ਸਮਰਪਿਤ
ਉਹ ਹਰ ਔਰਤ ਹਰ ਕੁੜੀ ਨੂੰ ਜਿਸ ਨੂੰ ਜ਼ਿੰਦਗੀ ਨੇ ਹਰ ਮੋੜ ਤੇ ਖੁਸ਼ੀ ਦਾ ਲਾਲਚ ਦੇ ਇੱਕ ਨਵੀਂ ਪੀੜ ਦਿੱਤੀ
ਸੁਖਦੀਪ ਸਿੰਘ ਰਾਏਪੁਰ
ਉਹ ਊਰੀ ਦੀ ਛੱਤ ਜਿਹੀ
ਉਹ ਟੇਰਠ ਦੀ ਮੱਤ ਜਿਹੀ
ਹੱਥੇ ਦੀਆਂ ਤੀਲਾਂ ਵਰਗੀ
ਉਹ ਕੰਘੀਆਂ ਦੀ ਜੋੜੀ ਸੀ
ਦੱਸਦੇ ਦੱਸਦੇ ਦਿਲ ਖੁਸ਼ ਹੋਵੇ
ਪਰ ਅੱਖ ਵੀ ਰੋਂਦੀ ਏ, ਉਹ ਕੁੜੀ
ਹਾਂ,ਆਈ ਮੇਰੇ ਹਿੱਸੇ ਵੀ ਥੋੜ੍ਹੀ ਸੀ।
ਢਾਬ ਚ ਉੱਗੇ ਕਿਸੇ ਕੱਖ ਦੇ ਵਰਗੀ
ਧਰਤੀ ਨੂੰ ਲੁੱਕ ਵੇਖਦੀ ਅੱਖ ਦੇ ਵਰਗੀ
ਹੈ ਲੋਕੀਂ ਬਹੁਤ ਨੇ,ਪਰ ਉਹ ਤੇ ਨਹੀਂ ਨਾ
ਉਹ ਤੇ ਇੱਕਲੀ ਹੀ ਸੀ ਲੱਖ ਦੇ ਵਰਗੀ
ਘੱਟਣੇ ਨੂੰ ਵੱਧਣੇ ਪਾਇਆ,ਵੱਧਣੇ ਨੂੰ ਘੱਟਣੇ ਜੀ
ਉਹਦੇ ਮੈਂ ਨਾਂ ਦੇ ਅੱਖਰ,ਮੁੜ ਮੁੜ ਕੇ ਰੱਟਣੇ ਜੀ
ਮੈਂ ਤੰਬਾਕੂ ਦੀ ਬਲਦੀ ਅੱਗ ਤੇ ਹੂਕੇ ਦੀਆਂ ਪਾਈਪਾਂ ਨੂੰ ਨਿਰਨੇ ਕਾਲਜੇ ਵੇਖ ਕੇ ਵੱਡੀ ਹੋਈ,ਵੱਡੀ ਤੇ ਹੋਈ ਵੀ ਨਹੀਂ,ਮੇਰਾ ਕੱਦ ਤੇ ਅਜੇ ਸਾਂਝੀ ਕੱਦ ਦੇ ਹਾਣਦਾ ਵੀ ਨਹੀਂ ਸੀ ਹੋਇਆ,ਪਰ ਹਾਂ ਮੇਰਾ ਸਿਰ ਤੇ ਬੋਝ ਕਰਜ਼ੇ ਦੇ ਹਾਣਦਾ ਜ਼ਰੂਰ ਹੋ ਗਿਆ ਸੀ।ਸ਼ਾਇਦ ਤਾਹੀਂ ਘਰ ਵਿਚ ਮੇਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ। ਹੈਰਾਨ ਦੀ ਗੱਲ ਇਹ ਹੈ ਕਿ ਜਿਹਨਾਂ ਰਿਸ਼ਤਿਆਂ ਵਿਚ ਮੈਨੂੰ ਬੰਧਨ ਦੀ ਗੱਲ ਬਾਤ ਹੋ ਰਹੀ ਹੈ, ਮੈਨੂੰ ਉਹਨਾਂ ਬਾਰੇ ਤਿਨਕਾ ਵੀ ਮਾਲੁਮ ਨਹੀਂ ਹੈ।
ਪੰਜਵੀਂ ਪੂਰੀ ਵੀ ਨਹੀਂ ਸੀ ਹੋਈ , ਦਾਦੀ ਮਾਂ ਨੇ ਪਹਿਲਾਂ ਹੀ ਹਟਾ ਲਿਆ ਸਕੂਲੋਂ, ਕਿਉਂਕਿ ਦਾਦੀ ਮਾਂ ਦਾ ਸੁਭਾਅ ਐਨਾ ਕਿ ਤੱਤਾ ਸੀ ਕਿ ਪਿੰਡ ਦੀ ਹਰ ਵੱਡੀ ਤੋਂ ਵੱਡੀ ਸ਼ੈਅ ਦਾਦੀ ਮਾਂ ਅੱਗੇ ਨਿੱਕੀ ਸੀ, ਨੂੰਹ,ਧੀ,ਪਿਓ, ਪੁੱਤ, ਪ੍ਰਾਉਣਾ ਕੋਈ ਵੀ ਹੋਵੇ, ਦਾਦੀ ਕਿਸੇ ਨੂੰ ਨਹੀਂ ਸੀ ਬਖਸ਼ਦੀ ਤੇ ਫੇਰ ਮੈਂ ਤਾਂ ਕੌਣ ਵਿਚਾਰੀ ਸੀ, ਨਾਲ਼ੇ ਜਿਹੜੀ ਕੁੜੀ ਦੇ ਸਿਰ ਤੇ ਸਕੀ ਮਾਂ ਨਾ ਹੋਵੇ ਕੌਣ ਸੁਣਦਾ ਹੈ ਉਹਦੀ, ਮੈਂ ਮਸਾਂ ਸੱਤ ਅੱਠ ਸਾਲ ਦੀ ਹੋਣੀਂ ਆ , ਜਦੋਂ ਦਾਦੀ ਨੇ ਮੈਨੂੰ ਕੰਮ ਕਰਨ ਆਪਣੇ ਨਾਲ ਲਗਾ ਲਿਆ ਸੀ, ਹੁਣ ਤਾਂ ਪਿਛਲੇ ਪੰਜ ਛੇ ਸਾਲ ਦੀ ਸਾਰਾ ਕੰਮ ਹੀ ਮੈਂ ਕਰਦੀ ਹਾਂ,ਬਸ ਦਾਦੀ ਮਾਂ ਤਾਂ ਹਕੁਮਤ ਚਲਾਉਂਦੀ ਹੈ,ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ,ਪਰ ਉਹ ਕਦੇ ਵੀ ਮੈਨੂੰ ਪਿਆਰ ਨਾਲ ਬੁਲਾਉਂਦੀ ਤੇ ਸਾਰਾ ਦਿਨ ਵੱਢ ਖਾਣਿਆਂ ਵਾਂਗ ਪੈਂਦੀ ਰਹਿੰਦੀ ਆ, ਜਿਸ ਦਿਨ ਦਾਲ਼ ਪਾਣੀਂ ਵਿੱਚ ਕੋਈ ਕਮੀਂ ਪੇਸ਼ੀ ਰਹਿ ਜਾਵੇ,ਉਸ ਦਿਨ ਮੇਰੇ ਉਪਰ ਇੱਕ ਤਰ੍ਹਾਂ ਦੀ ਸ਼ਾਮਤ ਆਈ ਹੁੰਦੀ ਹੈ, ਦਾਦੀ ਮੂੰਹ ਵਿੱਚ ਬੁਕਰੀ ਪਾਉਂਦੇ ਸਾਰ ਹੀ ਸ਼ੁਰੂ ਹੋ ਜਾਂਦੀ ਹੈ।
ਵੀਹ ਸਾਲ ਹੋ ਗਏ ਤੈਨੂੰ ਰੋਟੀ ਟੁੱਕ ਕਰਦੀ ਨੂੰ…ਨਾ ਤੈਨੂੰ ਹਲੇ ਵੀ ਕੁਝ ਚੱਜ ਨਾਲ਼ ਨਹੀਂ ਬਣਾਉਂਣਾ ਆਉਂਦਾ, ਦੂਜੇ ਦਿਨ ਦਾਲ਼ ਸਬਜ਼ੀ ਦਾ ਧੇਲਾ ਪੱਟ ਕੇ ਰੱਖ ਦੇਂਦੀ ਹੈ,ਕਦੇ ਰੋਟੀ ਨੂੰ ਮਚਾ ਤਾ ਕਦੇ ਕੱਚੀ ਰੱਖਤਾ, ਕਿਉਂ ਮੇਰੇ ਸਿਰ ਵਿੱਚ ਗਲੀਆਂ ਕਰਵਾਉਂਦੀ ਏ,ਹਾੜੇ ਤੇਰੇ ਅੱਗੇ ਹੱਥ ਬੰਨ੍ਹੇ ਕੋਈ ਤਾਂ ਕੰਮ ਸਿਖਲਾ ਚੱਜ ਨਾਲ਼… ਨਾਲ਼ੇ ਇਹ ਏਥੇ ਹੀ ਆ…ਜੋ ਆਪਣੀਆਂ ਮਨਮਰਜ਼ੀਆਂ ਕਰਦੀਂ ਐਂ… ਕੱਲ੍ਹ ਨੂੰ ਬੇਗਾਨੇ ਘਰ ਨੀਂ ਏਵੇਂ ਸਰਨਾ…ਸੱਸ ਨੇ ਘੋਟਾ ਸੁੱਟਿਆ ਕਰਨਾ ਵੱਗਵਾਂ… ਨਾਲ਼ੇ ਖਾਇਆਂ ਕਰੇਂਗੀ ਆਪਣੇ ਖ਼ਸਮ ਤੋਂ ਕੁੱਟ…
ਦਾਦੀ ਦੀਆਂ ਇਹ ਬਦ ਅਸੀਸਾਂ ਸੁਣ ਮੇਰੀ ਅੱਖ ਭਰ ਆਉਂਦੀ ਤੇ ਮੈਂ ਅੱਗੇ ਦੀ ਜ਼ਿੰਦਗੀ ਬਾਰੇ ਸੋਚਣ ਲੱਗਦੀ,ਜੇ ਕਿਤੇ ਮੇਰਾ ਸੋਹਰਾ ਪਰਿਵਾਰ ਐਦਾਂ ਦਾ ਹੋਇਆ, ਮੇਰੇ ਤੋਂ ਤਾਂ ਨਹੀਂ ਜੀ ਹੋਣਾ ਐਦਾਂ ਦੇ ਪਰਿਵਾਰ ਅੰਦਰ,ਫੇਰ ਆਪਣੇ ਆਪ ਨੂੰ ਹੀ ਆਖਦੀ ਨੂਰ ਕੁੜੇ ਹੁਣ ਵੀ ਤਾਂ ਜੀ ਹੀ ਰਹੀਂ ਆਂ, ਮੈਂ ਭਰੀ ਅੱਖਾਂ ਨਾਲ ਤੌੜੀ ਤੋਂ ਚੱਪਣ ਚੁੱਕਦੀ ਤੇ ਅੱਧੀ ਕੜਛੀ ਦਾਲ ਦੀ ਕੌਲੀ ਵਿੱਚ ਪਾ ਇੱਕ ਰੋਟੀ ਛਾਬੇ ਵਿੱਚੋਂ ਚੁੱਕ,ਕੌਲੀ ਸੱਜੇ ਹੱਥ ਉੱਪਰ ਧਰ ਤੇ ਰੋਟੀ ਉਸੇ ਹੱਥ ਦੀਆਂ ਦੋ ਉਂਗਲਾਂ ਵਿਚ ਫੜ ਸੱਜੇ ਹੱਥ ਨਾਲ ਬੁਕਰੀ ਤੋੜ ਦਾਲ਼ ਵਾਲ਼ੀ ਕੌਲੀ ਵਿੱਚ ਡਬੋ ਮੂੰਹ ਵਿਚ ਤੇ ਪਾ ਲੈਂਦੀ, ਪਰ ਬੁਰਕੀ ਮੇਰੇ ਹਲਕ ਤੋਂ ਥੱਲੇ ਨਾ ਉਤਰਦੀ ਤੇ ਮੈਂ ਮਸਾਂ ਔਖੀ ਸੌਖੀ ਇੱਕ ਰੋਟੀ ਖਾਂਦੀ,ਦਸ ਗਿਆਰਾਂ ਰੋਜ਼ ਦਾ ਸਮਾਂ ਸੀ। ਜੋ ਮੈਨੂੰ ਕੰਮ ਨਿਬੇੜਦਿਆਂ ਹੋ ਹੀ ਜਾਂਦਾ ਸੀ, ਮੈਂ ਸਾਰੀ ਰਾਤ ਮੰਜੇ ਤੇ ਪਈ,ਮੁੜ ਮੁੜ ਦਾਦੀ ਦੀਆਂ ਕਹੀਆਂ ਗੱਲਾਂ ਨੂੰ ਚੇਤੇ ਕਰ ਕਰ ਰੋਂਦੀ ਰਹਿੰਦੀ।
ਤਿੰਨ ਚਾਰ ਦਿਨ ਬਾਅਦ ਇਹੀ ਤਮਾਸ਼ਾ ਮੁੜ ਹੁੰਦਾ, ਉਵੇਂ ਹੀ ਸਾਰਾ ਕੁਝ ਹੁੰਦਾ, ਮੈਂ ਸਾਰੀ ਰਾਤ ਰੋਂਦੀ ਤੇ ਸਵੇਰੇ ਉਠਦੇ ਸਾਰ ਹੀ ਫੇਰ ਜੁਟ ਜਾਂਦੀ ਕੰਮਾਂ ਕਾਰਾਂ ਵਿੱਚ ਤੇ ਸਭ ਭੁੱਲ ਜਾਂਦੀ,ਆਹ ਬੀਤੇ ਤਿੰਨ ਦਿਨ ਪਹਿਲਾਂ ਦਾਦੀ ਨੇ ਦੱਸਿਆ ਕਿ ਮੈਂ ਪੂਰੇ ਸੌਲਾਂ ਸਾਲਾਂ ਦੀ ਹੋ ਗਈ ਆ, ਮੈਨੂੰ ਅਸਚਰਜਤਾ ਜਿਹੀ ਮਹਿਸੂਸ ਹੋਈ ਕਿ ਪਤਾ ਹੀ ਨਹੀਂ ਲੱਗਦਾ ਸਾਲ ਬੀਤਦਿਆਂ ਨੂੰ ਅੱਜ ਅੰਮੀਂ ਨੂੰ ਛੱਡ ਕੇ ਗਿਆਂ ਵੀ ਗਿਆਰਾਂ ਸਾਲ ਸੋ ਗਏ, ਮੈਂ ਅੰਦਰੋਂ ਉੱਠਦੀ ਭੁੱਬ ਨੂੰ ਅੰਦਰ ਹੀ ਦੱਬਿਆ ਤੇ ਡੱਗੀ ਤੋਂ ਮੇਰੇ ਸਹੇਲੀ ਰਾਣੀ ਨਾਲ ਪਾਣੀ ਲੈਣ ਚੱਲੀ ਗਈ, ਪਿੰਡ ਵਿੱਚ ਉਂਝ ਤਾਂ ਤਿੰਨ ਡੱਗੀਆਂ ਸਨ,ਜੋ ਕਿ ਮਜ਼ਹਬ ਦੇ ਆਧਾਰ ਨਾਲ ਵੰਡੀਆਂ ਹੋਈਆਂ ਸੀ ਜਿਵੇਂ ਜੋ ਝਿਉਰਾਂ ਦੀ ਡੱਗੀ ਸੀ , ਝਿਉਰਾਂ ਦੀ ਡੱਗੀ ਤੇ ਸਾਡੇ ਵਾਲ਼ੀ ਨੂੰ ਮਾਂਗਟਾਂ ਦੀ ਡੱਗੀ ਤੇ ਜੋ ਵੱਡੀ ਡੱਗੀ ਸੀ,ਜੋ ਪਿੰਡ ਦੇ ਪਰਲੇ ਪਾਸੇ ਸੀ ਉਸਨੂੰ ਦੇਵਦਾਸੀਆਂ ਦੀ ਡੱਗੀ ਬੋਲਦੇ ਸਨ,ਸਾਡਾ ਸਾਰਾ ਪਿੰਡ ਡੱਗੀਆਂ ਤੋਂ ਹੀ ਪਾਣੀ ਭਰਦਾ ਸੀ, ਉਥੇ ਹੀ ਕੁੜੀਆਂ, ਰਲ਼ ਮਿਲ਼ ਪਲ਼ ਛਿਣ ਇੱਕਠੀਆਂ ਹੋ ਕੇ ਬਹਿੰਦੀਆਂ ਸਨ, ਮੈਂ ਤੇ ਰਾਣੀ ਪਾਣੀ ਲੈਣ ਚਲੀਆਂ ਗਈਆਂ, ਅੱਜ ਲਾਈਨ ਬਹੁਤ ਜ਼ਿਆਦਾ ਲੰਮੀਂ ਸੀ, ਮੈਂ ਤੇ ਰਾਣੀ ਨੇ ਆਪਣੀਆਂ ਗਾਗਰਾਂ ਨੂੰ ਲਾਇਨ ਵਿਚ ਧਰਿਆ ਤੇ ਆਪ ਕੋਲ਼ ਹੀ ਦਰਗਾਹ ਤੇ ਮੱਥਾ ਟੇਕਣ ਚਲੀਆਂ ਗਈਆਂ, ਮੈਂ ਏਥੇ ਹਰਰੋਜ਼ ਵਾਂਗ ਹੀ ਮੱਥਾ ਟੇਕ ਜਾਇਆ ਕਰਦੀ ਸੀ, ਕਿਉਂਕਿ ਸਾਰਾ ਪਿੰਡ ਹੀ ਏਥੇ ਮੰਨਤਾਂ ਸੁੱਖਦਾ
