ਘਰਾਂ ‘ਚ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ-ਮੋਟੀਆਂ ਲੜਾਈਆਂ, ਜਿੱਥੇ ਦੋ ਭਾਂਡੇ ਹੋਣ ਖੜਕ ਵੀ ਪੈਂਦੇ ਨੇ। ਛੋਟੇ-ਮੋਟੇ ਰੋਸੇ ਚੱਲਦੇ ਰਹਿੰਦੇ ਨੇ ਪਰ ਕੋਈ ਲਕੀਰ ਥੋੜ੍ਹੀ ਖਿੱਚ ਦਿੰਦੈ, ਬੇਦਾਵਾ ਥੋੜ੍ਹੀ ਲਿਖ ਕੇ ਚਲਾ ਜਾਂਦੈ!
ਪਤਾ ਨੀ ਮਾਂ ਏਨੀ ਪੱਥਰ ਦਿਲ ਕਿਉਂ ਹੋ ਗਈ? ਸਾਨੂੰ ਦੋਹਾਂ ਭੈਣਾਂ-ਭਰਾਵਾਂ ਨੂੰ ਛੱਡ ਕੇ ਐਸੀ ਪੇਕੇ ਗਈ ਵਾਪਸ ਨਾ ਮੁੜੀ, ਬਾਪੂ ਲੈਣ ਵੀ ਗਿਆ ਕਈ ਵਾਰ ਪਰ ਬੇਜ਼ਤ ਹੋ ਕੇ ਮੁੜਦਾ ਰਿਹਾ ਤੇ ਅਸੀਂ ਅੱਧੇ ਯਤੀਮ ਹੋ ਗਏ। ਨਾਨੇ-ਨਾਨੀ ਨੇ ਮਾਂ ਨੂੰ ਅਗਾਂਹ ਤੋਰ ਦਿੱਤਾ ਕਿਤੇ, ਨਾਨਕੇ ਵੀ ਮੁੱਕ ਗਏ ਤੇ ਮਮਤਾ ਨਾਂ ਦੀ ਚੀਜ਼ ਤੋਂ ਵੀ ਸਾਡਾ ਵਿਸ਼ਵਾਸ ਟੁੱਟ ਗਿਆ। ਮੈਂ ਦੇਖਿਆ ਏ ਵੱਡੀ ਭੈਣ ਨੂੰ ਬਾਪੂ ਦੇ ਗਲ਼ ਲੱਗ ਕੇ ਅਕਸਰ ਰੋਂਦੀ ਨੂੰ, ਉਹ ਤ੍ਰਕਾਲ਼ਾਂ ਪਈਆਂ ‘ਤੇ ਡਰ ਜਾਇਆ ਕਰਦੀ ਸੀ। ਬਥੇਰੀ ਵਾਰ ਮਨ ‘ਚ ਆਇਆ ਸੀ ਕਿ ਜਾ ਕੇ ਮਾਂ ਤੋਂ ਪੁੱਛਾਂ,”ਸਾਨੂੰ ਸਿਰਫ਼ ਜੰਮ ਕੇ ਈ ਸੁੱਟਣਾ ਸੀ? ਦੱਸ, ਕੀ ਬੱਚਿਆਂ ਨੂੰ ਮਾਂ ਦੀ ਲੋੜ ਨੀ ਜਾਂ ਪਿਉ ਦੀ ਲੋੜ ਨੀ?”
ਮਾਂ ਦੇ ਮੋਹ ਨੂੰ ਤਾਂ ਮਮਤਾ ਕਹਿ ਦਿੰਦੇ ਨੇ, ਬਾਪ ਦੇ ਪਿਆਰ ਲਈ ਕਿਸੇ ਨੇ ਕੋਈ ਸ਼ਬਦ ਈ ਨੀ ਬਣਾਇਆ। ਬੇਸ਼ੱਕ ਉਸ ਸ਼ੈਅ ਦਾ ਕੋਈ ਨਾਂ ਨਹੀਂ ਪਰ ਅਸੀਂ ਉਹਦੇ ਦਰਸ਼ਨ ਜ਼ਰੂਰ ਕੀਤੇ ਹੋਏ ਨੇ।
ਭੂਆ ਹੁਰਾਂ ਨੇ ਬਥੇਰਾ ਜ਼ੋਰ ਲਾਇਆ ਸੀ ਪਰ ਬਾਪੂ ਨੇ ਸਾਡੇ ਮੂੰਹ ਵੱਲ ਵੇਂਹਦਿਆਂ ਦੂਜੀ ਨੀ ਲਿਆਂਦੀ। ਜਦੋਂ ਤੱਕ ਰਾਣੀ ਪੰਜਵੀਂ ਜਮਾਤ ‘ਚ ਨੀ ਹੋ ਗਈ, ਬਾਪੂ ਨੇ ਰੋਟੀਆਂ ਵੀ ਪਕਾਈਆਂ, ਭਾਂਡੇ ਵੀ ਮਾਂਜੇ, ਲੀੜੇ ਵੀ ਧੋਤੇ। ਸਾਨੂੰ ਸਕੂਲੋਂ ਇੱਕ ਦਿਨ ਵੀ ਛੁੱਟੀ ਨੀ ਕਰਵਾਈ।
ਬਾਪੂ ਸ਼ਾਮ ਨੂੰ ਖੇਤੋਂ ਮੁੜਦਾ ਹੋਇਆ, ਸਾਡੇ ਬਾਬਤ ਇੱਕ ਗੰਨੇ ਲਈ ਸ਼ਾਹੂਕਾਰਾਂ ਦੇ ਕਮਾਦ ਦੇ ਆਂਗ ਛਾਂਗਣ ‘ਤੇ ਘੰਟਾ, ਅੱਧਾ ਘੰਟਾ ਲਾ ਆਉਂਦਾ ਸੀ।
ਸੱਤਰ ਦੇ ਨੇੜੇ ਢੁੱਕ ਗਿਆ ਏ, ਬਹੁਤਾ ਮਨ ਖ਼ਰਾਬ ਹੋਵੇ ਤਾਂ ਪੈੱਗ ਦੋ ਪੈੱਗ ਲਾ ਲੈਂਦਾ ਏ ਤੇ ਪੁਰਾਣੀਆਂ ਯਾਦਾਂ ‘ਚ ਗਵਾਚ ਜਾਂਦਾ ਏ,”ਪੁੱਤ, ਮੈਂ ਗ਼ਲਤ ਸੀ ਥੋਡੀ ਮਾਂ ਨੀ! ਸ਼ੈਦ ਥੋਡੇ ਨਾਨੇ-ਨਾਨੀ ਨੇ ਵੀ ਉਹਨੂੰ ਠੰਢੇ ਮਤੇ ਨਾਲ਼ ਸਮਝਾਇਆ ਨੀ! ਮੈਂ ਸਾਰੀ ਉਮਰ ਪਸਚਾਤਾਪ ਕੀਤਾ ਏ! ਥੋਨੂੰ ਪਾਲਣ ‘ਚ ਮੈਥੋਂ ਕਮੀਆਂ ਰਹਿਗੀਆਂ ਹੋਣੀਆਂ। ਪੁੱਤਰ, ਮਰਦ ਤੋਂ ਮਾਂ ਨੀ ਬਣਿਆ ਜਾਂਦੈ!”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