਆ ਰਹੀ ਕੀ ਮੈਂ ਉਸ ਕੁੜੀ ਨਾਲ ਗੱਲ ਕਿਵੇਂ ਸ਼ੁਰੂ ਕਰਾਂ, ਕਿਉਂਕਿ ਕਦੀ ਕਿਸੇ ਕੁੜੀ ਨਾਲ ਐਵੇਂ ਗੱਲ ਹੀ ਨਹੀਂ ਕਰੀ ਸੀ। ਏਨੇ ਨੂੰ ਬੱਸ ਚੱਲ ਪਈ। ਮੈਂ ਥੋੜੀ ਹਿੰਮਤ ਇਕੱਠੀ ਕਰੀ ਤੇ ਉਸਨੂੰ ਪੁੱਛਿਆ…
ਮੈਂ:- ਜੀ ਤੁਸੀ ਸਟੱਡੀ ਕਰਦੇ ਹੋਂ…?
ਉਹ:- ਜੀ…
ਮੈਂ:- ਕਿੱਥੇ…?
ਉਹ:- ਜੀ ਉਹ ਹਰਿਕ੍ਰਿਸ਼ਨ ਕਾਲਜ ਚ…ਹੁਣੀ ਦਾਖਲਾ ਲਿਆ ਮੈਂ B. A. ਵਿਚ…
ਮੈਂ:- ਅੱਛਾ ਜੀ…ਮੈਂ ਵੀ ਘਨੌਰ ਪੜ੍ਹ ਦਾ ਵੈਸੇ…b.com ਕਰਦਾ, ਦੂਜਾ ਸਾਲ ਆ ਜੀ ਮੇਰਾ।
ਵੈਸੇ ਨਾਮ ਕੀ ਥੋਡਾ…?
ਉਹ :- ਗੁਰਲੀਨ…ਤੇ ਥੋਡਾ…?
ਮੈਂ :- ਜੀ ਪਰਵੀਨ ਨਾਮ ਮੇਰਾ…
ਹੋਲੀ ਹੋਲੀ ਅਸੀਂ ਇਕ ਦੂਜੇ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਗਏ।
ਏਨੇ ਨੂੰ ਬੱਸ ਬਹਾਦੁਰਗੜ੍ਹ ਪਹੁੰਚ ਗਈ ਤੇ ਓਥੋਂ ਰੋਹਿਤ ਵੀ ਬੱਸ ਚੜ ਗਿਆ। ਉਹ ਗੁਰਦੀਪ ਨੂੰ ਬੱਸ ਚ ਖੜਾ ਦੇਖ ਕੇ ਤੇ ਮੈਨੂੰ ਉਸ ਕੁੜੀ ਨਾਲ ਬੈਠਾ ਦੇਖ ਕੇ ਬਹੁਤ ਹੈਰਾਨ ਹੋਇਆ। ਉਸਨੇ ਅਜੀਬ ਜਿਹੀ ਨਜ਼ਰ ਨਾਲ ਮੈਨੂੰ ਦੇਖਿਆ ਤੇ ਗੁਰਦੀਪ ਨਾਲ ਜਾਕੇ ਮੇਰੇ ਵੱਲ ਦੇਖ ਕੇ ਗੱਲਾਂ ਕਰਨ ਲੱਗ ਗਿਆ। ਦੋਵੇਂ ਮੇਰੇ ਵੱਲ ਦੇਖ ਕੇ ਮਿਨਾ-ਮਿਨਾ ਹੱਸ ਰਹੇ ਸਨ।
ਗੁਰਲੀਨ ਨਾਲ ਗੱਲ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਸ ਦਾ ਕਾਲਜ ਆ ਗਿਆ। ਉਸਨੇ ਮੈਨੂੰ ਕਿਹਾ…
“ਚੰਗਾ ਜੀ… ਫੇਰ ਮਿਲਦੇ ਆਂ”
ਮੈਂ ਦੁਖੀ ਜੇ ਮਨ ਨਾਲ ਉਸ ਨੂੰ ਬਾਏ ਕਹਿ ਦਿਤਾ।
ਹਰਿਕ੍ਰਿਸ਼ਨ ਕਾਲਜ ਆਉਣ ਕਰਕੇ ਕਾਫੀ ਸਵਾਰੀਆਂ ਉੱਤਰ ਗਈਆਂ ਸਨ। ਜਿਸ ਕਰਕੇ ਲੱਗਭਗ ਅੱਧੀ ਬੱਸ ਖਾਲੀ ਹੋ ਗਈ ਸੀ। ਮੈਂ, ਰੋਹਿਤ ਤੇ ਗੁਰਦੀਪ 3 ਸਵਾਰੀਆਂ ਵਾਲੀ ਸੀਟ ਤੇ ਬੈਠ ਗਏ…
ਗੁਰਦੀਪ :- ਦੇਖੀਂ…ਕੁੜੀ ਨੂੰ ਦੇਖ ਕੇ ਯਾਰ ਨੂੰ ਭੁੱਲ ਗਿਆ…
ਰੋਹਿਤ:- ਮੈਂ ਤਾਂ ਆਪ ਹੈਰਾਨ ਹੋਇਆ ਬਾਈ ਇਸ ਨੂੰ ਉਸ ਕੁੜੀ ਨਾਲ ਦੇਖ ਕੇ…
ਮੈਂ:- ਉਹ ਨਹੀਂ…ਐਵੇਂ ਦੀ ਕੋਈ ਗੱਲ ਨਹੀਂ ਯਾਰ…ਕੁੜੀ ਸੀ ਮੈਂ ਤਾਂ ਬਿਠਾ ਲਿਆ…ਕੁੜੀ ਖੜ ਕੇ ਜਾਂਦੀ ਚੰਗੀ ਥੋੜੀ ਲੱਗਦੀ ਸੀ…
ਰੋਹਿਤ :- ਆਹੋ…ਅੱਗੇ ਤਾਂ ਦਿਤੀ ਨੀਂ ਕਦੇ ਸੀਟ ਕਿਸੇ ਨੂੰ, ਨਾਲੇ ਏਨਾ ਸ਼ੌਂਕ ਸੀ ਤਾਂ ਆਪਣੀ ਸੀਟ ਦੇ ਦਿੰਦਾ…
ਗੁਰਦੀਪ :- ਮੈਨੂੰ ਕਹਿੰਦਾ ਮੈਂ ਰੋਕ ਕੇ ਰੱਖੀ ਆ ਸੀਟ…ਅੱਧੇ ਰਾਸਤੇ ਖੜ ਕੇ ਆਉਣਾ ਪਿਆ ਮੈਨੂੰ…
ਮੈਂ:- ਚੱਲ ਛੱਡ ਹੁਣ ਗੁੱਸੇ ਨੂੰ…ਜੋ ਹੋਣਾ ਸੀ ਹੋ ਗਿਆ… ਏਮੀ ਪਿੱਛੇ ਪੈ ਗਏ ਮੇਰੇ…
ਏਨਾ ਕਹਿ ਕੇ ਅਸੀਂ ਆਪਣੀਆਂ ਗੱਲਾਂ ਵਿਚ ਰੁੱਝ ਗਏ। ਮੇਰੇ ਦਿਮਾਗ ਵਿਚ ਸਿਰਫ਼ ਗੁਰਲੀਨ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨ। ਉਸਦਾ ਹੱਸ ਕੇ ਗੱਲ ਕਰਨਾਂ ਮੇਰੇ ਜੇਹਨ ਵਿਚ ਵੱਸ ਗਿਆ ਸੀ। ਮੈਂ ਘਰ ਆਕੇ ਵੀ ਉਸ ਬਾਰੇ ਹੀ ਸੋਚਦਾ ਰਿਹਾ। ਵੈਸੇ ਮੈਨੂੰ ਲਿਖਣ ਦਾ ਵੀ ਸ਼ੋਂਕ ਸੀ ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੈਂ ਜੇ ਕਲਮ ਨੂੰ ਚੱਕਾਂਗਾ ਤਾਂ ਤਾਰੀਫ ਉਸਨੇ ਗੁਰਲੀਨ ਦੀ ਹੀ ਕਰਨੀ ਹੈ। ਐਵੇਂ ਸੋਚਦੇ ਮੈਂ ਕੁਝ ਲਿਖਣਾ ਸ਼ੁਰੂ ਕੀਤਾ…

ਹਵਾਵਾਂ ਦੇ ਵਿਚ ਲਾਚੀਆਂ ਦੀ
ਕਿਸਨੇ ਮਹਿਕ ਜਿਹੀ ਹੈ ਘੋਲੀ
ਸ਼ਹਿਦ ਨਾਲੋਂ ਹੈ ਮਿੱਠੀ ਲੱਗਦੀ
ਜੋ ਤੂੰ ਮੂੰਹੋਂ ਬੋਲਦੀ ਬੋਲੀ
ਚੰਨ ਤਾਰੇ ਵੀ ਤੇਰੇ ਅੱਗੇ
ਸੱਚੀ ਫਿੱਕੇ ਲੱਗਦੇ ਨੇ
ਬੁੱਲਿਆਂ ਉੱਤੇ ਸੱਜਰੇ ਹਾਸੇ
ਜਾਨ ਜੀ ਕੱਢ ਦੇ ਨੇ
ਕਿਸਮਤ ਵਾਲੇ ਨੇ ਉਹ
ਜੋ ਸਦਾ ਨਜ਼ਦੀਕ ਤੇਰੇ ਨੇ ਹੁੰਦੇ
ਅਮਲਤਾਸ ਤੇ ਕੇਸੂ, ਕਸੁੰਭ
ਲੱਗਦਾ ਗੁੱਤ ਵਿਚ ਤੂੰ ਗੁੰਦੇ
ਹਰ ਚੀਜ਼ ਹੀ ਭਾਵਨ ਲੱਗ ਗਈ
ਐਸਾ ਚੜਿਆ ਰੰਗ ਪਿਆਰਾਂ ਦਾ
ਤੈਨੂੰ ਤੱਕ ਕੇ ਸੱਚੀ ਏਦਾਂ ਲੱਗੇ
ਜਿਉਂ ਮੱਥਾ ਟੇਕੇ ਸ਼ਬਾਬ ਮਿਲੇ ਮਜ਼ਾਰਾਂ ਦਾ
ਮਿਲਣਾ ਵਿਛੜਨਾ ਸੱਚ ਦੱਸਾਂ
ਤਕਦੀਰਾਂ ਦਾ ਏ ਖੇਲ ਕੁੜੇ
ਰੱਬ ਨੇ ਜੇ ਕਦੀ ਚਾਹਿਆ ਤਾਂ
ਆਪਣਾ ਫੇਰ ਹੋਊਗਾ ਮੇਲ ਕੁੜੇ

