ਗੁਰਪ੍ਰੀਤ ਕਰੀਰ
ਪੰਜਾਬੀਓ ਹਜੇ ਵੀ ਜਾਗ ਜਾਵੋ,
ਸਾਂਭ ਲਵੋ ਫਸਲਾਂ ਤੇ ਨਸਲਾਂ ਨੂੰ!
ਦਿੱਲੀ ਫੇਰ ਮਨਸੂਬੇ ਘੜ੍ਹ ਰਹੀ,
ਸਾਡੇ ਹੱਥਾਂ ਚ ਦੇਣ ਲਈ,
ਕਹੀਆਂ ਦੀ ਥਾਂ ਰਫਲਾਂ ਨੂੰ!
ਕਿਸਾਨ ਮਜਦੂਰ ਏਕਤਾ ਜਿੰਦਾਬਾਦ
2001 ਇੰਗਲੈਂਡ
ਗੁੱਡ ਮੋਰਨਿੰਗ ਡੈਡ! ਪ੍ਰਗਟ ਨੇ ਡਰਾਇੰਗ ਰੂਮ ਵਿੱਚ ਚਾਹ ਪੀ ਰਹੇ ਸੁਖਦੇਵ ਸਿੰਘ ਦੇ ਕੋਲ ਬੈਠਦਿਆਂ ਕਿਹਾ।… ‘ਆ ਪੁੱਤਰਾ ਉੱਠ ਗਿਆ! ਰਾਤੀ ਕਾਫੀ ਲੇਟ ਹੋ ਗਿਆ ਸੀ ਲੱਗਦਾ ‘? ਮੈਂ ਬਾਰਾਂ ਵਜੇ ਤੱਕ ਉਡੀਕਦਾ ਰਿਹਾ।… ਜੀ ਡੈਡ, ਪਾਰਟੀ ਚ ਦੋਸਤਾਂ ਨਾਲ ਟਾਈਮ ਦਾ ਪਤਾ ਹੀ ਨਹੀਂ ਲੱਗਿਆ।…. ਅੱਛਾ! ਕੀ ਫੈਂਸਲਾ ਕੀਤਾ ਫੇਰ ਤੂੰ ਸਾਡੇ ਨਾਲ ਪੰਜਾਬ ਚੱਲ ਰਿਹਾ ਹੈ ਜਾਂ ਨਹੀਂ? ਸੁਖਦੇਵ ਨੇ ਅਖਬਾਰ ਦੀ ਤਹਿ ਲਗਾਉਂਦਿਆਂ ਸਵਾਲ ਕੀਤਾ। ਅਸਲ ਚ ਪਰਗਟ ਸੁਖਦੇਵ ਦੇ ਭਰਾ ਹਰਨੇਕ ਦਾ ਮੁੰਡਾ ਸੀ, ਜਿਸਨੂੰ ਸੁਖਦੇਵ ਨੇ ਗੋਦ ਲੈ ਕੇ ਆਪਣੇ ਕੋਲ ਇੰਗਲੈਂਡ ਬੁਲਾ ਲਿਆ ਸੀ। ਪਰਗਟ ਸੁਖਦੇਵ ਨੂੰ ਡੈਡੀ ਹੀ ਕਹਿੰਦਾ ਸੀ। ” ਹਾਂਜੀ ਡੈਡੀ ਜੀ ਜਾਵਾਂਗਾ! ਮੈਂ ਕਾਫੀ ਸੋਚ ਵਿਚਾਰ ਤੋਂ ਬਾਅਦ ਫੈਂਸਲਾ ਕੀਤਾ ਹੈ “। ਕਹਿੰਦਿਆਂ ਪਰਗਟ ਨੇ ਚਾਹ ਦਾ ਕੱਪ ਫੜ ਲਿਆ। ਪਰਗਟ ਦੀ ਗੱਲ ਸੁਣਦਿਆਂ ਜਿਵੇਂ ਸੁਖਦੇਵ ਨੂੰ ਚਾਅ ਚੜ ਗਿਆ।
ਸ਼ਾਬਾਸ਼ ਪੁੱਤਰਾ! ਮੈਨੂੰ ਤੇਰੇ ਤੋਂ ਇਹੋ ਉਮੀਦ ਸੀ, ਤੇਰੀ ਮੰਮੀ ਤੇ ਜਿੰਮੀ ਕਹਿੰਦੇ ਸੀ ਤੂੰ ਕਦੇ ਵੀ ਰਾਜ਼ੀ ਨਹੀ ਹੋਵੇਗਾ। ਪਰ ਤੂੰ ਮੇਰਾ ਭਰੋਸਾ ਟੁੱਟਣ ਨਹੀਂ ਦਿੱਤਾ। ਸ਼ਾਬਾਸ਼! ਜਿੰਮੀ ਸੁਖਦੇਵ ਸਿੰਘ ਦਾ ਮੁੰਡਾ ਹੈ, ਜਿਸਦਾ ਪੂਰਾ ਨਾਮ ਜਗਮੀਤ ਸਿੰਘ ਹੈ। … ਤਾਂ ਫੇਰ ਖਿੱਚ ਲੈ ਤਿਆਰੀ, ਅਸੀਂ ਅਗਲੇ ਹਫਤੇ ਹੀ ਜਾ ਰਹੇ ਹਾਂ। ਮੈਂ ਅੱਜ ਸਾਰਿਆਂ ਦੀ ਟਿਕਟ ਕਰਵਾ ਦਿੰਦਾ ਹਾਂ।… ਬਿਲਕੁੱਲ ਡੈਡ, ਮੈਂ ਫੇਰ ਆਪਣੇ ਪੇਂਡਿੰਗ ਕੰਮ ਮੁਕਾ ਲੈਂਦਾ ਹਾਂ। ਮਾਤਾ ਸ੍ਰੀ ਨੂੰ ਤਾਂ ਸਰਪ੍ਰਾਈਜ਼ ਮਿਲੂਗਾ, ਕੱਲ ਫੋਨ ਤੇ ਕਹਿ ਰਹੇ ਸੀ ਕੇ ਤੂੰ ਵੀ ਜਰੂਰ ਆ, ਨਾਲੇ ਜਗਦੇਵ ਨੂੰ ਮਿਲਣ ਨੂੰ ਦਿਲ ਕਰਦਾ ਹੁਣ। ਜਗਦੇਵ ਪਰਗਟ ਦਾ ਸਕਾ ਭਰਾ ਸੀ। ਜਗਦੇਵ ਤੇ ਓਸਦੀ ਮੰਮੀ ਪੰਜਾਬ ਹੀ ਰਹਿੰਦੇ ਸਨ। ਮੈ ਅਪਣੇ ਕਿਸੇ ਕੰਮ ਨੂੰ ਲੈ ਕੇ ਕੰਫਿਊਜਨ ਚ ਸੀ, ਪਰ ਹੁਣ ਮੈ ਫੈਂਸਲਾ ਕਰ ਲਿਆ ਹੈ ਕੇ ਮੈਂ ਤੁਹਾਡੇ ਨਾਲ ਜਾਵਾਂਗਾ। ਚਾਹ ਪੀ ਕੇ ਕੱਪ ਰੱਖਦਾ ਹੋਇਆ ਪ੍ਰਗਟ ਬੋਲਿਆ। ਬਲਜੀਤ!..ਬਲਜੀਤ!… ਕਿੱਥੇ ਹੈ?…. ਐਧਰ ਬਾਹਰ ਆ ਜਾਓ ਜੀ। ਬਲਜੀਤ ਜੋ ਸੁਖਦੇਵ ਦੀ ਘਰਵਾਲੀ ਸੀ, ਨੇ ਉੱਚੀ ਆਵਾਜ਼ ਚ ਕਿਹਾ। ” ਕੀ ਗੱਲ ਹੋ ਗਈ, ਹਾਕਾਂ ਮਾਰਨ ਲੱਗੇ ਹੋ”?….. ” ਪ੍ਰਗਟ ਪੰਜਾਬ ਜਾਣ ਲਈ ਤਿਆਰ ਹੋ ਗਿਆ”। ਹੈ ਸੱਚੀ”?? ਰੋਟੀਆਂ ਲਈ ਆਲੂ ਛਿੱਲ ਰਹੀ ਬਲਜੀਤ ਕੌਰ ਨੇ ਬੜੀ ਉਤਸੁਕਤਾ ਨਾਲ ਪੁੱਛਿਆ।…ਹਾਂ! ਹੁਣੇ ਮੈਨੂੰ ਕਿਹਾ ਉਸਨੇ ਕੇ ਓਹ ਜਾਣ ਲਈ ਤਿਆਰ ਹੈ। ਮੈਂ ਬਸ ਬ੍ਰੇਕਫਾਸਟ ਕਰਕੇ ਟਿਕਟਾਂ ਲੈ ਆਉਂਦਾ ਹਾਂ, ਤੁਸੀਂ ਬਸ ਤਿਆਰੀ ਸ਼ੁਰੂ ਕਰੋ।…. ਲੈ ਅਸੀਂ ਤਾਂ ਕਦੋਂ ਦੀ ਤਿਆਰੀ ਸ਼ੁਰੂ ਕੀਤੀ ਹੋਈ ਆ, ਚੱਲੋ ਸਵਿੰਦਰ
ਭੈਣ ਖੁਸ਼ ਹੋਜੂ ਸੁਣ ਕੇ ਵਿਚਾਰੀ।
ਪੰਜਾਬ ਜਾਣ ਦੀ ਖੁਸ਼ੀ ਸੁਖਦੇਵ ਤੋਂ ਝੱਲ ਨਹੀਂ ਹੋ ਰਹੀ ਸੀ, ਅਸਲ ਚ ਓਹ ਪੂਰੇ 16 ਸਾਲ ਬਾਅਦ ਪੰਜਾਬ ਜਾ ਰਿਹਾ ਸੀ। ਉਸਦਾ ਅਤੀਤ ਬਹੁਤ ਹੀ ਦੁਖਦਾਈ ਰਿਹਾ ਸੀ। ਉਹ ਪੰਜਾਬ ਜਾ ਕੇ ਆਪਣਾ ਘਰ, ਖੇਤ ਦੇਖਣਾ ਚਾਹੁੰਦਾ ਸੀ, ਜਿੱਥੇ ਉਹ ਜੰਮਿਆ ਪਲਿਆ ਸੀ। ਪੰਜਾਬ ਜਾਣਾ ਓਸ ਲਈ ਸਵਰਗ ਜਾਣ ਤੋਂ ਘੱਟ ਨਹੀਂ ਸੀ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਹੱਡ ਮਾਸ ਹੀ ਉਸਦਾ ਇੰਗਲੈਂਡ ਸੀ, ਰੂਹ ਉਸਦੀ ਪੰਜਾਬ ਦੀ ਵੱਸਦੀ ਸੀ। ਪਿਛਲੇ 16 ਸਾਲ ਓਸਨੇ ਕਿਵੇਂ ਗੁਜ਼ਾਰੇ ਸਨ, ਇਹ ਓਹੀ ਜਾਣਦਾ ਸੀ, ਕੋਈ ਦਿਨ ਵੀ ਅਜਿਹਾ ਨਹੀਂ ਬੀਤਿਆ ਸੀ ਜਿਸ ਦਿਨ ਉਹਨੂੰ ਪਿੰਡ ਯਾਦ ਨਾ ਆਇਆ ਹੋਵੇ। ਕਿਵੇਂ ਉਸਨੇ ਐਨਾ ਦਰਦ ਹੰਢਾਇਆ, ਕਿਵੇਂ ਉਸਦੇ ਆਪਣੇ ਉਸ ਤੋਂ ਸਦਾ ਲਈ ਦੂਰ ਹੋ ਗਏ। ਪੰਜਾਬ ਦੇ ਕਾਲੇ ਦੌਰ ਦੀ ਐਸੀ ਹਨੇਰੀ ਆਈ, ਜਿਸਨੇ ਸੁਖਦੇਵ ਦੀ ਹੱਸਦੀ ਵੱਸਦੀ ਜ਼ਿੰਦਗੀ ਚ ਉਜਾੜਾ ਪਾ ਦਿੱਤਾ। ਹੁਣ ਸਾਰਾ ਕੁੱਝ ਕਹਾਣੀ ਵਾਂਗ ਸੁਖਦੇਵ ਦੀਆਂ ਅੱਖਾਂ ਅੱਗੇ
