ਭਾਵੇਂ ਉਹ ਤਿੰਨੋਂ ਸਰਦੇ ਪੁੱਜਦੇ ਘਰਾਂ ਚੋਂ ਸਨ..
ਫੇਰ ਵੀ ਹੋਸਟਲ ਦੇ ਨਾਲ ਬਣੇ ਮੈਰਿਜ ਪੈਲਸ ਵਿਚ ਬਿਨਾ ਬੁਲਾਇਆਂ ਵੜ ਜਾਣਾ ਤੇ ਮਗਰੋਂ ਮੁਫ਼ਤ ਦਾ ਖੁੱਲ੍ਹਾ ਖਾਣ-ਪੀਣ ਓਹਨਾ ਦਾ ਰੋਮਾਂਚਕਾਰੀ ਸ਼ੌਕ ਜਿਹਾ ਬਣ ਗਿਆ ਸੀ..
ਅਖੀਰ ਨੂੰ ਰੱਜ-ਪੁੱਜ ਕੇ ਤੁਰਨ ਲਗਿਆਂ ਗੇਟ ਤੇ ਸਿਕਿਓਰਿਟੀ ਵਾਲੇ ਦੇ ਬੋਝੇ ਵਿਚ ਸੌ ਦਾ ਨੋਟ ਪਾਉਣਾ ਕਦੀ ਵੀ ਨਾ ਭੁੱਲਦੇ!
ਉਸ ਰਾਤ ਵੀ ਓਥੇ ਇੱਕ ਰਿਸੈਪਸ਼ਨ ਪਾਰਟੀ ਸੀ..
ਚੰਗੀ ਤਰਾਂ ਰੱਜ-ਪੁੱਜ ਕੇ ਪਾਸੇ ਖਲੋਤੇ ਹੋਏ ਉਹ ਤਿੰਨੋਂ ਗਜਰੇਲਾ ਲਿਆਉਂਦੇ ਬੈਰੇ ਦੀ ਉਡੀਕ ਕਰ ਹੀ ਰਹੇ ਸਨ..
ਅਚਾਨਕ ਟੈਂਟ ਦੇ ਐਨ ਪਿਛਲੇ ਪਾਸੇ ਹਲਵਾਈਆਂ ਵਾਲੀ ਸਾਈਡ ਤੇ ਹੁੰਦੀ ਕਿਸੇ ਦੀ ਜਰੂਰੀ ਆਪਸੀ ਗੱਲਬਾਤ ਨੇ ਤਿੰਨਾਂ ਦੇ ਕੰਨ ਖੜੇ ਕਰ ਦਿੱਤੇ!
ਬਜ਼ੁਰਗ ਸਰਦਾਰ ਜੀ ਜੋ ਸ਼ਾਇਦ ਕੁੜੀ ਦੇ ਪਿਤਾ ਜੀ ਸਨ..
ਠੇਕੇਦਾਰ ਨੂੰ ਬੇਨਤੀ ਕਰ ਰਹੇ ਸਨ ਕੇ ਅੰਦਾਜੇ ਤੋਂ ਵੱਧ ਲੱਗੇ ਖਾਣੇ ਦੇ ਬਣਦੇ ਹੋਏ ਵਾਧੂ ਤੀਹ ਹਜਾਰ ਓਹਨਾ ਤੋਂ ਅੱਜ ਕਿਸੇ ਹਾਲਤ ਵਿਚ ਨਹੀਂ ਦਿੱਤੇ ਜਾਣੇ..
ਆਪਣੇ ਦੋਵੇਂ ਹੱਥ ਜੋੜੀ ਖਲੋਤੇ ਹੋਏ ਆਖ...
ਰਹੇ ਸਨ ਕੇ “ਬੰਦੋਬਸਤ” ਹੋਣ ਵਿਚ ਘਟੋ ਘੱਟ ਹਫਤਾ ਵੀ ਲੱਗ ਸਕਦਾ ਏ..
ਪਰ ਠੇਕੇਦਾਰ ਕਿਸੇ ਹਾਲਤ ਵਿਚ ਵੀ ਸਮਝੌਤੇ ਦੇ ਮੂਡ ਵਿਚ ਨਹੀਂ ਸੀ ਲੱਗਦਾ..ਤੇ ਸਾਰੇ ਪੈਸੇ ਅਗਲੇ ਹੀ ਦਿਨ ਮੰਗ ਰਿਹਾ ਸੀ..!
ਅਗਲੇ ਦਿਨ ਠੇਕੇਦਾਰ ਦੇ ਪੈਸਿਆਂ ਦਾ ਜੁਗਾੜ ਕਰਦੇ ਹੋਏ ਕੱਲੇ ਬੈਠੇ ਸਰਦਾਰ ਜੀ ਕਾਫੀ ਚਿਰ ਤੋਂ ਇਹ ਚੇਤਾ ਕਰਨ ਦੀ ਕੋਸ਼ਿਸ਼ ਵਿਚ ਸਨ ਕੇ ਬਿਨਾ ਨਾਮ ਦੇ ਦਸ ਦਸ ਹਜਾਰ ਵਾਲੇ ਸ਼ਗਨ ਵਾਲੇ ਤਿੰਨ ਲਫਾਫੇ ਕੌਣ ਫੜਾ ਗਿਆ ਸੀ?
ਮੈਰਿਜ ਪੈਲਸ ਵਾਲੇ ਬਜ਼ੁਰਗ ਸ੍ਰਦਾਰਜੀ ਦੇ ਚੇਹਰੇ ਦੇ ਉਸ ਵੇਲੇ ਦੇ ਹਾਵ ਭਾਵ ਵੇਖਣੇ ਹੋਣ ਤਾਂ ਟੈਂਪੂ ਮਗਰ ਧੀ ਦੇ ਦਾਜ ਲਈ ਕਿੰਨਾ ਸਾਰਾ ਸਮਾਨ ਲੱਦੀ ਤੁਰੇ ਜਾਂਦੇ ਗਹਿਰ ਗੰਭੀਰ ਅਵਸਥਾ ਵਿੱਚ ਬੈਠੇ ਹੋਏ ਜੋੜੇ ਦੀ ਮਾਨਸਿਕਤਾ ਪੜੀ ਜਾ ਸਕਦੀ ਏ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!