ਗੱਡੀ ਭੰਡਾਰੀ ਪੁਲ ਤੋਂ ਹੇਠਾਂ ਵੱਲ ਨੂੰ ਉੱਤਰਨ ਲੱਗੀ..
ਮੇਰੀ ਧੜਕਣ ਵੱਧ ਗਈ ਤੇ ਮੁੜਕਾ ਆਉਣਾ ਸ਼ੁਰੂ ਹੋ ਗਿਆ..
ਓਹਲੇ ਜਿਹੇ ਨਾਲ ਤਰੇਲੀ ਪੂੰਝਦੇ ਹੋਏ ਨੂੰ ਡਰਾਈਵਰ ਨੇ ਵੇਖ ਲਿਆ..ਆਖਣ ਲੱਗਾ ਸਰਦਾਰ ਜੀ ਆਖੋ ਤਾਂ ਏ.ਸੀ ਲਾ ਦੇਵਾਂ!
ਆਖਿਆ ਨਹੀਂ..
ਸੀ.ਡੀ ਪਲੇਅਰ ਤੇ ਗੀਤ ਲੱਗਾ ਸੀ..”ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ..ਅੱਜ ਨਿੱਖਰ ਆਉਣਾ ਤਾਰਿਆਂ ਤੇ ਚੜਣਾ ਚੰਨ ਨਵਾਂ”
ਮੇਰੇ ਲੂ ਕੰਢੇ ਖੜੇ ਹੋ ਗਏ..
ਪੁੱਛਿਆ ਕੌਣ ਏ ਗਾਉਣ ਵਾਲਾ..ਆਖਣ ਲੱਗਾ ਕੋਈ ਮਨਪ੍ਰੀਤ ਸਿੰਘ ਏ..ਇਸਦਾ ਗਾਇਆ “ਕਿਤਾਬਾਂ ਵਾਲਾ ਰੱਖਣਾ” ਜਰੂਰ ਸੁਣਿਓ!
ਅਗਲਾ ਗੀਤ ਸੀ..”ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾ ਦੇ ਵਿਚ..ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿਚ”
ਇਹ ਬੋਲ ਸੁਣ ਬਾਪੂ ਹੂਰੀ ਚੇਤੇ ਆ ਗਏ..ਅਖੀਰ ਤੱਕ ਮੇਹਣਾ ਦਿੰਦੇ ਰਹੇ “ਓਏ ਲੋਕ ਟਿੱਚਰਾਂ ਕਰਦੇ ਨੇ ਅਖ਼ੇ ਤੇਰਾ ਮੁੰਡਾ ਹੱਥ ਖੜੇ ਕਰ ਕੇ ਬਾਹਰ ਨਿੱਕਲ ਆਇਆ ਸੀ..ਬਚਨਾਂ ਤੇ ਪੂਰਾ ਨਹੀਂ ਉੱਤਰਿਆ..”
ਅੱਗਿਓਂ ਜਿੰਨੀਆਂ ਮਰਜੀ ਸਫਾਈਆਂ ਦਿਆ ਕਰਦਾ ਕੋਈ ਅਸਰ ਨਹੀਂ ਸੀ ਹੁੰਦਾ ਓਹਨਾ ਤੇ!
ਸੂਰਤ ਵਰਤਮਾਨ ਵੱਲ ਪਰਤ ਆਈ..!
ਸਾਰਾ ਕੁਝ ਹੋਰ ਦਾ ਹੋਰ ਹੀ ਲੱਗ ਰਿਹਾ ਸੀ..
ਜੋੜਾ ਘਰ..ਲੋਹੇ ਦਾ ਜੰਗਲਾ..ਸੋਢੀ ਵਾਲਾ ਸਿੰਧੀ ਹੋਟਲ..ਬੈੰਕ..ਹੋਟਲ ਟੈਂਪਲ ਵਿਊ..ਖਿਡੌਣਿਆਂ ਕੱਪੜਿਆਂ ਦੀਆਂ ਕਿੰਨੀਆਂ ਦੁਕਾਨਾਂ..ਪਤਾਸਿਆਂ ਦੇ ਕਾਊਂਟਰ..ਕੁਝ ਵੀ ਤੇ ਨਹੀਂ ਸੀ ਰਿਹਾ..!