ਘੁੰਮਣ ਲੱਗ ਪਿਆ ਸੀ।
1984 ਪੰਜਾਬ
ਵਾਹਿਗੁਰੂ ਵਾਹਿਗੁਰੂ…ਕਿਹੋ ਜਿਹਾ ਸਮਾਂ ਆ ਗਿਆ ਵਾਹਿਗੁਰੂ। ਕੋਈ ਪੁੱਛ ਗਿੱਛ ਨਹੀ, ਜਿਹਨੂੰ ਜੀ ਕੀਤਾ ਚੁੱਕ ਲਿਆ ਮਾਰ ਖ਼ਪਾ ਤਾ। ਜੋਗਿੰਦਰ ਸਿੰਘ ਕੰਬਲੀ ਲਾਹ ਕੇ ਧੁੱਪੇ ਪਏ ਮੰਜੇ ਤੇ ਨਿਢਾਲ ਹੁੰਦਾ ਬੁੜਬੁੜਾਇਆ। ਜੋਗਿੰਦਰ ਸਿੰਘ ਸੁਖਦੇਵ ਤੇ ਹਰਨੇਕ ਦਾ ਚਾਚਾ ਸੀ, ਜਿਸਦਾ ਵਿਆਹ ਨਹੀ ਹੋਇਆ ਸੀ। ਜੋਗਿੰਦਰ ਦਾ ਭਰਾ ਜਾਣੀ ਕੇ ਸੁਖਦੇਵ ਤੇ ਹਰਨੇਕ ਦਾ ਪਿਉ ਓਹਨਾ ਦੇ ਨਿੱਕਿਆ ਹੁੰਦਿਆਂ ਹੀ ਚੱਲ ਵਸਿਆ ਸੀ, ਤਾਂ ਦੋਹਾਂ ਭਰਾਵਾਂ ਨੂੰ ਜੋਗਿੰਦਰ ਸਿੰਘ ਨੇ ਹੀ ਪਾਲਿਆ ਸੀ।
” ਕੀ ਗੱਲ ਹੋ ਗਈ ਚਾਚਾ” ਐਨੀ ਠੰਡ ਚ ਕਿੱਧਰ ਗਿਆ ਸੀ? ਕਿੰਨੇ ਵਾਰ ਕਿਹਾ ਮੈਂ ਕੇ ਘਰ ਬੈਠਿਆ ਕਰ। ਖੰਘ ਤੇਰੀ ਹਜੇ ਠੀਕ ਨਹੀਂ ਹੋਈ, ਦੇਖ ਕਿਵੇਂ ਢਊ ਢਊ ਲੱਗੀ ਆ, ਚਾਚੇ ਨੂੰ ਖੰਘਦੇ ਦੇਖ ਹਰਨੇਕ ਨੇ ਕਿਹਾ। ਹਰਨੇਕ ਸਿੰਘ ਸੁਖਦੇਵ ਦਾ ਨਿੱਕਾ ਭਰਾ ਸੀ। “ਭਾਬੀ! ਚਾਹ ਬਣਾ ਕੇ ਦਿਉ ਚਾਚੇ ਨੂੰ ਵਤਰ ਤੇਜ਼ ਕਰਕੇ, ਕੈਮ ਹੋਵੇ ਜਰਾ।
ਓ ਮੈਨੂੰ ਕੀ ਗੋਲੀ ਵੱਜੀ ਆ! ਆਹ ਜਿਹੜੀ ਬਿਮਾਰੀ ਬਾਹਰ ਫੈਲੀ ਆ ਓਦੋਂ ਭੈੜੀ ਨਹੀਂ ਬਿਮਾਰੀ ਮੇਰੀ। ਨਿਹੰਗ ਕੇ ਜਾ ਕੇ ਆਇਆ, ਰਾਤ ਓਹਨਾਂ ਦੇ ਮੀਤੇ ਨੂੰ ਪੁਲਿਸ ਲੈ ਗਈ ਚੱਕ ਕੇ। ਨਾ ਕੋਈ ਕਸੂਰ ਦੱਸਿਆ ਨਾ ਕੁੱਝ, ਹੁਣ ਗਏ ਨੇ ਸਰਪੰਚ ਹੁਣੀ ਥਾਣੇ ਨੂੰ, ਜੋਗਿੰਦਰ ਨੇ ਖੰਘਦੇ ਹੋਏ ਸਾਰੀ ਗੱਲ ਦੱਸੀ।…. ਹੈਂ? ਮੀਤੇ ਨੂੰ ਪੁਲਸ ਲੈ ਗਈ? ਹਰਨੇਕ ਨੂੰ ਇਸ ਬਾਰੇ ਜਰਾ ਵੀ ਪਤਾ ਨਹੀਂ ਸੀ। ਹਰਨੇਕ ਕਾ ਘਰ ਖੇਤਾਂ ਚ ਸੀ, ਸਵੇਰ ਦਾ ਖਰਾਬ ਹੋਈ ਮੋਟਰ ਨੂੰ ਸੂਤ ਕਰਦਾ ਹੋਣ ਕਰਕੇ ਓਹਦਾ ਪਿੰਡ ਚ ਚੱਕਰ ਨਹੀਂ ਲੱਗਾ ਸੀ। ਮੀਤਾ ਹਰਨੇਕ ਦਾ ਬੇਲੀ ਸੀ, ਦੋਵੇਂ ਹਮ ਉਮਰ ਸਨ ਤੇ ਇਕੱਠੇ ਖੇਡ ਖੇਡ ਕੇ ਵੱਡੇ ਹੋਏ ਸਨ। ਦੋਵੇਂ ਧਾਰਮਿਕ ਸਮਾਗਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਸਨ। ਹਰਨੇਕ ਦਾ ਸੁਭਾਅ ਗਰਮ ਸੀ, ਪ੍ਰਗਟ ਵੀ ਹਰਨੇਕ ਦਾ ਹੀ ਮੁੰਡਾ ਸੀ। ਹਰਨੇਕ ਦੀ ਘਰਵਾਲੀ ਸਵਿੰਦਰ ਨਰਮ ਸੁਭਾਅ ਦੀ ਰੱਬ ਨੂੰ ਮੰਨਣ ਵਾਲੀ ਔਰਤ ਸੀ।
“ਜੇ ਸਿੰਘ ਹਥਿਆਰ ਰੱਖਦੇ ਆ ਤਾਂ ਇਹਨਾਂ ਲਈ ਅੱਤਵਾਦੀ ਬਣ ਜਾਂਦੇ ਆ, ਜੋ ਸਰਕਾਰਾਂ ਸਿੰਘਾਂ ਨਾਲ ਕਰ ਰਹੀਆਂ ਕੀ ਇਹ ਵਾਜਿਬ ਆ”? ਹਰਨੇਕ ਨੂੰ ਇਸ ਤਰ੍ਹਾਂ ਗਰਮ ਬੋਲਦੇ ਨੂੰ ਸੁਣ ਕੇ ਉਸਦੀ ਘਰਵਾਲੀ ਤੇ ਭਰਜਾਈ ਬਲਜੀਤ ਕੌਰ ਵੀ ਬਾਹਰ ਵਿਹੜੇ ਚ ਆ ਗਈਆਂ। ਕਿੰਨਾ ਚਿਰ ਹਰਨੇਕ ਉੱਚੀ ਉੱਚੀ ਬੋਲਦਾ ਰਿਹਾ ਤੇ ਸਰਕਾਰ ਤੇ ਪੁਲਿਸ ਨੂੰ ਕੋਸਦਾ ਰਿਹਾ, ਪਰ ਸੁਖਦੇਵ ਤੋਂ ਬਿਨਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਸਦੇ ਅੱਗੇ ਬੋਲੇ।