ਅਗਲੇ ਦਿਨ ਮੈਂ ਆਪਣੇ ਵੱਲੋਂ ਪੂਰਾ ਤਿਆਰ ਹੋ ਕੇ ਗਿਆ। ਏਨਾ ਰਗੜ ਕੇ ਮੈਂ ਸ਼ਾਇਦ ਹੀ ਕਦੀ ਨਹਾਇਆ ਹੋਵਾਗਾਂ। ਵਾਲ ਵਾਹੁਣ ਨੂੰ ਵੀ ਤਕਰੀਬਨ ਅੱਧਾ ਪੌਣਾ ਘੰਟਾ ਲਾਇਆ ਸੀ। ਜਲਦੀ-ਜਲਦੀ ਅਸੀਂ ਪਿੰਡੋਂ ਬੱਸ ਚੜ ਕੇ ਪਟਿਆਲੇ ਪਹੁੰਚ ਗਏ। ਪਟਿਆਲੇ ਬੱਸ ਅੱਡੇ ਤੇ ਪਹੁੰਚ ਕੇ ਮੈਂ ਤੇ ਗੁਰਦੀਪ ਬੱਸ ਵਿੱਚ ਬੈਠ ਗਏ। ਅਸੀਂ ਅੱਜ 3 ਸਵਾਰੀਆਂ ਵਾਲੀ ਸੀਟ ਤੇ ਬੈਠੇ ਸੀ ਤੇ ਇਕ ਸੀਟ ਮੈਂ ਗੁਰਲੀਨ ਲਈ ਰੋਕ ਕੇ ਰੱਖੀ ਹੋਈ ਸੀ। ਮੈਨੂੰ ਉਸਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮੇਰੇ ਲਈ ਇੱਕ-ਇੱਕ ਸੈਕਿੰਡ ਬਹੁਤ ਮੁਸ਼ਕਿਲ ਨਾਲ ਲੰਘ ਰਿਹਾ ਸੀ, ਪਰ ਗੁਰਲੀਨ ਪਤਾ ਨਹੀਂ ਅੱਜ ਕਿਉਂ ਆ ਹੀ ਨਹੀਂ ਰਹੀ ਸੀ। ਏਨੇ ਨੂੰ ਕੰਡਕਟਰ ਨੇ ਸੀਟੀ ਮਾਰ ਦਿੱਤੀ ਤੇ ਡਰਾਈਵਰ ਨੇ ਬੱਸ ਸਟਾਰਟ ਕਰ ਲਈ। ਪਰ ਗੁਰਲੀਨ ਦਾ ਕੋਈ ਅਤਾ-ਪਤਾ ਹੀ ਨਹੀਂ ਸੀ। ਦਿਲ ਵਿਚ ਇੱਕ ਅਜੀਬ ਜਿਹੀ ਬੇਚੈਨੀ ਸੀ। ਏਨੇ ਨੂੰ ਬੱਸ ਥੋੜੀ ਚੱਲਣ ਲੱਗੀ ਮੈਂ ਗੁਰਦੀਪ ਨੂੰ ਕਿਹਾ…
ਮੈਂ :- ਗੁਰਦੀਪ ਉਤਰ… ਆਪਾਂ ਅਗਲੀ ਬੱਸ ਜਾਵਾਂਗੇ”
ਗੁਰਦੀਪ :- ਕਿਉਂ… ਕਿ ਹੋਇਆ…?
ਮੈਂ :- ਤੂੰ ਉਤਰ ਬੱਸ…!
ਇਹ ਕਹਿ ਕੇ ਅਸੀਂ ਬੱਸ ਤੋਂ ਉਤਰ ਗਏ। ਏਨੇ ਨੂੰ ਗੁਰਦੀਪ ਗੁੱਸੇ ਵਿੱਚ ਬੋਲਿਆ…
ਗੁਰਦੀਪ :- ਕਿ ਹੋ ਗਿਆ ਤੈਨੂੰ…ਆਪਾਂ ਲੇਟ ਹੋ ਜਾਵਾਂਗੇ ਹੁਣ…
ਮੈਂ :- ਕੋਈ ਨੀ… ਆਪਾਂ ਅਗਲੀ ਬੱਸ ਚੱਲਦੇ ਆਂ…
ਗੁਰਦੀਪ :- ਮੈਨੂੰ ਪਤਾ…ਕਿ ਚੱਕਰ ਆ ਤੇਰਾ…ਕਿ ਪਤਾ ਆਪਣੇ ਤੋਂ ਪਿਛਲੀ ਬੱਸ ਲੰਘ ਗਈ ਹੋਵੇ ਉਹ…!
ਮੈਂ :- ਕਿ ਪਤਾ ਉਹ ਅਗਲੀ ਬੱਸ ਆਵੇ…ਲੇਟ ਹੋ ਗਈ ਹੋਵੇ…!
ਗੁਰਦੀਪ :- ਚੱਲ ਦੇਖਲਾ ਭਰਾਵਾ… ਲੇਟ ਤਾਂ ਹੋ ਹੀ ਗਏ ਹੁਣ…
ਅਸੀਂ 2 ਬੱਸਾਂ ਲੰਘਾਈਆਂ ਪਰ ਗੁਰਲੀਨ ਅੱਜ ਨਹੀਂ ਆਈ। ਏਨੇ ਨੂੰ ਰੋਹਿਤ ਦਾ ਫੋਨ ਆ ਗਿਆ
“ਤੁਸੀ ਆਏ ਕਿਉਂ ਨਹੀਂ, ਮੈਂ ਥੋਡੀ ਵੇਟ ਕਰ ਰਿਹਾ ਘਨੌਰ ਅੱਡੇ ਤੇ ਖੜਾ”
ਮੈਂ ਮਨ ਜਿਹਾ ਮਾਰ ਕੇ ਅਗਲੀ ਬੱਸ ਚੜ ਕੇ ਕਾਲਜ ਪਹੁੰਚ ਗਿਆ। ਮੈਨੂੰ ਬੜਾ ਅਫਸੋਸ ਜਿਹਾ ਹੋਇਆ ਕਿਉਂਕਿ ਪੂਰੀ ਰਾਤ ਮੈਂ ਇਹ ਹੀ ਸੋਚਦਾ ਰਿਹਾ ਸੀ ਕੀ ਗੁਰਲੀਨ ਨਾਲ ਕਿਵੇਂ-ਕਿਵੇਂ ਤੇ ਕੀ-ਕੀ ਗੱਲ ਕਰੂੰਗਾ। ਪਰ ਓਹ ਅੱਜ ਆਈ ਹੀ ਨਹੀਂ। ਮੇਰਾ ਅੱਜ ਘਰ ਵੀ ਦਿਲ ਜਿਹਾ ਨਹੀਂ ਲੱਗ ਰਿਹਾ ਸੀ। ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ। ਮੈਂ ਇਹ ਹੀ ਸੋਚਦਾ ਰਿਹਾ ਉਹ ਕਾਲਜ ਕਿਉਂ ਨਹੀਂ ਸੀ ਆਈ।

ਸੁੰਨੀ-ਸੁੰਨੀ ਹਰ ਚੀਜ਼ ਲੱਗੇ
ਇਹ ਸੁੰਨਾ ਲੱਗੇ ਜਹਾਨ
ਯਾਦ ਤੇਰੀ ਦੇ ਜਲਜਲੇ
ਮੈਨੂੰ ਵੱਡ-ਵੱਡ ਨੇ ਪਏ ਖਾਣ
ਕਿਉਂ ਦਿਲ ਉਦਾਸ ਹੋ ਗਿਆ
ਕਰਕੇ ਤੈਨੂੰ ਯਾਦ
ਮੈਂ ਤੇਰੇ ਬਾਰੇ ਰਹਾਂ ਸੋਚਦਾ
ਮੈਨੂੰ ਨੀਂਦ ਨਾ ਆਈ ਰਾਤ
ਇਹ ਕੈਸਾ ਜਾਦੂ ਕਰਤਾ ਹੈ
ਅੱਖ ਬੰਦ ਕਰੇ ਤੇ ਦਿਖਦੀ ਤੂੰ ਕੁੜੇ
ਤੇਰਾ ਨਾਮ ਲਿਖਦੇ ਹੀ ਵਰਕਿਆਂ ਚ
ਆ ਜਾਂਦੀ ਏ ਰੂਹ ਕੁੜੇ
ਸ਼ਾਮ ਹੁੰਦੇ ਹੀ ਯਾਦ ਤੇਰੀ
ਕਿਉਂ ਪਾਉਂਦੀ ਫੇਰਾ ਨੀ
ਤੈਨੂੰ ਵਰਕਿਆਂ ਉੱਤੇ ਉਲੇਖਣ ਦਾ
ਫੇਰ ਅਸੀਂ ਕਰਦੇ ਆਂ ਜੇਰਾ ਨੀ

ਅਗਲੇ ਦਿਨ ਅਸੀਂ ਫੇਰ ਤੋਂ 2 ਸਵਾਰੀਆਂ ਵਾਲੀ ਸੀਟ ਤੇ ਬੈਠੇ ਸੀ। ਬੱਸ ਪੂਰੀ ਭਰੀ ਹੋਈ ਸੀ। ਬੱਸ ਥੋੜੇ ਸਮੇਂ ਵਿੱਚ ਚੱਲਣ ਹੀ ਵਾਲੀ ਸੀ ਪਰ ਮੇਰੀਆਂ ਨਿਗ੍ਹਾਹਾਂ ਗੁਰਲੀਨ ਨੂੰ ਹੀ ਲੱਭ ਰਹੀਆਂ ਸਨ। ਅਚਾਨਕ ਬੱਸ ਦੀ ਅਗਲੀ ਟਾਕੀ ਚੋਂ ਗੁਰਲੀਨ ਚੜਦੀ ਦਿਖੀ। ਮੇਰੀਆਂ ਅੱਖਾਂ ਨੂੰ ਇੱਕ ਅਜ਼ੀਬ ਜਿਹਾ ਸਕੂਨ ਤੇ ਦਿਲ ਨੂੰ ਇੱਕ ਅਜੀਬ ਜਿਹੀ ਠੰਡਕ ਮਿਲੀ । ਉਸ ਦੇ ਮੁੱਖ ਤੇ ਇੱਕ ਅਜ਼ੀਬ ਜਿਹਾ ਭੋਲਾਪਨ ਸੀ। ਉਸਦੀ ਨਿਗ੍ਹਾ ਕੋਈ ਖਾਲੀ ਸੀਟ ਲੱਭ ਰਹੀ ਸੀ, ਤੇ ਅਚਾਨਕ ਉਸਦੀ ਨਜ਼ਰ ਮੇਰੇ ਉੱਤੇ ਪਈ। ਉਸਨੇ ਮੇਰੇ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਈਆ। ਏਨੇ ਨੂੰ ਗੁਰਦੀਪ ਦੇ ਮਨ ਵਿੱਚ ਪਤਾ ਨਹੀਂ ਕਿ ਆਇਆ, ਉਸਨੇ ਗੁਰਲੀਨ ਨੂੰ ਕਿਹਾ…
“ਜੀ ਏਥੇ ਬੈਠ...

ਜਾਓ ਤੁਸੀ”
ਗੁਰਲੀਨ ਨੇ ਕਿਹਾ “ਨਹੀਂ ਜੀ… ਤੁਸੀ ਬੈਠੋ ਕੋਈ ਨਹੀਂ”
ਗੁਰਦੀਪ ਨੇ ਧੱਕੇ ਨਾਲ ਉਸਨੂੰ ਮੇਰੇ ਨਾਲ ਸੀਟ ਤੇ ਬਿਠਾ ਦਿੱਤਾ। ਅੱਜ ਗੁਰਦੀਪ ਮੈਨੂੰ ਕਿਸੇ ਮਸੀਹੇ ਤੋਂ ਘੱਟ ਨਹੀਂ ਸੀ ਲੱਗ ਰਿਹਾ। ਮੈਂ ਦਿਲ ਹੀ ਦਿਲ ਵਿੱਚ ਗੁਰਦੀਪ ਨੂੰ ਪਤਾ ਨਹੀਂ ਕਿੰਨੀਆਂ ਹੀ ਦੁਆਵਾਂ ਦਿਤੀਆਂ। ਗੁਰਲੀਨ ਨੇ ਮੇਰੇ ਕੋਲ ਬੈਠਦੇ ਹੀ ਕਿਹਾ…
ਗੁਰਲੀਨ :- ਕਿਵੇਂ ਹੋ ਜੀ…?
ਮੈਂ :- ਵਧਿਆ ਜੀ…ਕੱਲ ਕਿਉਂ ਨਹੀਂ ਆਏ ਤੁਸੀ…?
ਗੁਰਲੀਨ :- ਕਿਉਂ ਜੀ… ਤੁਸੀ ਇੰਤਜ਼ਾਰ ਕਰਦੇ ਸੀ ਮੇਰਾ…!
ਮੈਂ :- ਨਹੀਂ ਨਹੀਂ…ਗ਼ਲਤ ਨਾ ਸਮਝੋ…ਮੈਂ ਤਾਂ ਵੈਸੇ ਹੀ ਪੁੱਛਿਆ ਸੀ…
ਗੁਰਲੀਨ :-ਮੰਮੀ ਦੀ ਸਿਹਤ ਖ਼ਰਾਬ ਸੀ ਜੀਂ ਕੱਲ੍ਹ… ਫੇਰ ਸਾਰਾ ਕੰਮ ਮੈਨੂੰ ਕਰਨਾ ਪਿਆ… ਮੈਂ ਅੱਜ ਵੀ ਨੀ ਆਉਣਾ ਸੀ…ਮੰਮੀ ਨੇ ਕਿਹਾ ਹੁਣ ਮੈਂ ਠੀਕ ਆਂ…ਤੂੰ ਕਾਲਜ ਜਾ …
ਮੈਂ :- ਅੱਛਾ ਜੀ…ਚੱਲੋ ਸ਼ੁਕਰ ਆ…ਮੰਮੀ ਠੀਕ ਆ ਥੋਡੇ…
ਐਵੇਂ ਹੀ ਅਸੀਂ ਕਾਫੀ ਸਮਾਂ ਗੱਲਾਂ ਕਰਦੇ ਰਹੇ। ਅੱਜ ਫੇਰ ਰੋਹਿਤ ਜਦੋਂ ਬਹਾਦੁਰਗੜ੍ਹ ਤੋਂ ਚੜ੍ਹਿਆ ਸਾਨੂੰ ਕੱਠੇ ਬੈਠਾ ਦੇਖ ਬਹੁਤ ਹੈਰਾਨ ਹੋਇਆ। ਉਸਦੀ ਨਜ਼ਰ ਜਿਵੇਂ ਮੇਰੇ ਤੇ ਹੀ ਟਿਕੀ ਹੋਈ ਸੀ। ਮੈਂ ਜਿਵੇਂ ਤੀਮੇਂ ਗੁਰਲੀਨ ਨੂੰ ਆਪਣੇ ਨਾਲ ਫੇਸਬੁੱਕ ਉੱਤੇ ਐਡ ਕਰਾ ਲਿਆ ਸੀ। ਉਸ ਸਮੇਂ ਫੇਸਬੁੱਕ ਦਾ ਬਹੁਤ ਕਰੇਜ਼ ਹੁੰਦਾ ਸੀ। ਏਨੇ ਨੂੰ ਬੱਸ ਗੁਰਲੀਨ ਦੇ ਕਾਲਜ ਪਹੁੰਚ ਗਈ ਤੇ ਗੁਰਲੀਨ ਬੱਸ ਵਿਚੋਂ ਉਤਰ ਗਈ। ਰੋਹਿਤ, ਮੈਂ ਤੇ ਗੁਰਦੀਪ ਤਿੰਨ ਸਵਾਰੀਆਂ ਵਾਲੀ ਸੀਟ ਤੇ ਬੈਠ ਗਏ। ਉਹ ਮੈਨੂੰ ਗੁਰਲੀਨ ਦਾ ਨਾਮ ਲੈਕੇ ਤੰਗ ਕਰਨ ਲੱਗ ਗਏ ਤੇ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ ਕਿ ਏਦਾਂ ਦੀ ਕੋਈ ਗੱਲ ਨਹੀਂ ਹੈ, ਤੁਸੀ ਗ਼ਲਤ ਸਮਝ ਰਹੇ ਹੋ।
ਪਰ ਉਹਨਾਂ ਨੇ ਮੇਰੀ ਇੱਕ ਨਾ ਮੰਨੀ। ਮੈਂ ਘਰ ਜਾਕੇ ਗੁਰਲੀਨ ਨੂੰ ਫੇਸਬੁੱਕ ਉੱਤੇ ਮੈਸੇਜ ਕੀਤਾ। ਅਸੀਂ ਉਸ ਰਾਤ ਬਹੁਤ ਗੱਲਾਂ ਕਰੀਆਂ। ਹੁਣ ਗੁਰਲੀਨ ਲਈ ਮੈਂ ਕੋਈ ਅਣਜਾਣ ਨਹੀਂ ਸੀ। ਉਸਨੇ ਆਪਣੇ ਬਾਰੇ, ਆਪਣੀ ਫੈਮਿਲੀ ਬਾਰੇ ਬਹੁਤ ਕੁਝ ਦੱਸਿਆ।
ਸਾਨੂੰ ਗੱਲਾਂ ਕਰਦੇ ਕਰਦੇ ਤਕਰੀਬਨ ਰਾਤ ਦੇ 12 ਵੱਜਣ ਵਾਲੇ ਸਨ। ਏਨੇ ਨੂੰ ਗੁਰਲੀਨ ਨੇ ਕਿਹਾ
