ਛੇਵੀਂ ਕਲਾਸ ਦਾ ਦਾਖਲਾ ਹੋਇਆ ।ਹਰਮਨ ਤੋਂ ਸਿਵਾਏ ਸਾਰੇ ਬੱਚੇ ਹਰਰੋਜ਼ ਸਕੂਲ ਆਉਦੇ ।ਮੈਂ ਬੱਚਿਆਂ ਨੂੰ ਹਰਮਨ ਬਾਰੇ ਪੁੱਛਿਆ ਕਿ ਉਹ ਸਕੂਲ ਕਿਉਂ ਨਹੀਂ ਆਉਂਦਾ ।ਬੱਚਿਆਂ ਨੇ ਦੱਸਿਆ ਉਹ ਪ੍ਰਾਇਮਰੀ ਸਕੂਲ ਵਿੱਚ ਵੀ ਇੰਝ ਹੀ ਕਰਦਾ ਹੁੰਦਾ ਸੀ ।ਸਕੂਲ ਘੱਟ ਹੀ ਆਉਂਦਾ ਸੀ ।ਘਰ ਦੇ ਉਸਨੂੰ ਜ਼ਬਰਦਸਤੀ ਸਕੂਲ ਛੱਡ ਕੇ ਜਾਂਦੇ ਸਨ।ਬੱਚਿਆਂ ਨੇ ਮੈਨੂੰ ਉਹਦੇ ਦਸਵੀਂ ਜਮਾਤ ਵਿੱਚ ਪੜ੍ਹਦੇ ਵੱਡੇ ਭਰਾ ਬਾਰੇ ਦੱਸਿਆ ਤਾਂ ਮੈਂ ਉਸਨੂੰ ਬੁਲਾ ਕੇ ਕਿਹਾ ਕਿ ਕੱਲ ਨੂੰ ਹਰਮਨ ਸਕੂਲ ਜਰੂਰ ਆਵੇ ਨਹੀਂ ਤਾਂ ਉਸਦੀਆਂ ਛੇ ਗੈਰ-ਹਾਜ਼ਰੀਆਂ ਹੋ ਜਾਣਗੀਆਂ,ਉਸਦਾ ਨਾਮ ਕੱਟਣਾ ਪਵੇਗਾ ।ਉਹ ਅਗਲੇ ਦਿਨ ਆਵਦੇ ਭਰਾ ਨੂੰ ਨਾਲ ਲੈ ਕੇ ਆਉਣ ਦਾ ਵਾਅਦਾ ਕਰਕੇ ਚਲਾ ਗਿਆ ।
ਅਗਲੇ ਦਿਨ ਸਵੇਰ ਦੀ ਪ੍ਰਾਰਥਨਾਂ ਸਭਾ ਉਪਰੰਤ ਮੈਂ ਕਲਾਸ ਰੂਮ ਵਿੱਚ ਪਹੁੰਚੀ ਹੀ ਸੀ ਕਿ ਚੈਕਿੰਗ ਟੀਮ ਆ ਗਈ।ਉਸ ਟੀਮ ਦਾ ਇੱਕ ਮੈਂਬਰ ਮੇਰੀ ਕਲਾਸ ਵਿੱਚ ਨਿਰੀਖਣ ਕਰਨ ਲਈ ਪਹੁੰਚ ਗਿਆ ।ਇਸੇ ਦੌਰਾਨ ਹੀ ਹਰਮਨ ਦੇ ਮੰਮੀ -ਡੈਡੀ ਉਸਨੂੰ ਰੋਂਦੇ ਹੋਏ ਨੂੰ ਘੜੀਸ ਕੇ ਲਿਆਉਂਦੇ ਹੋਏ ਕਲਾਸ ਵਿੱਚ ਦਾਖਲ ਹੋ ਗਏ।ਉਹ ਬਹੁਤ ਜਿਆਦਾ ਖਿਝੇ ਹੋਏ ਸਨ ।ਉਹ ਆਵਦੇ ਵੱਡੇ ਪੁੱਤਰ ਦੀ ਸਲਾਹੁਤਾ ਕਰਦੇ ਹੋਏ ਕਹਿਣ ਲੱਗੇ ਕਿ ਉਹ ਤਾਂ ਬਹੁਤ ਸਿਆਣਾ ਹੈ,ਇਹ ਤਾਂ ਸਾਡੀ ਜਾਨ ਦਾ ਖੌਅ ਬਣ ਗਿਆ ਹੈ ।ਬਸ ਸਾਡਾ ਤਾਂ ਓਹੀ ਪੁੱਤ ਐ ,ਇਹ ਨਹੀਂ ।ਮੈਂ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹਰਮਨ ਨੂੰ ਬਾਂਹ ਤੋਂ ਫੜ ਕੇ ਆਵਦੇ ਵੱਲ ਨੂੰ ਖਿਚਦਿਆਂ ਹੋਇਆ ਕਿਹਾ,”ਚੰਗਾ ਉਹ ਤੁਹਾਡਾ ਪੁੱਤ ਤਾਂ ਅੱਜ ਤੋਂ ਇਹ ਮੇਰਾ ਪੁੱਤ ਏ।”ਮੈਂ ਉਸਦੇ ਹੰਝੂ ਪੂੰਝਣ ਲੱਗੀ ।ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਿਆ ।ਮੈਂ ਉਸਨੂੰ ਆਪਣੇ ਕੋਲ ਪਹਿਲੇ ਡੈਸਕ ‘ਤੇ ਬਿਠਾਇਆ,ਪਾਣੀ ਪਿਲਾਈਆਂ,ਉਸ ਨਾਲ ਨਿੱਕੀਆਂ- ਨਿੱਕੀਆਂ ਗੱਲਾਂ ਕਰਨ ਲੱਗੀ ।ਉਸਨੂੰ ਵਿਰਿਆ ਦੇਖ ਉਹਦੇ ਮਾਪੇ ਨਿਸ਼ਚਿੰਤ ਹੋ ਕੇ ਚਲੇ ਗਏ (ਉਸ ਤੋਂ ਬਾਅਦ ਵੀ ਉਹਦੇ ਮਾਪੇ ਉਹਦੇ ਬਾਰੇ ਜਾਨਣ ਲਈ ਅਕਸਰ ਸਕੂਲ ਆਉਦੇ ਤੇ ਮੈਨੂੰ ਢੇਰ ਸਾਰੀਆਂ ਦੁਆਵਾਂ ਦਿੰਦੇ )ਉਸ ਦਿਨ ਤੋਂ ਬਾਅਦ ਉਹ ਕਦੇ ਵੀ ਸਕੂਲੋਂ ਗੈਰ-ਹਾਜ਼ਰ ਨਾ ਹੋਇਆ ।ਉਹ ਹਮੇਸ਼ਾ ਮੇਰੇ ਮੇਜ਼ ਦੇ ਲਾਗਲੇ ਡੈਸਕ ‘ਤੇ ਬੈਠਦਾ। ਹਰਰੋਜ਼ ਮੇਰੇ ਵੱਲੋਂ ਕਰਾਇਆ ਗਿਆ ਕੰਮ ਸਾਫ-ਸੁਥਰੇ ਤਰੀਕੇ ਨਾਲ ਕਰਦਾ ।ਬਾਕੀ ਬੱਚਿਆਂ ਨਾਲੋਂ ਕੱਦ ਵਿੱਚ ਛੋਟਾ ਹੋਣ ਕਰਕੇ ਮੈ ਉਸਨੂੰ ਪਿਆਰ ਨਾਲ ਨਿੱਕੂ ਕਹਿ ਕੇ ਬੁਲਾਉਂਦੀ ਤਾਂ ਉਹ ਗੁੱਸਾ ਨਾ ਮੰਨਦਾ ਪਰ ਹੋਰ ਕਿਸੇ ਦੁਆਰਾ ਏਸ ਨਾਮ ਨਾਲ ਬੁਲਾਇਆ ਜਾਣਾ ਉਹਨੂੰ ਚੰਗਾ ਨਾ ਲੱਗਦਾ ।ਮੇਰੇ ਸਾਹਮਣੇ ਉਹ ਕਦੇ ਵੀ ਕੋਈ ਸ਼ਰਾਰਤ ਨਾ ਕਰਦਾ ।ਪਰ ਜੇ ਕਦੇ ਅਚਾਨਕ ਮੈਂ ਉਹਨੂੰ ਸ਼ਰਾਰਤ ਕਰਦੇ ਹੋਏ ਨੂੰ ਦੇਖ ਵੀ ਲੈਂਦੀ ਤਾਂ ਜਾਣ-ਬੁੱਝ ਕੇ ਅੱਖੋਂ ਪਰੋਖੇ ਕਰ ਦਿੰਦੀ ਜਾਂ ਮੁਸਕਰਾ ਛੱਡਦੀ।ਹੁਣ ਉਸਦਾ ਸਕੂਲ ਵਿੱਚ ਜੀਅ ਲੱਗਾ ਹੋਇਆ ਸੀ ਅਤੇ ਮੈਂ ਆਵਦੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਈ ਸੀ। ਮੈਂ ਅਕਸਰ ਅਜਿਹੇ ਸਮੱਸਿਆਤਮਕ ਬੱਚਿਆਂ ਨਾਲ ਸਾਂਝ ਪਾ ਲੈਂਦੀ ਹਾਂ,ਫੇਰ ਉਹ ਨਿਰਭੈ ਹੋ ਕੇ ਆਵਦੀ ਹਰ ਨਿੱਕੀ- ਨਿੱਕੀ ਗੱਲ ਨੂੰ ਸਾਂਝਾ ਕਰਨ ਲੱਗ ਜਾਂਦੇ ਹਨ।ਬਸ ਬਾਲ- ਮਨੋਅਵਸਥਾ ਨੂੰ ਸਮਝਣ ਦਾ ਯਤਨ ਕਰਨਾ ਪੈਂਦਾ ਹੈ ।
ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਤਕ...
