(6 ਸਾਲ ਪਹਿਲੋਂ ਲਿਖਿਆ ਇੱਕ ਵਾਰਤਕ)
ਚੜਦੀ ਜੁਆਨੀਂ ਦੇ ਪਹਿਲੇ ਵੀਹ ਸਾਲ ਅੱਖ ਦੇ ਫੋਰ ਵਿਚ ਹਵਾ ਹੋ ਗਏ !
ਫੇਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਸੰਘਰਸ਼..ਚੰਗੀ-ਮਾੜੀ,ਕੱਚੀ-ਪੱਕੀ,ਸਰਕਾਰੀ-ਪ੍ਰਾਈਵੇਟ..ਇਸ ਗਧੀ-ਗੇੜ ਚੋਂ ਲੰਘਦੇ ਹੋਏ ਫੇਰ ਮਿਲਿਆ ਤਨਖਾਹ ਦਾ ਪਹਿਲਾ ਚੈਕ ਓਸੇ ਵੇਲੇ ਬੈਂਕ ਵਿਚ ਜਮਾ ਹੋ ਗਿਆ..!
ਫੇਰ ਸ਼ੁਰੂ ਹੋਈ ਬੈੰਕ ਅਕਾਊਂਟ ਵਿਚੋਂ ਹੋਰ ਸਿਫਰਾਂ ਜੋੜਨ ਦੀ ਨਾ-ਮੁੱਕਣ ਵਾਲੀ ਲੜੀ!
ਰੋਜ ਸੁਵੇਰੇ ਉੱਠ ਕੇ ਸੋਚਦਾ ਕੇ ਅੱਜ ਕੋਈ ਜੁਗਾੜ ਲੱਗੇ ਕੇ ਬੈਂਕ ਜਮਾਂ ਪੂੰਜੀ ਵਿਚ ਇੱਕ ਸਿਫ਼ਰ ਹੋਰ ਵੱਧ ਜਾਵੇ!
ਇਸੇ ਦੌਰਾਨ ਦੋਸਤਾਂ 27 ਸਾਲਾਂ ਦਾ ਕੇਕ ਵੀ ਕੱਟ ਦਿੱਤਾ!
ਫੇਰ ਵੇਹੜੇ ਵਿਆਹ ਦਾ ਗਾਉਣ ਧਰਿਆ ਗਿਆ..ਨੌਕਰੀ ਕਰਦੀ ਚੰਨ ਵਰਗੀ ਵਹੁਟੀ ਨੇ ਆਣ ਰੌਣਕ ਲਾਈ..ਖੁਸ਼ੀ ਅਤੇ ਸਿਫਰਾਂ ਦੋਗੁਣੀ ਰਫਤਾਰ ਨਾਲ ਵਧਣ ਲੱਗੀਆਂ!
ਪਹਿਲੇ ਚਾਰ ਪੰਜ ਸਾਲ ਖੁਸ਼ੀਆਂ ਦੇ ਹੁਸੀਨ ਪਰੀ ਲੋਕ ਵਿਚ ਘੁੰਮਦਿਆਂ ਫਿਰਦਿਆਂ ਨਿੱਕਲ ਗਏ!
ਫੇਰ ਇੱਕ ਦਿਨ ਵੇਹੜੇ ਵਿਚ ਬੱਚੇ ਦੀ ਕਿਲਕਾਰੀ ਗੂੰਜੀ..ਦੋਹਾਂ ਦਾ ਸਾਰਾ ਕੁਝ ਬੱਚੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ..ਕੱਠੇ ਖਾਣਾ ਪੀਣਾ..ਬੋਲਣਾ..ਗੱਲਾਂ ਕਰਨੀਆਂ ਸਾਰਾ ਕੁਝ ਸੁਪਨਾ ਜਿਹਾ ਹੋ ਗਿਆ!
ਗੱਡੀ ਫੁਰਨੀਚਰ ਘਰ ਅਤੇ ਐੱਲ ਸੀ ਦੀਆਂ ਕਿਸ਼ਤਾਂ..ਸਕੂਲ ਦੀਆਂ ਫੀਸਾਂ..ਪਾਰਟੀਆਂ ਦੇ ਖਰਚੇ..ਤੇ ਉੱਤੋਂ ਬੈਂਕ ਅਕਾਊਂਟ ਦੀਆਂ ਸਿਫਰਾਂ ਵਧਾਉਣ ਵਾਲੀ ਦੌੜ ਦੀ ਕਦੀ ਨਾ ਮੁੱਕਣ ਵਾਲੀ ਚਿੰਤਾ!