ਸੀ ਤੇ ਉਹ ਪੂਰੀਆਂ ਵੀ ਹੁੰਦੀਆਂ ਸਨ, ਮੈਂ ਵੀ ਏਥੇ ਇੱਕ ਮੰਨਤ ਸੁੱਖੀ ਏ,ਜੋ ਹਲੇ ਤੀਕ ਤੇ ਪੂਰੀ ਨਹੀਂ ਹੋਈ,ਪਰ ਮੈਨੂੰ ਪਤਾ ਹੈ ਜੋ ਜਲਦ ਪੂਰੀ ਹੋ ਜਾਵੇਗੀ, ਸਾਨੂੰ ਅੱਜ ਪਾਣੀਂ ਲੈ ਕੇ ਘਰ ਵਾਪਿਸ ਜਾਂਦਿਆਂ ਨੂੰ ਕੁਝ ਜ਼ਿਆਦਾ ਹੀ ਕੁਵੇਲਾ ਹੋ ਗਿਆ, ਜਾਂਦੇ ਹੀ ਦਾਦੀ ਮਾਂ ਨੇ ਆਪਣੀ ਚਾਬੀ ਸ਼ੁਰੂ ਕਰ ਦਿੱਤੀ, ਮੈਂ ਇੱਕ ਵਾਰ ਕਹਿ ਚੁੱਪ ਕਰ ਗਈ ਕਿ ਦਾਦੀ ਮਾਂ ਅੱਗੇ ਉਥੇ ਲਾਇਨ ਲੰਮੀ ਸੀ ਤਾਂ ਕਰਕੇ ਜ਼ਿਆਦਾ ਸਮਾਂ ਲੱਗ ਗਿਆ,ਪਰ ਦਾਦੀ ਮਾਂ ਕਿੱਥੇ, ਰੌਜ਼ਾਨਾ ਵਾਂਗ ਉਹੀ ਕੰਮ ਧੰਦਾ ਨਿਬੇੜਦਿਆਂ ਦਸ ਵੱਜ ਗਏ, ਮੈਂ ਅਜੇ ਮੰਜੇ ਤੇ ਜਾ ਚਾਦਰ ਹੀ ਸਿੱਧੀ ਕਰੀ ਸੀ। ਕਿ ਦਾਦੀ ਮਾਂ ਬੋਲੀ
ਸੁਣ ਕੁੜੀਏ… ਤੂੰ ਹੁਣ ਨਿਆਣੀ ਨਹੀਂ ਹੈਗੀ…ਸੁਖ ਨਾਲ ਸੋਲਾਂ ਸਾਲ ਦੀ ਹੋ ਗਈ ਏ… ਸਭ ਪਤਾ ਹੁਣ ਤੈਨੂੰ… ਨਾਲ਼ੇ ਧੀਆਂ ਕਿਹੜਾ ਸਾਰੀ ਉਮਰ ਘਰ ਬਿਠਾ ਕਿ ਰੱਖੀਆਂ ਜਾਂਦੀਆਂ…ਅੱਜ ਨਹੀਂ ਤੇ ਕੱਲ੍ਹ … ਇਹਨਾਂ ਨੇ ਤਾਂ ਆਪਣੇ ਘਰ ਜਾਣਾਂ ਹੀ ਹੁੰਦਾ… ਨਾਲ਼ੇ ਜਵਾਕ ਦਾ ਸਮੇਂ ਸਿਰ…ਇਹ ਕਾਰਜ਼ ਕਰ ਦਿੱਤਾ ਜਾਵੇ ਤਾਂ …. ਜਵਾਕ ਆਪ ਸੂਝਵਾਨ ਹੋ ਜਾਂਦਾ
ਮੈਂ : ਹਾਂਜੀ ਦਾਦੀ ਮਾਂ
ਦਾਦੀ ਮਾਂ : ਪੁੱਤ ਤੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਮੇਰੀ ਧੀ ਦਾ ਵਿਆਹ ਕਰੋ ਤਾਂ ਉਹ ਰਿਸ਼ਤਾ ਮੇਰਾ ਭਰਾ ਕਰਾਵੇ, ਪੁੱਤ ਤੇਰੇ ਮਾਮੇ ਦੀ ਚਿੱਠੀ ਆਈ ਤੇ ਕੱਲ੍ਹ ਨੂੰ ਤੇਰਾ ਮਾਮਾ ਨਾਲ਼ੇ ਮੁੰਡੇ ਵਾਲੇ ਤੈਨੂੰ ਵੇਖਣ ਆ ਰਹੇ ਨੇ, ਪੁੱਤ ਸੰਦੇਹਾਂ ਉੱਠ ਖੜ੍ਹੀ
ਮੈਂ : ਹਾਂ ਦਾਦੀ
ਮੈਂ ਦਾਦੀ ਨੂੰ ਤਾਂ ਹਾਂ ਕਹਿ ਦਿੱਤੀ, ਪਰ ਪਤਾ ਨਹੀਂ ਕਿਉਂ ਮੇਰੇ ਦਿਲ ਦੀ ਧੜਕਣ ਬੱਦਲਾਂ ਵਾਂਗੂੰ ਗੱਜ ਰਹੀ ਸੀ,ਤੇ ਮਨ ਵਿਚ ਭੈੜੇ ਭੈੜੇ ਖ਼ਿਆਲ ਆ ਰਹੇ ਸਨ, ਉਹ ਮਾਮਾ ਜਿਹੜਾ ਸੋਲ਼ਾਂ ਸਾਲ ਵਿਚ ਮੈਨੂੰ ਇੱਕ ਵਾਰ ਵੀ ਮਿਲਣ ਨਹੀਂ ਆਇਆ,ਉਹ ਕੱਲ੍ਹ ਨੂੰ ਮੇਰਾ ਰਿਸ਼ਤਾ ਕਰਾਉਣ ਆ ਰਿਹਾ, ਮੇਰੇ ਕੋਲ ਨਿੱਕੇ ਨਿੱਕੇ ਸਵਾਲ ਸਨ, ਪਰ ਜਿਨ੍ਹਾਂ ਨੂੰ ਕਹਿਣ ਦੀ ਹਿੰਮਤ…ਹੇ ਅੱਲਾ…ਭੋਰਾ ਵੀ ਨਹੀਂ ਸੀ।