ਓਧਰ ਪਿੰਡ ਵਿੱਚ ਪੂਰਾ ਰੌਲਾ ਪਿਆ ਹੋਇਆ ਸੀ, ਹਰ ਕੋਈ ਪੁਲਿਸ ਦੀ ਧੱਕੇਸ਼ਾਹੀ ਦੀਆਂ ਗੱਲਾਂ ਕਰ ਰਿਹਾ ਸੀ। ਸੱਥ ਵਿੱਚ ਫੱਟੇ ਤੇ ਬੈਠੇ ਗੱਲਾਂ ਕਰ ਰਹੇ ਬਜੁਰਗਾਂ ਕੋਲ ਆ ਕੇ ਸੁਲੱਖਣ ਸਿੰਘ ਨੇ ਮੋਟਰਸਾਈਕਲ ਦੀ ਬ੍ਰੇਕ ਲਗਾਈ, ” ਕਿਦਾਂ ਬਾਬਿਓ ਕਿਸ ਵਿਸ਼ੇ ਤੇ ਵਿਚਾਰਾਂ ਚੱਲ ਰਹੀਆਂ ਨੇ ਅੱਜ ਸਾਡੇ ਮੰਤਰੀਆਂ ਦੀਆਂ”? ਸੁਲੱਖਣ ਨੇ ਬਜੁਰਗਾਂ ਨੂੰ ਮਖੌਲ ਕੀਤਾ।… ” ਅੱਜ ਤਾਂ ਭਾਣਾ ਹੀ ਹੋਰ ਵਾਪਰ ਗਿਆ ਸੁਲੱਖਣਾ, ਪਿੰਡ ਪੁਲਿਸ ਆਈ ਸੀ ਤੇ ਮੀਤੇ ਨੂੰ ਲੈ ਗਈ ਰਾਤ ਦੀ”। ਓਹ ਵਿਚਾਰਾ ਗਰੀਬ ਐਨਾ ਸਾਊ ਮੁੰਡਾ ਕੀ ਵਿਗਾੜ ਤਾ ਕਿਸੇ ਦਾ ਉਹਨੇ? ਬਜੁਰਗ ਨੇ ਹਾੜਾ ਕੀਤਾ।…..ਵਿਗਾੜ ਕੀ ਆ ਇਹ ਤਾਂ ਪੁਲਿਸ ਨੇ ਦੱਸ ਹੀ ਦੇਣਾ, ਬਿਨਾਂ ਅੱਗ ਦੇ ਧੂੰਆਂ ਨਹੀਂ ਨਿਕਲਦਾ। ਆਪਾਂ ਨੂੰ ਕੀ ਪਤਾ ਤਾਇਆ ਉਹ ਕਿੱਥੇ ਕਿੱਥੇ ਯਰਾਨੇ ਲਾਈ ਬੈਠਾ। ਅਸਲ ਚ ਸੁਲੱਖਣ ਨੇ ਇਹ ਗੱਲ ਤਾਂ ਕਹੀ ਕਿਉਂਕਿ ਉਸਦੀ ਹਰਨੇਕ ਨਾਲ ਲੱਗਦੀ ਸੀ ਤੇ ਮੀਤਾ ਹਰਨੇਕ ਦਾ ਪੱਕਾ ਯਾਰ ਸੀ। ਦੋਵੇਂ ਸੁਲੱਖਣ ਦੀਆਂ ਅੱਖਾਂ ਚ ਰੜਕਦੇ ਸਨ। ਸੁਲੱਖਣ ਸ਼ਰੀਕੇ ਚ ਹਰਨੇਕ ਦਾ ਭਰਾ ਹੀ ਲੱਗਦਾ ਸੀ। ਸੁਲੱਖਣ ਦਾ ਰਹਿਣ ਸਹਿਣ ਬਾਹਲਾ ਵਧੀਆ ਨਹੀਂ ਸੀ, ਦਿਨ ਵੇਲੇ ਵੀ ਦਾਰੂ ਨਾਲ ਡੱਕਿਆ ਰਹਿੰਦਾ ਸੀ। ‘ ਚੰਗਾ ਤੁਸੀ ਕਰੋ ਵਿਚਾਰਾਂ ਮੈਂ ਚਲਦਾ, ਕਹਿੰਦਿਆਂ ਸੁਲੱਖਣ ਨੇ ਮੋਟਰਸਾਈਕਲ ਦੀ ਕਿੱਕ ਮਾਰ ਦਿਆਂ ਕਿਹਾ।
‘ ਜ਼ਿੰਦ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ, ਓ ਜ਼ਿੰਦ ਯਾਰ ਦੀ….’! ਬਾਹਰੋਂ ਟਰੈਕਟਰ ਤੇ ਲੱਗੀ ਟੇਪ ਦੀ ਆਵਾਜ਼ ਆਉਣ ਲੱਗੀ, ਸੁਖਦੇਵ ਮੰਡੀਓ ਵਾਪਿਸ ਮੁੜ ਆਇਆ ਸੀ। ਸੁਖਦੇਵ ਉਹਨਾਂ ਦਿਨਾਂ ਚ ਬਹੁਤ ਮਸਤ ਮੌਲਾ ਬੰਦਾ ਸੀ, ਕਿਸੇ ਨਾਲ ਵਾਧੂ ਘਾਟੂ ਨਹੀਂ ਕਰਦਾ ਸੀ। ਟਰੈਕਟਰ ਵਰਾਂਡੇ ਚ ਡੱਕ ਕੇ ਓਹ ਕੁੜਤਾ ਝਾੜਦਾ ਬਾਹਰ ਮੋਟਰ ਵੱਲ ਹੋ ਗਿਆ। ‘ ਕਿਵੇਂ ਆਈ ਨਹੀਂ ਇਹ ਲੋਟ ਹਜੇ ‘? ਹਰਨੇਕ ਨੂੰ ਮਿਸਤਰੀ ਕੋਲ ਖੜੇ ਨੂੰ ਓਸ ਪੁੱਛਿਆ।
ਕਿਵੇਂ ਬਣੀ ਨਹੀਂ ਮੱਝ ਕੋਈ, ਖਾਲੀ ਹੀ ਮੁੜ ਆਇਆ? ਹਰਨੇਕ ਨੇ ਉਲਟਾ ਸੁਖਦੇਵ ਨੂੰ ਸਵਾਲ ਕੀਤਾ। ….ਨਾ ਯਰ! ਜਚੀ ਨਹੀਂ ਕੋਈ, ਉੱਤੋਂ ਪੈਸੇ ਵੀ ਪਿਓ ਦੇ ਪਿਉ ਮੰਗਦੇ ਸੀ ਫੰਡਰਾਂ ਜਿਹੀਆਂ ਦਾ, ਅਗਲੇ ਐਤਵਾਰ ਦੇਖਾਂਗੇ।
ਓਹ ਇਹਨਾਂ ਮਾਵਾਂ ਨੂੰ ਪੱਠੇ ਟੈਮ ਨਾਲ ਪਾ ਦਿਆ ਕਰ, ਸਾਰਾ ਦਿਨ ਰੇਡੀਓ ਦਾ ਕੰਨ ਮਰੋੜੀ ਜਾਨਾ ਰਹਿਣੈਂ, ਹਰਨੇਕ ਸੀਰੀ ਨੂੰ ਗਾਣੇ ਸੁਣਦਾ ਦੇਖ ਹਰਖ ਕੇ ਬੋਲਿਆ।….. ਕੀ ਗੱਲ ਹੋਗੀ, ਐਨਾ ਤਪਿਆ ਪਿਆਂ? ਸੁਖਦੇਵ ਨੂੰ ਪਹਿਲਾਂ ਹੀ ਹਰਨੇਕ ਦਾ ਮੂੰਹ ਦੇਖ ਕੇ ਪਤਾ ਲੱਗ ਗਿਆ ਸੀ ਕੇ ਕੋਈ ਗੱਲ ਹੈ। ਮੈਂ ਕੀ ਪੁੱਛਦਾ? ਹਰਨੇਕ ਨੂੰ ਕੁੱਝ ਨਾ ਬੋਲਦਾ ਦੇਖ ਸੁਖਦੇਵ ਨੇ ਓਹਦਾ ਮੋਢਾ ਹਿਲਾਇਆ। “ਇਹ ਸਰਕਾਰਾਂ ਸਮਝਦੀਆਂ ਇਹਨਾਂ ਦੇ ਦਬਾਇਆ ਸਿੱਖ ਦੱਬ ਜਾਣਗੇ, ਬਹੁਤ ਗਲਤ ਫਹਿਮੀ ਇਹਨਾਂ ਦੀ”।….. ਹੋਇਆ ਕੀ ਆ? ਸੁਖਦੇਵ ਨੇ ਫੇਰ ਪੁੱਛਿਆ।…. ਮੀਤੇ ਨੂੰ ਪੁਲਸ ਨੇ ਚੱਕ ਲਿਆ ਰਾਤੀ, ਹਰਨੇਕ ਨੇ ਮੀਤੇ ਦਾ ਫ਼ਿਕਰ ਕਰਦਿਆਂ ਕਿਹਾ।…. ਕਿਉਂ? ਓਹਨੇ ਕੀ ਕੀਤਾ ਅਜਿਹਾ? ਓਹਨੂੰ ਕਿਊ ਲੈ ਗਏ? ਸੁਖਦੇਵ ਵੀ ਇਕਦਮ ਗੰਭੀਰ ਹੋ ਗਿਆ। ” ਅਖੇ ਤੂੰ ਖਾੜਕੂਆਂ ਨੂੰ ਰੋਟੀ ਖਵਾਈ ਆ, ਤੇਰੇ ਘਰ ਆਉਣ ਜਾਣ ਉਹਨਾਂ ਦਾ, ਤੂੰ ਵੀ ਰਲਿਆ ਉਹਨਾਂ ਨਾਲ”। ਓਹਦਾ ਵਿਚਾਰੇ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਹਰਨੇਕ ਇੱਕੋ ਸਾਹੇ ਸਭ ਬੋਲ ਗਿਆ।
ਸੁਖਦੇਵ ਨੂੰ ਇਹ ਤਾਂ ਇਲਮ ਸੀ ਕੇ ਹਰਨੇਕ ਤੇ ਮੀਤਾ ਧਾਰਮਿਕ ਸਮਾਗਮਾਂ ਵਿੱਚ ਜਾਂਦੇ ਰਹਿੰਦੇ ਹਨ, ਤੇ ਕਿਸੇ ਖਾੜਕੂਆਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਸੀ। ਪਰ ਪੁਲਿਸ ਨੂੰ ਕੌਣ ਸਮਝਾ ਸਕਦਾ। …. ਤੂੰ ਐਂਵੇ ਕਰ ਦੋ ਤਿੰਨ ਦਿਨ ਕਿਤੇ ਆਸੇ ਪਾਸੇ ਹੋ ਜਾ, ਮੀਤੇ ਕਰਕੇ ਕਿਤੇ ਤੈਨੂੰ ਵੀ…… ” ਕੀ ਤੈਨੂੰ ਵੀ!” ਮੈਨੂੰ ਹੱਥ ਤਾਂ ਲਗਾ ਕੇ ਦਿਖਾਵੇ ਕੋਈ। ਓਸ ਭਲੇ ਮਾਣਸ ਤੇ ਹੀ ਜ਼ੋਰ ਚੱਲ ਗਿਆ ਉਹਨਾਂ ਦਾ, ਹਰਨੇਕ ਨੇ ਆਕੜ ਕੇ ਬੋਲਿਆ। …. ਵੀਰ ਮੇਰਿਆ ਪੁਲਿਸ ਅੱਗੇ ਕਿਹਦਾ ਜ਼ੋਰ, ਅੜੀ ਨਾ ਕਰ! ਸੁਖਦੇਵ ਨੇ ਜਿਵੇਂ ਤਰਲਾ ਕੀਤਾ। ਹਰਨੇਕ ਬਿਨ੍ਹਾਂ ਕੁੱਝ ਬੋਲਿਆਂ ਖੇਤਾਂ ਵੱਲ ਚਲਾ ਗਿਆ, ਤੇ ਸੁਖਦੇਵ ਵੀ ਅਸਲ ਗੱਲ ਪਤਾ ਕਰਨ ਲਈ ਪਿੰਡ ਵੱਲ ਆ ਗਿਆ। ਪਿੰਡ ਚੋਂ ਸੁਖਦੇਵ ਨੂੰ ਪਤਾ ਲੱਗਾ ਕਿ ਪੰਚਾਇਤ ਦੇ ਕਹਿਣ ਤੇ ਵੀ ਪੁਲਿਸ ਨੇ ਮੀਤੇ ਨੂੰ ਨਹੀਂ ਛੱਡਿਆ, ਤੇ ਓਸਦੀ ਕਾਫੀ ਕੁੱਟਮਾਰ ਵੀ ਕੀਤੀ ਹੈ। ਸੁਖਦੇਵ ਚੁੱਪਚਾਪ ਘਰ ਆ ਗਿਆ, ਕੁੱਝ ਬੁਰਾ ਵਾਪਰਣ ਦਾ ਖਿਆਲ ਓਹਦੇ ਅੰਦਰ ਰਿੜਨ ਲੱਗ ਪਿਆ ਸੀ।