ਗੁਰਲੀਨ :- ਹਾਏ ਦੇਖੀਂ, 12 ਵੱਜਣ ਵਾਲੇ ਨੇ, ਸਮੇਂ ਦਾ ਪਤਾ ਹੀ ਨਹੀਂ ਲੱਗਿਆ ਅੱਜ, ਅੱਗੇ ਮੈਂ ਇਸ ਸਮੇਂ ਸੋਂ ਜਾਣੀ ਆ,
ਮੈਂ :- ਸਹੀ ਕਿਹਾ ਜੀ, ਮੈਂ ਵੀ ਸੋਂ ਜਾਣਾ ਵੈਸੇ ਆਹ ਸਮੇਂ
ਗੁਰਲੀਨ :- ਫੇਰ ਅੱਜ ਕਿਉਂ ਨਹੀਂ ਸੋਏ…?
ਮੈਂ :- ਥੋਡੇ ਕਰਕੇ…ਨੀਂਦ ਹੀ ਭੁੱਲ ਗਿਆ ਮੈਂ ਥੋਡੇ ਨਾਲ ਗੱਲ ਕਰਦੇ ਕਰਦੇ
ਗੁਰਲੀਨ :- ਅੱਛਾ ਜੀ…ਇਹੋ ਜਾ ਕੀ ਹੋਇਆ… ਮੈਨੂੰ ਵੀ ਤਾਂ ਦੱਸੋ
ਮੈਂ :- ਨਹੀਂ ਜੀ ਚੱਲੋ ਸੋਜੋ…ਕੱਲ ਕਾਲਜ ਵੀ ਜਾਣਾ ਤੁਸੀ…ਏਮੀ ਲੇਟ ਨਾ ਹੋ ਜਾਇਓ।
ਗੁਰਲੀਨ :- ਥੋਨੂੰ ਮੇਰੇ ਲੇਟ ਹੋਣ ਦੀ ਏਨੀ ਚਿੰਤਾ ਕਿਉਂ ਹੋ ਰਹੀ ਹੈ ਜੀ…
ਮੈਂ :- ਓਹੀ ਤਾਂ ਇੱਕ ਸਮਾਂ ਹੁੰਦਾ ਜਦੋਂ ਥੋਨੂੰ ਮਿਲ ਪਾਉਣਾ ਜੀ
ਗੁਰਲੀਨ :- ਚੱਲੋ ਜੀ…ਕੱਲ੍ਹ ਮਿਲਦੇ ਆ ਫੇਰ
ਇਹ ਕਹਿਣ ਤੋਂ ਬਾਅਦ ਉਹ ਸੋਂ ਗਈ। ਮੈਂ ਤਾਂ ਗੁਰਲੀਨ ਬਾਰੇ ਸੋਚਦੇ ਹੀ ਅੱਧੀ ਰਾਤ ਕੱਢ ਦਿੱਤੀ। ਸਵੇਰੇ ਉੱਠ ਕੇ ਮੈਂ ਅੱਜ ਫੇਰ ਪੂਰਾ ਸਮਾਂ ਲਾਕੇ ਤਿਆਰ ਹੋਇਆ। ਪੂਰਾ ਲਿਸ਼ਕ ਪੁਸ਼ਕ ਕੇ ਗਿਆ ਤੇ ਬੱਸ ਵਿੱਚ ਬੈਠਾ ਗੁਰਲੀਨ ਦਾ ਇੰਤਜ਼ਾਰ ਕਰਨ ਲੱਗਿਆ।
ਏਵੇਂ ਹੀ ਕੁਝ ਦਿਨ ਅਸੀਂ ਮਿਲਦੇ ਰਹੇ, ਫੇਸਬੁੱਕ ਉੱਤੇ ਗੱਲਾਂ ਕਰਦੇ ਰਹੇ। ਅਸੀਂ ਦੋਵੇ ਇੱਕ ਦੂਜੇ ਦੇ ਕਾਫ਼ੀ ਕਰੀਬ ਆ ਗਏ ਸੀ। ਇੱਕ ਦਿਨ ਫੇਸਬੁੱਕ ਤੇ ਗੱਲਾਂ ਕਰਦੇ-ਕਰਦੇ ਗੁਰਲੀਨ ਨੇ ਮੇਰੇ ਤੋਂ ਪੁਛਿਆ…
“ਜੀ ਥੋਡਾ ਪਸੰਦੀਦਾ ਰੰਗ ਕਿਹੜਾ ਹੈ”
ਮੈਂ ਕਿਹਾ “ਜੀ ਮੈਨੂੰ ਹਰਾ ਰੰਗ ਬਹੁਤ ਪਸੰਦ ਹੈ”
ਅਗਲੇ ਦਿਨ ਜਦੋਂ ਗੁਰਲੀਨ ਬੱਸ ਦੀ ਟਾਕੀ ਵਿਚੋਂ ਚੜੀ ਤਾਂ ਮੈਂ ਦੇਖਿਆ, ਅੱਜ ਉਸਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ। ਜਿਸ ਵਿਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਮੈਂ ਉਸਦੀ ਖੂਬਸੂਰਤੀ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਏਦਾਂ ਲੱਗ ਰਿਹਾ ਸੀ ਜਿਵੇਂ ਕੋਈ ਅਰਸ਼ਾਂ ਤੋਂ ਪਰੀ ਉਤਰ ਕੇ ਆਈ ਹੋਵੇ। ਰੱਬ ਜਾਣਦਾ ਕਿ ਉਹ ਸਿਰਫ਼ ਇਤਫਾਕ ਸੀ ਜਾਂ ਜੋ ਮੈਂ ਸੋਚਦਾ ਸੀ ਕਿ ਮੇਰਾ ਪਸੰਦੀਦਾ ਰੰਗ ਹੈ, ਤਾਂ ਪਾਇਆ ਸੀ। ਮੇਰੀ ਤਾਂ ਗੁਰਲੀਨ ਤੋਂ ਨਜ਼ਰ ਹੀ ਨਹੀਂ ਹੱਟ ਰਹੀ ਸੀ।