ਮੈਂ ਉਨ੍ਹਾਂ ਨੂੰ ਅੰਗਰੇਜ਼ੀ ਵਿਸ਼ਾ ਪੜਾਉਦੀ ਰਹੀ,ਪਰ ਸਕੂਲ ਵਿਚ ਅੰਗਰੇਜ਼ੀ ਵਿਸ਼ੇ ਦੀ ਪੋਸਟ ਮਨਜ਼ੂਰ ਹੋਣ ਉਪਰੰਤ ਨੌਵੀਂ ਤੇ ਦਸਵੀਂ ਕਲਾਸ ਦੀ ਅੰਗਰੇਜ਼ੀ ਸਕੂਲ ਵਿੱਚ ਨਵੇਂ ਆਏ ਅੰਗਰੇਜ਼ੀ ਵਾਲੇ ਭੈਣ ਜੀ ਨੂੰ ਦਿੱਤੀ ਗਈ ।ਹੁਣ ਨੌਵੀਂ ਕਲਾਸ ਦੌਰਾਨ ਮੈਨੂੰ ਉਹਨਾਂ ਨੂੰ ਸਮਾਜਿਕ ਸਿਖਿਆ ਪੜਾਉਣ ਦੀ ਜਿੰਮੇਵਾਰੀ ਸੌਂਪੀ ਗਈ ਅਤੇ ਹਰਮਨ ਪਹਿਲਾਂ ਦੀ ਤਰ੍ਹਾਂ ਹੀ ਵਧੀਆ ਤਰੀਕੇ ਨਾਲ਼ ਦਿੱਤਾਹੋਇਆ ਕੰਮ ਕਰਦਾ ਰਿਹਾ ।ਮੇਰੇ ਕਲਾਸ ਇੰਚਾਰਜ ਹੋਣ ਦੇ ਨਾਤੇ ਇਕ ਦਿਨ ਸਾਡੇ ਅੰਗਰੇਜ਼ੀ ਵਾਲੇ ਭੈਣ ਜੀ ਉਹਦੀ ਸ਼ਿਕਾਇਤ ਮੇਰੇ ਕੋਲ ਲਗਾਉਂਦਿਆਂ ਹੋਇਆ ਕਹਿਣ ਲੱਗੇ ਕਿ ਤੁਹਾਡਾ ਪੁੱਤ ਅੰਗਰੇਜ਼ੀ ਦਾ ਕੰਮ ਨਹੀਂ ਕਰਦਾ ।ਮੈਨੂੰ ਯਕੀਨ ਨਾ ਆਇਆ ।ਜਦੋਂ ਮੈਂ ਉਸਨੂੰ ਬੁਲਾ ਕੇ ਅੰਗਰੇਜ਼ੀ ਵਿਸ਼ੇ ਦੇ ਕੰਮ ਬਾਰੇ ਜਾਨਣਾ ਚਾਹਿਆ ਤਾਂ ਉਹਨੇ ਬੜੇ ਭੋਲੇਪਨ ਨਾਲ ਜੁਆਬ ਦਿੱਤਾ ।ਕਹਿੰਦਾ ਮੈਡਮ ਜੀ ਜਦੋਂ ਤੁਸੀਂ ਸਾਨੂੰ ਅੰਗਰੇਜ਼ੀ ਪੜਾਉਦੇ ਸੀ ਤਾਂ ਮੈਂ ਅੰਗਰੇਜ਼ੀ ਦਾ ਕੰਮ ਕਰ ਲੈਂਦਾ ਸੀ,ਹੁਣ ਤੁਸੀਂ ਸਮਾਜਿਕ ਸਿਖਿਆ ਪੜਾਉਦੇ ਓ ਤਾਂ ਮੈਂ ਓਹ ਕੰਮ ਕਰ ਲੈਂਦਾ ਹਾਂ ।ਮੈਨੂੰ ਉਹਦੇ ਮਾਸੂਮ ਜਿਹੇ ਜਵਾਬ ‘ਤੇ ਹਾਸਾ ਆ ਗਿਆ ।ਫੇਰ ਸਮਝਾਇਆ ਕਿ ਸਾਰੇ ਹੀ ਵਿਸ਼ਿਆਂ ਦਾ ਕੰਮ ਕਰਨਾ ਜਰੂਰੀ ਹੁੰਦਾ ਹੈ ।
ਉਹਨਾਂ ਦਿਨਾਂ ਦੌਰਾਨ ਹੀ (ਅਗਸਤ 2013 ) ਮੈਂ ਆਵਦੀ ਸਕੂਲ ਵਿਚ ਲੰਬੀ ਠਹਿਰ ਤੋੜਨ ਲਈ ਇਕ ਸਾਲ ਦੇ ਸਮੇਂ ਲਈ ਹਾਈ ਸਕੂਲ ਤੋਂ ਮਿਡਲ ਸਕੂਲ ਵਿੱਚ ਆਪਸੀ ਤਬਾਦਲਾ ਬਦਲੀ ਕਰਵਾ ਲਈ ।ਹਰਮਨ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਅਤੇ ਘਰਦਿਆਂ ਨੂੰ ਪਹਿਲਾਂ ਦੀ ਤਰ੍ਹਾਂ ਪਰੇਸ਼ਾਨ ਕਰਨ ਲੱਗਾ।