ਉਹ ਜਿਆਦਾਤਰ ਕਨੇਡਾ ਵਿਚ ਹੀ ਜੰਮੇ ਸਨ..ਸਭ ਤੋਂ ਪਹਿਲੋਂ ਦੇਹ ਸ਼ਿਵਾ ਵਰ ਮੋਹੇ ਏਹਾ..ਫੇਰ ਕਨੇਡਾ ਦਾ ਰਾਸ਼ਟਰੀ ਗਾਣ “ਓ ਕਨੇਡਾ” ਮਗਰੋਂ ਇਥੋਂ ਦੇ ਮੂਲ ਨਿਵਾਸੀਆਂ ਦਾ ਧੰਨਵਾਦ..ਤੁਹਾਡਾ ਮੁਲਖ..ਤੁਹਾਡੀ ਬਿਜਲੀ ਪਾਣੀ ਅਤੇ ਹੋਰ ਕਿੰਨਾ ਕੁਝ ਵਰਤਦੇ ਹਾਂ..ਧੰਨਵਾਦ!
ਸੁਰਤ ਮਗਰ ਅੱਪੜ ਗਈ..ਸਭ ਕੁਝ ਵਰਤੀ ਵੀ ਜਾਂਦੇ ਅਤੇ ਨਸਲਕੁਸ਼ੀ ਵੀ ਨਿਰੰਤਰ ਜਾਰੀ ਏ..!
ਫੇਰ ਇੱਕ ਭਾਵਪੂਰਤ ਗੀਤ..”ਜਿੰਨਾ ਰੱਬ ਦਿੱਤਾ ਜੇ ਇਹ ਵੀ ਨਾ ਦਿੰਦਾ..ਫੇਰ ਕੀ ਕਰ ਲੈਂਦੇ”
ਸਬਰ ਸੰਤੋਖ ਦਾ ਮੁੱਜਸਮਾਂ..ਭਾਣੇ ਵਿਚ ਰਹਿਣ ਦਾ ਸੰਦੇਸ਼..ਵਾਕਿਆ ਹੀ ਇਸ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ..ਜਿੰਨੀ ਮਰਜੀ ਵਧ ਲਵੋ..ਫੇਰ ਭਾਰੇ ਸਕੂਲੀ ਬਸਤਿਆਂ ਅਤੇ ਕਰਵਾਈ ਜਾਂਦੀ ਤੋਤੇ ਰਟ ਦੀ ਗੱਲ..!
ਫੇਰ ਇੱਕ ਅਰਦਾਸ ਭਾਵੇਂ ਸੌ ਜਨਮ ਵੀ ਮਿਲਣ ਤਾਂ ਵੀ ਪੰਜਾਬੀ ਮਾਹੌਲ ਵਿਚ ਜੰਮੀਐ..ਵਾਕਿਆ ਹੀ ਕਈ ਵੇਰ ਘਬਰਾਹਟ ਹੁੰਦੀ ਪਤਾ ਨੀ ਅਗਲੇ ਜਨਮ ਕਿਸ ਜੂਨੇ ਪੈਣਾ..ਪਰ ਇਸਦਾ ਇਹ ਮਤਲਬ ਨਹੀਂ ਕੇ ਫੈਸਲੇ ਦੀ ਘੜੀ ਮਰਨੋਂ ਡਰ ਜਾਈਏ..!
ਫੇਰ ਘੁੱਦਾ ਸਿੰਘ ਦਾ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰਖਿਓ..!
ਪੂਰਾਣੀਆਂ ਖੁਰਾਕਾਂ ਜੀਵਨ ਸ਼ੈਲੀ ਰਹਿਣ ਸਹਿਣ ਸਾਈਕਲ ਤੇ ਰੱਖੀ ਆਟੇ ਦੀ ਬੋਰੀ..ਖੇਤ ਪੈਲੀਆਂ ਬੰਬੀਆਂ ਮਿੱਟੀ ਪਾਣੀ ਹਵਾ ਜੰਗਲ ਪਸ਼ੂ ਪੰਛੀ ਜੰਗਲੀ ਜੀਵ ਦਮਾਮੇ ਮਾਰਦਾ ਜੱਟ ਵੰਝਲੀ ਸੰਮਾਂ ਵਾਲ਼ੀ ਡਾਂਗ ਗੁਰਮੁਖੀ ਦੇ ਬੇਟੇ ਦੀ ਗੱਲ ਇੱਕ ਖਾਸ ਮਟਕ ਨਾਲ ਤੁਰਦੀਆਂ ਦਾਦੀਆਂ ਨਾਨੀਆਂ ਦੀ ਗੱਲ..!