“ਤੇਰੇ ਆਉਣ ਨਾਲ ਇਹ ਹਵਾਵਾਂ ਵਿੱਚ
ਨਸ਼ਾ ਅਜੀਬ ਜਿਹਾ ਹੈ ਘੁੱਲ ਜਾਂਦਾ
ਮੈਂ ਕੌਣ ਆਂ, ਮੈਂ ਕੀ ਆਂ
ਮੈਂ ਆਪਣੇ ਆਪ ਨੂੰ ਭੁੱਲ ਜਾਂਦਾ
ਬੇਫਿਕਰ ਹੋਕੇ ਦੁਨੀਆਂ ਤੋਂ
ਤੈਨੂੰ ਨਿਹਾਰ ਲਵਾਂ
ਬੈਠ ਕੇ ਕੋਲ ਤੇਰੇ ਮੈਂ
ਤੇਰੇ ਵਾਲਾਂ ਨੂੰ ਸਵਾਰ ਲਵਾਂ”

ਅੱਜ ਮੈਨੂੰ ਉਸਦੀਆਂ ਅੱਖਾਂ ਵਿੱਚ ਥੋੜੀ ਜਿਹੀ ਸ਼ਰਮ ਮਹਿਸੂਸ ਹੋਈ। ਅਸੀਂ ਉਸ ਲਈ ਸੀਟ ਰੋਕ ਕੇ ਰੱਖੀ ਹੋਈ ਸੀ। ਗੁਰਲੀਨ ਸਾਡੇ ਕੋਲ ਆਕੇ ਬੈਠ ਗਈ।
ਮੈਂ:- ਹੋਰ ਠੀਕ ਹੋਂ ਤੁਸੀ…?
ਗੁਰਲੀਨ :- ਹਾਂਜੀ…
ਮੈਂ :- ਸੋਹਣੇ ਲੱਗ ਰਹੇ ਹੋਂ ਅੱਜ…
ਗੁਰਲੀਨ :- ਸ਼ੁਕਰੀਆ ਜੀ…
ਇਹ ਕਹਿ ਕੇ ਕੁਝ ਸਮਾਂ ਅਸੀਂ ਕੁਝ ਨਹੀਂ ਬੋਲੇ। ਉਹ ਨੀਵੀਂ ਪਾਈ ਮੇਰੇ ਕੋਲ ਬੈਠੀ ਰਹੀ। ਮੈਨੂੰ ਸਮਝ ਨਹੀਂ ਆਏ ਰਿਹਾ ਸੀ ਕਿ ਗੱਲ ਕਰਾਂ। ਵੈਸੇ ਤਾਂ ਅਸੀਂ ਕਾਫੀ ਗੱਲਾਂ ਕਰਦੇ ਸੀ, ਪਰ ਅੱਜ ਪਤਾ ਨਹੀਂ ਕਿਉਂ ਅਸੀਂ ਦੋਵੇਂ ਇੱਕ ਦੂਜੇ ਤੋਂ ਸੰਗ ਰਹੇ ਸੀ। ਮੈਂ ਗੁਰਲੀਨ ਨੂੰ ਕਿਹਾ…
ਮੈਂ :- ਫੇਸਬੁੱਕ ਤੇ ਤਾਂ ਤੁਸੀ ਬੜੀਆਂ ਗੱਲਾਂ ਕਰਦੇ ਹੋ, ਸਾਹਮਣੇ ਕੁਝ ਬੋਲ ਵੀ ਨਹੀਂ ਰਹੇ…!
ਗੁਰਲੀਨ :- ਕਿ ਬੋਲਾਂ ਜੀ… ਤੁਸੀ ਪੁੱਛੋਂ ਕੁਝ…
(ਮੈਂ ਸੋਚਾਂ ਵਿਚ ਪੈ ਗਿਆ ਕਿ ਕਹਾਂ)
ਮੈਂ ਉਸਨੂੰ ਕਿਹਾ
“ਅੱਜ ਸਾਡੇ ਨਾਲ ਚੱਲੋ ਜੀ, ਥੋਨੂੰ ਸਾਡਾ ਕਾਲਜ ਦਿਖਾ ਕੇ ਲੈ ਕੇ ਆਈਏ”
ਗੁਰਲੀਨ :- ਨਹੀਂ ਜੀ, ਏਵੇਂ ਕਿਵੇਂ ਥੋਡੇ ਨਾਲ ਜਾ ਸਕਦੀ ਮੈਂ
ਮੈਂ :- ਕਿਉਂ ਜੀ… ਕਿਉਂ ਨਹੀਂ ਜਾ ਸਕਦੇ
ਗੁਰਲੀਨ :- ਜੇ ਕਿਸੇ ਨੇ ਦੇਖ ਲਿਆ, ਕਿ ਸੋਚੁ ਅਗਲਾ, ਨਹੀਂ ਜੀ ਮੈਂ ਨਹੀਂ ਜਾ ਸਕਦੀ
ਮੈਂ:- ਚੱਲੋ ਕੋਈ ਨਹੀਂ, ਵੈਸੇ ਥੋਨੂੰ ਛੁੱਟੀ ਕਦੋਂ ਹੁੰਦੀ ਆ
ਗੁਰਲੀਨ :- ਜੀ 1 ਵਜੇ ਹੋ ਜਾਂਦੀ ਆ
ਮੈਂ :- ਅੱਛਾ ਤਾਂਹੀ ਨੀ ਕਦੇ ਆਪਾਂ ਜਾਂਦੇ ਹੋਏ ਮਿਲੇ, ਸਾਨੂੰ 3.30 ਛੁੱਟੀ ਹੁੰਦੀ ਆ…
ਗੱਲਾਂ ਕਰਦੇ ਗੁਰਲੀਨ ਦਾ ਕਾਲਜ ਆ ਗਿਆ ਤੇ ਉਹ ਫੇਰ ਮੇਰੇ ਤੋਂ ਵੱਖ ਹੋ ਗਈ।
ਬਹੁਤ ਦਿਨ ਏਵੇਂ ਹੀ ਚੱਲਦਾ ਰਿਹਾ। ਅਸੀਂ ਦੋਵੇਂ ਇੱਕ ਦੂਜੇ ਨਾਲ ਫੇਸਬੁੱਕ ਤੇ ਗੱਲਾਂ ਕਰਦੇ ਬਹੁਤ ਕਰੀਬ ਆ ਗਏ ਸੀ।
ਇੱਕ ਦਿਨ ਮੈਂ ਤੇ ਗੁਰਦੀਪ ਪਿੰਡ ਵਿੱਚ ਇਕੱਠੇ ਬੈਠੇ ਸੀ, ਮੈਂ ਉਸਨੂੰ ਕਿਹਾ…
ਮੈਂ :- ਗੁਰਦੀਪ ਯਾਰ, ਮੈਂ ਗੁਰਲੀਨ ਨੂੰ ਬਹੁਤ ਪਿਆਰ ਕਰਦਾਂ, ਮੈਂ ਉਸਨੂੰ ਇਜ਼ਹਾਰ ਕਿਵੇਂ ਕਰਾਂ…?
ਗੁਰਦੀਪ :- ਇਸ ਚ ਕੀ ਔਖਾ…ਫੇਸਬੁੱਕ ਉੱਤੇ ਗੱਲ ਕਰਦੇ ਕਰਦੇ ਬੋਲਦੇ ਉਸਨੂੰ…ਵੀ ਤੂੰ ਪਿਆਰ ਕਰਦਾਂ…
ਮੈਂ :- ਨਹੀਂ ਯਾਰ…ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਨੀ ਆ ਇਸ ਬਾਰੇ…ਨਾ ਕਿ ਫੇਸਬੁੱਕ ਉੱਤੇ…
ਗੁਰਦੀਪ :- ਅੱਛਾ ਏਵੇਂ ਕਰ ਫੇਰ…ਇੱਕ ਪਿਆਰ ਭਰਿਆ ਪੱਤਰ ਲਿਖ ਉਸ ਲਈ…ਸ਼ਾਇਰੀ ਲਿੱਖ ਕੇ ਆਪਣਾ ਇਜ਼ਹਾਰ ਕਰ ਦਵੀਂ…ਆਹਮੋ-ਸਾਹਮਣੇ ਹੋ ਕੇ ਉਸਨੂੰ ਫੜਾ ਦੇਵੀਂ… ਨਾਲੇ ਤੈਨੂੰ ਉਸ ਦੇ ਮੂੰਹ ਤੋਂ ਪਤਾ ਚੱਲ ਜੁ ਕੀ ਉਹ ਤੈਨੂੰ ਪਿਆਰ ਕਰਦੀ ਆ ਕੇ ਨਹੀਂ…
ਮੈਨੂੰ ਗੁਰਦੀਪ ਦੀ ਇਹ ਗੱਲ ਪਸੰਦ ਆਈ ਤੇ ਮੈਂ ਉਸ ਲਈ ਇੱਕ ਪੱਤਰ ਲਿਖਿਆ।
ਅਗਲੇ ਦਿਨ ਗੁਰਲੀਨ ਮੇਰੇ ਨਾਲ ਬੱਸ ਵਿੱਚ ਬੈਠੀ ਸੀ, ਉਸ ਦਿਨ ਗੁਰਦੀਪ ਕਾਲਜ ਨਹੀਂ ਸੀ ਆਇਆ, ਕਿਉਂਕਿ ਉਸਨੂੰ ਘਰ ਕੋਈ ਜ਼ਰੂਰੀ ਕੰਮ ਪੈ ਗਿਆ ਸੀ। ਮੈਂ ਗੁਰਲੀਨ ਨਾਲ ਉਸ ਦੇ ਕਾਲਜ ਆਲੇ ਬੱਸ ਸਟਾਪ ਉੱਤੇ ਉਤਰ ਗਿਆ। ਗੁਰਲੀਨ ਨੂੰ ਇਹ ਗੱਲ ਥੋੜੀ ਅਜੀਬ ਲੱਗੀ। ਮੈਂ ਬਹੁਤ ਹਿੰਮਤ ਇਕੱਠੀ ਕਰਕੇ ਇੱਕ ਦਮ ਗੁਰਲੀਨ ਨੂੰ ਕਿਹਾ…
“ਗੁਰਲੀਨ, ਮੈਂ ਤੈਨੂੰ ਬਹੁਤ ਪਿਆਰ ਕਰਦਾ ਸੱਚੀ…”
ਗੁਰਲੀਨ :- (ਇੱਕ ਦਮ ਘਬਰਾ ਕੇ) ਕੀ ਹੋ ਗਿਆ ਥੋਨੂੰ, ਪਲੀਜ਼ ਜਾਓ ਤੁਸੀਂ, ਆਪਾਂ ਫੇਸਬੁੱਕ ਤੇ ਗੱਲ ਕਰ ਲਵਾਂਗੇ…
ਮੈਂ :- ਨਹੀਂ ਮੈਂ ਏਥੇ ਹੀ ਗੱਲ ਕਰਨੀ ਆ…
ਗੁਰਲੀਨ :- ਪਲੀਜ਼ ਸਮਝੋ, ਕਿਸੇ ਨੇ ਦੇਖ ਲਿਆ ਮੁਸ਼ਕਿਲ ਹੋ ਜਾਣੀ…ਸਮਝਣ ਦੀ ਕੋਸ਼ਿਸ਼ ਕਰੋ…
ਮੈਂ :- ਗੁਰਲੀਨ ਆਹ ਤੇਰੇ ਲਈ ਲਿਖਿਆ ਸੀ ਮੈਂ…
ਮੈਂ ਉਸਨੂੰ ਉਹ ਪੱਤਰ ਫੜਾ ਦਿਤਾ, ਜਿਸ ਵਿਚ ਇਕ ਸ਼ਾਇਰੀ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਿਆ ਹੋਇਆ ਸੀ, ਤੇ ਮੈਂ ਓਥੋਂ ਚੱਲਿਆ ਗਿਆ।