ਕੰਮ ਦੀ ਭੱਠੀ ਵਿਚ ਉਸਦਾ ਜੋਬਨ ਧੁਆਂਖਿਆ ਗਿਆ ਤੇ ਮੈਂ ਕੋਹਲੂ ਦਾ ਬੌਲਦ ਸੁਵੇਰੇ ਨਿੱਕਲਦਾ ਤੇ ਹਨੇਰੇ ਹੋਏ ਲਾਸ਼ ਬਣ ਘਰ ਮੁੜਦਾ..!
ਫੇਰ ਪਤਾ ਹੀ ਨਾ ਲੱਗਾ ਕਦੋਂ ਜਿੰਦਗੀ ਦੇ 37 ਸਾਲ ਇਤਿਹਾਸ ਬਣ ਗਏ..!
ਹੁਣ ਘਰ ਵਿਚ ਹਰ ਸੁਖ-ਸਹੂਲਤ ਮੌਜੂਦ ਸੀ ਪਰ ਫੇਰ ਵੀ ਰੋਜ ਸੁਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ..ਤੇ ਰਾਤ ਡੂੰਗੀਆਂ ਸੋਚਾਂ ਦੇ ਕਾਲੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ!
ਕਈ ਵਾਰ ਬਿਨਾ ਗੱਲ ਤੋਂ ਸ਼ੁਰੂ ਹੋਈ ਬਹਿਸ ਝਗੜੇ ਵਿਚ ਬਦਲ ਜਾਂਦੀ..ਅੰਦਰ ਦਾ ਖਾਲੀਪਣ ਵਧਦਾ ਗਿਆ..ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਜਬਰਦਸਤੀ ਹੀ ਚੁੱਪ ਰਹਿਣ ਦੀ ਆਦਤ ਪਾ ਲਈ!
ਫੇਰ ਵਿਆਹ ਦੀ ਦਸਵੀਂ ਵਰੇਗੰਢ ਵੀ ਚੁੱਪ-ਚੁਪੀਤੇ ਲੰਘ ਗਈ..!
ਨਿੱਕਾ ਬਾਲ ਹੁਣ ਸਿਆਣਾ ਹੋ ਗਿਆ ਸੇ ਤੇ ਉਸ ਨੇ ਵੀ ਆਪਣੇ ਆਪ ਵਿਚ ਰਹਿਣਾ ਸਿੱਖ ਲਿਆ..ਪਰ ਮਿੱਠੀ ਤੱਸਲੀ ਇਹ ਸੀ ਕੇ ਬੈਂਕ ਦੀਆਂ ਸਿਫਰਾਂ ਪੂਰੀ ਰਫਤਾਰ ਨਾਲ ਦਿਨ ਰਾਤ ਵੱਧ ਰਹੀਆਂ ਸਨ!
ਇਕ ਦਿਨ ਕੱਲੇ ਬੈਠ ਪੁਰਾਣੇ ਦਿਨ ਯਾਦ ਕਰਦੇ ਹੋਏ ਨੇ ਕੋਲੋਂ ਲੰਘਦੀ ਦਾ ਹੱਥ ਫੜ ਲਿਆ..ਆਖਿਆ ਕੋਲ ਬੈਠ..ਆਜਾ ਗੱਲਾਂ ਕਰੀਏ..ਨਾਲੇ ਬਾਹਰ ਚੱਲਦੇ ਹਾਂ..ਕਿਤੇ ਇਕਾਂਤ ਵਿਚ..ਕੁਦਰਤ ਦਾ ਆਨੰਦ ਮਾਣਦੇ ਹਾਂ!
ਖਿਝੀ ਹੋਈ ਮੁੜਕਾ ਪੂੰਝਦੀ ਆਖਣ ਲੱਗੀ ਸਕੂਲ ਦੇ ਪੇਪਰਾਂ ਦਾ ਢੇਰ ਲੱਗਾ..ਉਹ ਕੌਣ ਚੈਕ ਕਰੂ..ਸਾਰਾ ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੁਝ ਰਿਹਾ..ਗੁੱਸੇ ਨਾਲ ਹੱਥ ਛੁਡਾ ਤੁਰਦੀ ਬਣੀ!
