ਅਰਦਾਸ ਦੀ ਤਾਕਤ
ਮੈ ਜਨਵਰੀ 2022 ਵਿੱਚ ਆਪਣੇ ਦੇਸ਼ ਭਾਰਤ ਵਿੱਚ ਹੀ ਸੀ , ਮੇਰੀਆ ਖਾਸ ਸਹੇਲੀਆਂ ਉਹੀ ਪੁਰਾਣੀਆਂ ਅਧਿਆਪਕ ਹੀ ਹਨ ਤੇ ਤਕਰੀਬਨ 1978 ਤੋਂ , ਖੁੱਲ ਕੇ ਗੱਲਾਂ ਅੱਜ ਵੀ ਉਹਨਾ ਨਾਲ ਹੀ ਹੁੰਦੀਆਂ ਹਨ । ਮੈ ਨਵਾਂ ਸ਼ਹਿਰ ਆਪਣੀ ਸਹੇਲੀ ਨੂੰ ਮਿਲਣ ਜਾਣਾ ਸੀ ਮੇਰੇ ਤੋਂ 10 ਕੁ ਸਾਲ ਵੱਡੇ ਪਰ ਮੇਰੇ ਬਹੁਤ ਪਿਆਰੇ ਤੇ ਸਤਿਕਾਰਿਤ ਹਨ । ਮੇਰੇ ਤਿੰਨ ਚਾਰ ਵਾਰ ਫੋਨ ਕਰਨ ਤੇ ਉਹਨਾ ਦੀ ਪੋਤੀ ਨੇ ਫੋਨ ਚੁੱਕਿਆ । ਉਸਨੇ ਤੁਸੀਂ ਕੌਣ ਪੁੱਛਿਆ ਤਾ ਮੈਂ ਦੱਸਿਆ ਕੇ ਦਾਦੀ ਮਾਂ ਸੁਰਿੰਦਰ ਅਮਰੀਕਾ ਵਾਲੀ । ਮੈ ਕਿਹਾ ਕੇ ਤੇਰੀ ਦਾਦੀ ਮਾਂ ਕਿੱਥੇ , ਫੋਨ ਨਹੀਂ ਚੁੱਕਦੇ । ਉਸਨੇ ਦੱਸਿਆ ਕੇ ਉਹ ਠੀਕ ਨਹੀ ਤੁਸੀ ਮੰਮੀ ਨਾਲ ਗੱਲ ਕਰੋ । ਨੂੰਹ ਰਾਣੀ ਤੋਂ ਪਤਾ ਲੱਗਾ ਕੇ ਉਹ ਜਿਆਦਾ ਬੀਮਾਰ ਹਨ ਤੇ ਹੋਪ ਹਸਪਤਾਲ ਦਾਖਲ ਹਨ , ਗੱਲ ਨਹੀ ਕਰਦੇ । ਸੁਣਦਿਆਂ ਮੇਰੀ ਜਾਨ ਹੀ ਨਿੱਕਲ ਗਈ । ਮੈ 5 ਮਿੰਟ ਵਿੱਚ ਨਹਾ ਕੇ ਕੱਪੜੇ ਪਾਏ ਤੇ ਘਰਵਾਲੇ ਦੇ ਸਾਹਮਣੇ ਗਈ , ਕਹਿੰਦੇ ਕਿੱਥੇ ਜਾ ਰਹੀ ਬਾਜਾ਼ਰ? ਮੈ ਕਿਹਾ ਨਹੀ ਮੋਹਣੀ ਭੈਣ ਜੀ ਠੀਕ ਨਹੀਂ ਨਵਾਸ਼ਹਿਰ ਚੱਲੀ। ਕਹਿੰਦੇ ਗੱਡੀ ਨੂੰ ਕਾਲ ਕਰਾ ? ਮੈਂ ਕਿਹਾ ਨਹੀ ਜਿੰਨੀ ਦੇਰ ਨੂੰ ਗੱਡੀ ਆਉਣੀ ਮੈ ਨਵਾਂ ਸ਼ਹਿਰ ਪਹੁੰਚ ਜਾਣਾ । ਮੈਂ ਇਕੱਲੀ ਬੱਸ ਅੱਡੇ ਪਹੁੰਚ ਗਈ ਤੇ ਤਕਰੀਬਨ 32 ਸਾਲ ਬਾਦ ਬੱਸ ਤੇ ਚੜ੍ਹੀ ਸਾਰੇ ਰਸਤੇ ਇਹੀ ਅਰਦਾਸ ਕਰਦੀ ਗਈ ਕੇ ਵਾਹਿਗੁਰੂ ਮੈਂ ਭੈਣ...