ਉਸਦੀ ਮੰਮੀ ਦੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ।ਉਹ ਮੈਨੂੰ ਕਹਿੰਦੀ,”ਮੈਡਮ ਤੁਸੀਂ ਬਦਲੀ ਕਿਉਂ ਕਰਵਾ ਲਈ,ਇਹਦੀ ਦਸਵੀਂ ਕਲਾਸ ਹੋਣ ਤਕ ਤਾਂ ਰੁਕੇ ਰਹਿੰਦੇ ।” ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਉਹਦੇ ਨਾਲ ਗੱਲ ਕਰਵਾ ਦਿਓ,ਮੈਂ ਉਸਨੂੰ ਕਿਹਾ ਕਿ ਮੈਂ ਅਗਲੇ ਸਾਲ ਵਾਪਸ ਆ ਜਾਵਾਂਗੀ , ਮੈ ਉਸਤੋਂ ਹਰਰੋਜ ਸਕੂਲ ਆਉਣ ਅਤੇ ਮਨ ਲਾ ਕੇ ਪੜ੍ਹਨ ਦਾ ਵਾਅਦਾ ਲਿਆ ।ਉਹ ਫੇਰ ਹਰਰੋਜ਼ ਸਕੂਲ ਆਉਣ ਲੱਗਾ।ਜਦ ਅਗਲੇ ਸਾਲ ਨਵਾਂ ਸ਼ੈਸ਼ਨ ਸ਼ੁਰੂ ਹੋਇਆ ਤਾਂ ਫੇਰ ਫੋਨ ਆਉਣੇ ਸ਼ੁਰੂ ਹੋ ਗਏ ਕਿ ਵਾਪਸ ਆ ਜਾਓ।ਮੈਂ ਵਾਪਸ ਆਉਣ ਦਾ ਪੂਰਾ ਦਿਲਾਸਾ ਦਿੱਤਾ । ਪਰ ਜਿਸ ਮਾਸਟਰ ਨਾਲ ਮੈ ਦੁਬਾਰਾ ਆਪਸੀ ਤਬਾਦਲਾ ਕਰਾਉਣਾ ਸੀ ਉਹ ਕਿਸੇ ਘਰੇਲੂ ਮਜਬੂਰੀਕਾਰਨ ਸਮੇਂ ਤੋਂ ਪਹਿਲਾਂ ਹੀ ਸੇਵਾ- ਮੁਕਤੀ ਲੈ ਗਏ ।ਮੈਂ ਕਦੇ ਵੀ ਆਵਦੇ ਪਹਿਲਾਂ ਵਾਲੇ ਸਕੂਲ ਵਾਪਿਸ ਨਾਂ ਜਾ ਸਕੀ,ਜਿਸ ਦਾ ਮੈਨੂੰ ਅੱਜ ਤੱਕ ਮਲਾਲ ਹੈ । ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਵੇਗਾ ਕਿ ਮੈਡਮ ਮੈਨੂੰ ਝੂਠ ਹੀ ਬੋਲਦੇ ਰਹੇ ।ਪਤਾ ਨਹੀਂ ਉਸਦੇ ਮਾਸੂਮ ਮਨ ਵਿੱਚ ਮੇਰਾ ਕਿਹੋ ਜਿਹਾ ਨਵਾਂ ਅਕਸ ਬਣਿਆ ਹੋਵੇਗਾ। ਪਰ ਮੇਰੀ ਮਜਬੂਰੀ ਸੀ ।ਉਹ ਮਾਸੂਮ ਜਿਹਾ ਚਿਹਰਾ ਮੈਨੂੰ ਅੱਜ ਵੀ ਯਾਦ ਆਉਂਦਾ ਹੈ ।
ਸੁਖਬੀਰ ਕੌਰ
17-6-2021
Access our app on your mobile device for a better experience!
Amana sekhon
Bahut vadia