ਫੇਰ ਦਸਮ ਪਿਤਾ ਦੇ ਸਾਹਿਬਜਾਦਿਆਂ...
ਬਾਬੇ ਦੀਪ ਸਿੰਘ ਚਮਕੌਰ ਦੀ ਗੜੀ ਅਤੇ ਹਾਲ ਵਿਚ ਜਿੱਤਿਆ ਕਿਸਾਨ ਮੋਰਚਾ..ਦਿਲੀ ਨੂੰ ਸੁਨੇਹਾ ਦਿੰਦਾ ਗੀਤ ਅਤੇ ਸਭ ਤੋਂ ਵੱਧ ਸੱਜੇ ਹੱਥ ਨਾਲ ਪੱਟ ਤੇ ਥਾਪੀ ਅਤੇ ਮੁੜ ਇੱਕ ਅੰਤਰਾਲ ਮਗਰੋਂ ਓਹੀ ਹੱਥ ਉਤਾਂਹ ਚੁੱਕ ਚੜ੍ਹਦੀ ਕਲਾ ਦਾ ਲਗਾਤਾਰ ਸੁਨੇਹਾਂ ਦੇਈਂ ਜਾਂਦਾਂ ਨਿੱਕਾ ਜਿਹਾ ਦੇਵ ਪੁਰਸ਼..ਇੱਕ ਬ੍ਰੈਂਡ ਇੱਕ ਨਿਸ਼ਾਨੀ ਇਕ ਕੁਦਰਤੀ ਵਰਤਾਰੇ ਵਾਂਙ ਹੋ ਨਿੱਬੜੀ ਉਸਦੀ ਇਹ ਕਿਰਿਆ..!
ਕਾਰੋਬਾਰੀ ਮਜਬੂਰੀ ਵੱਸ ਅੱਧੇ ਪ੍ਰੋਗਰਾਮ ਵਿਚੋਂ ਹੀ ਉੱਠਣਾ ਪਿਆ..ਤੁਰਲੇ ਵਾਲੀ ਪੱਗ ਬੰਨੀ ਤੁਰੇ ਜਾਂਦੇ ਨਿੱਕੇ ਜਿਹੇ ਨੂੰ ਪੁੱਛਿਆ ਸਿੱਧੂ ਮੂਸੇ ਵਾਲੇ ਨੂੰ ਜਾਣਦਾ?
ਅਖ਼ੇ ਹਾਂਜੀ ਗੌਰਮਿੰਟ ਨੇ ਮਰਵਾ ਦਿੱਤਾ..ਫੇਰ ਦੀਪ ਸਿੱਧੂ ਵਲੋਂ..ਉਸਨੂੰ ਵੀ..ਖੁਸ਼ੀ ਹੋਈ..ਇਹ ਸਬ ਦੀ ਗੱਲ ਮੁਲਖ ਤੋਂ ਬਾਰਾਂ ਹਜਾਰ ਕਿਲੋਮੀਟਰ ਦੂਰ ਵੀ ਹੋਣੀ ਸ਼ੁਰੂ ਹੋ ਗਈ..!
“ਭਟਕ ਗਏ ਨੇ ਭਾਵੇਂ ਗੱਬਰੂ..ਪਰ ਇਕ ਦਿਨ ਮੁੜ ਆਉਣਗੇ..ਮੁਖ ਹੋਣੇ ਨੰਦਪੁਰ ਵੱਲ ਨੂੰ..ਚੜ੍ਹਦੀ ਕਲਾ ਦੇ ਗੀਤ ਗਾਉਣਗੇ”
ਕਨੇਡਾ ਦੇ ਵਿੰਨੀਪੈਗ ਸ਼ਹਿਰ ਵਿਚ ਦਸ ਸਾਲ ਪਹਿਲੋਂ ਸ਼ੁਰੂ ਕੀਤੇ ਦਸ਼ਮੇਸ਼ ਸਕੂਲ ਦੀ ਮੈਨੇਜਮੈਂਟ ਪ੍ਰਸ਼ੰਸ਼ਾ ਦੀ ਪਾਤਰ ਹੈ..ਤੁਸੀਂ ਪੂਰਨੇ ਪਾ ਦਿੱਤੇ..ਹੁਣ ਇਸ ਸਲੇਟ ਤੇ ਹੋਰ ਵੀ ਕਿੰਨਾ ਕੁਝ ਲਿਖਿਆ ਜਾਊ!
ਹਰਪ੍ਰੀਤ ਜਵੰਦਾ
Access our app on your mobile device for a better experience!