More Punjabi Kahaniya  Posts
ਚੱਚਾ : ਚਮਚਾ


ਚੱਚਾ : ਚਮਚਾ
***********
ਚਾਪਲੂਸ ਅਨੇਕ ਪਸ਼ੂ–ਪੰਛੀਆਂ ਦੀਆਂ ਕੁਦਰਤੀ ਆਦਤਾਂ ਤੇ ਸੁਰੱਖਿਆਤਮਕ ਪੈਂਤੜਿਆਂ ਨੂੰ ਆਪਣੀ ਸ਼ਖ਼ਸੀਅਤ ਵਿੱਚ ਢਾਲ਼ ਕੇ ਉਨ੍ਹਾਂ ਗੁਣਾਂ ਤੋਂ ਆਪਣਾ ਫ਼ਾਇਦਾ ਕਰਨਾ ਲੋਚਦੇ ਹਨ ਅਤੇ ਨਾਲ਼ ਹੀ ਪਸ਼ੂ–ਪੰਛੀਆਂ ਦੇ ਵਿਹਾਰਾਂ ਨੂੰ ਆਪਣੀਆਂ ਪਲਾਨਿੰਗਾਂ ਹਿੱਤ ਵਰਤਦੇ ਨੇ :
ਉਹ ਲੂੰਬੜੀ ਵਾਂਗ ਚਲਾਕ ਬਣਦੇ ਹਨ ਪਰ ਹੁੰਦੇ ਗਿੱਦੜਾਂ ਵਾਂਗ ਡਰਪੋਕ ਹੀ ਨੇ। ਉਹ ਸਿਆਣੇ ਕਾਂ ਵਾਲ਼ਾ ਮਖੌਟਾ ਪਹਿਨ ਕੇ ਰਖਦੇ ਨੇ ਤੇ ਗਿਰਗਟ ਵਾਂਗ ਛੇਤੀ ਹੀ ਰੰਗ ਵੀ ਬਦਲ ਲੈਂਦੇ ਨੇ। ਉਨ੍ਹਾਂ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਦੰਦ ਹੋਰ ਹੁੰਦੇ ਨੇ। ਉਹ ਮੁਸੀਬਤ ਦਾ ਛਿੱਤਰ ਪੈਣ ਤੋਂ ਪਹਿਲਾਂ ਤਿੱਤਰ ਹੋ ਜਾਂਦੇ ਨੇ। ਉਹ ਆਪਣੇ ਬਾੱਸ–ਆਕਾ ਲਈ ਸਾਰੀ ਦਿਹਾੜੀ ਕੁੱਤੇ ਭਕਾਈ ਕਰਦੇ ਹਨ, ਇਨਾਮ ਮਿਲਣ ਦੀ ਕੁੱਤਾ ਝਾਕ ਵਿੱਚ ਹੋਰਾਂ ‘ਤੇ ਕੁੱਤਿਆਂ ਵਾਂਗ ਭੌਂਕਦੇ ਹਨ, ਹੱਡੀ ਪ੍ਰਾਪਤ ਕਰਨ ਲਈ ਮਾਲਕ ਦੇ ਤਲਵੇ ਚਟਦੇ ਹਨ, ਪੂਛ ਹਿਲਾਉਂਦੇ ਹਨ।
ਉਨ੍ਹਾਂ ਦਾ ਅਸਲਾ ਢੋਡਰ ਕਾਂ ਦੀ ਆਵਾਜ਼ ਵਰਗਾ ਹੁੰਦਾ ਹੈ ਪਰ ਪੇਸ਼ ਕੋਇਲ ਦੀ ਕੂਕ ਵਾਂਗ ਹੁੰਦੇ ਹਨ। ਉਹ ਘੁੱਗੀ ਵਾਂਗ ਆਪਣੇ ਆਂਡੇ ਆਪ ਭੰਨ ਕੇ, ਕਾਂ ਨੂੰ ਬਦਨਾਮ ਕਰਨ ਦੀਆਂ ਵਿਉਂਤਾਂ ਕਰਦੇ ਰਹਿੰਦੇ ਹਨ। ਉਹ ਬਿੱਲੀਆਂ ਦੀ ਲੜਾਈ ਵਿੱਚ ਸਦਾ ਤਰਾਜੂ ਵਾਲ਼ੇ ਬਾਂਦਰ ਦਾ ਪਾਰਟ ਅਦਾ ਕਰਦੇ ਹਨ। ਭਾਵੇਂ ਉਨ੍ਹਾਂ ਦੀ ਚਾਪਲੂਸੀ ਭਰੀ ਬੋਲ–ਬਾਣੀ ਤੇ ਚਰਿੱਤਰ ਬਾਰੇ ਲੋਕ ਜੋ ਮਰਜ਼ੀ ਚੰਗਾ–ਬੁਰਾ ਕਹਿਣ, ਫਬਤੀਆਂ ਕਸਣ ਪਰ ਇਹ ਹੋਰਾਂ ਨੂੰ ”ਭੌਂਕਣ ਆਲ਼ੇ ਕੁੱਤੇ” ਆਖ ਕੇ ਆਪਣੇ ਆਪ ਨੂੰ ”ਹਾਥੀ” ਸਮਝ ਕੇ ਮਸਤ ਚਾਲ ਤੁਰੇ ਰਹਿਣ ਦਾ ਭ੍ਰਮ ਸਿਰਜਦੇ ਹਨ।
ਚਮਚੇ–ਚਾਪਲੂਸ ਸਦਾ ਕੁੜ ਕੁੜ ਕਿਤੇ ਕਰਦੇ ਨੇ ਤੇ ਆਂਡੇ ਕਿਤੇ ਹੋਰ ਦਿੰਦੇ ਨੇ। ਹਰੇਕ ਵੱਡੇ ਨੂੰ ਆਪਣੇ ਘਰ ਸੱਦ ਕੇ ਉਸ ਨੂੰ ਨਰੈਣ ਹੋਣ ਦਾ ਝਾਂਸਾ ਦੇ ਕੇ ਆਪ ਕੀੜੀ ਬਣਨ ਦਾ ਅਡੰਬਰ ਰਚਦੇ ਨੇ।
ਚਾਪਲੂਸ ਸਦਾ ਰੱਜੀ ਮੱਝ ਵਾਂਗ ਖੇਤ ਦਾ ਉਜਾੜਾ ਕਰਦੇ ਹਨ। ਉਹ ਆਪ ਸਦਾ ਖਾਣ ਪੀਣ ਵਾਲ਼ੀ ਬਾਂਦਰੀ ਹੁੰਦੇ ਹਨ ਅਤੇ ਟੰਬੇ ਖਾਣ ਵੇਲ਼ੇ ਸਦਾ ਰਿੱਛਾਂ ਨੂੰ ਮੂਹਰੇ ਕਰ ਦਿੰਦੇ ਹਨ।
ਚਾਪਲੂਸ ਸਦਾ ਸਾਨ੍ਹਾਂ ਦਾ ਭੇੜ ਚਾਹੁੰਦੇ ਹਨ ਤਾਂ ਜੋ ਦੂਸਰੇ ਗੋਗਲੂਆਂ ਦਾ ਸਦਾ ਨੁਕਸਾਨ ਹੁੰਦਾ ਰਹੇ ਤੇ ਫੇਰ ਉਹ ਆਪ ਚਿੜੀਆਂ ਦੀ ਮੌਤ ‘ਤੇ ਗਵਾਰਾਂ ਵਾਲ਼ਾ ਹਾਸਾ ਹਸਦੇ ਨੇ ਪਰ ਉਹ ਭੁੱਲ ਜਾਂਦੇ ਹਨ ਕਿ ਜਦੋਂ ਕੁੱਕੜ ਖੇਹ ਉਡਾਉਂਦਾ ਹੈ ਤਾਂ ਉਹ ਮੁੜ ਉਹਦੇ ਹੀ ਝਾਟੇ ਪੈਂਦੀ ਏ।
ਚਾਪਲੂਸ–ਚਮਚੇ ਊਠ ਦੀ ਕੜਥਣ ਅਨੁਸਾਰ ਹੀ ਆਪਣਾ ਵਰਤਾਅ ਤੇ ਸੁਭਾਅ ਬਦਲ ਲੈਂਦੇ ਹਨ। ਉਨ੍ਹਾ ਨੂੰ ਪਤਾ ਹੁੰਦੈ ਕਿ ਹਾਥੀ ਦੀ ਪੈੜ ‘ਚ ਸਾਰਿਆਂ ਦੀ ਪੈੜ ਆ ਜਾਂਦੀ ਐ ਇਸ ਲਈ ਉਹ ਸਦਾ ਹਾਥੀ ਹੀ ਭਾਲ਼ਦੇ ਰਹਿੰਦੇ ਨੇ। ਜਾਂ ਉਹ ਆਪਣੇ ਬਾਰ ਉੱਚੇ ਕਰਾਉਣ ਦੇ ਆਹਰ ਵਿੱਚ ਲੱਗੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਸਦਾ ਊਠਾਂ ਆਲ਼ਿਆਂ ਨਾਲ਼ ਯਾਰੀ ਲਾਉਣੀ ਦੀ ਲਲਕ ਰਹਿੰਦੀ ਹੈ। ਉਹ ਜਾਣਦੇ...