ਲਫ਼ਜ਼ਾਂ ਰਾਹੀਂ ਜਜ਼ਬਾਤਾਂ ਨੂੰ
ਲਿੱਖ ਕੇ ਤੈਨੂੰ ਦੱਸਦੇ ਆਂ
ਤੇਰੇ ਦੁੱਖਾਂ ਵਿਚ ਦੁਖੀ ਹੋਵਾਂ
ਤੇਰੇ ਹੱਸਿਆ ਦੇ ਵਿਚ ਹੱਸਦੇ ਆਂ
ਤੇਰੇ ਵਾਂਝੋਂ ਲੱਗ ਦਾ ਚਿੱਤ ਨਾ
ਸਮਝੀ ਹਾਲ ਦਿਲ ਦਾ ਕੇਰਾਂ ਨੀ
ਤੈਨੂੰ ਦਿਲ ਦਾ ਹਾਲ ਸੁਣਾਇਆ ਏ
ਬੜਾ ਕਰਕੇ ਸੱਚੀ ਜੇਰਾ ਨੀ
ਤੈਨੂੰ ਪਹਿਲੀ ਨਜ਼ਰੇ ਦੇਖ ਕੇ
ਇਕ ਚੜਿਆ ਅਜੀਬ ਸਰੂਰ
ਤੇਰੀ ਹਾਂ ਤੇ ਤੇਰੀ ਨਾਂਹ ਸਾਨੂੰ
ਹੈ ਸਿਰ ਮੱਥੇ ਮਨਜ਼ੂਰ