ਠੰਡ ਬਹੁਤ ਵਧ ਚੁੱਕੀ ਸੀ, ਸ਼ਾਮਾਂ ਨੂੰ ਵੀ ਧੁੰਦ ਪੂਰੀ ਪੈ ਜਾਂਦੀ ਸੀ। ਸੁਖਦੇਵ ਡੰਗਰਾਂ ਵਾਲੇ ਵਰਾਂਡੇ ਚ ਠੰਡ ਵੜਨ ਤੋਂ ਤਰਪਾਲ ਪਾ ਕੇ ਹਟਿਆ ਸੀ, ਕਿ ਬਾਹਰ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਆਈ। ਜਿਸ ਗੱਲ ਦਾ ਸੁਖਦੇਵ ਨੂੰ ਡਰ ਸੀ ਓਹੀ ਹੋਇਆ, ਬਾਹਰ ਪੁਲਿਸ ਦੀ ਜੀਪ ਸੀ। ਸੁਖਦੇਵ ਦੇ ਦਰਵਾਜਾ ਖੋਲ੍ਹਦੇ ਹੀ ਥਾਣੇਦਾਰ ਗਰਜਵੀਂ ਆਵਾਜ਼ ਚ ਬੋਲਿਆ,” ਕਿੱਥੇ ਹੈ ਹਰਨੇਕ ਸਿੰਘ ਉਰਫ਼ ਨੇਕੀ ਬਦਮਾਸ਼ “? …. ਕੀ ਗੱਲ ਹੋ ਗਈ ਜਨਾਬ? ਓਹ ਤਾਂ ਜੀ ਘਰ ਨਹੀਂ। ਪਤਾ ਨਹੀਂ ਕਿਵੇਂ ਹਰਨੇਕ ਨੇ ਸੁਖਦੇਵ ਦੀ ਗੱਲ ਮੰਨ ਲਈ ਸੀ ਤੇ ਓਹ ਅੱਜ ਘਰ ਨਹੀਂ ਆਇਆ ਸੀ। … ਉਹ ਤਾਂ ਅਸੀਂ ਲੱਭ ਲਵਾਂਗੇ, ਕਹਿੰਦਿਆਂ ਥਾਣੇਦਾਰ ਨੇ ਸਿਪਾਹੀਆਂ ਨੂੰ ਅੰਦਰ ਦੇਖਣ ਲਈ ਕਿਹਾ। ਘਰ ਵਿੱਚ ਪੁਲਿਸ ਦੇਖ ਕੇ ਬਲਜੀਤ ਤੇ ਸਵਿੰਦਰ ਵੀ ਡਰ ਗਈਆਂ, ਜਵਾਕ ਸੋ ਚੁੱਕੇ ਸੀ। ਜੋਗਿੰਦਰ ਸਿੰਘ ਵੀ ਦਵਾਈ ਖਾਹ ਕੇ ਸੁੱਤਾ ਸੀ, ਪਰ ਰੌਲਾ ਸੁਣ ਕੇ ਉੱਠ ਪਿਆ। ਵਾਹਿਗੁਰੂ ਵਾਹਿਗੁਰੂ! ਐਸ ਵੇਲੇ ਥਾਣੇਦਾਰ ਸਾਹਬ ਕੀ ਕੰਮ ਪੈ ਗਿਆ ਜੇ! …. ਕੰਮ ਵੀ ਦੱਸ ਦਿੰਨੇ ਹਾਂ ਬਾਬਾ, ਜੀਹਦੇ ਤੱਕ ਕੰਮ ਹੈ ਓਹਨੂੰ ਤਾਂ ਮਿਲ ਲਈਏ।… ਕੀ ਮਤਲਬ ਜੀ! ਮੰਜੇ ਤੋਂ ਉੱਠਦਾ ਜੋਗਿੰਦਰ ਸਿੰਘ ਸਹਿਮ ਗਿਆ ਸੀ।…..ਹਰਨੇਕ ਕਿੱਥੇ ਹੈ? ਥਾਣੇਦਾਰ ਨੇ ਪੁੱਛਿਆ।….ਅਸਲ ਚ ਓਹ ਅੱਜ ਸਾਡੀ ਭੈਣ ਕੋਲ ਗਿਆ ਹੋਇਆ ਜੀ, ਇੱਕ ਅੱਧੇ ਦਿਨ ਤੱਕ ਆ ਜਾਊਗਾ। ਪਰ ਗੱਲ ਤਾਂ ਦੱਸੋ ਕੀ ਹੈ, ਕੀ ਕੀਤਾ ਉਸਨੇ! ਸੁਖਦੇਵ ਬੋਲਿਆ। ….ਅੱਛਾ! ਉਹਨੂੰ ਲੈ ਕੇ ਕੱਲ ਥਾਣੇ ਪੇਸ਼ ਹੋ ਜਾਇਓ, ਜੇ ਸਾਨੂੰ ਆਉਣਾ ਪਿਆ ਤਾਂ ਔਖਾ ਹੋਜੂ ਤੁਹਾਡੇ ਲਈ। ਐਨਾ ਕਹਿ ਕੇ ਪੁਲੀਸ ਚਲੀ ਗਈ, ਪਰ ਸਾਰੇ ਪਰਿਵਾਰ ਚ ਸਹਿਮ ਪੈ ਗਿਆ ਸੀ। ਸ਼ਾਇਦ ਸੁਖਦੇਵ ਨੂੰ ਪਤਾ ਸੀ ਕਿ ਹਰਨੇਕ ਕਿੱਥੇ ਹੋਵੇਗਾ। ……ਇਹ ਪੁਲਿਸ ਕਿਊ ਆਈ ਸੀ? ਕੀ ਕੀਤਾ ਨੇਕ ਨੇ? ਜੋਗਿੰਦਰ ਸਿੰਘ ਨੇ ਸੁਖਦੇਵ ਨੂੰ ਸਵਾਲ ਕੀਤਾ।…. ” ਕੁੱਝ ਨਹੀਂ ਚਾਚਾ! ਉਹ ਮੀਤੇਂ ਨੂੰ ਪੁਲਿਸ ਨੇ ਚੱਕਿਆ ਨਾ, ਤੇ ਹਰਨੇਕ ਦਾ ਬੇਲੀ ਹੋਣ ਕਰਕੇ ਕੁੱਝ ਪੁੱਛ ਦੱਸ ਕਰਨੀ ਹੋਊ। ਸੁਖਦੇਵ ਚਾਚੇ ਨੂੰ ਹੌਂਸਲਾ ਦੇ ਰਿਹਾ ਸੀ, ਪਰ ਅੰਦਰੋਂ ਓਹ ਖੁਦ ਵੀ ਡਰ ਗਿਆ ਸੀ। ਸਵੇਰੇ ਮੂੰਹ ਹਨੇਰੇ ਸੁਖਦੇਵ ਧਾਰਾਂ ਕੱਢ ਕੇ ਮੱਝਾਂ ਤੇ ਪੱਲੀਆਂ ਪਾ ਰਿਹਾ ਸੀ ਤਾਂ ਓਸਨੇ ਕਿਸੇ ਦੇ ਕੰਧ ਤੋਂ ਛਾਲ ਮਾਰਨ ਦੀ ਆਵਾਜ਼ ਸੁਣੀ। ” ਕਿਹੜਾ ਬਾਈ”? ਦੁੱਧ ਦੀ ਬਾਲਟੀ ਰੱਖ ਕੇ ਉਹ ਬਾਹਰਲੀ ਕੰਧ ਵੱਲ ਹੋਇਆ। ਕਿਸੇ ਨੇ ਕੰਬਲੀ ਚ ਮੂੰਹ ਲਕੋਇਆ ਹੋਇਆ ਸੀ, ਸੁਖਦੇਵ ਨੇ ਕੋਲ ਜਾ ਕੇ ਫੇਰ ਫੇਰ ਪੁੱਛਿਆ, ਕਿਹੜਾ ਬਾਈ?।…. ਮੈਂ ਹਾਂ! ਮੂੰਹ ਨੰਗਾ ਕਰਦਾ ਹਰਨੇਕ ਅੰਦਰ ਨੂੰ ਤੁਰ ਪਿਆ।…. ਤੂੰ? ਕਿੱਥੇ ਸੀ ਰਾਤੀ? ਸੁਖਦੇਵ ਵੀ ਦੁੱਧ ਦੀ ਬਾਲਟੀ ਫੜ੍ਹ ਕੇ ਓਹਦੇ ਮਗਰ ਕਾਹਲੀ ਕਾਹਲੀ ਤੁਰ ਪਿਆ। ਤੈਨੂੰ ਪਤਾ ਰਾਤ ਪੁਲਿਸ ਆਈ ਸੀ, ਸੱਚੋ ਸੱਚ ਦੱਸ ਅਸਲ ਗੱਲ ਕੀ ਹੈ। …. ਆਹੋ ਪਤਾ! ਹਰਨੇਕ ਬੋਲਿਆ। ਰਾਤ ਓਹਨੇ ਪੁਲਿਸ ਆਉਂਦੀ ਦੇਖ ਲਈ ਸੀ ਤੇ ਉਹ ਬਾਹਰ ਵਾਲੇ ਖੇਤ ਮੋਟਰ ਤੇ ਚਲਾ ਗਿਆ ਸੀ।….ਗੱਲ ਕੀ ਹੋਣੀ ਬਾਈ, ਸੁਲੱਖਣ ਦੇ ਯਾਰ ਨੇ ਸ਼ਿਕਾਇਤ ਕੀਤੀ ਆ, ਓਸ ਦਿਨ ਨਗਰ ਕੀਰਤਨ ਤੇ ਹੋਈ ਲੜਾਈ ਤੋਂ। ਮੀਤਾ ਵੀ ਤਾਂ ਹੀ ਲੈ ਕੇ ਗਏ ਨੇ ਕੰਜਰਾਂ ਦੇ ਕੁੱਛ ਲੱਗਦੇ। ਅਸਲ ਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਨਗਰ ਕੀਰਤਨ ਚ ਇੱਕ ਮਨਚਲੇ ਜੱਗੀ ਨਾਮ ਦੇ ਮੁੰਡੇ ਨੇ ਬੀਬੀਆਂ ਵੱਲ ਜਾਣ ਕੇ ਪਟਾਕੇ ਸੁੱਟੇ ਸਨ। ਹਰਨੇਕ ਤੇ ਮੀਤੇ ਦੇ ਬੋਲਣ ਤੇ ਓਹ ਇਹਨਾਂ ਨੂੰ ਬੁਰਾ ਭਲਾ ਬੋਲਣ ਲੱਗ ਪਿਆ, ਤੇ ਗਾਲ੍ਹ ਕੱਢ ਦਿੱਤੀ। ਹਰਨੇਕ ਨੇ ਓਸਦਾ ਮੱਕੂ ਠੱਪ ਤਾ, ਉਸ ਦਿਨ ਤਾਂ ਸਭ ਨੇ ਉਹਨਾਂ ਨੂੰ ਛੁਡਾ ਦਿੱਤਾ ਤੇ ਗੱਲ ਆਈ ਗਈ ਹੋ ਗਈ। ਇਸ ਦਾ ਸੁਖਦੇਵ ਨੂੰ ਵੀ ਪਤਾ ਸੀ, ਪਰ ਉਸ ਤੋਂ ਬਾਅਦ ਜੋ ਹੋਇਆ ਉਹ ਨਹੀਂ ਪਤਾ ਸੀ।
” ਉਸ ਲੜਾਈ ਦੀ ਸ਼ਿਕਾਇਤ ਅੱਜ ਕਰਨੀ ਸੀ”? ਸੁਖਦੇਵ ਨੇ ਬੇਚੈਨ ਹੋ ਕੇ ਕਿਹਾ, ਕਿਊ ਕਿ ਉਸਤੋਂ ਬਾਅਦ ਦੀ ਗੱਲ ਓਸ ਨੂੰ ਪਤਾ ਨਹੀਂ ਸੀ।…. ਨਹੀਂ ਤਿੰਨ ਦਿਨ ਪਹਿਲਾਂ ਉਹ ਤੇ ਚਾਰ ਜਣੇ ਓਹਦੇ ਨਾਲ ਹੋਰ ਸੀ, ਮੀਤੇ ਕੇ ਖੇਤ ਆ ਕੇ ਉਸਨੂੰ ਲਲਕਾਰਨ ਲੱਗੇ। ਮੈਂ ਵੀ ਓਹਦੀ ਮੋਟਰ ਤੇ ਬੈਠਾ ਸੀ। ਗੱਲ ਫੇਰ ਵੱਧ ਗਈ ਤੇ ਹੱਥੋਪਾਈ ਚ ਉਸਦੀ ਲੱਤ ਤੇ ਸੱਟ ਲੱਗ ਗਈ। ਹੁਣ ਉਹਨਾਂ ਨੇ ਮੀਤੇ ਤੇ ਪਰਚਾ ਕਰ ਦਿੱਤਾ ਤੇ ਮੇਰਾ ਨਾਮ ਵੀ ਬੋਲਦਾ ਵਿੱਚ। ਪੁਲਿਸ ਜਾਣ ਬੁੱਝ ਕੇ ਸਾਡਾ ਨਾਮ ਵਾਰਦਾਤਾਂ ਨਾਲ ਜੋੜ ਰਹੀ ਹੈ। ਇਹ ਸਭ ਦੇ ਪਿੱਛੇ ਉਸ ਮੱਸੇ ਰੰਗੜ (ਸੁਲੱਖਣ ) ਦਾ ਹੱਥ ਆ, ਹਰਨੇਕ ਨੇ ਪੂਰੀ ਗੱਲ ਦੱਸੀ।….ਤੇ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਇਹ ਸਭ? ਸੁਖਦੇਵ ਕੁੱਝ ਸੋਚੀ ਪੈ ਗਿਆ।….. ਓ ਤੈਨੂੰ ਕਿੰਨੇ ਵਾਰੀ ਕਿਹਾ ਨਾ ਲੋਕਾਂ ਨਾਲ ਦੁਸ਼ਮਣੀਆਂ ਲੈਂਦਾ ਰਿਹਾ ਕਰ, ਤੂੰ ਸਾਡੀ ਮੰਨਦਾ ਕਦੇ, ਜੋਗਿੰਦਰ ਸਿੰਘ ਨੇ ਉਹਨਾਂ ਦੀ ਗੱਲ ਸੁਣ ਲਈ ਸੀ।….ਚਾਚਾ ਮੈਂ ਐਂਵੇ ਤਾਂ ਨਹੀਂ ਲੋਕਾਂ ਨਾਲ ਲੜਦਾ ਰਹਿੰਦਾ, ਹੁਣ ਜੇ ਕੋਈ ਤੁਹਾਡੇ ਜੁੱਤੀਆਂ ਮਾਰੀ ਜਾਵੇ, ਤੁਸੀ ਅੱਗੋ ਬੁੱਤ ਬਣਕੇ ਖੜੇ ਰਹੋ, ਇਹ ਤਾਂ ਨਹੀਂ ਹੁੰਦਾ ਮੇਰੇ ਤੋਂ, ਹਰਨੇਕ ਨੇ ਹਰਖ ਕੇ ਕਿਹਾ।…. ਹੁਣ ਪੁਲਿਸ ਥਾਣੇ ਪੇਸ਼ ਹੋਣ ਦਾ ਕਹਿ ਕੇ ਗਈ ਆ, ਕਿਵੇਂ ਕਰਨੀ ਆ! ਸੁਖਦੇਵ ਨੇ ਹਰਨੇਕ ਦੀ ਮਰਜ਼ੀ ਪੁੱਛੀ।….ਪੇਸ਼ ਤਾਂ ਹੋਣਾ ਹੀ ਪੈਣਾ ਨਹੀਂ ਗੱਲ ਜਿਆਦਾ ਵੱਧ ਜਾਣੀ ਆ, ਜੋਗਿੰਦਰ ਸਿੰਘ ਵਿੱਚੋ ਬੋਲ ਪਿਆ।….ਚਾਚਾ ਫੇਰ ਜੇ ਕੋਈ ਹੋਰ ਫਰਜ਼ੀ ਕੇਸ ਪਾ ਦਿੱਤੇ ਪੁਲਸ ਨੇ ਫੇਰ? ਹਰਨੇਕ ਨੇ ਦਿਲ ਦੀ ਦੱਸੀ।….ਆਪਾਂ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਪੇਸ਼ ਹੁੰਦੇ ਹਾਂ, ਸੁਖਦੇਵ ਨੇ ਪਤੇ ਦੀ ਗੱਲ ਕਹੀ। ਦੁਪਹਿਰ ਨੂੰ ਸਰਪੰਚ ਨੂੰ ਨਾਲ ਲੈ ਕੇ ਪਿੰਡ ਵਾਲਿਆਂ ਨੇ ਹਰਨੇਕ ਨੂੰ ਥਾਣੇ ਪੇਸ਼ ਕਰ ਦਿੱਤਾ। ਜੱਗੀ ਹੁਣਾਂ ਨੂੰ ਵੀ ਬੁਲਾ ਲਿਆ ਗਿਆ, ਪੰਚਾਇਤ ਨੇ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ। ਖਾੜਕੂਆਂ ਨੂੰ ਰੋਟੀ ਖਵਾਉਣ ਵਾਲੀ ਗੱਲ ਤੇ ਸਾਰੀ ਪੰਚਾਇਤ ਨੇ ਪੁਲੀਸ ਨੂੰ ਇਹਨਾਂ ਦੇ ਬੇਕਸੂਰ ਹੋਣ ਦੀ ਸਫਾਈ ਦਿੱਤੀ। ਕੇਸ ਖਾਰਜ ਹੋ ਗਏ ਸਨ, ਮੀਤਾ ਤੇ ਹਰਨੇਕ ਘਰ ਆ ਗਏ।
ਚਾਹੇ ਰਾਜ਼ੀਨਾਮਾ ਹੋ ਗਿਆ ਸੀ ਪਰ ਸੁਲੱਖਣ ਕੇ ਨਾਲ ਦੁਸ਼ਮਣੀ ਹੋਣ ਕਰਕੇ ਇੱਕ ਦੂਜੇ ਨੂੰ ਘੂਰਦੇ ਰਹਿੰਦੇ ਸਨ। ਅਸਲ ਚ ਹਰਨੇਕ ਸਿੰਘ ਹੁਣਾਂ ਦਾ ਸੁਲੱਖਣ ਹੁਣਾਂ ਨਾਲ ਜ਼ਮੀਨ ਦਾ ਪੁਰਾਣਾ ਰੌਲਾ ਸੀ। ਰਾਜ਼ੀਨਾਮੇ ਨੂੰ ਤਿੰਨ – ਚਾਰ ਮਹੀਨੇ ਹੋ ਗਏ ਸਨ। ਹਰਨੇਕ ਦਾ ਧਾਰਮਿਕ ਸਮਾਗਮਾਂ ਚ ਜਾਣਾ ਤੇ ਜਥੇਦਾਰਾਂ ਦੀਆਂ ਤਕਰੀਰਾਂ ਸੁਣਨਾ ਹੋਰ ਵਧ ਗਿਆ ਸੀ।