ਹੁੰਦੇ ਨੇ ਕਿ ਹਾਥੀ ਜਿਉਂਦਾ ਲੱਖ ਦਾ ਮੋਇਆ ਸਵਾ ਲੱਖ ਦਾ, ਇਸੇ ਤਰਜ਼ ‘ਤੇ ਉਹ ਆਪਣੀ ਮਰਜ਼ੀ ਅਨੁਸਾਰ ਹਾਥੀ ਮਾਰਦੇ ਹਨ।
ਉਨ੍ਹਾਂ ਨੂੰ ਭੇਡਾਂ ਦਾ ਜ਼ੁਕਾਮ ਕਦੇ ਪਸੰਦ ਨਹੀਂ ਆਉਂਦਾ ਇਸ ਲਈ ਜਿਸ ਨਾਲ਼ ਉਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਹੋ ਜਾਵੇ, ਉਸ ਬਾਰੇ ਉਹ ਇਹੋ ਸੋਚਦੇ ਰਹਿੰਦੇ ਹਨ ਕਿ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਊ। ਸਿਆਣਾ ਬੰਦਾ ਅਜਿਹੇ ਚਮਚੇ–ਚਾਪਲੂਸਾਂ ਤੋਂ ਸਦਾ ਬਚ ਕੇ ਰਹਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦੈ ਕਿ ਜੇ ਮੈਂ ਊਠ ‘ਤੇ ਵੀ ਚੜ੍ਹਿਆ ਹੋਵਾਂ ਤਾਂ ਵੀ ਇਹ ਕੁੱਤਾ ਵੱਢ ਸਕਦੈ। ਬਾਕੀ ਖੋਤੇ ਦੀ ਮੌਜ ਟੀਟਣੇ ਹੁੰਦੇ ਨੇ।
ਉਨ੍ਹਾਂ ਦੀ ਸੁਭਾਵੀ ਸੀਰਤ ‘ਇੱਕ ਸੱਪ ਦੂਜਾ ਉੱਡਣਾ’ ਵਾਲ਼ੀ ਹੁੰਦੀ ਏ। ਹਾਲਾਂਕਿ ਬਹੁਤੀ ਵਾਰ ਅਜਿਹੇ ਸੱਪ ਹੀ ਹੁੰਦੇ ਹਨ ਜਿਨ੍ਹਾਂ ਦੇ ਮੂੰਹ ਕੋਹੜ ਕਿਰਲੀ ਹੁੰਦੀ ਏ ਜਿਸ ਨੂੰ ਖਾਂਦੇ ਨੇ ਤਾਂ ਕੋਹੜੀ ਹੋ ਜਾਣ ਤੇ ਜੇ ਛੱਡਦੇ ਨੇ ਤਾਂ ਅੰਨ੍ਹੇ ਹੋ ਜਾਣ। ਬਹੁਤੀ ਵਾਰੀ ਉਨ੍ਹਾਂ ਨੂੰ ਅੱਗੋਂ ਮਿਲਦੀ ਨਹੀਂ ਤੇ ਪਿਛਲੀ ਕੁੱਤਾ ਲੈ ਜਾਂਦਾ ਹੈ। ਚਾਪਲੂਸੀ ਦੇ ਮਾਮਲੇ ਵਿੱਚ ਉਹ ਕਦੇ ਵੀ ਕਿਸੇ ਨੂੰ ਸਿਰ ਨਹੀਂ ਚੁੱਕਣ ਦਿੰਦੇ, ਉਨ੍ਹਾਂ ਨੂੰ ਸਹੇ ਦੀ ਨਹੀਂ ਪਹੇ ਦੀ ਚਿੰਤਾ ਰਹਿੰਦੀ ਏ। ਹਾਲਾਂਕਿ ਕਾਗਜਾਂ ਦੇ ਘੋੜੇ ਕਦ ਤੱਕ ਦੌੜੇ ਵਾਂਗ ਉਹ ਛੇਤੀ ਹੀ ਢਹਿ ਢੇਰੀ ਵੀ ਹੋ ਜਾਂਦੇ ਹਨ।
