ਬੇਸ਼ੱਕ ਮਾਪੇ ਮੈਨੂੰ ਮਨਚਾਹੇ ਮੁੰਡੇ ਨਾਲ਼ ਖ਼ੁਸ਼ੀ-ਖ਼ੁਸ਼ੀ ਵਿਆਹੁਣ ਲੱਗੇ ਆ ਪਰ ਪਤਾ ਨੀਂ ਕਿਉਂ ਕੁਝ ਕੁ ਦਿਨਾਂ ਤੋਂ ਮਨ ਘਿਰਦਾ ਜਿਹਾ ਪਿਆ ਏ। ਇਹ ਘਰ, ਇਹ ਵਿਹੜਾ ਜਿੱਥੇ ਮੈਂ ਜੰਮੀ-ਪਲ਼ੀ, ਖੇਡੀ-ਕੁੱਦੀ ਅਤੇ ਜਵਾਨ ਹੋਈ ਆਂ ਮੈਨੂੰ ਮੋਹ ਦੇ ਬੰਧਨਾਂ ‘ਚ ਬੰਨ੍ਹਕੇ ਮੇਰੀ ਜਾਨ ਕੱਢਣ ‘ਤੇ ਤੁਲਿਆ ਹੋਇਆ ਏ। ਇਉਂ ਲੱਗਦਾ ਏ ਜਿਵੇਂ ਕਿਸੇ ਨੇ ਘੁੱਗੀ ਦੀ ਧੌਣ ਮਰੋੜ ਕੇ ਉਹਦੇ ਖੰਭ ਮੜੁੱਛ ਦਿੱਤੇ ਹੋਣ। ਅਵੱਲੇ ਜਹੇ ਖ਼ਿਆਲ ਆਉਂਦੇ ਨੇ… ਇਹ ਘਰ ਜੀਹਨੂੰ ਦਿਵਾਲ਼ੀ ਵੇਲ਼ੇ ਰੰਗ-ਰੋਗਨ ਕਰਦਿਆਂ ਮੇਰਾ ਹੁਕਮ ਚੱਲਦਾ ਸੀ, ਹੁਣ ਤੋਂ ਮੈਂ ਇਹਦੀਆਂ ਖ਼ੁਸ਼ੀਆਂ-ਗ਼ਮੀਆਂ ‘ਚ ਮਹਿਮਾਨਾਂ ਵਾਂਗ ਸ਼ਿਰਕਤ ਕਰਿਆ ਕਰਾਂਗੀ। ਜੀਅ ਕਰਦੈ ਲੰਮਾ ਸਾਰਾ ਸਾਹ ਲੈ ਕੇ ਇਹ ਦੀਆਂ ਖ਼ੁਸ਼ਬੋਆਂ ਨੂੰ ਸਦਾ ਲਈ ਸਾਹਾਂ ਵਿੱਚ ਸਮੋ ਲਵਾਂ।
ਦਰਵਾਜੇ ‘ਚ ਲੱਗਿਆ ਬੋਹੜ ਮੈਨੂੰ ਆਪਣਾ ਦਾਦਾ-ਪੜਦਾਦਾ ਲੱਗਣ ਲੱਗ ਪਿਆ ਏ, ਇਹਦੇ ਟਾਹਣਿਆਂ ਤੋਂ ਪੀਂਘ ਝੂਟਣੀ ਪਤਾ ਨੀਂ ਫਿਰ ਨਸੀਬ ਹੋਊ ਕਿ ਨਹੀਂ।
ਵੀਰ ਨੂੰ ਥੋੜ੍ਹਾ ਘੱਟ ਦਿਸਦਾ ਏ, ਉਹਦੇ ਨਿੱਕੇ-ਮੋਟੇ ਕੰਮ ਮੈਂ ਕਰ ਦਿਆ ਕਰਦੀ ਸਾਂ, ਅੱਗੇ ਤੋਂ ਉਹ ਕੀਹਦੇ ਤੋਂ ਕਰਵਾਇਆ ਕਰੂਗਾ? ਵਿਦਾਈ ਵੇਲ਼ੇ ਐਨਕਾਂ ਹੇਠੋਂ ਹੰਝੂ ਪੂੰਝਦਾ ਮੈਥੋਂ ਜਰਿਆ ਨੀਂ ਜਾਣਾ। ਜਦੋਂ ਮੈਂ ਸਿਰ ਤੋਂ ਵਗਾਕੇ ਚੌਲ ਸੁੱਟੇ ਤਾਂ ਮਾਂ ਨੇ ਇੱਕ ਵੀ ਦਾਣਾ ਹੇਠਾਂ ਨੀਂ ਡਿੱਗਣ ਦੇਣਾ, ਸਾਰੇ ਦੁਪੱਟੇ ‘ਚ ਬੋਚ ਲੈਣੇ ਨੇ, ਮੈਂ ਜਾਣਦੀ ਆਂ ਉਹਨੂੰ, ਜਿਹੜੀ ਪੇਕਿਆਂ ਦੇ ਗ਼ਮ ਨੂੰ ਅਜੇ ਤੱਕ ਦਿਲ ‘ਤੇ ਲਾਈ ਬੈਠੀ ਏ। ਪਾਪਾ ਤੇ ਮੰਮੀ ਵਿੱਚੇ ਵਿਆਹ ਦੀ ਤਿਆਰੀ ਕਰੀ ਜਾਂਦੇ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