ਸਰਕਾਰੀ ਸਿਸਟਮ ਦੇ ਪ੍ਰਤੀ ਗੁੱਸਾ ਓਸਦੇ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਹਾੜੀਆਂ ਪੈ ਗਈਆਂ ਸਨ, ਕਣਕ ਵੱਢੀ ਜਾ ਰਹੀ ਸੀ, ਸੁਖਦੇਵ ਮੰਡੀ ਕਣਕ ਸੁੱਟ ਰਿਹਾ ਸੀ। ਰਾਤ ਨੂੰ ਸੁਲੱਖਣ ਕੇ ਘਰੇ ਮਹਿਫ਼ਿਲ ਸ਼ਜੀ ਹੋਈ ਸੀ, ਜੱਗੀ ਹੁਣਾਂ ਨਾਲ ਸੁਲੱਖਣ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਂਦੇ ਪੀਂਦੇ ਸੁਲੱਖਣ ਨੇ ਜ਼ਮੀਨ ਦੀ ਗੱਲ ਤੋਰ ਲਈ, ” ਇਹ ਸਾਡੀ ਜ਼ਮੀਨ ਨੂੰ ਸ਼ਰੀਕਾ ਵਾਹ ਰਿਹਾ”! ਸਾਡਾ ਹੱਕ ਆ ਨਿਆਈ ਵਾਲੇ ਟੱਕ ਤੇ।….ਬਾਈ ਕਾਗ਼ਜ਼ਾਂ ਚ ਜਦੋਂ ਉਹਨਾਂ ਦੇ ਨਾਮ ਬੋਲਦੀ ਆ,ਫੇਰ ਤੇਰੀ ਕਿਵੇਂ ਹੋਗੀ, ਜੱਗੀ ਨੇ ਪੈੱਗ ਚੁੱਕਦਿਆਂ ਕਿਹਾ।…. ਇਹ ਸਾਰੇ ਪਵਾੜੇ ਸਾਡੇ ਬਜੁਰਗਾਂ ਦੇ ਪਾਏ ਆ, ਜੋਗਿੰਦਰ ਚਾਚੇ ਨੇ ਆਵਦੀ ਸਾਰੀ ਜ਼ਮੀਨ ਦੇਤੀ ਉਹਨਾਂ ਨੂੰ, ਤੇ ਮੈਨੂੰ ਓਹ ਟਿੱਬਿਆਂ ਵਾਲੇ 4 ਵਿੱਘੇ ਦੇ ਕੇ ਸਾਰ ਤਾ। ਓਹ ਹਰਨੇਕ ਬਦਮਾਸ਼ ਨੂੰ ਦੇਖ ਕੇ ਮੈਨੂੰ ਅੱਗ ਲੱਗ ਜਾਂਦੀ ਆ, ਅਖੇ ਤੂੰ ਬੰਦਾ ਬਣਜਾ, ਦਾਰੂ ਛੱਡ ਦੇ! ਵੱਡਾ ਜਥੇਦਾਰ! ਸੁਲੱਖਣ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ। ਕਾਫੀ ਰਾਤ ਹੋ ਗਈ ਸੀ, ਸੁਲੱਖਣ ਤੇ ਜੱਗੀ ਹੁਣੀ ਦਾਰੂ ਨਾਲ਼ ਪੂਰੇ ਡੱਕੇ ਹੋਏ ਸੀ, ਓਸ ਦਿਨ ਸੁਲੱਖਣ ਦੇ ਮਾਮੇ ਦਾ ਮੁੰਡਾ ਵੀ ਉਹਨਾਂ ਦੇ ਕੋਲ਼ ਆਇਆ ਹੋਇਆ ਸੀ। ਸ਼ਰਾਬ ਨੇ ਰੰਗ ਦਿਖਾਉਣਾ ਸ਼ੁਰੂ ਕਰਤਾ, ਸੁਲੱਖਣ ਉੱਚੀ ਉੱਚੀ ਬੜਕਾਂ ਮਾਰਨ ਲੱਗ ਪਿਆ। ਹੁਣ ਉਹ ਘਰ ਦੇ ਬਾਹਰ ਪੈਲੀ ਚ ਆ ਕੇ ਉੱਚੀ ਉੱਚੀ ਬੋਲਣ ਲੱਗ ਪਿਆ। ਸੁਲੱਖਣ ਦਾ ਘਰ ਵੀ ਹਰਨੇਕ ਕੀ ਪਹੀ ਤੇ ਅੱਗੇ ਜਾ ਕੇ ਸੀ। ” ਓਹ ਬਦਮਾਸ਼ੋ ਬਾਹਰ ਨਿਕਲੋ ਓਏ”! ਓਹ ਬੁੜਿਆ ਸਾਰੇ ਕੰਡੇ ਤੇਰੇ ਬੀਜੇ ਹੋਏ ਨੇ। ਸੁਲੱਖਣ ਗਾਹਲਾਂ ਤੇ ਉਤਰ ਆਇਆ। ਓਧਰ ਸੁਖਦੇਵ ਤਾਂ ਮੰਡੀ ਗਿਆ ਹੋਇਆ ਸੀ, ਪਰ ਹੋਣੀ ਨੂੰ ਹਰਨੇਕ ਘਰ ਸੀ। ਆਵਾਜ਼ਾਂ ਸੁਣ ਕੇ ਹਰਨੇਕ ਬਾਹਰ ਨਿਕਲਣ ਲੱਗਾ ਤਾਂ ਜੋਗਿੰਦਰ ਨੇ ਰੋਕ ਲਿਆ। ” ਭੌਕੀ ਜਾਣ ਦੇ ਕੰਜਰ ਨੂੰ, ਡੱਫੀ ਹੋਈ ਆ”! ਤੂੰ ਬੈਠਾ ਰਹਿ ਘਰ।…. ਆਹੋ ਮੈਂ ਇਹਦੀਆਂ ਗਾਹਲਾਂ ਸੁਣੀ ਜਾਵਾਂ? ਇਹਦੀ ਵੱਡੇ ਨਾਢੂ ਖਾਂ ਦੀ ਐਸੀ ਤੈਸੀ, ਕਹਿੰਦਿਆਂ ਹਰਨੇਕ ਉਹਨਾਂ ਵੱਲ ਤੁਰ ਪਿਆ। ਹਰਨੇਕ ਨੂੰ ਆਉਂਦੇ ਨੂੰ ਦੇਖ ਕੇ ਜੱਗੀ ਹੁਣੀ ਸੁਚੇਤ ਹੋ ਗਏ, ਸੁਲੱਖਣ ਨੇ ਵੀ ਦੋਨਾਲੀ ਚੱਕ ਲਈ। ” ਇਕੱਲਾ ਆ ਗਿਆ ਓਹਨੂੰ ਲਿਆ ਨਾਲ ਆਵਦੇ ਚਾਚੇ ਨੂੰ” ਪੁੱਛਾਂ ਓਹਨੂੰ ਮੈਂ, ਸੁਲੱਖਣ ਹਰਨੇਕ ਨੂੰ ਬੋਲਿਆ।…. ਮੈਂ ਆ ਗਿਆ , ਦੇਣਾ ਤੇਰੇ ਸਾਰੇ ਜਵਾਬ। ਕੀ ਆ ਮੂਤਰ ਪੀ ਕੇ ਭੌਂਕਣ ਲੱਗਿਆ ਤੂੰ। ਹਰਨੇਕ ਨੇ ਸੁਲੱਖਣ ਦੇ ਕੋਲ ਆ ਕੇ ਕਿਹਾ।…. ਮੈਂ ਤਾਂ ਐਦਾਂ ਹੀ ਬੋਲੂ… ਤੂੰ ਕਰਲੈ ਜੌ ਹੁੰਦਾ, ਸੁਲੱਖਣ ਨੇ ਗਾਹਲ ਕੱਢੀ। ….. ਹਰਨੇਕ ਨੇ ਖਿੱਚ ਕੇ ਚਪੇੜ ਤਾੜ ਕਰਦੀ ਸੁਲੱਖਣ ਦੇ ਕੱਢ ਮਾਰੀ। ਸੁਲੱਖਣ ਭੋਂ ਕੇ ਪਰਾਂ ਜਾ ਪਿਆ, ਜੱਗੀ ਦੀ ਹਿੰਮਤ ਨਾ ਪਈ ਕੁੱਝ ਕਰਨ ਦੀ, ਸੁਲੱਖਣ ਦੇ ਮਾਮੇ ਦਾ ਮੁੰਡਾ ਹਰਨੇਕ ਦੇ ਗੱਲ ਪੈ ਗਿਆ। ਐਨੇ ਨੂੰ ਸੁਲੱਖਣ ਨੇ ਫਾਇਰ ਕਰ ਦਿੱਤਾ, ਹਰਨੇਕ ਭੱਜ ਕੇ ਉਹਨਾਂ ਦੇ ਘਰ ਦੀ ਕੰਧ ਓਹਲੇ ਹੋ ਗਿਆ। ਹਰਨੇਕ ਨੇ ਡੱਬ ਚੋ ਪਿਸਤੌਲ ਕੱਢਿਆ ਤੇ ਫਾਇਰ ਕਰਤਾ। ਹਰਨੇਕ ਵੱਲੋ ਆਇਆ ਫਾਇਰ ਸੁਲੱਖਣ ਦੇ ਮਮੇਰੇ ਭਰਾ ਦੇ ਪੱਟ ਚ ਲੱਗ ਗਿਆ। ਹਰਨੇਕ ਵੱਲੋ ਆਏ ਫਾਇਰ ਨਾਲ ਸੁਲੱਖਣ ਡਰ ਗਿਆ, ਕਿਉਂ ਕਿ ਹਰਨੇਕ ਕੋਲ ਪਿਸਤੌਲ ਹੋਊਗਾ, ਇਹ ਓਹਨੂੰ ਪਤਾ ਨਹੀਂ ਸੀ। ਅਸਲ ਚ ਓਸਦੇ ਕੋਲ ਪਿਸਤੌਲ ਹੋਣ ਦਾ ਓਹਨਾ ਦੇ ਘਰ ਵੀ ਕਿਸੇ ਨੂੰ ਪਤਾ ਨਹੀਂ ਸੀ। ਸੁਲੱਖਣ ਕੇ ਘਰ ਚੀਕ ਚਿਹਾੜਾ ਪੈ ਗਿਆ, ਓਹ ਮੁੰਡੇ ਨੂੰ ਲੈ ਕੇ ਸ਼ਹਿਰ ਹਸਪਤਾਲ ਚਲੇ ਗਏ। ਹਰਨੇਕ ਓਥੋਂ ਪਹਿਲਾਂ ਘਰੇ ਆਇਆ, ਸ਼ਵਿੰਦਰ ਤੇ ਬਲਜੀਤ ਵੀ ਡਰ ਗਈਆਂ ਸਨ। …ਇਹ ਤੂੰ ਕੀ ਕੀਤਾ ਨੇਕ, ਪਿਸਤੌਲ ਕਿੱਥੋਂ ਲਿਆ ਤੂੰ? ਜੋਗਿੰਦਰ ਸਿੰਘ ਨੇ ਘਬਰਾਹਟ ਚ ਪੁੱਛਿਆ।… ਚਾਚਾ ਧਿਆਨ ਰੱਖੀ, ਮੈਂ ਹੁਣ ਕੁੱਝ ਦਿਨ ਘਰ ਨਹੀਂ ਆਉਣਾ, ਬਾਕੀ ਤੈਨੂੰ ਫੇਰ ਦੱਸੂ ਹੁਣ । ਸ਼ਵਿੰਦਰ ਤੇ ਬਲਜੀਤ ਵੱਲ ਦੇਖਦਾ ਹੋਇਆ ਹਰਨੇਕ ਘਰੋਂ ਚਲਾ ਗਿਆ।