ਜੇ ਉਨ੍ਹਾਂ ਦੀ ਚਰਿਤ੍ਰਕ ਪਛਾਣ ਕਰਨੀ ਹੋਵੇ ਤਾਂ ਕਿਹਾ ਜਾ ਸਕਦੈ ਕਿ ‘ਉੱਤੋਂ ਬੀਬੀਆਂ ਦਾਹੜੀਆਂ ਵਿੱਚੋਂ ਕਾਲ਼ੇ ਕਾਂ।’ ਉਹ ਲੋੜ ਵੇਲ਼ੇ ਤਾਂ ਕੀ ਸਦਾ ਹੀ ਖੋਤੇ ਨੂੰ ਵੀ ਪਿਓ ਬਣਾਉਣੋਂ ਨਹੀਂ ਝਿਜਕਦੇ। ਉਹ ਬੱਸ ਗੱਲੀਂ–ਬਾਤੀਂ ਹੀ ਆਪਣੀ ਗਲ਼ੀ ਦੇ ਸ਼ੇਰ ਹੁੰਦੇ ਨੇ। ਪਰ ਜਦੋਂ ਮਿਹਨਤ ਕਰਨੀ ਪੈ ਜਾਵੇ ਤਾਂ ਉਨ੍ਹਾਂ ਦਾ ਵਿਵਹਾਰ ‘ਉਧਰੋਂ ਸ਼ਿਕਾਰ ਉੱਠਿਆ ਤੇ ਕੁੱਤੀ ਨੂੰ ਪੇਸ਼ਾਬ ਆ ਗਿਆ’ ਵਾਲ਼ਾ ਹੁੰਦਾ ਏ। ਉਨ੍ਹਾਂ ਨੂੰ ਪਤਾ ਹੁੰਦਾ ਏ ਕਿ ਫ਼ਾਇਦੇ ਵਾਲ਼ੀ ਧਿਰ ਕਿਹੜੀ ਹੈ। ਇਸੇ ਲਈ ਉਨ੍ਹਾਂ ਦੀ ਮਾਨਸਿਕਤਾ ‘ਅਮੀਰ ਦੀ ਮਰਗੀ ਕੁੱਤੀ, ਉਹ ਹਰ ਕਿਸੇ ਪੁੱਛੀ, ਗ਼ਰੀਬ ਦੀ ਮਰ ਗਈ ਮਾਂ, ਉਹਦਾ ਕਿਸੇ ਵੀ ਨਾ ਲਿਆ ਨਾਂ’ ਵਾਲ਼ੀ ਬਣ ਜਾਂਦੀ ਹੈ। ਬਾੱਸ/ਆਕਾ ਦਾ ਝਮਲਾਇਆ ਚਮਚਾ–ਚਾਪਲੂਸ ਓਸ ਹਾਥੀ ਵਰਗਾ ਹੁੰਦਾ ਏ ਜਿਸ ਦੇ ਸਿਰ ‘ਤੇ ਕੁੰਡਾ ਨਹੀਂ ਹੁੰਦਾ, ਜਿਸ ਵਜ੍ਹਾ ਉਹ ਲੁੰਡਾ ਬਣਿਆ ਫਿਰਦਾ ਏ।
ਜਦੋਂ ਵੀ ਆਕਾ/ਬਾੱਸ ਬਦਲਦੈ ਤਾਂ ਚਾਪਲੂਸ–ਚਮਚਿਆਂ ਦੇ ਵੀ ਖੰਭ ਨਿਕਲ਼ ਆਉਂਦੇ ਨੇ ਕਿਉਂਕਿ ਉਨ੍ਹਾਂ ਨੂੰ ਆਪ ਪਤਾ ਲੱਗ ਜਾਂਦੈ ਬਈ ਹੁਣ ਕੀੜੀ ਦੀ ਮੌਤ ਆਉਣ ਵਾਲ਼ੀ ਹੈ।
(ਨਵੇਂ ਲਿਖੇ ਜਾ ਰਹੇ ਹਾਸ–ਵਿਅੰਗ ਲੇਖ ”ਚੱਚਾ – ਚਮਚਾ” ਵਿੱਚੋਂ)
– ਜੈ ਹੋ
ਸਵਾਮੀ ਸਰਬਜੀਤ
(ਕੋਈ ਇਹਦੇ ਚੋਂ ਮੁਹਾਵਰੇ-ਅਖਾਣ ਗਿਣ ਕੇ ਦੱਸ ਸਕਦਾ ਏ ????)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)