ਜੀ ਨੂੰ ਜਿਊਂਦੇ ਦੇਖਣਾ ਹੈ ਤੇ ਗੱਲਾਂ ਕਰਨੀਆਂ ਹਨ । ਇਕੱਲੀ ਆਟੋ ਲੈ ਕੇ ਹਸਪਤਾਲ ਨੂੰ ਤੁਰ ਪਈ ਥੋੜਾ ਡਰ ਵੀ ਲੱਗਦਾ ਸੀ ਇਕੱਲੀ ਨੂੰ ਪਰ ਰੱਬ ਤੇ ਵਿਸ਼ਵਾਸ ਬਹੁਤਾ ਸੀ । ਜਾ ਕੇ ਦੱਸਿਆ ਕੇ ਮੈਂ ਅਮਰੀਕਾ ਤੋਂ ਆਈ ਹਾਂ ਜਰੂਰੀ ਮਿਲਣਾ ਹੈ , ਭੈਣ ਜੀ ਆਈ ਸੀ ਜੂ ਵਿੱਚ ਸਨ , ਉਹਨੀ ਇਜਾਜਤ ਦੇ ਦਿੱਤੀ ਮੈ ਜਾ ਕੇ ਮੱਥੇ ਤੇ ਹੱਥ ਲਾਇਆ , ਚੁੰਮਿਆ ਤੇ ਫੇਰ ਹੱਥ ਫੜ ਕੇ ਹੌਲੀ ਹੌਲੀ ਘੁਟਿਆ ਉਹਨਾ ਨੇ ਅੱਖਾਂ ਖੋਲੀਆਂ ਤੇ ਚੇਹਰੇ ਤੇ ਮੁਸਕਰਾਹਟ ਆ ਗਈ । 10 -15 ਮਿੰਟ ਗੱਲ ਕਰਦੀ ਰਹੀ ਉਹ ਸਿਰ ਹਿਲਾਉਂਦੇ ਰਹੇ ਤੇ ਫੇਰ ਉਹਨੀ ਹੱਥ ਘੁੱਟ ਕੇ ਫੜ ਲਿਆ ਤੇ ਮੈਂਨੂੰ ਆਪਣੇ ਕੋਲ ਨੂੰ ਕਰ ਲਿਆ ਤੇ ਪਿਆਰ ਕੀਤਾ ਜਿਵੇਂ ਸਕੂਲ ਟਾਈਮ ਕਰਦੇ ਹੀ ਹੁੰਦੇ ਸਨ । ਤਿੰਨ ਚਾਰ ਦਿਨ ਬਾਅਦ ਛੁੱਟੀ ਮਿਲੀ ਤਾਂ ਠੀਕ ਹੋ ਕੇ ਘਰ ਆ ਗਏ ਮੈਂ ਫੋਨ ਕਰਕੇ ਦੱਸਿਆ ਕੇ ਮੈਂ ਤੁਹਾਨੂੰ ਮਿਲ਼ਣ ਗਈ ਸੀ ਹਸਪਤਾਲ । ਕਹਿੰਦੇ ਮੈਂਨੂੰ ਨਹੀਂ ਪਤਾ ਪਰ ਜਿੱਵੇ ਤੂੰ ਕਹਿ ਰਹੀ ਹੈਂ ਇਹ ਸਿਰਫ ਤੇਰੀ ਅਰਦਾਸ ਦਾ ਹੀ ਅਸਰ ਹੋਇਆ ਕੇ ਮੈਂ ਵਾਪਿਸ ਘਰ ਆਈ ਹਾਂ ਨਹੀ ਕਿਸੇ ਨੂੰ ਕੋਈ ਉਮੀਦ ਨਹੀਂ ਸੀ । ਤੇਰੀ ਅਰਦਾਸ ਕਬੂਲ ਹੋਈ ਹੈ ।
Access our app on your mobile device for a better experience!