ਨਜਰਾਂ ਕਿਤਾਬਚੇ ਖਿਲਾਰ ਟੋਕਰੀ ਲੈ ਕੇ ਬੈਠਾ ਭਗਤ ਪੂਰਨ ਸਿੰਘ ਲੱਭ ਰਹੀਆਂ ਸਨ..ਠੀਕ ਓਸੇ ਥਾਂ ਪੱਕੇ ਸੰਗਮਰਮਰ ਤੇ ਬੈਠਾ ਇੱਕ ਜੋੜਾ ਸੈਲਫੀ ਖਿੱਚ ਰਿਹਾ ਸੀ..!
ਗੱਡੀ ਵਿਚੋਂ ਉੱਤਰਨ ਦਾ ਹੋਂਸਲਾ ਨਾ ਪਵੇ..!
ਏਨੇ ਨੂੰ ਹੋਰ ਗੀਤ ਲੱਗ ਗਿਆ..”ਤੇਰੇ ਨਾ ਦੀਆਂ ਸੁੱਚੀਆਂ ਪਾਲਕੀਆਂ..ਤੇਰੀ ਸਦਾ ਸਦਾ ਜੈਕਾਰ ਹੋਵੇ..ਤੂੰ ਮਨ ਜੋੜੇ ਅਸੀ ਧਨ ਜੋੜੇ..ਤੈਂਥੋਂ ਟੁੱਟ ਕੇ ਅਸੀ ਖਵਾਰ ਹੋਏ..”
ਮੈ ਇੱਕਦਮ ਕੰਬ ਉਠਿਆ..ਝੁਣਝੂਣੀ ਜਿਹੀ ਆਈ ਤੇ ਮੈਂ ਟੇਪ ਬੰਦ ਕਰਵਾ ਦਿੱਤੀ..!
ਬੋਲ ਅਜੇ ਵੀ ਹਥੌੜੇ ਵਾਂਙ ਵੱਜੀ ਜਾ ਰਹੇ ਸਨ..”ਤੂੰ ਮਨ ਜੋੜੇ ਅਸੀ ਧਨ ਜੋੜੇ..ਤੈਥੋਂ ਟੁੱਟ ਕੇ ਅਸੀ ਖੁਵਾਰ ਹੋਏ”
ਖੁਵਾਰ ਕਾਹਦੇ ਹੋਏ ਅਸੀਂ ਤਾਂ ਕਿਸੇ ਪਾਸੇ ਜੋਗੇ ਨਹੀਂ ਰਹੇ..ਪਿੰਡ..ਪੈਲੀਆਂ..ਘੱਟਾ ਮਿੱਟੀ..ਗੋਹਾ ਡੰਗਰ ਵੱਛਾ ਪਾਣੀ ਰੁੱਖ ਛਾਂਵਾਂ ਕੱਚੇ ਕੋਠੇ ਗੀਤ ਵਿਆਹ ਮੰਗਣੇ ਕਲਚਰ ਮੇਹਨਤ..ਸਭ ਕੁਝ ਗਵਾਚ ਗਿਆ!
ਅਰਦਾਸ ਵੇਲੇ ਆਖਿਆ ਜਾਂਦਾ..”ਖੁਵਾਰ ਹੋਏ ਸਬ ਮਿਲੇਂਗੇ ਬਚੇ ਸ਼ਰਨ ਜੋ ਹੋਏ”
ਹਰ ਵਾਰ ਸੋਚਦਾ ਹਾਂ ਪਤਾ ਨਹੀਂ ਕਦੋ ਮਿਲਾਂਗੇ..ਸ਼ਾਇਦ ਕਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