ਮੈਨੂੰ ਪਤਾ ਮੈਂ ਉਹ ਰਾਤ ਕਦੇ ਏਧਰ ਕਦੇ ਓਧਰ ਉੱਸਲ ਵੱਟੇ ਮਾਰਦਿਆਂ ਹੀ ਕੱਢੀ, ਮੈਨੂੰ ਮੇਰੀ ਦਾਦੀ ਦੇ ਮੂੰਹੋ ਕਿਹਾ ਪੁੱਤ ਸ਼ਬਦ ਸੱਚੀਂ ਐਨਾ ਪਿਆਰਾ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਸੀ,ਦਿਲ ਕਰਦਾ ਸੀ ਦਾਦੀ ਨੂੰ ਗਲਾਵੇਂ ਨਾਲ਼ ਲਗਾ ਘੁੱਟ ਲਵਾਂ…
ਸਵੇਰ ਉਹੀ, ਮੈਂ ਜਲਦੀ ਜਲਦੀ ਕੰਮ ਨਿਬੇੜ ਲ਼ਿਆ ਤੇ ਮੈਂ ਦਾਦੀ ਨੂੰ ਡਰਦੀ ਡਰਦੀ ਨੇ ਕਿਹਾ ਕਿ ਮੇਰੇ ਕੋਲ ਤੇ ਕੋਈ ਸੂਟ ਹੀ ਨਹੀਂ ਆ, ਦਾਦੀ ਨੇ ਕਿਹਾ ਕਿ ਮੈਂ ਲੈ ਆਈ ਸੀ ਬੀਬੋ ਕੀ ਸੰਦੋਂ ਦਾ ਮੰਗ ਕੇ, ਜਵਾਂ ਕੱਦ,ਕਾਠ,ਮੋਟੀ,ਪਤਲੀ ਤੇਰੇ ਵਰਗੀ ਹੀ ਹੈ, ਨਾਲ਼ੇ ਰਾਣੀ ਦੀ ਭਾਬੀ ਨੂੰ ਵੀ ਕਹਿਤਾ ਸੀ,ਉਹ ਕਰਦੂ ਸਿਰ ਕੰਘੀ ਤੇਰੇ,ਆ ਖਿਲਰੇ ਜਿਹੇ ਵਾਲ ਸੋਹਣੇ ਨਹੀਂ ਲੱਗਦੇ, ਸੱਚੀਂ ਮੈਨੂੰ ਏਵੇਂ ਲੱਗ ਰਿਹਾ ਕਿ ਮੇਰੀ ਦਾਦੀ ਨੂੰ ਵੀ ਪਤਾ ਇਹ ਸਭ, ਕਿੰਨੇ ਸੌਕ ਹੋਣੇਂ ਦਾਦੀ ਦੇ ਵੀ,ਪਰ ਫੇਰ ਕਿੱਥੇ ਚਲੇ ਗਏ, ਕੀਹਨੇ ਦੱਬ ਲ਼ਿਆ ਸ਼ੌਕਾਂ ਨੂੰ,ਠੀਕ ਦੁਪਹਿਰ ਦੇ ਦਸ ਵੱਜ ਗਏ, ਮੈਂ ਬਿਲਕੁਲ ਤਿਆਰ ਹੋ ਕੇ ਬੈਠੀ ਸਾਂ, ਅੰਦਰਲੀ ਸਬਾਤ ਵਿਚ,ਜਿਸ ਵਿਚ ਇੱਕ ਬਾਰੀਕ ਜਿਹੀ ਮੋਹਰੀ ਸੀ, ਜਿੱਥੋਂ ਘਰ ਆਉਂਦਾ ਜਾਂਦਾ ਹਰ ਜੀ ਵਿਖਦਾ ਸੀ,ਵੇਖਿਆ ਇੱਕ ਲੰਮੇ ਜਿਹੇ ਕੱਦ ਵਾਲੀ ਬੋਤੀ ਲੈ…ਘਰ ਅੰਦਰ ਦੋ ਜੀ ਬੜ੍ਹੇ, ਇੱਕ ਤਾਂ ਮਡੰਗੇ ਤੋਂ ਮੇਰਾ ਮਾਮਾ ਲੱਗਿਆ,ਜਿਸਦੀ ਉਮਰ ਤਕਰੀਬਨ ਪੰਜਾਹ ਕੁ ਸਾਲ ਦੀ ਹੋਣੀਂ, ਇੱਕ ਭਰਮੇ ਜਿਹੇ ਸਰੀਰ ਦਾ ਕੁੰਡੀਆਂ ਮੁੱਛਾਂ ਵਾਲਾ,ਤੀਹ ਕੁ ਸਾਲ ਦਾ ਮੁੰਡਾ, ਵੇਖਣ ਤੋਂ ਹੀ ਕਾਫ਼ੀ ਰੁੱਖੇ ਜਿਹੇ ਸੁਭਾਅ ਲੱਗਦਾ ਸੀ,ਮਗਰ ਹੀ ਇੱਕ ਤੇਜ ਜਿਹੀ ਬੁੜੀ ਤੇ ਆਪਣੇ ਬੰਦੇ ਦੇ ਕੰਨ ਵਿੱਚ ਘੁਸੜ ਮੁਸੜ ਕਰਦੀ ਆਈ,ਜੋ ਮੁੰਡੇ ਦੇ ਮਾਂ ਪਿਓ ਲੱਗਦੇ ਸੀ,ਭਾਬੀ ਨੇ ਉਹਨਾਂ ਨੂੰ ਪਾਣੀ ਫੜਾਇਆ ਤੇ ਉਹ ਗੱਲਾਂ ਬਾਤਾਂ ਕਰਨ ਲੱਗੇ, ਐਨੇ ਵਿਚ ਦਾਦੀ ਮਾਂ ਨੇ ਹਾਕ ਮਾਰੀ ਤੇ ਚਾਹ ਲੈ ਕੇ ਆਉਣ ਨੂੰ ਕਿਹਾ ਮੇਰੇ ਦਿਲ ਦੀ ਧੜਕਣ ਧੱਕ…ਧੱਕ ਕਰ ਰਹੀ ਤੇ ਸਾਰਾ ਸਰੀਰ ਕੰਬ ਰਿਹਾ ਸੀ, ਮੈਂ ਲੱਕੜ ਦੇ ਮੇਜ਼ ਤੇ ਜਾ ਚਾਹ ਧਰ ਦਿੱਤੀ ਤੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬੁਲਾ ਦਾਦੀ ਮਾਂ ਦੇ ਕੋਲ ਹੋ ਬੈਠ ਗਈ
ਦਾਦੀ ਮਾਂ : ਵੇਖ ਲਵੋ ਭੈਣ ਜੀ ਇਹ ਹੈ ਕੁੜੀ, ਤੁਹਾਡੇ ਸਾਹਮਣੇ ਹੀ ਤੁਰ ਕੇ ਆਈ ਹੈ, ਬਲਾਈਂ ਨਰਮ ਸੁਭਾਅ ਹੈ…ਸਾਡੀ ਨੂਰ ਦਾ,ਪੰਜ ਕੁ ਸਾਲ ਦੀ ਸੀ ਵਿਚਾਰੀ ਇਹ ਤਾਂ ਜਦੋਂ ਮਾਂ ਤੁਰ ਗਈ ਸੀ ਇਹ ਤਾਂ ਮੈਂ ਹੀ ਪਾਲ਼ੀ ਹੈ, ਮੈਨੂੰ ਤੇ ਮੇਰੀਆਂ ਧੀਆਂ ਤੋਂ ਵੀ ਵੱਧ ਕੇ ਹੈ, ਕਦੇ ਟਕੇ ਦਾ ਉਲਾਂਭਾ ਨਹੀਂ ਦਬਾਇਆ ਮੇਰੀ ਧੀ ਨੇ ਤੇ ਸਾਰਾ ਕੰਮ ਕਾਜ ਵੀ ਆਪ ਕਰਦੀ ਹੈ, ਨਿੱਕੀ ਜਿਹੀ ਹੀ ਕਰਨ ਲੱਗ ਗਈ ਸੀ,ਸਾਰਾ ਕੰਮ ਕਾਜ, ਮੈਂ ਤੇ ਕਦੇ ਕੌਲੀ ਵੀ ਨਹੀਂ ਚੁੱਕ ਕੇ ਏਧਰ ਤੋਂ ਓਧਰ ਰੱਖੀ,ਬਾਕੀ ਤੁਸੀਂ ਦੱਸੋ ਭੈਣ ਜੀ ਤੁਹਾਨੂੰ ਕੁੜੀ ਕਿਵੇਂ ਲੱਗੀ
ਮੇਰੀ ਸੱਸ : ਹਾਂ ਭੈਣ ਜੀ ਕੁੜੀ ਤੇ ਸਿਆਣੀ ਲੱਗਦੀ ਹੈ,ਬਾਕੀ ਸੁਭਾਅ ਤਾਂ ਭੈਣ ਜੀ ਮਿਲ਼ ਵਰਤੇ ਤੋਂ ਹੀ ਪਤਾ ਲੱਗਦਾ,ਵੇਖਣ ਨੂੰ ਚੰਦਰੀ ਉਹ ਵੀ ਬਹੁਤ ਸੋਹਣੀ ਸੀ,ਪਰ ਸਿਰ ਵਿੱਚ ਖੇਹ ਪਬਾ ਤੁਰ ਗਈ
ਦਾਦੀ ਮਾਂ : ਭੈਣ ਜੀ ਚਾਹ ਚੁੱਕੋ ਤੁਸੀਂ
ਮੇਰੇ ਇਹ ਗੱਲ ਸਮਝ ਨਾ ਪਈ ਕਿ ਮੇਰੀ ਸੱਸ ਕਿਸਦੀ ਗੱਲ ਕਰ ਗਈ,ਕੌਣ ਖੇਹ ਪਬਾ ਤੁਰ ਗਈ, ਮੈਂ ਗੱਲ ਨੂੰ ਅਣਗੌਲਿਆਂ ਕੀਤਾ
ਉਹਨਾਂ ਨੇ ਮੇਰੇ ਖੱਮਣੀਂ ਬੰਨੀਂ ਤੇ ਮੇਰਾ ਰੋਕਾ( ਮੰਗਣਾਂ ) ਹੋ ਗਿਆ, ਦਾਦੀ ਮਾਂ ਨੇ ਕਿਹਾ ਕਿ ਅਸੀਂ ਵਿਆਹ ਛੇ ਮਹੀਨਿਆਂ ਨੂੰ ਦੇਵਾਂਗੇ,ਹਜੇ ਥੋੜਾ ਬਹੁਤ ਮੁਕਲਾਵਾ ਤਿਆਰ ਕਰਨ ਵਾਲਾ ਪਿਆ ਹੈ, ਦੇਣ ਲੈਣ ਵਿੱਚ ਸਿਰਫ਼ ਪਰੋਣੇ ਨੂੰ ਕੜਾ ਪਵਾਂਗੇ,ਹੋਰ ਅਸੀਂ ਕੁਝ ਨਾ ਦੇਈਏ ਨਾ ਲਾਈਏ,