ਮੁੰਡਾ ਬਚ ਤਾਂ ਗਿਆ ਸੀ, ਪਰ ਲੱਤ ਆਹਰੀ ਹੋ ਗਈ ਸੀ। ਇਰਾਦਾ ਕਤਲ ਤੇ ਨਜਾਇਜ ਹਥਿਆਰ ਰੱਖਣ ਦੇ ਕੇਸ ਬਣ ਗਏ ਸਨ। ਓਧਰ ਹਰਨੇਕ ਓਸ ਦਿਨ ਦਾ ਘਰ ਨਹੀਂ ਆਇਆ ਸੀ, ਸੁਖਦੇਵ ਨੂੰ ਵੀ ਨਹੀਂ ਪਤਾ ਸੀ ਓਹ ਕਿੱਧਰ ਚਲਾ ਗਿਆ ਸੀ। ਇਸ ਗੱਲ ਤੋਂ ਹਫਤੇ ਕੂ ਬਾਅਦ ਹੀ ਜਿਲੇ ਚ ਇੱਕ ਵਾਰਦਾਤ ਹੋ ਗਈ। ਪੁਲਿਸ ਤੇ ਖਾੜਕੂਆਂ ਦਾ ਮੁਕ਼ਾਬਲਾ ਹੋਇਆ ਸੀ, ਜਿਸ ਚ ਕਈ ਪੁਲਿਸ ਵਾਲੇ ਮਾਰੇ ਗਏ, ਹਰਨੇਕ ਦਾ ਨਾਮ ਹੁਣ ਖਾੜਕੂਆਂ ਚ ਬੋਲਣ ਲੱਗ ਪਿਆ। ਪੁਲਿਸ ਓਸ ਨੂੰ ਲੱਭਣ ਲਈ ਹਰ ਰੋਜ਼ ਘਰ ਆਉਣ ਲੱਗ ਪਈ। ਪਰ ਸੁਖਦੇਵ ਤੇ ਸਾਰੇ ਪਰਿਵਾਰ ਨੂੰ ਹਰਨੇਕ ਦੇ ਕਿਸੇ ਜਥੇਬੰਦੀ ਨਾਲ ਜੁੜੇ ਹੋਣ ਦਾ ਕੁੱਝ ਪਤਾ ਨਹੀਂ ਸੀ। ਇੱਕ ਦਿਨ ਅੱਧੀ ਰਾਤ ਨੂੰ ਕਿਸੇ ਨੇ ਦਰਵਾਜ਼ਾ ਖੜ ਖੜਾਇਆ, ਆਵਾਜ਼ ਸੁਣ ਕੇ ਸੁਖਦੇਵ ਉੱਠ ਕੇ ਦਰਵਾਜ਼ਾ ਖੋਲਣ ਜਾਣ ਲੱਗਾ। ” ਇਸ ਵੇਲੇ ਕੌਣ ਹੋਵੇਗਾ ਜੀ”? ਹਾਲਾਤ ਬਹੁਤ ਖਰਾਬ ਨੇ ਦੇਖ ਕੇ ਖੋਲਿਓ, ਬਲਜੀਤ ਨੇ ਸੁਖਦੇਵ ਨੂੰ ਚੌਕੰਨਾ ਕੀਤਾ।…. ਕੌਣ ਹੈ ਬਾਈ ਇਸ ਵੇਲੇ? ਸੁਖਦੇਵ ਨੇ ਦਰਵਾਜ਼ੇ ਕੋਲ ਜਾ ਕੇ ਪੁੱਛਿਆ।…..ਬੂਹਾ ਖੋਲ੍ਹ ਸਿੰਘਾ, ਹਰਨੇਕ ਨੇ ਭੇਜਿਆ ਸਾਨੂੰ।….ਸੁਖਦੇਵ ਨੇ ਕੁੱਝ ਸੋਚ ਕੇ ਬੂਹਾ ਖੋਲ ਦਿੱਤਾ, ” ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”! ਬੂਹਾ ਖੁੱਲਦੇ ਹੀ ਉਹਨਾਂ ਨੇ ਅੱਗਿਓਂ ਫਤਹਿ ਬੁਲਾਈ। ਉਹ ਦੋ ਜਨੇ ਸਨ, ਸੁਖਦੇਵ ਨੇ ਵੀ ਅੱਗਿਓ ਫਤਹਿ ਬੁਲਾਈ। ਹਾਂਜੀ ਦੱਸੋ ਜੀ?….. ਦੱਸਦੇ ਹਾਂ ਸਿੰਘਾਂ ਅੰਦਰ ਆ ਜਾਈਏ?….ਜੀ ਮੈਂ ਪਹਿਚਾਣਿਆਂ ਨਹੀਂ ਤੁਹਾਨੂੰ, ਸੁਖਦੇਵ ਨੇ ਜਕੋ ਤਕੀ ਜਿਹੀ ਕੀਤੀ।….ਘਬਰਾ ਨਾ ਸਿੰਘਾ ਤੇਰੇ ਆਪਣੇ ਹਾਂ, ਹਰਨੇਕ ਦਾ ਸੁਨੇਹਾ ਲੈਕੇ ਆਏ ਹਾਂ, ਕਹਿੰਦੇ ਹੋਏ ਓਹ ਖੁਦ ਹੀ ਅੰਦਰ ਲੰਘ ਆਏ।…. ਆ ਜਾਓ ਜੀ, ਸੁਖਦੇਵ ਉਹਨਾਂ ਨੂੰ ਅੰਦਰ ਲੈ ਗਿਆ। ਉਹਨਾਂ ਦੇ ਮੋਢਿਆਂ ਤੇ ਰਫ਼ਲਾਂ ਦੇਖ ਕੇ ਬਲਜੀਤ ਤੇ ਸ਼ਵਿੰਦਰ ਡਰ ਗਈਆਂ ਤੇ ਰਸੋਈ ਚ ਚਾਹ ਪਾਣੀ ਬਣਾਉਣ ਲੱਗ ਪਈਆਂ। ….ਹਰਨੇਕ ਕਿੱਥੇ ਹੈ ਜੀ? ਪਤਾ ਤੁਹਾਨੂੰ? ਸੁਖਦੇਵ ਨੇ ਉਹਨਾਂ ਨੂੰ ਪਾਣੀ ਫੜਾ ਕੇ ਪੁੱਛਿਆ।…. ਚੜਦੀ ਕਲਾ ਚ ਹੈ ਸਿੰਘਾ ਭਾਈ ਤੇਰਾ, ਸਾਨੂੰ ਓਹਨੇ ਆਵਦੀ ਸੁੱਖ ਸਾਂਦ ਦੀ ਖਬਰ ਦੇਣ ਨੂੰ ਹੀ ਭੇਜਿਆ, ਤੁਸੀਂ ਬੇਫ਼ਿਕਰ ਰਹੋ। ਪਰ ਉਹ ਹੈ ਕਿੱਥੇ? ਮੈਂ ਮਿਲਣਾ ਚਾਹੁਣਾ ਉਸਨੂੰ! ਸੁਖਦੇਵ ਨੇ ਫੇਰ ਸਵਾਲ ਕੀਤਾ। ਕੋਈ ਨਾ ਸਿੰਘਾ ਜਲਦੀ ਮਿਲ ਲਵੇਗਾ ਤੁਹਾਨੂੰ। ਚੰਗਾ ਅਸੀਂ ਹੁਣ ਜਲਦੀ ਨਿਕਲਣਾ ਹੈ, ਤੁਸੀਂ ਘਬਰਾਓ ਨਾ ਜਲਦੀ ਆ ਜਾਵੇਗਾ ਹਰਨੇਕ, ਕਹਿੰਦਿਆਂ ਓਹ ਦੋਵੇਂ ਜਾਣੇ ਉੱਠ ਕੇ ਖੜੇ ਹੋ ਗਏ।…. ਹਰਨੇਕ ਨੂੰ ਕਿਹੋ ਜੀ ਕੇ ਘਰ ਮੁੜ ਆਵੇ, ਜੋਗਿੰਦਰ ਸਿੰਘ ਨੇ ਉਹਨਾਂ ਦੋਹਾਂ ਅੱਗੇ ਹੱਥ ਜੋੜ ਕੇ ਵਾਸਤਾ ਪਾਇਆ।….ਕੋਈ ਨਾ ਬਾਪੂ ਜੀ ਤੁਹਾਡਾ ਸੁਨੇਹਾ ਲਗਾ ਦਿਆਗੇ। ਅੱਛਾ ਜੀ ਫੇਰ, ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”! ਫਤਹਿ ਬੁਲਾ ਕੇ ਓਹ ਵਾਪਿਸ ਚਲੇ ਗਏ।
