ਆਰਾਮ ਵਾਲੀ ਸੀਟ——
ਦੋਨਾਂ ਧੀਆਂ ਤੇ ਪੁੱਤ ਦੇ ਟੱਬਰ ਨਾਲ ਲੈਕੇ ਹਰਨਾਮ ਕੌਰ ਆਪਣੇ ਪੋਤੇ ਦਾ ਵਿਆਹ ਇੰਡੀਆ ਕਰਨ ਚੱਲੀ। ਬੱਚਿਆਂ ਨੇ ਮਾਤਾ ਦੀ ਉਮਰ ਤੇ ਬਿਮਾਰੀ ਕਰਕੇ ਉਹਦੀ ਸੀਟ ਫਸਟ ਕਲਾਸ ਦੀ ਕਰਾ ਦਿੱਤੀ। ਬਾਕੀਆਂ ਦੀ ਇਕੋਨਮੀ ਕਲਾਸ ਦੀ।
ਪੋਤੀ ਤੇ ਦੋਹਤੀ ਬੜੇ ਪਿਆਰ ਨਾਲ ਉਹਨੂੰ ਬਿਠਾ ਗਈਆਂ।
“ਗ੍ਰੈਂਡ ਮਾਂ ! ਆਰਾਮ ਨਾਲ ਖਾ ਪੀ ਕੇ ਲੱਤਾਂ ਸਿੱਧੀਆਂ ਕਰਕੇ ਸੌਂ ਜਾਈਂ। ਕੁੱਝ ਚਾਹੀਦਾ ਹੋਇਆ ਤਾਂ ਕੁੜੀ(air hostess) ਨੂੰ ਬੁਲਾ ਲਈਂ। ਇਹ ਪੰਜਾਬੀ ਸਮਝ ਲੈੰਦੀ”
ਨਾਲ ਈ ਕੁੜੀ ਨੂੰ ਤਾਕੀਦ ਕਰ ਗਈਆਂ ਕਿ ਲੋੜ ਪੈਣ ਤੇ ਉਹਨਾਂ ਨੂੰ ਪਿਛਿਓਂ ਬੁਲਾ ਲਵੇ।
ਜਹਾਜ ਨੇ ਉਡਾਰੀ ਭਰੀ ਤਾਂ ਪੀਣ ਲਈ ਸੇਵਾ ਸ਼ੁਰੂ ਹੋਈ। ਉਸ ਕੈਬਿਨ ਞਿਚ ਸਿਰਫ ਦੋ ਹੀ ਔਰਤਾਂ ਤੇ 5 ਮਰਦ ਸੀ। ਉਹਨੇ ਕੋਕ ਦੀ ਮੰਗ ਪਾਈ ਤੇ ਟਰਾਲੀ ਤੇ ਰੰਗ ਬਿਰੰਗੀਆਂ ਸ਼ਰਾਬ ਦੀਆਂ ਬੋਤਲਾਂ ਵੇਖ ਹੈਰਾਨ ਹੋ ਗਈ। ਪੋਤੀ ਨੂੰ ਪਿਛਿਓਂ ਬੁਲਵਾ ਕੇ ਕਹਿਣ ਲਗੀ।
“ਪੁੱਤ ! ਇਹ ਤਾ ਸ਼ਰਾਬ ਵਰਤਾਂਦੀਆਂ ”
” ਗ੍ਰੈਂਡ ਮਾਂ! ਤੂੰ ਕੋਕ ਪੀ ਤੈਨੂੰ ਕਿਸੇ ਨਾਲ ਕੀ।” ਸਮਝਾ ਕੇ ਪਿੱਛੇ ਚਲੀ ਗਈ।
ਮਾਤਾ ਵੇਖ...
ਰਹੀ ਸੀ ਆਸ ਪਾਸ ਬੈਠੇ 2 ਆਦਮੀ ਗਲਾਸ ਤੇ ਗਲਾਸ ਚਾੜੀ ਜਾਂਦੇ। ਉਹ ਡਰ ਗਈ ਤੇ ਹੁਣ ਫਿਰ ਨੂੰਹ ਨੂੰ ਬੁਲਵਾਇਆ।
“ਧੀਏ!ਇਹ ਤਾਂ ਪੀ ਈ ਜਾਂਦੇ”
” ਬੀਜੀ! ਹੁਣੇ ਰੋਟੀ ਆਊ, ਖਾਕੇ ਚੁੱਪ ਕਰਕੇ ਆਰਾਮ ਨਾਲ ਸੌਂ ਜਾਇਉ। ਉਹ ਆਪਣਾ ਪੀਂਦੇ ਪੀਣ ਦਿਓ। ਤੁਹਾਨੂੰ ਕੁੱਝ ਨੀ ਕਹਿੰਦੇ।ਇਸ ਟਿਕਟ ਵਾਲੇ ਜਿਆਦਾ ਲਾਹਾ ਲੈ ਲੈਂਦੇ ਪੀਣ ਦਾ”
ਤਸੱਲੀ ਦੇਕੇ ਬਹੂ ਮੁੜ ਗਈ। ਹ
ਮਾਤਾ ਨੂੰ ਚੈਨ ਕਿੱਥੇ? ਉਹਦਾ ਧਿਆਨ ਓਹਨਾਂ ਬੰਦਿਆਂ ਵਲ ਹੀ ਸੀ।ਓਹਨੂੰ ਲੱਗਾ ਇਹ ਕੋਈ ਕਾਰਾ ਕਰੂਗੇ। ਕਿਤੇ ਬੱਕਰੇ ਨਾ ਬੁਲਾਣ ਲਗ ਜਾਣ। ਹੌਲੀ ਹੌਲੀ ਉਹਨੇ ਆਪਣਾ ਆਪ ਸੰਭਾਲਿਆ ਤੇ ਉੱਠ ਕੇ ਸੰਭਲਦੀ ਹੋਈ ਧੀਆਂ ਨੂੰ ਵਾਜਾਂ ਮਾਰਦੀ ਪਿੱਛੇ ਨੂੰ ਤੁਰ ਗਈ
” ਨੀ ਸਿੰਦਰੋ, ਨੀ ਮਿੰਦਰੋ! ਮੈਂ ਪਿੱਛੇ ਈ ਸਾਰੇ ਟੱਬਰ ਨਾਲ ਬੈਹਣਾ। ਤੁਸੀਂ ਬਹਿ ਜੋ ਜਿਹਨੇ ਇੱਥੇ ਬੈਠਣਾ। ਬਠਾ ਗਈਆਂ ਸ਼ਰਾਬੀਆਂ ਨਾਲ ਅਖੇ ਆਰਾਮ ਵਾਲੀ ਸੀਟ ਆ”
ਹਰਜੀਤ ਸੈਣੀ
Access our app on your mobile device for a better experience!