ਮੈਂ ਹਾਲੇ ਕਾਲਜ ਪਹੁੰਚਿਆ ਹੀ ਸੀ ਕਿ ਮੈਂ ਫੇਸਬੁੱਕ ਉੱਤੇ ਮੈਸੇਜ ਦੇਖਿਆ ਤਾਂ ਗੁਰਲੀਨ ਦਾ ਮੈਸੇਜ ਆਇਆ ਹੋਇਆ ਸੀ। ਗੁਰਲੀਨ ਨੇ ਲਿਖਿਆ ਸੀ…
“ਮੈਂ ਵੀ ਥੋਨੂੰ ਬਹੁਤ ਪਿਆਰ ਕਰਦੀ ਹਾਂ ਜੀ, ਜਦੋਂ ਤੁਸੀਂ ਇਜ਼ਹਾਰ ਕੀਤਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਹਾਂ”
ਮੈਨੂੰ ਉਹ ਮੈਸੇਜ ਪੜ ਕੇ ਬਹੁਤ ਹੀ ਜਿਆਦਾ ਖੁਸ਼ੀ ਹੋਈ। ਏਵੇਂ ਲੱਗਿਆ ਜਿਵੇਂ ਸਾਰੀ ਕੁਦਰਤ ਹੀ ਝੂਮ ਰਹੀ ਹੋਵੇ। ਉਸ ਦਿਨ ਤੋਂ ਬਾਅਦ ਮੈਂ ਤੇ ਗੁਰਲੀਨ ਇੱਕ-ਦੂਜੇ ਦੇ ਬਹੁਤ ਨਜ਼ਦੀਕ ਆ ਗਏ। ਇੱਕ ਦੂਜੇ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗ ਗਏ। ਇੱਕ ਦੂਜੇ ਨਾਲ ਮਿਲਦੇ, ਘੁੰਮਦੇ, ਇੱਕ ਦੂਜੇ ਨਾਲ ਸਾਰੀ ਜ਼ਿੰਦਗੀ ਨਾਲ ਰਹਿਣ ਦੀਆਂ ਕਸਮਾਂ ਤੱਕ ਖਾ ਲਈਆਂ ਸਨ। ਹੁਣ ਅਸੀਂ ਕਾਲਜ ਘੱਟ ਜਾਂਦੇ ਸੀ,ਬਾਹਰ ਜ਼ਿਆਦਾ ਰਹਿੰਦੇ ਸੀ। ਇਹ ਸਿਨਸਿਲਾ ਏਦਾਂ ਹੀ ਚੱਲਦਾ ਰਿਹਾ।

ਪਰ ਆਖਿਰਕਾਰ ਏਦਾਂ ਦਾ ਕੀ ਹੋਇਆ ਜ਼ਿੰਦਗੀ ਵਿਚ, ਕੀ ਇਨ੍ਹਾਂ ਪਿਆਰ ਕਰਨ ਵਾਲੇ ਇਕ-ਦਮ ਵੱਖ ਹੋ ਗਏ। ਸਾਡੀ ਜ਼ਿੰਦਗੀ ਦੇ ਰਾਹ ਹੀ ਵੱਖ ਹੋ ਗਏ। ਇੱਕ ਸਮੇਂ ਇਕੱਠੇ ਜਿਉਣ ਤੇ ਮਰਨ ਦੀਆਂ ਕਸਮਾਂ ਖਾਣ ਵਾਲੇ, ਇੱਕ ਦੂਜੇ ਤੋਂ ਬਿਨ੍ਹਾਂ ਪੱਲ ਨਾ ਕੱਟਣ ਵਾਲੇ ਆਪਣੀ ਜ਼ਿੰਦਗੀ ਕਿਉਂ ਅਲੱਗ-ਅਲੱਗ ਬਤੀਤ ਕਰ ਰਹੇ ਹਨ।
(ਅਗਲੀ ਕਹਾਣੀ ਦੂਜੇ ਭਾਗ ਵਿੱਚ)

ਕਦੇ ਹੀਰੇ ਲੱਗਦੇ ਸੀ ਤੈਨੂੰ
ਹੁਣ ਤੇਰੇ ਲਈ ਅਸੀਂ ਕੱਖ ਹੋ ਗਏ
ਤੇਰੀ ਖੁਸ਼ੀ ਦੇ ਲਈ ਯਾਰਾ
ਹੁਣ ਤੇਰੇ ਤੋਂ ਅਸੀਂ ਵੱਖ ਹੋ ਗਏ

ਜ਼ਿੰਦਗੀ ਕਦੇ ਵੀ ਓਦਾਂ ਦੀ ਨਹੀਂ ਹੁੰਦੀ ਜਿਦਾਂ ਦੀ ਆਪਾਂ ਸੋਚ ਲੈਂਦੇ ਹਾਂ। ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕਿਸ ਮੋੜ ਨੂੰ ਮੁੜ ਜਾਵੇ। ਕਦੋਂ ਅੱਜ ਦੇ ਹਾਸੇ ਕੱਲ ਦੇ ਗਮ ਬਣ ਜਾਂਦੇ ਹਨ, ਪਤਾ ਹੀ ਨਹੀਂ ਚੱਲਦਾ। ਪਲਾਂ ਵਿੱਚ ਸਭ ਕੁਝ ਖ਼ਤਮ ਹੋ ਜਾਂਦਾ ਜ਼ਿੰਦਗੀ ਵਿਚ, ਬਾਕੀ ਇਸ ਕਹਾਣੀ ਬਾਰੇ ਅਗਲੇ ਭਾਗ ਵਿਚ ਗੱਲ ਕਰਾਂਗੇ ਕਿ ਆਖਿਰਕਾਰ ਏਦਾਂ ਦਾ ਕੀ ਹੋਇਆ ਸੀ ਪਰਵੀਨ ਤੇ ਗੁਰਲੀਨ ਦੀ ਜ਼ਿੰਦਗੀ ਵਿਚ,ਕਿ ਉਹ ਸਦਾ ਲਈ ਵੱਖ ਹੋ ਗਏ।

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ
ਪਰਵੀਨ ਰੱਖੜਾ
(8360000267)

ਬਾਕੀ ਉਮੀਦ ਕਰਦਾਂ ਹਾਂ ਤੁਹਾਨੂੰ ਮੇਰੀ ਲਿਖੀ ਇਹ ਕਹਾਣੀ ਪਸੰਦ ਆਈ ਹੋਵੇਗੀ। ਇਸ ਕਹਾਣੀ ਦੇ ਸੰਬੰਧ ਵਿਚ ਜਾਂ ਮੇਰੀਆਂ ਲਿਖੀਆਂ ਹੋਰ ਕਹਾਣੀਆਂ ਪੜ੍ਹਨ ਦੇ ਲਈ ਤੁਸੀ ਮੈਨੂੰ ਵਟਸਐਪ ਉੱਤੇ ਮੈਸੇਜ ਕਰ ਸਕਦੇ ਹੋ।

ਪਰਵੀਨ ਰੱਖੜਾ
ਵਟ੍ਸਐਪ (whatsapp) :- 8360000267
ਇੰਸਟਾਗ੍ਰਾਮ (instagram) :- Parveen rakhra

ਮੇਰੇ ਵੱਲੋਂ ਲਿਖੀਆਂ ਹੋਰ ਕਹਾਣੀਆਂ :-
ਮੈਂ ਰੱਬ ਲੱਭਦਾ (ਭਾਗ 1-2-3-)
ਓਪਰੀਆਂ ਸ਼ਕਤੀਆਂ
ਜ਼ਿੰਦਗੀ ਦਾ ਕਾਰਵਾਂ
ਰੂਹ ਦੇ ਕਾਤਲ
ਮਲਾਲ
ਇਹ ਕੋਈ ਕਵੀਤਾਂ ਨਹੀਂ
ਸਰਬੱਤ ਦਾ ਭਲਾ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

5 Comments on “ਅਫਸਾਨੇ ਇਸ਼ਕ ਦੇ (ਪਰਵੀਨ ਰੱਖੜਾ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)