ਤੇ ਫੇਰ ਅਚਾਨਕ ਇੱਕ ਦਿਨ ਜਿੰਦਗੀ ਦੇ ਪੰਜਤਾਲੀਵੈਂ ਸਾਲ ਨੇ ਆ ਦਸਤਕ ਦਿੱਤੀ..ਐਨਕ ਲੱਗ ਗਈ..ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ..ਨਾਲ...
ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾ ਮੁੱਕਣ ਵਾਲੇ ਚੱਕਰ..ਬੱਲਡ ਪ੍ਰੈਸ਼ਰ..ਸ਼ੂਗਰ ਤੇ ਡਾਈਟਿੰਗ ਦੇ ਝਮੇਲਿਆਂ ਨੇ ਆਣ ਘੇਰਾ ਪਾਇਆ!
ਫੇਰ ਇੱਕ ਦਿਨ ਬੇਟੇ ਦਾ ਕਾਲਜ ਮੁੱਕਿਆ ਹੀ ਸੀ ਕੇ ਬੂਹਾ ਖੜਕਿਆ..ਡਾਕੀਆ ਸੀ..ਆਖਦਾ ਮੂੰਹ ਮਿੱਠਾ ਕਰਾਓ..ਪੁੱਤ ਦਾ ਵੀਜਾ ਲੱਗ ਗਿਆ..ਫੇਰ ਇੱਕ ਦਿਨ ਉਹ ਖੰਬ ਖਿਲਾਰ ਵਿਦੇਸ਼ ਉਡਾਰੀ ਮਾਰ ਗਿਆ!
ਵੇਹੜਾ ਸੁੰਨਾ ਹੋ ਗਿਆ.. ਇਸੇ ਵੇਹੜੇ ਵਿਚ ਵੱਜੀ ਉਸਦੀ ਪਹਿਲੀ ਕਿਲਕਾਰੀ ਚੇਤੇ ਆਉਂਦੀ ਤਾਂ ਦਿਲ ਨੂੰ ਧੂ ਜਿਹੀ ਪੈ ਜਾਂਦੀ!
ਫੇਰ ਦੋਵੇਂ 50-55 ਦੇ ਗੇੜ ਵਿਚ ਪੈ ਗਏ..ਬੈਂਕਾਂ ਵਿਚ ਕਿੰਨੀਆਂ ਸਿਫਰਾਂ ਸਨ..ਇਹ ਜਾਨਣ ਦੀ ਜਿਗਿਆਸਾ ਵੀ ਥੋੜੀ-ਥੋੜੀ ਜਾਂਦੀ ਰਹੀ!
ਡਾਕਟਰਾਂ ਬਹੁਤ ਘੁੰਮਣ ਫਿਰਨ ਅਤੇ ਬਾਹਰ ਦੇ ਖਾਣੇ ਦੀ ਮਨਾਹੀ ਕਰ ਦਿੱਤੀ..ਬਾਰੀ ਕੋਲ ਬੈਠੇ ਦੋਨੋਂ ਸਾਰਾ ਸਾਰਾ ਦਿਨ ਗਲੀ ਵਿਚ ਖੇਡਦੇ ਨਿਆਣੇ ਦੇਖਦੇ ਰਹਿੰਦੇ..ਫੇਰ ਪਤਾ ਹੀ ਨਾ ਲੱਗਦਾ ਕਦੋਂ ਸ਼ਾਮ ਪੈ ਜਾਂਦੀ!
ਇੱਕ ਦਿਨ ਫੋਨ ਦੀ ਘੰਟੀ ਵੱਜੀ..ਦੌੜ ਕੇ ਫੋਨ ਚੁੱਕਿਆ..ਦੂਜੇ ਪਾਸੇ ਬੇਟਾ ਸੀ..ਅਜੇ ਹਾਲ ਚਾਲ ਹੀ ਪੁੱਛ ਰਿਹਾ ਸਾਂ ਕੇ ਗੱਲ ਵਿਚਾਲਿਓਂ ਕੱਟ ਆਖਣ ਲੱਗਾ ਡੈਡ ਮੈਂ ਵਿਆਹ ਕਰਾ ਲਿਆ ਹੈ ਇੱਕ ਗੋਰੀ ਨਾਲ ਤੇ ਬਾਕੀ ਜਿੰਦਗੀ ਹੁਣ ਇਥੇ ਹੀ ਰਹੂੰ..ਬੈਂਕਾਂ ਵਾਲੀਆਂ ਸਿਫਰਾਂ ਕਿਸੇ ਅਨਾਥ ਘਰ ਨੂੰ ਦਾਨ ਕਰ ਦੇਣਾ..ਮੈਨੂੰ ਹੁਣ ਓਹਨਾ ਸਿਫਰਾਂ ਦੀ ਲੋੜ ਨਹੀਂ..ਤੇ ਜੇ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਵੀ ਓਥੇ ਹੀ ਭਰਤੀ ਹੋ ਜਾਇਓ!
