ਬਾਪੂ ਟਹਿਲ ਸਿੰਘ ਦਾ ਪਰਿਵਾਰ ਗੁੱਜਰਾਂਵਾਲੇ ਤੋਂ ਉੱਜੜ ਕੇ ਆਇਆ ਸੀ ’47 ਦੇ ਉਜਾੜੇ ਵੇਲੇ।
ਪਰਿਵਾਰ ਦਾ ਤਾਂ ਬੱਸ ਨਾਂ ਹੀ ਸੀ। ਅਠਾਰ੍ਹਾਂ ਵਿੱਚੋਂ ਦੋ ਜੀ ਹੀ ਇਧਰ ਪਹੁੰਚੇ।ਇੱਕ ਮਾਂ ਤੇ ਉਹਦੇ ਕੁੱਛੜ ਡੇੜ ਕੁ ਸਾਲਾਂ ਦਾ ਬਾਪੂ ਟਹਿਲ ਸਿੰਘ।
ਸੋਲ੍ਹਾਂ ਨੂੰ ਆਜ਼ਾਦੀ ਖਾ ਗਈ ਸੀ।
ਇਹ ਕੋਈ 2004 ਦੀ ਗੱਲ ਹੈ ਜਦੋਂ ਇੱਕ ਅਧਿਆਪਕ ਵਜੋਂ ਡਿਊਟੀ ਉਨ੍ਹਾਂ ਦੇ ਪਿੰਡ ਸੀ। ਸੱਠਾਂ ਦੇ ਨੇੜੇ ਪਹੁੰਚਿਆ ਟਹਿਲ ਸਿਉਂ ਹੁਣ ਸਕੂਲ ਗੇੜਾ ਲਾ ਕੇ ਖੁਸ਼ ਰਹਿੰਦਾ।
ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਦੇ ਵੇਖ ਖੁਸ਼ ਹੁੰਦਾ।
ਇੱਕ ਦਿਨ ਉਹ ਸਕੂਲ ਆਇਆ ਤਾਂ ਅਧਿਆਪਕ ਬੱਚਿਆਂ ਨਾਲ ਮੁਲਕ ਦੀ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਸਨ।
ਸੁਣਦੇ -ਸੁਣਦੇ ਉਹ ਉਦਾਸ ਜਿਹਾ ਹੋ ਗਿਆ ਸੀ। ਇੰਝ ਲੱਗਿਆ ਜਿਵੇਂ ਅਤੀਤ ਵਿੱਚ ਪਰਤ ਗਿਆ ਹੋਵੇ।
ਫ਼ੇਰ ਮੈਂਨੂੰ ਇੱਕ ਪਾਸੇ ਲੈਜਾ ਕੇ...
ਕਹਿਣ ਲੱਗਾ ਕਿ ਅਸੀਂ ਉਦੋਂ ਚੌਥੀ ਜਮਾਤ ਵਿੱਚ ਪੜ੍ਹਦੇ ਸੀ।
ਉਨ੍ਹਾਂ ਦੇ ਮਾਸਟਰ ਜੀ ਨੇ ਪੁੱਛਿਆ ਕਿ ਮੁਲਕ ਨੂੰ ਆਜ਼ਾਦੀ ਕਿਵੇਂ ਮਿਲੀ ਸੀ?
ਉਸਨੇ ਕਿਹਾ ਕਿ ਖ਼ੂਨ-ਖਰਾਬੇ ਨਾਲ। ਘਰ ਵਿੱਚ ਉਸਨੇ ਮਾਂ ਤੋਂ ਇੰਝ ਹੀ ਸੁਣਿਆ ਸੀ।
ਉਸ ਨੇ ਇਹ ਕਹਿ ਕੇ ਗੱਲ ਮੁਕਾਈ ਕਿ ਉਸ ਦਿਨ ਉਸਨੂੰ ਪਹਿਲੀ ਵਾਰ ਸਕੂਲ ਵਿੱਚ ਕੁੱਟ ਪਈ ਸੀ।
ਇਹ ਸੁਣ ਕੇ ਇਹ ਮਹਿਸੂਸ ਹੋਇਆ ਕਿ ਸ਼ਾਇਦ ਨਵੇਂ ਆਜ਼ਾਦ ਹੋਏ ਦੇਸ ਵਿੱਚ ਉੱਜੜ ਕੇ ਆਇਆਂ ਨੂੰ ਸਰਹੱਦ ਦੇ ਦੋਵੇਂ ਪਾਸੇ ਹੋਏ ਦਸ ਲੱਖ ਲੋਕਾਂ ਦੇ ਖ਼ੂਨ-ਖਰਾਬੇ ਦੀ ਗੱਲ ਕਰਨ ਦੀ ਆਜ਼ਾਦੀ ਨਹੀਂ ਸੀ।
ਮਨਜੀਤ ਸਿੰਘ
Access our app on your mobile device for a better experience!