ਮੇਰੀ ਸੱਸ : ਨਹੀਂ ਭੈਣਜੀ ਸਾਨੂੰ ਕੁੜੀ ਚਾਹੀਦੀ ਹੈ, ਸਾਨੂੰ ਇਹ ਸਭ ਕਾਸੇ ਦੀ ਵੀ ਲੋੜ ਨਹੀਂ ਆ, ਸਾਨੂੰ ਤੇ ਮੁਕਲਾਵਾ ਵੀ ਨਾ ਦੇਵੋ,ਸੁਖ ਨਾਲ ਬਹੁਤ ਕੁਝ ਬਣਾਂ ਰੱਖਿਅ ਮੈਂ ਨੂੰਹ ਰਾਣੀ ਲਈ, ਨਾਲ਼ੇ ਜੀਹਨੇ ਆਪਣੀ ਧੀ ਦੇ ਦਿੱਤੇ ਉਹ ਹੋਰ ਕੀ ਦੇਉ
ਮੇਰੀ ਦਾਦੀ ਨੂੰ ਇਹ ਗੱਲ ਚੰਗੀ ਲੱਗੀ, ਉਸਨੇ ਅਗਲੇ ਮਹੀਨੇ ਦਾ ਹੀ ਰੱਖ ਦਿੱਤਾ ਵਿਆਹ,ਤੇ ਜਿੰਨਾਂ ਮੁਕਲਾਵਾ ਬਣਿਆ ਪਿਆ ਸੀ, ਉਹ ਹੀ ਤਿਆਰ ਕਰਨ ਨੂੰ ਕਿਹਾ, ਗਿਣਵੇਂ ਦਿਨ ਸਨ,ਜੋ ਪਤਾ ਹੀ ਲੱਗਾ ਕਦ ਬੀਤ ਗਏ, ਮੇਰਾ ਵਿਆਹ ਹੋ ਗਿਆ, ਮੈਂ ਨਵੇਂ ਘਰ ਵਿਚ ਚਲੀ ਗਈ, ਮੇਰਾ ਸੋਹਰਾ ਘਰ ਕਾਫ਼ੀ ਵੱਡਾ ਸੀ,ਦੋ ਮੱਝਾਂ ਸਨ ਤੇ ਇੱਕ ਕੱਟੀ ਤੇ ਇੱਕ ਜੋੜੀ ਬੱਦਲ਼ , ਪੈਲ਼ੀ ਵਧੀਆ ਸੀ, ਪਿੰਡ ਵਿੱਚ ਵੱਡੇ ਲਾਣੇ ਕੇ ਵੱਜਦੇ ਸਨ, ਇੱਕ ਮੇਰੀ ਨਨਾਣ ਵੀ ਸੀ,ਜੋ ਮੇਰੇ ਤੋਂ ਇੱਕ ਕੁ ਸਾਲ ਛੋਟੀ ਸੀ। ਜੋ ਸ਼ਹਿਰ ਪੜ੍ਹਦੀ ਸੀ, ਇੱਕ ਹਫ਼ਤਾ ਤਾਂ ਮਿਲਣੀਆਂ ਗਿਲਣੀਆਂ ਵਿਚ ਹੀ ਲੰਘ ਗਿਆ
ਅਗਲੇ ਹਫ਼ਤੇ ਮੇਰੇ ਸੱਸ ਨੇ ਮੈਨੂੰ ਥੋੜਾ ਬਹੁਤ ਕੰਮ ਕਰਨ ਲਗਾ ਲ਼ਿਆ,ਜੋ ਮੈਂ ਤੇ ਮੇਰੀ ਨਨਾਣ ਵੰਡ ਕੇ ਕਰ ਲੈਂਦੀਆਂ,ਮੇਰੀ ਸੱਸ ਦਾ ਸੁਭਾਅ ਵੀ ਬੜਾ ਵਧੀਆ ਲੱਗਾ,ਤੇ ਬਾਕੀਆਂ ਦਾ ਵੀ, ਏਥੇ ਕੋਈ ਵੀ ਉੱਚੀ ਆਵਾਜ਼ ਵਿਚ ਨਹੀਂ ਸੀ, ਬੋਲਦਾ,ਜੋ ਸਭ ਤੋਂ ਜ਼ਿਆਦਾ ਮੇਰੇ ਦਿਲ ਨੂੰ ਭਾਇਆ, ਮੇਰੇ ਘਰਵਾਲ਼ੇ ਦਾ ਨਾਂ ਜੱਗਾ ਸੀ, ਉਹ ਸਵੇਰੇ ਹੀ ਖੇਤਾਂ ਨੂੰ ਚਲਾ ਜਾਂਦਾ ਤੇ ਸ਼ਾਮ ਪਈ ਹੀ ਘਰ ਆਉਂਦਾ, ਮੈਨੂੰ ਵੀ ਥੋੜਾ ਬਹੁਤ ਹੀ ਬੁਲਾਉਂਦਾ, ਬਸ ਰਾਤ ਨੂੰ ਆਉਂਦੇ ਸਾਰ ਹੀ ਮੈਨੂੰ ਬੋਲਦਾ ਕਿ ਰੋਟੀ ਲੈ ਕੇ ਆ, ਮੈਂ ਰੋਟੀ ਲੈ ਕੇ ਜਾਂਦੀ ਆਪ ਕਿੰਨਾ ਕਿੰਨਾ ਚਿਰ ਸ਼ਾਰਾਬ ਪੀ ਜਾਂਦਾ ਰਹਿੰਦਾ ਤੇ ਕਦੇ ਕਦੇ ਤਾਂ ਰੋਟੀ ਵੀ ਕੋਲ਼ ਪਈ ਠਰ ਜਾਂਦੀ, ਬਿਨਾਂ ਖਾਏ ਹੀ ਸੌਂ ਜਾਂਦਾ, ਉਹ ਐਨੀ ਸ਼ਾਰਾਬ ਪੀਂਦਾ ਕਿ ਉਸਨੂੰ ਕੋਈ ਹੋਸ਼ ਨਾ ਰਹਿੰਦੀ, ਮੈਂ ਇਹ ਸਬ ਇੱਕ ਦੋ ਮਹੀਨੇ ਤਾਂ ਵੇਖਿਆ ਫੇਰ ਮੈਂ ਇਹ ਗੱਲ ਆਪਣੀਂ ਸੱਸ ਨੂੰ ਦੱਸੀਂ,ਪਰ ਫੇਰ ਵੀ ਕੋਈ ਫ਼ਰਕ ਨਾ ਪਿਆ,ਉਸਦਾ ਰੋਜ਼ ਹੀ ਇਹ ਹਾਲ,ਔਰਤ ਦੀਆਂ ਸਮਾਜਿਕ ਲੋੜਾਂ ਤੋਂ ਬਿਨਾਂ ਕੁਝ ਕੁ ਸਰੀਰਕ ਲੋੜਾਂ ਵੀ ਹੁੰਦੀਆਂ ਨੇ , ਜਿਹਨਾਂ ਨੂੰ ਇੱਕ ਮਰਦ ਹੀ ਪੂਰਾ ਕਰ ਸਕਦਾ ਹੈ, ਸ਼ਾਇਦ ਇਸੇ ਲਈ ਇੱਕ ਔਰਤ ਨੂੰ ਵਿਆਹ ਦੇ ਬੰਧਨਾਂ ਨਾਲ ਬੰਧਿਆਂ ਜਾਂਦਾ ਹੈ,ਪਰ ਜੇ ਉਹ ਇਸ ਜ਼ਰੂਰਤ ਪੂਰੀ ਨਹੀਂ ਕਰ ਸਕਦਾ ਤਾਂ ਫੇਰ ਉਸਨੂੰ ਮਰਦ ਨਹੀਂ ਕਹਾ ਜਾ ਸਕਦਾ,ਕਰਦੇ ਕਰਾਉਂਦੇ, ਇੱਕ ਸਾਲ ਬੀਤ ਗਿਆ, ਮੈਂ ਤੀਆਂ ਦੇ ਤਿਉਹਾਰ ਮਨਾਉਣ ਪਿੰਡ ਗਈ, ਮੈਂ ਇਹ ਸਾਰੀ ਗੱਲ ਰਾਣੀ ਦੀ ਭਾਬੀ ਨੂੰ ਦੱਸੀ, ਉਸਨੇ ਇਹ ਗੱਲ ਦਾਦੀ ਮਾਂ ਨੂੰ ਦੱਸੀ, ਦਾਦੀ ਮਾਂ ਨੇ ਮੈਨੂੰ ਇਹ ਗੱਲ ਪੁੱਛੀ, ਕੇ ਕੀ ਇਹ ਸੱਚ ਹੈ, ਮੈਂ ਦਾਦੀ ਮਾਂ ਨੂੰ ਕਿਹਾ … ਹਾਂ,ਉਹ ਮੇਰੇ ਨਾਲ ਮੇਰੇ ਸੋਹਰੇ ਘਰ ਗਈ ਤੇ ਮੇਰੀ ਸੱਸ ਨਾਲ ਗੱਲ ਬਾਤ ਕੀਤੀ ਤੇ ਉਸਨੇ ਕਿਹਾ ਕਿ ਮੁੰਡਾ ਖੂਹ ਵਿੱਚ ਡਿੱਗ ਗਿਆ ਸੀ, ਜਿਸ ਕਰਕੇ ਦਿਮਾਗ਼ ਤੇ ਥੋੜ੍ਹੀ ਸੱਟ ਲੱਗ ਗਈ, ਹੋਰ ਕੋਈ ਗੱਲ ਨਹੀਂ,ਦਵਾਈ ਚੱਲ ਰਹੀ ਹੈ,ਜਲਦੀ ਠੀਕ ਹੋ ਜਾਵੇਗਾ,ਪਰ ਮੇਰੀ ਸੱਸ ਨੂੰ ਮੇਰੀ ਦਾਦੀ ਮਾਂ ਦੁਬਾਰਾ ਕਹੀ ਇਹ ਗੱਲ, ਕਿਸੇ ਕੱਚ ਦੇ ਟੁਕੜੇ ਵਾਂਗ ਚੁੱਬੀ,ਜੋ ਘਰ ਵਿਚ ਕਲੇਸ਼ ਦਾ ਰੂਪ ਧਾਰਨ ਕਰ ਗਈ,ਉਹ ਸੱਸ ਜੋ ਮੈਨੂੰ ਪੁੱਤ ਤੋਂ ਬਿਨਾਂ ਨਹੀਂ ਸੀ ਬੋਲਦੀ,ਉਹ ਹਰ ਵਕ਼ਤ ਮੇਰੇ ਨਾਲ ਕਿਸੇ ਨਾ ਕਿਸੇ ਗੱਲ ਪਿਛੇ ਲੜਦੀ ਰਹਿੰਦੀ।
ਅੱਜ ਜੱਗਾ ਅੱਜ ਮੂੰਹ ਹਨੇਰੇ ਹੀ ਚੱਲਾ ਗਿਆ, ਮੇਰੀ ਸੱਸ ਕਹਿੰਦੀ ਮੇਰਾ ਸਿਰ ਦਰਦ ਕਰ ਰਿਹਾ, ਜਾ ਤੂੰ ਭੱਤਾ ਫੜਾ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lky Singh
waheguru waheguru hi nikleya sadi story parh k..ik orat nu rab da roop ja maa da darza eve ni dita Baba nanak g ne ..orat hona sachi boht okhaa..luhh knde khde ho gye sb parh k.. waheguru
Gurpartap
ki tuhadi reality hai yr tuc ta kamal krti 💕hearttuch hai..