ਫੋਨ ਹੱਥੋਂ ਛੁੱਟ ਗਿਆ..ਇੰਝ ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰ ਚਲਾ ਗਿਆ..ਨਾਲਦੀ ਨੂੰ ਵਾਜ ਮਾਰੀ..ਉਹ ਪਾਠ ਕਰਦੀ ਨੱਸੀ ਆਈ..ਕਹਿੰਦੀ ਕੀ ਹੋਇਆ..ਕਿਸਦਾ ਫੋਨ ਸੀ?
ਮੈਂ ਆਖਿਆ ਕਿਸੇ ਦਾ ਨਹੀਂ..ਇੱਕ ਵੇਰ ਫੇਰ ਤਰਲਾ ਕੀਤਾ ਕੇ ਚੱਲ ਅੱਜ ਬਾਹਰ ਚੱਲੀਏ ਕਿੱਤੇ…ਇਸ ਰੌਲੇ ਰੱਪੇ ਅਤੇ ਖ਼ੁਦਗਰਜੀ ਦੇ ਰੇਗਿਸਤਾਨ ਤੋਂ ਕਿਤੇ ਦੂਰ..ਅਜੇ ਗੱਲ ਕਰ ਹੀ ਰਿਹਾ ਸੀ ਕੇ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ!
ਮੇਰਾ ਠੰਡਾ ਸੀਤ ਸਿਰ ਆਪਣੇ ਮੋਢਿਆਂ ਤੇ ਰੱਖ ਅੱਥਰੂ ਵਗਾਉਂਦੀ ਆਖਣ ਲੱਗੀ..ਹਾਂ ਹਾਂ ਚਲੋ ਚਲੀਏ ਕਿਥੇ ਚੱਲਣਾ..ਕਿਥੇ ਗੱਲਾਂ ਕਰਨੀਆਂ..ਚਲੋ ਵੀ..ਹੁਣ ਤੁਰਦੇ ਨਹੀਂ..ਬੋਲਦੇ ਨਹੀਂ!
ਉਸਨੇ ਮੈਨੂੰ ਝੰਜੋੜਿਆ..ਪਰ ਮੈਂ ਤਾਂ ਕਦੇ ਦਾ ਸ਼ਾਂਤ ਹੋ ਚੁੱਕਾ ਸੀ..ਸਦਾ ਵਾਸਤੇ..ਸਭ ਕੁਝ ਵਿੱਚੇ ਛੱਡ ਛਡਾ!
ਦੋਸਤੋ ਇਹੋ ਹੈ ਮੇਰੀ ਸਿਫਰਾਂ ਦੀ ਗੁਲਾਮੀਂ ਕਰਦਿਆਂ ਲੰਘੀ ਪੂਰੀ ਜਿੰਦਗੀ ਦਾ ਸਾਰ ਅੰਸ਼..ਜਿੰਦਗੀ ਤੁਹਾਡੀ ਹੈ ਤੇ ਇਸ ਦੇ ਮਾਪ ਦੰਡ ਵੀ ਤੁਸੀਂ ਖੁਦ ਨੇ ਹੀ ਤਹਿ ਕਰਨੇ ਨੇ!
ਜਿੰਦਗੀ ਜੀਉਣ ਆਏ ਹੋ ਤਾਂ ਆਪਣੇ ਵਾਸਤੇ ਵੀ ਜੀਣਾ ਸਿੱਖੋ..ਇਹ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਕਰੋ..ਕਿਓੰਕੇ ਕੱਲ ਕਦੀ ਨਹੀਂ ਆਵੇਗਾ..ਵਰਤਮਾਨ ਹੀ ਜਿੰਦਗੀ ਹੈ ਬਾਕੀ ਤੇ ਸਿਰਫ ਕੰਧ ਤੇ ਟੰਗੇ ਹੋਏ ਕਲੰਡਰ ਦੀਆਂ ਤਰੀਕਾਂ..ਕੁਝ ਲੰਘ ਗਈਆਂ ਤੇ ਕੁਝ ਆਉਣ ਵਾਲੀਆਂ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!