ਦੁਪਹਿਰ ਦੇ ਵੇਲੇ ਸੁਖਦੇਵ ਘਰੇ ਰੋਟੀ ਖ਼ਾਹ ਰਿਹਾ ਸੀ ਕਿ ਪੁਲਿਸ ਦੀ ਜੀਪ ਵਿਹੜੇ ਚ ਆਣ ਰੁਕੀ। ” ਹਰਨੇਕ ਕਿੱਥੇ ਆ ਓਏ”? ਥਾਣੇਦਾਰ ਨੇ ਉੱਤਰਦੇ ਹੀ ਸੁਖਦੇਵ ਨੂੰ ਸਵਾਲ ਕੀਤਾ।…..ਜੀ ਸਾਨੂੰ ਓਸਦੀ ਕੋਈ ਖ਼ਬਰ ਨਹੀਂ, ਸੁਖਦੇਵ ਨੇ ਰੋਟੀ ਦੀ ਪਲੇਟ ਰੱਖ ਦਿਆਂ ਜਵਾਬ ਦਿੱਤਾ।…..ਖ਼ਬਰ ਤਾਂ ਲੱਗ ਜਾਊ ਪੁੱਤ, ਚੱਕੋ ਓਏ ਇਹਨੂੰ ਸਿੱਟੋ ਜੀਪ ਚ, ਥਾਣੇਦਾਰ ਨੇ ਰੋਹਬ ਮਾਰਿਆ।…..ਮੇਰਾ ਕੀ ਕਸੂਰ ਆ ਜੀ ਮੈਨੂੰ ਕਿਊ ਲਿਜਾ ਰਹੇ ਹੋ, ਸਾਰਾ ਟੱਬਰ ਰੌਲ਼ਾ ਪਾਉਣ ਲੱਗ ਪਿਆ। ਪਰ ਉਹਨਾਂ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਸੁਖਦੇਵ ਨੂੰ ਥਾਣੇ ਲੈ ਗਏ। ਅਸਲ ਚ ਸਾਰੇ ਭਗੌੜੇ ਹੋਏ ਮੁਲਜ਼ਮਾਂ ਨੂੰ ਫੜਣ ਲਈ ਸਰਕਾਰ ਨੇ ਪੁਲਿਸ ਨੂੰ ਖੁੱਲ ਦੇ ਦਿੱਤੀ ਸੀ। ਪੁਲਿਸ ਨੇ ਸੁਖਦੇਵ ਨੂੰ ਬਹੁਤ ਟੋਰਚਰ ਕੀਤਾ, ਪਰ ਓਸਨੂੰ ਪਤਾ ਹੀ ਨਹੀਂ ਸੀ ਕਿ ਹਰਨੇਕ ਕਿੱਥੇ ਸੀ। ਜੋਗਿੰਦਰ ਸਿੰਘ ਪੰਚਾਇਤ ਲੈ ਕੇ ਥਾਣੇ ਗਿਆ, ਸਾਰੀ ਪੰਚਾਇਤ ਨੇ ਸੁਖਦੇਵ ਦੇ ਬੇਕਸੂਰ ਹੋਣ ਦੀ ਹਾਮੀ ਭਰੀ ਤੇ ਸੁਖਦੇਵ ਨੂੰ ਘਰ ਲੈ ਆਏ।
ਹੁਣ ਹਰ ਵਾਰਦਾਤ ਵਿੱਚ ਹਰਨੇਕ ਦਾ ਨਾਮ ਬੋਲਣ ਲੱਗ ਪਿਆ, ਓਸ ਉੱਤੇ ਕੇਸ ਤੇ ਕੇਸ ਬਣ ਰਹੇ ਸਨ। ਪੁਲਿਸ ਓਹਨੂੰ ਲੱਭਣ ਲਈ ਥੋੜ੍ਹੇ ਦਿਨਾਂ ਬਾਅਦ ਹੀ ਸੁਖਦੇਵ ਨੂੰ ਚੱਕ ਲੈਂਦੀ, ਤੇ ਮਾਰ ਕੁੱਟ ਕਰਦੀ। ਉਹਨਾਂ ਦੇ ਘਰ ਆ ਕੇ ਪਰਿਵਾਰ ਨੂੰ ਜਲੀਲ ਕਰਦੀ। ਸੁਖਦੇਵ ਬਹੁਤ ਦੁਖੀ ਹੋ ਗਿਆ ਸੀ, ਓਹ ਹਰਨੇਕ ਨੂੰ ਕੋਸਦਾ ਕਿ ਓਸਨੇ ਇਹ ਕਿਸ ਪੰਗੇ ਚ ਸਭ ਨੂੰ ਫਸਾ ਦਿੱਤਾ ਸੀ। ਅਖੀਰ ਸੁਖਦੇਵ ਨੇ ਘਰੋ ਭੱਜ ਜਾਣ ਦਾ ਫੈਂਸਲਾ ਕੀਤਾ, ਪਰਿਵਾਰ ਨੂੰ ਵੀ ਇਹ ਹੋ ਗਿਆ ਸੀ ਕਿ ਕਿਤੇ ਸੁਖਦੇਵ ਨੂੰ ਵੀ ਕਿਸੇ ਕੇਸ ਚ ਫਸਾ ਕੇ ਮਾਰ ਨਾ ਦਿੱਤਾ ਜਾਵੇ। ਸਾਰੇ ਪਰਿਵਾਰ ਨੇ ਓਸਨੂੰ ਘਰੋ ਕਿਤੇ ਚਲੇ ਜਾਣ ਲਈ ਕਿਹਾ। ਸੁਖਦੇਵ ਨੇ ਘਰ ਦਿਆਂ ਨੂੰ ਦੱਸਿਆ ਕਿ ਓਹ ਦਿੱਲੀ ਆਪਣੇ ਕਿਸੇ ਦੋਸਤ ਕੋਲ ਚਲਾ ਜਾਵੇਗਾ, ਤੇ ਸਾਰਾ ਮਾਹੌਲ ਸਹੀ ਹੋਣ ਤੇ ਵਾਪਿਸ ਆ ਜਾਵੇਗਾ। ਇੱਕ ਦਿਨ ਸਵੇਰੇ ਮੂੰਹ ਹਨੇਰੇ ਸੁਖਦੇਵ ਘਰੋ ਨਿਕਲ਼ ਗਿਆ। ਹੁਣ ਜਦ ਪੁਲਿਸ ਆਉਂਦੀ ਤਾਂ ਪਰਿਵਾਰ ਵਾਲੇ ਕਹਿ ਦਿੰਦੇ ਕੇ ਤੁਹਾਡਾ ਸਤਾਇਆ ਹੋਇਆ ਓਹ ਪਤਾ ਨਹੀਂ ਕਿੱਧਰ ਚਲਾ ਗਿਆ ਹੈ।
ਇੱਕ ਸਾਲ ਹੋ ਗਿਆ ਸੀ, ਫੇਰ ਓਹੀ ਜੇਠ ਹਾੜ ਦੇ ਦਿਨ ਆ ਗਏ, ਪਰਿਵਾਰ ਵਾਲਿਆਂ ਨੂੰ ਨਾ ਹਰਨੇਕ ਦੀ ਕੋਈ ਸੂਹ ਸੀ, ਨਾ ਸੁਖਦੇਵ ਨੇ ਕੋਈ ਥੋਂ ਪਤਾ ਦਿੱਤਾ ਸੀ। ਜੋਗਿੰਦਰ ਸਿਓਂ ਸੀਰੀਆਂ ਦੇ ਸਿਰ ਤੇ ਖੇਤੀਬਾੜੀ ਦਾ ਕੰਮ ਦੇਖ ਰਿਹਾ ਸੀ। ਬਲਜੀਤ ਤੇ ਸ਼ਵਿੰਦਰ ਨੂੰ ਝੋਰਾ ਅੰਦਰੋਂ ਅੰਦਰੀ ਖਾਈ ਜਾਂਦਾ ਸੀ ਕਿ ਪਤਾ ਨਹੀਂ ਹਰਨੇਕ ਤੇ ਸੁਖਦੇਵ ਜਿਊਂਦੇ ਵੀ ਹੈ ਕਿ ਨਹੀਂ। ਇੱਕ ਦਿਨ ਸਿਖ਼ਰ ਦੁਪਹਿਰੇ ਬਾਹਰ ਦਾ ਬੂਹਾ ਖੁੱਲਾ ਸੀ, ਸ਼ਵਿੰਦਰ ਕੌਰ ਨੂੰ ਕੋਈ ਦਰਵਾਜ਼ਾ ਬੰਦ ਕਰਕੇ ਕਾਹਲੀ ਕਾਹਲੀ ਅੰਦਰ ਆਉਂਦਾ ਦਿੱਸਿਆ ਤਾਂ ਓਹ ਡਰ ਗਈ ਤੇ ਬੋਲੀ ਕੌਣ ਆ? ਜਦੋਂ ਉਹ ਵਰਾਂਡੇ ਦੇ ਕੋਲ ਆਇਆ ਤਾਂ ਸਵਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਤੁਸੀਂ?? ਸਾਹਮਣੇ ਹਰਨੇਕ ਖੜਾ ਸੀ।….ਹਾਂ ਮੈਂ ਸ਼ਵਿੰਦਰ! ਕੀ ਹਾਲ ਹੈ। ਕਿੱਥੇ ਨੇ ਸਾਰੇ? ਬੋਲਦਾ ਹੋਇਆ ਹਰਨੇਕ ਅੰਦਰ ਆ ਗਿਆ। ਜੋਗਿੰਦਰ ਸਿੰਘ ਮੰਜੇ ਤੇ ਪਿਆ ਆਰਾਮ ਕਰਦਾ ਸੀ, ਹਰਨੇਕ ਓਸਦੇ ਕੋਲ ਜਾ ਕੇ ਹੱਸਦਾ ਬੋਲਿਆ, ਚਾਚਾ ਤਗੜਾ ਐ?…. ਵਾਹਿਗੁਰੂ ਵਾਹਿਗੁਰੂ! ਜੋਗਿੰਦਰ ਸਿੰਘ ਤ੍ਰੁਬਕ ਕੇ ਉੱਠਿਆ, ਹਰਨੇਕ ਨੇ ਜੋਗਿੰਦਰ ਨੂੰ ਜੱਫੀ ਚ ਲੈ ਲਿਆ।…. ਓ ਪੁੱਤਰਾ ਬੁੱਢਿਆ ਹੱਡਾਂ ਨੂੰ ਜਿਹੜੇ ਰੋਗ ਲੱਗ ਗਏ ਨੇ ਸਹੀ ਕਿੱਥੇ ਹੋਣੇ। ਤੂੰ ਤਾਂ ਸਾਨੂੰ ਜਿਉਂਦਿਆਂ ਹੀ ਮਾਰ ਦਿੱਤਾ ਏ।…..ਕੋਈ ਨਾ ਚਾਚਾ ਸਭ ਸਹੀ ਹੋਜੂ। ਸਾਰਾ ਪਰਿਵਾਰ ਹਰਨੇਕ ਦੇ ਆਲੇ ਦੁਆਲੇ ਇਕੱਠਾ ਹੋ ਗਿਆ। ਹਰਨੇਕ ਨੇ ਜਵਾਕਾਂ ਨੂੰ ਆਵਦੀ ਗੋਦੀ ਚ ਲੈ ਲਿਆ। ਜੋਗਿੰਦਰ ਨੇ ਸਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